500 ਦੇ ਨਕਲੀ ਨੋਟਾਂ ਦੀ ਗਿਣਤੀ ’ਚ ‘37.3 ਫੀਸਦੀ ਦਾ ਵਾਧਾ’, ਸਖਤ ਕਦਮ ਚੁੱਕਣ ਦੀ ਲੋੜ!
Tuesday, Jun 03, 2025 - 06:33 AM (IST)

ਭਾਰਤ ’ਚ ਨਕਲੀ ਕਰੰਸੀ ਛਾਪਣ ਅਤੇ ਉਸ ਦੀ ਵੰਡ ’ਤੇ ਕਾਬੂ ਪਾਉਣ ਲਈ ਭਾਰਤੀ ਜ਼ਾਬਤੇ ਦੀ ਧਾਰਾ 176 ਦੇ ਤਹਿਤ 10 ਸਾਲ ਦੀ ਸਜ਼ਾ ਹੋ ਸਕਦੀ ਹੈ ਪਰ ਇਸ ਦੇ ਬਾਵਜੂਦ ਜਲਦੀ ਅਮੀਰ ਬਣਨ ਦੀ ਚਾਹਤ ’ਚ ਇਸ ਤਰ੍ਹਾਂ ਦੇ ਅਪਰਾਧਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ।
ਭਾਰਤੀ ਰਿਜ਼ਰਵ ਬੈਂਕ ਦੀ ਰਿਪੋਰਟ ਦੇ ਮੁਤਾਬਕ ਵਿੱਤੀ ਸਾਲ 2024-25 ’ਚ 500 ਰੁਪਏ ਮੁੱਲ ਦੇ 1.18 ਲੱਖ ਨਕਲੀ ਨੋਟ ਫੜੇ ਗਏ, ਜਿਨ੍ਹਾਂ ਦੀ ਕੀਮਤ 5.88 ਕਰੋੜ ਰੁਪਏ ਰਹੀ। ਇਹ ਬਰਾਮਦਗੀ ਵਿੱਤੀ ਸਾਲ 2023-24 ’ਚ ਫੜੇ ਗਏ ਨਕਲੀ ਨੋਟਾਂ ਦੇ ਮੁਕਾਬਲੇ 37.3 ਫੀਸਦੀ ਵੱਧ ਹੈ। ਅਜੇ ਵੀ ਇਹ ਸਿਲਸਿਲਾ ਰੁਕ ਨਹੀਂ ਰਿਹਾ। ਪਿਛਲੇ ਇਕ ਮਹੀਨੇ ’ਚ ਹੀ ਸਾਹਮਣੇ ਆਏ ਨਕਲੀ ਕਰੰਸੀ ਦੀ ਬਰਾਮਦਗੀ ਦੇ ਮਾਮਲੇ ਹੇਠਾਂ ਦਰਜ ਹਨ :
* 13 ਮਈ, 2025 ਨੂੰ ‘ਇੰਦੌਰ’ ਦੇ ਪਲਾਸੀਆ ਇਲਾਕੇ ’ਚ ਪੁਲਸ ਨੇ ਜਾਅਲੀ ਕਰੰਸੀ ਰੈਕੇਟ ਦਾ ਭਾਂਡਾ ਭੰਨਦੇ ਹੋਏ ਵਟਸਐਪ ਦੇ ਜ਼ਰੀਏ ਨਕਲੀ ਨੋਟ ਵੇਚਣ ਦਾ ਸੌਦਾ ਕਰ ਰਹੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਉਨ੍ਹਾਂ ਦੇ ਕੋਲੋਂ ਕਰੀਬ 40 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਹੋਏ। ਇਹ ਨੋਟ ਅਸਲੀ ਨੋਟਾਂ ਦੀਆਂ ਗੱਡੀਆਂ ’ਚ ਉਪਰ ਅਤੇ ਹੇਠਾਂ ਲੁਕਾ ਕੇ ਰੱਖੇ ਗਏ ਸਨ ਤਾਂ ਕਿ ਪਹਿਲੀ ਨਜ਼ਰ ’ਚ ਨਕਲੀ ਨਾ ਲੱਗਣ।
