ਖਾਕੀ ਕਰਤੱਵ ਲਈ ਅਤੇ ਖਾਦੀ ਲੋਕਤੰਤਰ ਲਈ ਖੜ੍ਹੀ ਸੀ

Saturday, Apr 26, 2025 - 04:57 PM (IST)

ਖਾਕੀ ਕਰਤੱਵ ਲਈ ਅਤੇ ਖਾਦੀ ਲੋਕਤੰਤਰ ਲਈ ਖੜ੍ਹੀ ਸੀ

ਅੱਜ ਸਵੇਰੇ ਦਲੀਆ ਖਾਂਦੇ ਸਮੇਂ ਮੇਰਾ ਦਮ ਘੁਟਣ ਲੱਗਾ। ਨਹੀਂ, ਕੋਲੈਸਟ੍ਰੋਲ ਦੀ ਚਿਤਾਵਨੀ ਕਰ ਕੇ ਨਹੀਂ, ਸਗੋਂ ਇਸ ਤੋਂ ਕਿਤੇ ਵੱਧ ਪਚਣ ਨਾ ਵਾਲੀ ਕਿਸੇ ਚੀਜ਼ ਕਾਰਨ। ਜਿਸ ਆਦਮੀ (ਇੰਸਪੈਕਟਰ ਤੁਕਾਰਾਮ ਕੁਰੂੰਦਕਰ) ਨੂੰ ਕਥਿਤ ਤੌਰ ’ਤੇ ਇਕ ਔਰਤ ਦੇ ਕਤਲ ਦੇ ਦੋਸ਼ ਵਿਚ ਮੁਅੱਤਲ ਕੀਤਾ ਗਿਆ ਸੀ, ਜਿਸ ਨਾਲ ਉਸ ਦਾ ਪ੍ਰੇਮ ਸਬੰਧ ਸੀ, ਉਸ ਨੂੰ ਮਾਣ ਨਾਲ ਰਾਸ਼ਟਰਪਤੀ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਮੇਰਾ ਸਿਸਟਮ ਤੋਂ ਵੀ ਥੋੜ੍ਹਾ ਜਿਹਾ ਵਿਸ਼ਵਾਸ ਉੱਠ ਗਿਆ ਅਤੇ ਜਿਵੇਂ ਹੀ ਮੈਂ ਉਹ ਸੁਰਖੀ ਦੇਖੀ, ਮੈਂ ਥੋੜ੍ਹਾ ਜਿਹਾ ਟੁੱਟ ਗਿਆ।

ਮੈਂ ਖਾਕੀ ਅਤੇ ਖਾਦੀ ਦਰਮਿਆਨ ਸਬੰਧ ਬਾਰੇ ਸੋਚਿਆ। ਇਕ ਸਮਾਂ ਸੀ, ਜਦੋਂ ਉਹ ਵੱਖਰੇ-ਵੱਖਰੇ ਹੁੰਦੇ ਸਨ। ਖਾਕੀ ਫਰਜ਼ ਲਈ ਖੜ੍ਹੀ ਸੀ ਅਤੇ ਖਾਦੀ ਲੋਕਤੰਤਰ ਲਈ। ਇਕ ਨੇ ਕਾਨੂੰਨ ਲਾਗੂ ਕੀਤਾ, ਦੂਜੇ ਨੇ ਲਿਖਿਆ। ਅੱਜ, ਉਹ ਇਕ ਅਜਿਹੇ ਨਾਟਕ ਵਿਚ ਸਹਿ-ਸਾਜ਼ਿਸ਼ਕਰਤਾ ਬਣ ਗਏ ਹਨ ਜਿਸ ਵਿਚ ਸੱਚ ਨੂੰ ਦਬਾਇਆ ਜਾ ਰਿਹਾ ਹੈ ਅਤੇ ਨਿਆਂ ਦਾ ਮੰਚਨ ਕੀਤਾ ਜਾ ਰਿਹਾ ਹੈ।

