‘ਮਨਸੇ’ ਦੀ ਉੱਤਰ ਭਾਰਤੀਆਂ ਨੂੰ ਮੁੰਬਈ ਤੋਂ ਨਿਕਲ ਜਾਣ ਦੀ ਧਮਕੀ!
Thursday, Apr 10, 2025 - 06:44 AM (IST)

ਮਹਾਰਾਸ਼ਟਰ ਦੀ ਸਿਆਸਤ ਵਿਚ ਖਾਸ ਥਾਂ ਰੱਖਣ ਵਾਲੀ ‘ਸ਼ਿਵ ਸੈਨਾ’ ਦੀ ਸਥਾਪਨਾ ‘ਬਾਲ ਠਾਕਰੇ’ ਨੇ 19 ਜੂਨ, 1966 ਨੂੰ ਕੀਤੀ ਸੀ। ‘ਸ਼ਿਵ ਸੈਨਾ’ ਦੀ ਸਥਾਪਨਾ ਕਰਨ ਸਮੇਂ ਉਨ੍ਹਾਂ ਨੇ ‘ਛਤਰਪਤੀ ਸ਼ਿਵਾਜੀ ਮਹਾਰਾਜ’ ਦੇ ਆਦਰਸ਼ਾਂ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸੰਘਰਸ਼ਾਂ ਨੂੰ ਅਪਣਾਇਆ ਅਤੇ ਇਸੇ ਕਾਰਨ ਪਾਰਟੀ ਦਾ ਨਾਂ ‘ਸ਼ਿਵ ਸੈਨਾ’ ਰੱਖਿਆ ਗਿਆ।
‘ਬਾਲ ਠਾਕਰੇ’ ਦੀ ਸਿਆਸੀ ਵਿਰਾਸਤ ਨੂੰ ਲੈ ਕੇ ਪੈਦਾ ਹੋਏ ਵਿਵਾਦ ਪਿੱਛੋਂ ਉਨ੍ਹਾਂ ਦੇ ਭਤੀਜੇ ‘ਰਾਜ ਠਾਕਰੇ’ ਨੇ 9 ਮਾਰਚ, 2006 ਨੂੰ ਆਪਣੀ ਨਵੀਂ ਪਾਰਟੀ ਮਹਾਰਾਸ਼ਟਰ ਨਵ-ਨਿਰਮਾਣ ਸੇਨਾ (ਮਨਸੇ) ਦਾ ਗਠਨ ਕਰ ਲਿਆ।
‘ਰਾਜ ਠਾਕਰੇ’ ਜਿਥੇ ਇਕ ਪਾਸੇ ਖੁਦ ਨੂੰ ਹਿੰਦੂ ਆਗੂ ਵਜੋਂ ਪੇਸ਼ ਕਰਦੇ ਹਨ, ਉਥੇ ਹੀ ਦੂਜੇ ਪਾਸੇ ਸਥਾਨਕ ਵੋਟ ਬੈਂਕ ਨੂੰ ਮਜ਼ਬੂਤ ਰੱਖਣ ਲਈ ਉੱਤਰ ਭਾਰਤੀਆਂ ਦੇ ਵਿਰੋਧ ਦੀ ਸਿਆਸਤ ਕਰਦੇ ਹਨ।
ਮਹਾਰਾਸ਼ਟਰ ਵਿਚ ਉੱਤਰ ਭਾਰਤੀਆਂ ਦੇ ਅਧਿਕਾਰਾਂ ਦੀ ਸਿਆਸਤ ਕਰਨ ਵਾਲੀ ‘ਉੱਤਰ ਭਾਰਤੀ ਵਿਕਾਸ ਸੇਨਾ’ ਦੇ ਪ੍ਰਧਾਨ ਸੁਨੀਲ ਸ਼ੁਕਲ ਨੇ ‘ਮਨਸੇ’ ਦੀ ਮਾਨਤਾ ਰੱਦ ਕਰਨ ਲਈ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਹੈ।