* 13 ਮਈ, 2025 ਨੂੰ ‘ਓਡਿਸ਼ਾ’ ਦੇ ‘ਜਾਜਪੁਰ’ ਜ਼ਿਲੇ ’ਚ ਪੁਲਸ ਨੇ ਇਕ ਜਾਅਲੀ ਕਰੰਸੀ ਰੈਕੇਟ ਦਾ ਭਾਂਡਾ ਭੰਨ ਕੇ 2 ਲੱਖ 72 ਹਜ਼ਾਰ ਮੁੱਲ ਦੇ ਨਕਲੀ ਨੋਟ ਬਰਾਮਦ ਕੀਤੇ। ਮੁਲਜ਼ਮ ਨੌਜਵਾਨ ਨੇ ਇਕ ਦੁਕਾਨ ’ਤੇ ਨਕਲੀ ਨੋਟਾਂ ਨਾਲ ਸਾਮਾਨ ਖਰੀਦਣ ਦਾ ਯਤਨ ਕੀਤਾ ਸੀ। ਇਸ ਦੀ ਜਾਣਕਾਰੀ ਮਿਲਦੇ ਹੀ ਲੋਕਾਂ ਨੇ ਉਸ ਨੂੰ ਫੜ ਕੇ ਪੁਲਸ ਨੂੰ ਸੌਂਪ ਦਿੱਤਾ।
* 24 ਮਈ, 2025 ਨੂੰ ‘ਗੋਂਡਾ’ ਜ਼ਿਲੇ ’ਚ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 100 ਰੁਪਏ ਦੇ 3200 ਨੋਟ ਬਰਾਮਦ ਕੀਤੇ। ਮੁਲਜ਼ਮਾਂ ਤੋਂ ਨਕਲੀ ਨੋਟ ਛਾਪਣ ਦੀਆਂ ਮਸ਼ੀਨਾਂ, ਸਾਂਚੇ, ਕਾਗਜ਼, ਪ੍ਰਿੰਟਰ, ਰਸਾਇਣ, ਯੂ. ਐੱਸ. ਬੀ., ਕੰਪਿਊਟਰ ਉਪਕਰਨ, ਹਰੇ ਅਤੇ ਸਫੇਦ ਰੰਗ ਦੀ ਨੋਟ ਦੀ ਤਾਰ ਬਣਾਉਣ ਦੀ ਪੰਨੀ, ਥਿਨਰ, ਡੀਕੋਟਿੰਗ ਪਾਊਡਰ, ਹੇਅਰ ਡ੍ਰਾਇਰ ਅਤੇ ਹੋਰ ਨਿਰਮਾਣ ਸਮੱਗਰੀ ਵੱਡੀ ਮਾਤਰਾ ’ਚ ਬਰਾਮਦ ਕੀਤੀ।
* 26 ਮਈ, 2025 ਨੂੰ ਰਾਜਸਥਾਨ ਦੇ ‘ਜਾਲੌਰ’ ’ਚ ਪੁਲਸ ਨੇ 3.67 ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ 2 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਫੜੇ ਗਏ ਮੁਲਜ਼ਮ ‘ਹਿਤੇਸ਼ ਕੁਮਾਰ’ ਅਤੇ ‘ਦਿਨੇਸ਼ ਕੁਮਾਰ’ ਮੋਟਰਸਾਈਕਲ ’ਤੇ ਨਕਲੀ ਨੋਟਾਂ ਦੀ ਡਿਲਵਰੀ ਦੇਣ ਜਾ ਰਹੇ ਸਨ।
* 31 ਮਈ, 2025 ਨੂੰ ਮੁੰਬਈ ਪੁਲਸ ਨੇ ਮਾਲਵਣੀ ’ਚ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ 23 ਲੱਖ ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। ਮੁਲਜ਼ਮਾਂ ਦੇ ਕਬਜ਼ੇ ’ਚੋਂ ਇਕ ਲੈਪਟਾਪ, ਪ੍ਰਿੰਟਰ, ਰੰਗੀਨ ਸਿਆਹੀ, ਵਿਸ਼ੇਸ਼ ਕਿਸਮ ਦਾ ਕਾਗਜ਼, ਕਟਰ ਵਰਗੀ ਨਕਲੀ ਨੋਟ ਛਾਪਣ ’ਚ ਵਰਤੀ ਜਾਣ ਵਾਲੀ ਸਮੱਗਰੀ ਵੀ ਜ਼ਬਤ ਕੀਤੀ।