ਖਾਦੀ ਪਹਿਨੀ ਆਗੂ ਜੋ ਕਦੇ ਧੂੜ ਭਰੀਆਂ ਗਲੀਆਂ ਵਿਚ ਹੱਥ ਜੋੜ ਕੇ ਤੁਰਦੇ ਸਨ, ਹੁਣ ਰੰਗੀਨ ਐੱਸ. ਯੂ. ਵੀ. ’ਚ ਦੌੜਦੇ ਹੋਏ ਅੱਗੇ ਵਧਦੇ ਹਨ, ਉਹੀ ਉਂਗਲਾਂ ਦਿਖਾਉਂਦੇ ਹਨ ਜੋ ਕਦੇ ਵੋਟਾਂ ਲਈ ਬੇਨਤੀ ਕਰਦੀਆਂ ਸਨ, ਹੁਣ ਉਹ ਸਭ ਤੋਂ ਨਜ਼ਦੀਕੀ ਪੁਲਸ ਅਧਿਕਾਰੀ ਨੂੰ ਹੁਕਮ ਦਿੰਦੀਆਂ ਹਨ ਅਤੇ ਖਾਕੀ ਵਰਦੀ ਵਾਲਾ ਆਦਮੀ, ਜੋ ਕਦੇ ਸੰਵਿਧਾਨ ਨੂੰ ਸਲਾਮ ਕਰਦਾ ਸੀ, ਹੁਣ ਕਾਨੂੰਨ ਦੇ ਰਾਜ ਅੱਗੇ ਨਹੀਂ ਝੁਕਦਾ ਸਗੋਂ ਆਪਣੇ ਰਾਜਨੀਤਿਕ ਆਕਾ ਅੱਗੇ ਝੁਕਦਾ ਹੈ ਜੋ ਇਹ ਯਕੀਨੀ ਬਣਾ ਸਕਦੇ ਹਨ ਕਿ ਉਸ ਦਾ ਤਬਾਦਲਾ ਰੱਦ ਹੋ ਜਾਵੇ ਜਾਂ ਉਸ ਦਾ ਤਮਗਾ ਜਲਦੀ ਤੋਂ ਜਲਦੀ ਵਾਪਸ ਮਿਲ ਜਾਵੇ।

ਅੱਜ ਕਿਸੇ ਵੀ ਪੁਲਸ ਸਟੇਸ਼ਨ ਵਿਚ ਜਾਓ, ਤੁਹਾਨੂੰ ਇਹ ਦਿਖਾਈ ਦੇਵੇਗਾ। ਜਦੋਂ ਤੱਕ ਤੁਹਾਡਾ ਰਿਸ਼ਤਾ ਸਾਬਤ ਨਹੀਂ ਹੋ ਜਾਂਦਾ, ਤੁਸੀਂ ਸ਼ੱਕੀ ਹੋ। ਨਿਆਂ ਉਨ੍ਹਾਂ ਲਈ ਰਾਖਵਾਂ ਹੈ ਜਿਨ੍ਹਾਂ ਕੋਲ ਸਹੀ ਹਵਾਲੇ ਹਨ ਅਤੇ ਜੇ ਤੁਸੀਂ ਸ਼ਿਕਾਇਤ ਕਰਨ ਦੀ ਹਿੰਮਤ ਕਰਦੇ ਹੋ ਤਾਂ ਸੁਰ ਬਦਲ ਜਾਂਦੀ ਹੈ, ਮੋਢੇ ਸਖ਼ਤ ਹੋ ਜਾਂਦੇ ਹਨ। ਅਚਾਨਕ, ਖਾਕੀ ਖਾਦੀ ਦੀ ਭਾਸ਼ਾ ਬੋਲਣ ਲੱਗਦੀ ਹੈ ਜੋ ਅਹੰਕਾਰ, ਨਫ਼ਰਤ ਬਾਰੇ ਹੈ।

ਮੇਰੇ ਘਰ ਦੇ ਬਿਲਕੁਲ ਪਿੱਛੇ ਪੁਲਸ ਕੁਆਰਟਰ ਹਨ। ਆਮ ਤੌਰ ’ਤੇ ਸ਼ਾਂਤ ਪਰ ਜਦੋਂ ਕੋਈ ਵਿਆਹ ਜਾਂ ਤਿਉਹਾਰ ਹੁੰਦਾ ਹੈ, ਤਾਂ ਲਾਊਡ ਸਪੀਕਰ ਦੇਰ ਰਾਤ ਤੱਕ ਵੀ ਵਜਦੇ ਰਹਿੰਦੇ ਹਨ, ਕਾਨੂੰਨੀ ਸੀਮਾਵਾਂ ਤੋਂ ਬਹੁਤ ਦੂਰ। ਸ਼ਿਕਾਇਤ ਨਹੀਂ ਕਰ ਰਿਹਾ, ਜਦੋਂ ਤੱਕ ਤੁਸੀਂ ਇਹ ਨਹੀਂ ਪਰਖਣਾ ਚਾਹੁੰਦੇ ਕਿ ਡੰਡੇ ਦੇ ਗਲਤ ਪੱਖ ’ਚ ਹੋਣਾ ਕਿਹੋ ਜਿਹਾ ਮਹਿਸੂਸ ਹੁੰਦਾ ਹੈ।