ਇਸ ਪਟੀਸ਼ਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ‘ਮਨਸੇ’ ਦੇ ਬੁਲਾਰੇ ਅਤੇ ਮੁੰਬਈ ਇਕਾਈ ਦੇ ਪ੍ਰਧਾਨ ‘ਸੰਦੀਪ ਦੇਸ਼ਪਾਂਡੇ’ ਨੇ ਸੋਸ਼ਲ ਮੀਡੀਆ ’ਤੇ ਲਿਖਿਆ ਹੈ ‘‘ਜੇ ਉੱਤਰ ਭਾਰਤੀ, ਮਰਾਠੀ ਮਾਨੁਸ਼ ਦੀ ਪਾਰਟੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਸਾਨੂੰ ਇਹ ਸੋਚਣ ਦੀ ਲੋੜ ਹੈ ਕਿ ਕੀ ਉਨ੍ਹਾਂ ਨੂੰ ਮੁੰਬਈ ਅਤੇ ਮਹਾਰਾਸ਼ਟਰ ਵਿਚ ਰਹਿਣ ਦਿੱਤਾ ਜਾਣਾ ਚਾਹੀਦਾ।’’
ਦਰਅਸਲ, 30 ਮਾਰਚ ਨੂੰ ‘ਗੁੜੀ ਪੜਵਾ’ ਉਤਸਵ ਦੌਰਾਨ ‘ਰਾਜ ਠਾਕਰੇ’ ਵੱਲੋਂ ਉੱਤਰ ਭਾਰਤੀਆਂ ਖ਼ਿਲਾਫ਼ ਦਿੱਤੇ ਗਏ ਭਾਸ਼ਣ ਪਿੱਛੋਂ ਮੁੰਬਈ ਦੇ ਪਵਈ ਅਤੇ ਵਰਸੋਵਾ ਇਲਾਕਿਆਂ ਵਿਚ ਉੱਤਰ ਭਾਰਤੀਆਂ ’ਤੇ ਹਮਲੇ ਕੀਤੇ ਗਏ।
ਮੁੰਬਈ ਦੇਸ਼ ਦੀ ਅਰਥਵਿਵਸਥਾ ਵਿਚ ਵੱਡੀ ਭੂਮਿਕਾ ਨਿਭਾਉਂਦੀ ਹੈ ਅਤੇ ਦੇਸ਼ ਦੀ ਆਰਥਿਕ ਰਾਜਧਾਨੀ ਹੈ। ਇਸ ਸ਼ਹਿਰ ਦੇ ਵਿਕਾਸ ਵਿਚ ਸਥਾਨਕ ਲੋਕਾਂ ਦੇ ਨਾਲ-ਨਾਲ ਉੱਤਰ ਭਾਰਤੀਆਂ ਦਾ ਵੀ ਭਾਰੀ ਯੋਗਦਾਨ ਹੈ।
‘ਸ਼ਿਵਾਜੀ’ ਹਮੇਸ਼ਾ ਹਿੰਦੂ ਅਧਿਕਾਰਾਂ ਅਤੇ ਦੇਸ਼ ਦੀ ਇਕਜੁੱਟਤਾ ਦੀ ਗੱਲ ਕਰਦੇ ਸਨ ਪਰ ‘ਮਨਸੇ’ ਦੇ ਵਰਕਰ ਉੱਤਰ ਭਾਰਤੀ ਹਿੰਦੂਆਂ ’ਤੇ ਹੀ ਹਮਲੇ ਕਰ ਰਹੇ ਹਨ। ਆਪਣੇ ਸਿਆਸੀ ਮਕਸਦ ਲਈ ਉੱਤਰ ਭਾਰਤੀਆਂ ’ਤੇ ਇਸ ਤਰ੍ਹਾਂ ਦੇ ਹਮਲਿਆਂ ਤੋਂ ‘ਮਨਸੇ’ ਨੂੰ ਬਚਣਾ ਚਾਹੀਦਾ ਹੈ ਤਾਂ ਕਿ ਦੇਸ਼ ਇਸੇ ਤਰ੍ਹਾਂ ਅੱਗੇ ਵਧਦਾ ਰਹੇ।
-ਵਿਜੇ ਕੁਮਾਰ