ਕ੍ਰਿਪਟੋ ਕਰੰਸੀ ’ਚ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਮਾਰੀ ਲੱਖਾਂ ਦੀ ਠੱਗੀ
Wednesday, Jan 24, 2024 - 05:33 PM (IST)
ਬੁਢਲਾਡਾ (ਬਾਂਸਲ) : ਸਥਾਨਕ ਸਿਟੀ ਪੁਲਸ ਵੱਲੋਂ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਕੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ ਠੱਗੀ ਮਾਰਨ ਵਾਲੇ 3 ਵਿਅਕਤੀਆਂ ਖ਼ਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਐੱਸ.ਐੱਚ.ਓ. ਸਿਟੀ ਨੇ ਦੱਸਿਆ ਕਿ ਜਗਤਾਰ ਸਿੰਘ ਵਾਸੀ ਵਾਰਡ ਨੰ. 6 ਵੱਲੋਂ ਦਿੱਤੇ ਬਿਆਨ ਅਨੁਸਾਰ ਨੀਤਿਨ ਗੁਪਤਾ ਅਤੇ ਉਸਦਾ ਸਾਥੀ ਆਸ਼ੀਸ਼ ਕੁਮਾਰ, ਸੰਦੀਪ ਸਿੰਘ ਵਾਸੀ ਚੰਡੀਗੜ੍ਹ ਕ੍ਰਿਪਟੋ ਕਰੰਸੀ ਵਿਚ ਨਿਵੇਸ਼ ਕਰਕੇ ਮੁਨਾਫਾ ਕਮਾਉਣ ਦਾ ਝਾਂਸਾ ਦੇ ਕੇ 11 ਲੱਖ 95 ਹਜ਼ਾਰ ਦੀ ਠੱਗੀ ਮਾਰ ਗਏ ਹਨ। ਜਿਸ ਤੇ ਡੀ.ਐੱਸ.ਪੀ. ਬੁਢਲਾਡਾ ਵੱਲੋਂ ਪੜਤਾਲ ਕਰਨ ਉਪਰੰਤ ਉਪਰੋਕਤ 3 ਵਿਅਕਤੀਆਂ ਖ਼ਿਲਾਫ ਧਾਰਾ 420, 120—ਬੀ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ ਦੱਸੇ ਜਾ ਰਹੇ ਹਨ।