ਪੁਲਸ ਕਾਨੂੰਨ ਬਣ ਗਈ ਹੈ, ਉਸ ਦੀ ਸੇਵਕ ਨਹੀਂ। ਕਿਉਂ? ਕਿਉਂਕਿ ਉਨ੍ਹਾਂ ਦੇ ਮਾਲਕਾਂ (ਰਾਜਨੇਤਾਵਾਂ) ਨੂੰ ਵੋਟਰਾਂ ਨਾਲੋਂ ਉਨ੍ਹਾਂ ਦੀ ਜ਼ਿਆਦਾ ਲੋੜ ਹੈ। ਖਾਦੀ ਵਾਲਾ ਆਦਮੀ ਖਾਕੀ ਵਾਲੇ ਆਦਮੀ ’ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਨਹੀਂ ਸਗੋਂ ਸੱਤਾ ਬਣਾਈ ਰੱਖਣ ਲਈ ਨਿਰਭਰ ਕਰਦਾ ਹੈ।

ਅਤੇ ਹੁਣ ਨਵੇਂ ਕਾਨੂੰਨਾਂ ਦੇ ਨਾਲ, ਅਸੀਂ ਪੁਲਸ ਨੂੰ ਹੋਰ ਸ਼ਕਤੀਆਂ ਸੌਂਪ ਰਹੇ ਹਾਂ ਅਤੇ ਫਿਰ ਅਸੀਂ ਸੋਚਦੇ ਹਾਂ ਕਿ ਹਿਰਾਸਤ ਵਿਚ ਮੌਤਾਂ ਕਿਉਂ ਵਧ ਰਹੀਆਂ ਹਨ। ਨਿਆਂ ਕਿਉਂ ਪਿੱਛੇ ਰਹਿ ਰਿਹਾ ਹੈ?

ਇਹ ਕਿਸੇ ਭ੍ਰਿਸ਼ਟ ਪੁਲਸ ਅਧਿਕਾਰੀ ਨੂੰ ਤਮਗਾ ਮਿਲਣ ਦੀ ਗੱਲ ਨਹੀਂ ਹੈ। ਇਹ ਇਕ ਅਜਿਹੀ ਵਿਵਸਥਾ ਦੀ ਗੱਲ ਹੈ ਜਿਸ ਵਿਚ ਖਾਦੀ ਨੂੰ ਹਮੇਸ਼ਾ ਹੀ ਸਤਿਕਾਰ ਮਿਲਿਆ ਹੈ। ਖਾਕੀ ਨੂੰ ਸਹਾਰਾ ਦਿੰਦੀ ਹੈ ਅਤੇ ਖਾਕੀ ਖਾਦੀ ਦੀ ਰੱਖਿਆ ਕਰਦੀ ਹੈ। ਇਹ ਆਪਸੀ ਫਾਇਦੇ ਦਾ ਨਾਚ ਹੈ ਜਿਸ ਨੂੰ ਅਸੀਂ ਸਭ ਪਾਸਿਓਂ ਦੇਖਦੇ ਹਾਂ, ਹੌਲੀ-ਹੌਲੀ ਆਪਣੇ ਹੱਕ, ਆਪਣੀ ਆਵਾਜ਼ ਅਤੇ ਆਪਣੀ ਆਜ਼ਾਦੀ ਗੁਆਉਂਦੇ ਜਾ ਰਹੇ ਹਾਂ।

ਇਸ ਲਈ, ਪਿਆਰੇ ਨਾਗਰਿਕੋ, ਬੋਲੋ। ਇਸ ਤੋਂ ਪਹਿਲਾਂ ਕਿ ਤੁਹਾਡੀ ਚੁੱਪ ਤੁਹਾਡੀ ਸਜ਼ਾ ਬਣ ਜਾਵੇ। ਇਸ ਤੋਂ ਪਹਿਲਾਂ ਕਿ ਤੁਸੀਂ ਆਪਣੇ ਆਪ ਨੂੰ ਉਨ੍ਹਾਂ ਅਪਰਾਧਾਂ ਦਾ ਇਕਬਾਲ ਕਰਦੇ ਹੋਏ ਪਾਓ ਜੋ ਤੁਸੀਂ ਕਦੇ ਕੀਤੇ ਹੀ ਨਹੀਂ, ਜਦੋਂ ਕਿ ਤਮਗੇ ਉਨ੍ਹਾਂ ਲੋਕਾਂ ਦੀਆਂ ਛਾਤੀਆਂ ’ਤੇ ਚਮਕ ਰਹੇ ਹਨ ਜੋ ਹੁਣ ਸੇਵਾ ਨਹੀਂ ਕਰਦੇ, ਸਗੋਂ ਹਕੂਮਤ ਕਰਦੇ ਹਨ ਅਤੇ ਕਿਤੇ ਹਨੇਰੇ ਵਿਚ ਖਾਦੀ ਅਤੇ ਖਾਕੀ ਫਿਰ ਤੋਂ ਹੱਥ ਮਿਲਾਉਣਗੇ...।

–ਰਾਬਰਟ ਕਲੀਮੈਂਟਸ


author

Harpreet SIngh

Content Editor

Related News