ਰਾਮਪੁਰਾ ਫੂਲ ਦੇ ਆਲਮਦੀਪ ਨੇ ਵਧਾਇਆ ਜ਼ਿਲ੍ਹੇ ਦਾ ਮਾਣ, ਇੰਡੀਆ ਬੁੱਕ ਆਫ ਰਿਕਾਰਡਜ਼ ''ਚ ਦਰਜ ਕਰਵਾਇਆ ਨਾਂ
Wednesday, Mar 01, 2023 - 12:26 PM (IST)
 
            
            ਰਾਮਪੁਰਾ ਫੂਲ (ਤਰਸੇਮ) : ਵਕਾਲਤ ਕਰ ਰਹੇ ਇੱਥੋਂ ਦੇ ਵਸਨੀਕ ਆਲਮਦੀਪ ਸਿੰਘ ਜਵੰਦਾ ਨੇ ਸਾਈਕਲ ਯਾਤਰਾ ’ਚ ਦੇਸ਼ ਭਰ ’ਚੋਂ ਪਹਿਲਾ ਸਥਾਨ ਹਾਸਲ ਕਰਦਿਆਂ ਇੰਡੀਆ ਬੁੱਕ ਆਫ ਰਿਕਾਰਡਜ਼-2023 ’ਚ ਆਪਣੇ ਨਾਂ ਦਰਜ ਕਰ ਲਿਆ ਹੈ। ਇਸ ਮੁਕਾਬਲੇ ਵਿਚ ਸ਼ਾਮਲ ਆਲਮਦੀਪ ਸਿੰਘ ਸਭ ਤੋਂ ਘੱਟ ਉਮਰ (ਸਵਾ ਅਠਾਰਾਂ ਸਾਲ) ਦਾ ਪ੍ਰਤੀਯੋਗੀ ਹੈ, ਜਿਸਨੇ 1500 ਕਿਲੋਮੀਟਰ ਦੀ ਸਾਈਕਲ ਯਾਤਰਾ ਨਿਸ਼ਚਤ ਸਮੇਂ ’ਚ ਸਾਰੇ ਮਾਪਦੰਡ ਸਰ ਕਰਦਿਆਂ ਆਪਣਾ ਤੇ ਸ਼ਹਿਰ ਰਾਮਪੁਰਾ ਫੂਲ ਦਾ ਨਾਂ ਦੁਨੀਆਂ ਦੇ ਨਕਸ਼ੇ ’ਤੇ ਗੂੜੇ ਅੱਖਰਾਂ ਨਾਲ ਲਿਖ ਦਿੱਤਾ ਹੈ।
ਇਹ ਵੀ ਪੜ੍ਹੋ- ਡੇਰਾ ਸਿਰਸਾ ਪ੍ਰੇਮੀਆਂ ਦਾ ਨਵਾਂ ਕਾਰਾ ਆਇਆ ਸਾਹਮਣੇ, ਜਥੇਦਾਰ ਹਰਪ੍ਰੀਤ ਸਿੰਘ ਨੇ ਕੀਤੀ ਸਖ਼ਤ ਕਾਰਵਾਈ ਦੀ ਮੰਗ
ਮੁਕਾਬਲਾ ਇਕ ਵਿਦੇਸ਼ੀ ਕਲੱਬ ‘ਆਡੈਕਸ’ ਵੱਲੋਂ ਕਰਵਾਇਆ ਗਿਆ ਸੀ, ਜਿਸ ਵਿਚ ਹੋਰਨਾਂ ਦੇਸ਼ਾਂ ਤੋਂ ਇਲਾਵਾ ਭਾਰਤ ਅਤੇ ਪੰਜਾਬ ਨਾਲ ਸਬੰਧਤ ਪ੍ਰਤੀਯੋਗੀਆਂ ਨੇ ਵੀ ਭਾਗ ਲਿਆ ਸੀ। ਸੇਂਟ ਜਾਰਜ ਮਸੂਰੀ ਸਕੂਲ ਤੋਂ ਸਕੂਲੀ ਵਿੱਦਿਆ ਹਾਸਲ ਆਲਮ ਮੂਲ ਰੂਪ ਵਿਚ ਜਿੰਦਲ ਗਲੋਬਲ ਲਾਅ ਯੂਨੀਵਰਸਿਟੀ ਦਾ ਪਹਿਲੇ ਸਾਲ ਦਾ ਵਿਦਿਆਰਥੀ ਹੈ। ਜਦੋਂ ਕੋਰੋਨਾ ਨੇ ਦੁਨੀਆ ਭਰ ’ਚ ਕਹਿਰ ਢਾਹਿਆ ਤਾਂ ਆਲਮਦੀਪ ਸਿੰਘ ਜਵੰਦਾ ਨੂੰ ਸਾਈਕਲ ਚਲਾਉਣ ਦਾ ਸ਼ੌਕ ਪਨਪਿਆ ਤੇ ਉਹ ਰਾਮਪੁਰਾ ਅਤੇ ਬਠਿੰਡਾ ਸਾਈਕਲਿੰਗ ਕਲੱਬ ਦਾ ਸਰਗਰਮ ਮੈਂਬਰ ਬਣ ਗਿਆ।
ਉਸ ਨੇ ਦੱਸਿਆ ਕਿ ਵਿਦੇਸ਼ੀ ਕਲੱਬ ਆਡੈਕਸ (ਏ.ਆਈ.ਆਰ.) ਵੱਲੋਂ ‘ਐੱਸ. ਆਰ. ਸੀਰੀਜ਼’ ਦੇ ਇਸ ਮੁਕਾਬਲੇ ਵਿਚ ਦੋ ਦਸੰਬਰ ਨੂੰ ਬਠਿੰਡਾ ਸਾਈਕਲਿੰਗ ਕਲੱਬ ਦੀ 300 ਕਿਲੋਮੀਟਰ,17 ਦਸੰਬਰ ਨੂੰ ਜੈਪੁਰ ਵਿਖੇ 600 ਕਿਲੋਮੀਟਰ, ਪਟਿਆਲਾ ਵਿਖੇ 200 ਕਿਲੋਮੀਟਰ ਅਤੇ 7ਜਨਵਰੀ ,2023 ਨੂੰ ਗੁੜਗਾਓਂ ਵਿਖੇ 400 ਕਿਲੋਮੀਟਰ ਮੁਕਾਬਲੇ ਵਿਚ ਹਿੱਸਾ ਲਿਆ ਅਤੇ 1500 ਕਿਲੋਮੀਟਰ ਨਿਸ਼ਚਤ ਮਾਪਦੰਡਾਂ ਨੂੰ ਪੂਰੇ ਕਰਦਿਆਂ 36 ਦਿਨਾਂ ’ਚ ਸਰ ਕਰ ਲਿਆ।
ਇਹ ਵੀ ਪੜ੍ਹੋ- ਗੁਰਲਾਲ ਕਤਲ ਕਾਂਡ : ਚਸ਼ਮਦੀਦ ਗਵਾਹ ਨੇ ਅਦਾਲਤ ’ਚ ਕੀਤੀ ਸ਼ੂਟਰਾਂ ਦੀ ਪਛਾਣ
ਦੱਸਣਯੋਗ ਹੈ ਕਿ ਇਸ ਮੁਕਾਬਲੇ ’ਚ ਭਾਗ ਲੈਣ ਦੀ ਘੱਟੋ ਘੱਟ ਉਮਰ 18 ਸਾਲ ਹੈ ਤੇ ਆਲਮਦੀਪ ਨੇ 18 ਸਾਲ 03 ਮਹੀਨੇ ਅਤੇ 03 ਦਿਨਾਂ ਦੀ ਉਮਰ ਵਿੱਚ ਹੀ ਇਹ ਅੰਤਰਰਾਸ਼ਟਰੀ ਐਵਾਰਡ ਆਪਣੀ ਝੋਲੀ ਪਾ ਲਿਆ ਹੈ। ਸਬੰਧਤ ਅਦਾਰੇ ਨੇ ਉਸਨੂੰ ਇਸ ਪ੍ਰਾਪਤੀ ’ਤੇ ਮੈਡਲ ਅਤੇ ਸਰਟੀਫਿਕੇਟ (ਇੰਡੀਆ ਬੁੱਕ ਆਫ ਰਿਕਾਰਡਜ਼ 2023) ਜਾਰੀ ਕਰ ਕੇ ਸਨਮਾਨਿਤ ਕੀਤਾ ਹੈ। ਆਪਣੇ ਹੋਣਹਾਰ ਬੇਟੇ ਦੀ ਇਸ ਪ੍ਰਾਪਤੀ ’ਤੇ ਆਲਮਦੀਪ ਦੇ ਪਿਤਾ ਗਗਨਪ੍ਰੀਤ ਸਿੰਘ ਬੌਬੀ ਜਵੰਦਾ ਅਤੇ ਮਾਤਾ ਹਰਜਸਵੀਰ ਕੌਰ ਨੇ ਮਾਣ ਮਹਿਸੂਸ ਕੀਤਾ ਹੈ। ਜਵੰਦਾ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦੀ ਭਰਮਾਰ ਹੈ।
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            