ਬਸਪਾ ਦਾ ‘ਮਿਸ਼ਨ ਮਾਲਵਾ’: ਬੁਢਲਾਡੇ ਦੀ ਵਿਸ਼ਾਲ ਰੈਲੀ ਰਾਹੀਂ 2027 ''ਚ ਸੱਤਾ ਪ੍ਰਾਪਤੀ ਦਾ ਹੋਕਾ
Thursday, Apr 09, 2026 - 05:32 PM (IST)
ਬੁਢਲਾਡਾ (ਬਾਂਸਲ) : ਬਹੁਜਨ ਸਮਾਜ ਪਾਰਟੀ (ਬਸਪਾ) ਵੱਲੋਂ ਵਿੱਢੀ ਗਈ ‘ਪੰਜਾਬ ਸੰਭਾਲੋ’ ਮੁਹਿੰਮ ਤਹਿਤ ਅੱਜ ਮਾਲਵਾ ਖਿੱਤੇ ਦੇ ਬੁਢਲਾਡਾ 'ਚ ਇੱਕ ਵਿਸ਼ਾਲ ਰੈਲੀ ਕਰਕੇ ਆਪਣੀ ਸਿਆਸੀ ਤਾਕਤ ਦਾ ਪ੍ਰਦਰਸ਼ਨ ਕੀਤਾ ਗਿਆ। ਇਸ ਰੈਲੀ ਦੌਰਾਨ ਪਾਰਟੀ ਲੀਡਰਸ਼ਿਪ ਨੇ ਸਾਲ 2027 'ਚ ਪੰਜਾਬ ਅੰਦਰ ਬਸਪਾ ਦੀ ਸਰਕਾਰ ਬਣਾਉਣ ਅਤੇ ਸੂਬੇ ਨੂੰ ਖੁਸ਼ਹਾਲੀ ਤੇ ਤਰੱਕੀ ਦੀ ਲੀਹ 'ਤੇ ਤੋਰਨ ਦਾ ਪੱਕਾ ਸੰਕਲਪ ਲਿਆ। ਬਸਪਾ ਦੇ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਦੀ ਅਗਵਾਈ 'ਚ ਹੋਈ। ਇਸ ਰੈਲੀ 'ਚ ਪਾਰਟੀ ਦੇ ਸੈਂਟਰਲ ਕੋ-ਆਰਡੀਨੇਟਰ ਰਣਧੀਰ ਸਿੰਘ ਬੈਣੀਵਾਲ ਨੇ ਮੁੱਖ ਮਹਿਮਾਨ ਵਜੋਂ ਸ਼ਿਰੱਕਤ ਕੀਤੀ।
ਰਵਾਇਤੀ ਪਾਰਟੀਆਂ ਨੇ ਪੰਜਾਬ ਨੂੰ ਬਰਬਾਦੀ ਵੱਲ ਧੱਕਿਆ
ਰੈਲੀ ਨੂੰ ਸੰਬੋਧਨ ਕਰਦਿਆਂ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪਿਛਲੇ 78 ਸਾਲਾਂ ਤੋਂ ਪੰਜਾਬ ਦੀ ਸੱਤਾ 'ਤੇ ਕਾਬਜ਼ ਰਹੀਆਂ ਪਾਰਟੀਆਂ ਨੇ ਸੂਬੇ ਨੂੰ ਸਿਰਫ਼ ਕਰਜ਼ੇ, ਨਸ਼ੇ ਅਤੇ ਬੇਰੁਜ਼ਗਾਰੀ ਦੀ ਸੌਗਾਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਗੰਭੀਰ ਆਰਥਿਕ ਸੰਕਟ 'ਚ ਹੈ, ਜਿਸ ਕਾਰਨ ਵਿਕਾਸ ਦੇ ਸਾਰੇ ਕਾਰਜ ਠੱਪ ਪਏ ਹਨ। ਰੁਜ਼ਗਾਰ ਦੀ ਘਾਟ ਕਾਰਨ ਨੌਜਵਾਨ ਮਜ਼ਬੂਰੀਵੱਸ ਵਿਦੇਸ਼ਾਂ ਵੱਲ ਹਿਜਰਤ ਕਰ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਮੌਜੂਦਾ ‘ਆਪ’ ਸਰਕਾਰ ਦੀਆਂ ਨੀਤੀਆਂ ਵੀ ਪੁਰਾਣੀਆਂ ਸਰਕਾਰਾਂ ਵਾਂਗ ਹੀ ਲੋਕ-ਵਿਰੋਧੀ ਸਾਬਤ ਹੋ ਰਹੀਆਂ ਹਨ।
ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ਦੇ ਮੁੱਦਿਆਂ 'ਤੇ ਹੱਲਾ ਬੋਲ
ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਬਸਪਾ ਪੰਜਾਬ ਨੂੰ ਨਸ਼ਾ ਮੁਕਤ ਸੂਬਾ ਬਣਾਵੇਗੀ, ਉਨ੍ਹਾਂ ਪੰਜਾਬ ਸਰਕਾਰ ਨੂੰ ਕਿਹਾ ਕਿ ਫ਼ਸਲਾਂ ਦੀ ਬਾਰਿਸ਼ ਕਾਰਨ ਹੋਈ ਬਰਬਾਦੀ ਲਈ ਸਰਕਾਰ ਕਿਸਾਨਾਂ ਅਤੇ ਖੇਤੀ ਦੇ ਨਿਰਭਰ ਮਜ਼ਦੂਰਾਂ ਨੂੰ ਤੁਰੰਤ ਮੁਆਵਜ਼ਾ ਦੇਵੇ।
ਸਿੱਖਿਆ ਅਤੇ ਸਿਹਤ
ਉਨ੍ਹਾਂ ਕਿਹਾ ਕਿ ਸੂਬੇ ਦੇ 100 ਫ਼ੀਸਦੀ ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਨਿਯੁਕਤੀ ਯਕੀਨੀ ਬਣਾਈ ਜਾਵੇਗੀ ਅਤੇ ਸਿੱਖਿਆ ਦਾ ਅਧਿਕਾਰ (RTE) ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਸਰਕਾਰੀ ਹਸਪਤਾਲਾਂ ਦੇ ਮਿਆਰ ਨੂੰ ਉੱਚਾ ਚੁੱਕ ਕੇ ਹਰ ਨਾਗਰਿਕ ਲਈ ਮੁਫ਼ਤ ਤੇ ਬਿਹਤਰ ਇਲਾਜ ਦਾ ਪ੍ਰਬੰਧ ਹੋਵੇਗਾ।
ਅਮਨ ਕਾਨੂੰਨ ਦੀ ਸਥਿਤੀ 'ਤੇ ਚਿੰਤਾ
ਬੁਲਾਰਿਆਂ ਨੇ ਸੂਬੇ 'ਚ ਵਿਗੜ ਰਹੀ ਅਮਨ-ਕਾਨੂੰਨ ਦੀ ਸਥਿਤੀ 'ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਰੋਜ਼ਾਨਾ ਹੋ ਰਹੀਆਂ ਲੁੱਟਾਂ-ਖੋਹਾਂ ਅਤੇ ਗੈਂਗਸਟਰਵਾਦ ਨੇ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਕਰ ਦਿੱਤਾ ਹੈ। ਬਸਪਾ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਅਪਰਾਧਿਕ ਅਨਸਰਾਂ ਨੂੰ ਨੱਥ ਪਾ ਕੇ ਲੋਕਾਂ ਦੀ ਜਾਨ-ਮਾਲ ਦੀ ਰਾਖੀ ਕੀਤੀ ਜਾਵੇਗੀ।
ਬੁਢਲਾਡਾ ਦੇ ਪੱਛੜੇਪਨ ਨੂੰ ਦੂਰ ਕਰਨ ਦਾ ਵਾਅਦਾ
ਰੈਲੀ ਦੌਰਾਨ ਵਿਸ਼ੇਸ਼ ਤੌਰ 'ਤੇ ਬੁਢਲਾਡਾ ਹਲਕੇ ਦੀ ਗੱਲ ਕਰਦਿਆਂ ਆਗੂਆਂ ਨੇ ਕਿਹਾ ਕਿ ਅੱਜ ਤੱਕ ਦੇ ਹੁਕਮਰਾਨਾਂ ਨੇ ਇਸ ਇਲਾਕੇ ਨੂੰ ਵਿਕਾਸ ਪੱਖੋਂ ਅਣਗੌਲਿਆਂ ਰੱਖਿਆ ਹੈ। ਬਸਪਾ ਇਸ ਪੱਛੜੇਪਨ ਨੂੰ ਦੂਰ ਕਰਕੇ ਬੁਢਲਾਡਾ ਨੂੰ ਵਿਕਾਸ ਪੱਖੋਂ ਮੋਹਰੀ ਬਣਾਏਗੀ।
ਪਾਰਟੀ ਆਗੂਆਂ ਦੀਆਂ ਸਰਗਰਮੀਆਂ
ਵਿਧਾਇਕ ਡਾ. ਨਛੱਤਰ ਪਾਲ ਨੇ ਵਰਕਰਾਂ 'ਚ ਜੋਸ਼ ਭਰਦਿਆਂ ਕਿਹਾ ਕਿ ਬਸਪਾ ਹੁਣ ਸਿਰਫ਼ ਸਹਿਯੋਗੀ ਨਹੀਂ, ਸਗੋਂ ਇੱਕ ਮੁੱਖ ਤਾਕਤ ਵਜੋਂ ਉੱਭਰ ਰਹੀ ਹੈ ਅਤੇ ਪੰਜਾਬ ਦੇ ਦੱਬੇ-ਕੁਚਲੇ ਲੋਕਾਂ ਦੀ ਅਸਲ ਆਵਾਜ਼ ਬਣ ਚੁੱਕੀ ਹੈ। ਜ਼ੋਨ ਕੋ-ਆਰਡੀਨੇਟਰ ਕੁਲਦੀਪ ਸਿੰਘ ਸਰਦੂਲਗੜ੍ਹ ਨੇ ਕਿਹਾ ਕਿ ਮਾਲਵਾ ਦੇ ਲੋਕਾਂ ਦਾ ਉਤਸ਼ਾਹ ਦੱਸ ਰਿਹਾ ਹੈ ਕਿ ਉਹ ਹੁਣ ਰਵਾਇਤੀ ਪਾਰਟੀਆਂ ਦੇ ਝੂਠੇ ਲਾਅਰਿਆਂ ਤੋਂ ਅੱਕ ਚੁੱਕੇ ਹਨ ਅਤੇ ਬਦਲਾਅ ਲਈ ਤਿਆਰ ਹਨ। ਇਸ ਮੌਕੇ 'ਤੇ ਹੋਰਨਾਂ ਆਗੂਆਂ ਨੇ ਵੀ ਸੰਬੋਧਨ ਕੀਤਾ। ਡਾ. ਕਰੀਮਪੁਰੀ ਨੇ ਐਲਾਨ ਕੀਤਾ ਕਿ ਅਗਲੀਆਂ ਰੈਲੀਆਂ 10 ਅਪ੍ਰੈਲ ਨੂੰ ਨਿਹਾਲ ਸਿੰਘ ਵਾਲਾ, 11 ਨੂੰ ਫਿਰੋਜ਼ਪੁਰ ਅਤੇ 14 ਅਪ੍ਰੈਲ ਨੂੰ ਧੂਰੀ ਤੇ ਤਲਵੰਡੀ ਸਾਬੋ ਵਿਖੇ ਹੋਣਗੀਆਂ।
