ਗੂਗਲ ਪੇਅ ਰਾਹੀਂ ਪੇਮੈਂਟ ਕਰਕੇ ਮਾਰੀ 30 ਹਜ਼ਾਰ ਦੀ ਠੱਗੀ

Tuesday, Dec 10, 2024 - 11:58 AM (IST)

ਨਿਊ ਚੰਡੀਗੜ੍ਹ (ਬੱਤਾ) : ਨਵਾਂਗਰਾਓਂ ਇਲਾਕੇ ’ਚ ਇਕ ਦੁਕਾਨਦਾਰ ਤੋਂ ਸਾਮਾਨ ਖ਼ਰੀਦ ਕੇ ਗੂਗਲ ਪੇਮੈਂਟ ਕਰਨ ਲਈ ਕਹਿ ਕੇ ਹਜ਼ਾਰਾਂ ਰੁਪਏ ਦਾ ਸਾਮਾਨ ਲੈ ਕੇ ਫ਼ਰਾਰ ਹੋਣ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਦੁਕਾਨਦਾਰ ਨੇ ਪੁਲਸ ਨੂੰ ਆਨਲਾਈਨ ਸ਼ਿਕਾਇਤ ਦਿੱਤੀ ਹੈ। ਨਵਾਂਗਰਾਓਂ ਦੇ ਕਰੌਰਾਂ ਰੋਡ ’ਤੇ ਸਥਿਤ ਦਸਮੇਸ਼ ਬਿਜਲੀ ਦੀ ਦੁਕਾਨ ਦੇ ਮਾਲਕ ਰਾਕੇਸ਼ ਕੁਮਾਰ ਨੇ ਦੱਸਿਆ ਕਿ ਬੀਤੀ 7 ਦਸੰਬਰ ਨੂੰ ਉਨ੍ਹਾਂ ਦੀ ਦੁਕਾਨ ’ਤੇ 22 ਤੋਂ 23 ਸਾਲ ਦਾ ਮੁੰਡਾ ਆਇਆ ਤੇ ਬਿਜਲੀ ਦੀਆਂ ਤਾਰਾਂ ਖ਼ਰੀਦਣ ਲਈ ਕਿਹਾ।

ਉਸ ਨੂੰ ਤਾਰਾਂ ਦੇ 15 ਬੰਡਲ ਦੇ ਦਿੱਤੇ। ਉਸ ਨੇ ਪੇਮੈਂਟ ਦਾ ਭੁਗਤਾਨ ਗੂਗਲ ਰਾਹੀਂ ਕਰਨ ਬਾਰੇ ਕਿਹਾ। ਦੁਕਾਨਦਾਰ ਨੇ ਦੱਸਿਆ ਕਿ ਉਸ ਨੇ ਰਕਮ 30,417 ਰੁਪਏ ਦੀ ਗੂਗਲ ਪੇਅ ਰਾਹੀਂ ਪੇਮੈਂਟ ਕੀਤੀ ਅਤੇ ਆਪਣੇ ਮੋਬਾਇਲ ’ਤੇ ਮੈਸੇਜ ਦਿਖਾ ਕੇ ਉਹ ਸਾਮਾਨ ਲੈ ਕੇ ਮੋਟਰਸਾਈਕਲ ’ਤੇ ਰਵਾਨਾ ਹੋ ਗਿਆ। ਜਦੋਂ ਦੁਕਾਨਦਾਰ ਨੇ ਆਪਣਾ ਮੋਬਾਇਲ ਚੈੱਕ ਕੀਤਾ ਤਾਂ ਉਸ ਨੂੰ ਕੋਈ ਸੁਨੇਹਾ ਨਹੀਂ ਮਿਲਿਆ। ਉਸ ਨੂੰ ਦੇਖ ਕੇ ਉਹ ਉਸ ਦਾ ਪਿੱਛਾ ਕਰਨ ਲੱਗਾ ਪਰ ਚਲਾਕ ਚੋਰ ਉਸ ਨੂੰ ਚਕਮਾ ਦੇ ਕੇ ਉਥੋਂ ਭੱਜ ਗਿਆ।


Babita

Content Editor

Related News