* 1 ਜੂਨ, 2025 ਨੂੰ ਬਿਹਾਰ ਦੇ ‘ਅਰਰੀਆ’ ’ਚ ਪੁਲਸ ਨੇ ਬਿਹਾਰ ਸਪੈਸ਼ਲ ਆਰਮਡ ਪੁਲਸ ਦੀ 12ਵੀਂ ਬਟਾਲੀਅਨ ਦੇ ਜਵਾਨ ‘ਅਮਰੇਂਦਰ ਕੁਮਾਰ ਯਾਦਵ’ ਨੂੰ 61,500 ਰੁਪਏ ਦੇ ਨਕਲੀ ਨੋਟਾਂ ਨਾਲ ਗ੍ਰਿਫਤਾਰ ਕੀਤਾ।
* ਅਤੇ ਹੁਣ 2 ਜੂਨ 2025 ਨੂੰ ਮੱਧ ਪ੍ਰਦੇਸ਼ ਦੇ ‘ਸੋਨਕੱਛ’ ’ਚ ਪੁਲਸ ਨੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦੇ 5 ਮੈਂਬਰਾਂ ਨੂੰ 15.41 ਲੱਖ ਰੁਪਏ ਦੀ ਜਾਅਲੀ ਕਰੰਸੀ ਦੇ ਨਾਲ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੇ ਕੋਲੋਂ ਨਕਲੀ ਨੋਟ ਛਾਪਣ ਦੇ ਉਪਕਰਨ ਵੀ ਬਰਾਮਦ ਕੀਤੇ ਗਏ ਹਨ। ਪੁਲਸ ਨੂੰ ਖਦਸ਼ਾ ਹੈ ਕਿ ਇਸ ਗਿਰੋਹ ਨੇ ਲੱਖਾਂ ਰੁਪਏ ਦੇ ਨਕਲੀ ਨੋਟ ਬਾਜ਼ਾਰ ’ਚ ਖਪਾ ਿਦੱਤੇ ਹਨ।
ਜਾਅਲੀ ਕਰੰਸੀ ਕਿਸੇ ਵੀ ਦੇਸ਼ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਦਾ ਕੰਮ ਕਰਦੀ ਹੈ। ਇਸ ਨਾਲ ਕਾਲਾ ਧਨ ਵਧਦਾ ਹੈ ਅਤੇ ਨਕਲੀ ਨੋਟਾਂ ਦੀ ਵਰਤੋਂ ਨਾਲ ਬਾਜ਼ਾਰ ’ਚ ਵਸਤੂਆਂ ਦੀ ਮੰਗ ਵਧਦੀ ਹੈ, ਜਿਸ ਨਾਲ ਮਹਿੰਗਾਈ ’ਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਜਾਅਲੀ ਕਰੰਸੀ ਨਾਲ ਬੈਂਕਿੰਗ ਪ੍ਰਣਾਲੀ ਕਮਜ਼ੋਰ ਹੁੰਦੀ ਹੈ ਅਤੇ ਇਸ ਦਾ ਪ੍ਰਭਾਵ ਦੇਸ਼ ’ਚ ਹੋਣ ਵਾਲੇ ਵਿਦੇਸ਼ੀ ਨਿਵੇਸ਼ ’ਤੇ ਵੀ ਪੈਂਦਾ ਹੈ, ਜਿਸ ਨਾਲ ਨੌਕਰੀਆਂ ਵੀ ਘੱਟ ਹੁੰਦੀਆਂ ਹਨ।
ਜਾਅਲੀ ਕਰੰਸੀ ਨਾਲ ਫੜੇ ਜਾਣ ਵਾਲਿਆਂ ਲਈ ਕਾਨੂੰਨ ਹੋਰ ਜ਼ਿਆਦਾ ਸਖਤ ਹੋਣਾ ਚਾਹੀਦਾ ਹੈ। ਜੇਕਰ ਅਜਿਹੇ ਮਾਮਲਿਆਂ ’ਚ ਮੁਲਜ਼ਮਾਂ ਨੂੰ ਸਖਤ ਸਜ਼ਾ ਦਿੱਤੀ ਜਾਵੇ ਤਾਂ ਨਕਲੀ ਕਰੰਸੀ ਦੇ ਮਾਮਲਿਆਂ ’ਤੇ ਕਾਫੀ ਹੱਦ ਕਾਬੂ ਪਾਇਆ ਜਾ ਸਕਦਾ ਹੈ।
–ਵਿਜੇ ਕੁਮਾਰ