ਕੋਠੀ ਵੇਚਣ ਦੇ ਨਾਂ ’ਤੇ ਮਾਰੀ 5 ਲੱਖ ਦੀ ਠੱਗੀ, ਬਿਲਡਰ ਔਰਤ ਖ਼ਿਲਾਫ਼ ਕੇਸ

Saturday, Dec 14, 2024 - 09:03 AM (IST)

ਕੋਠੀ ਵੇਚਣ ਦੇ ਨਾਂ ’ਤੇ ਮਾਰੀ 5 ਲੱਖ ਦੀ ਠੱਗੀ, ਬਿਲਡਰ ਔਰਤ ਖ਼ਿਲਾਫ਼ ਕੇਸ

ਖਰੜ (ਰਣਬੀਰ) : ਚੰਡੀਗੜ੍ਹ ਵਾਸੀ ਇਕ ਵਿਅਕਤੀ ਨਾਲ ਕੋਠੀ ਵੇਚਣ ਦੇ ਨਾਂ ’ਤੇ 5 ਲੱਖ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਇਕ ਔਰਤ ਬਿਲਡਰ ਖ਼ਿਲਾਫ਼ ਸਿਟੀ ਪੁਲਸ ਨੇ ਐੱਸ. ਐੱਸ. ਪੀ. ਮੋਹਾਲੀ ਦੇ ਹੁਕਮਾਂ ’ਤੇ ਠੱਗੀ ਦਾ ਮਾਮਲਾ ਦਰਜ ਕੀਤਾ ਹੈ। ਸੈਕਟਰ-38 ਡੀ, ਚੰਡੀਗੜ੍ਹ ਵਾਸੀ ਵਿਵੇਕ ਨੇ ਆਪਣੀ ਸ਼ਿਕਾਇਤ ’ਚ ਦੱਸਿਆ ਕਿ ਉਸ ਨੇ ਇਕ ਮਕਾਨ ਖ਼ਰੀਦਣ ਲਈ ਮੁਲਜ਼ਮ ਔਰਤ ਨੇਹਾ ਸ਼ਰਮਾ ਦੀ ਕੰਪਨੀ ਸਕਾਈ ਹਾਕ ਰੀਅਲ ਐਸਟੇਟ ਨਾਲ ਸੰਪਰਕ ਕੀਤਾ ਸੀ। ਉਸ ਨੇ ਸੰਨੀ ਇੰਨਕਲੇਵ ਏਰੀਆ ’ਚ 107 ਗਜ਼ ’ਚ 3 ਬੀ.ਐੱਚ.ਕੇ. ਕੋਠੀ ਤਿਆਰ ਕਰ ਕੇ ਦੇਣ ਦਾ ਵਾਅਦਾ ਕੀਤਾ ਸੀ। ਇਹ ਸੌਦਾ ਕੁੱਲ 58.50 ਲੱਖ ਰੁਪਏ ’ਚ ਫਾਈਨਲ ਹੋਇਆ ਸੀ।

ਔਰਤ ਨੇ ਉਸ ਨੂੰ ਭਰੋਸਾ ਦਿਵਾਇਆ ਸੀ ਕਿ ਉਹ 3 ਮਹੀਨਿਆਂ ’ਚ ਕੋਠੀ ਤਿਆਰ ਕਰ ਕੇ ਉਸ ਨੂੰ ਕਬਜ਼ਾ ਦੇ ਦੇਵੇਗੀ। ਸੌਦੇ ਮੁਤਾਬਕ 29 ਅਕਤੂਬਰ, 2023 ਨੂੰ ਬੁਕਿੰਗ ਰਾਸ਼ੀ 1 ਲੱਖ ਰੁਪਏ ਕੰਪਨੀ ਨੂੰ ਉਸ ਵੱਲੋਂ ਅਦਾ ਕਰ ਦਿੱਤੇ ਗਏ। ਇਸ ਪਿੱਛੋਂ 4 ਲੱਖ ਰੁਪਏ ਹੋਰ ਮਹਿਲਾ ਵਲੋਂ ਦੱਸੇ ਗਏ ਖਾਤੇ ’ਚ ਟਰਾਂਸਫਰ ਕਰ ਦਿੱਤੇ ਗਏ। ਵਾਅਦੇ ਮੁਤਾਬਕ ਤਿੰਨ ਮਹੀਨਿਆਂ ਤੋਂ ਵੱਧ ਸਮਾਂ ਬੀਤਣ ਮਗਰੋਂ ਵੀ ਮੁਲਜ਼ਮ ਨੇ ਉਸ ਨੂੰ ਕੋਠੀ ਤਿਆਰ ਕਰ ਕੇ ਨਹੀਂ ਦਿੱਤੀ। ਜਦੋਂ ਪੈਸੇ ਵਾਪਸ ਮੰਗੇ ਗਏ ਤਾਂ ਉਸ ਨੇ ਪੈਸੇ ਦੇਣ ਤੋਂ ਵੀ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਸ਼ਿਕਾਇਤਕਰਤਾ ਕੰਪਨੀ ਦੇ ਦਫ਼ਤਰ ਪਹੁੰਚਿਆ ਤਾਂ ਪਤਾ ਲੱਗਾ ਕਿ ਮੁਲਜ਼ਮ ਦਫ਼ਤਰ ਬੰਦ ਕਰਕੇ ਫ਼ਰਾਰ ਹੋ ਚੁੱਕੀ ਹੈ। ਉਸ ਨੂੰ ਇਹ ਵੀ ਪਤਾ ਲੱਗਾ ਕਿ ਕੰਪਨੀ ਵੱਲੋਂ ਕਈ ਹੋਰ ਲੋਕਾਂ ਨਾਲ ਵੀ ਇਸ ਤਰ੍ਹਾਂ ਦੀਆਂ ਠੱਗੀਆਂ ਕੀਤੀਆਂ ਗਈਆਂ ਹਨ। ਮੁਲਜ਼ਮ ਔਰਤ ਨੂੰ ਪੁਲਸ ਵੱਲੋਂ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Sandeep Kumar

Content Editor

Related News