PM ਮੋਦੀ ਤੇ ਅਮਿਤ ਸ਼ਾਹ ਨੇ ਲਿਆ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ: ਸ਼ਿਵਰਾਜ ਸਿੰਘ ਚੌਹਾਨ

Monday, Sep 21, 2026 - 02:39 PM (IST)

PM ਮੋਦੀ ਤੇ ਅਮਿਤ ਸ਼ਾਹ ਨੇ ਲਿਆ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਸੰਕਲਪ: ਸ਼ਿਵਰਾਜ ਸਿੰਘ ਚੌਹਾਨ

ਬਠਿੰਡਾ (ਵੈੱਬ ਡੈਸਕ): ਭਾਰਤੀ ਜਨਤਾ ਪਾਰਟੀ ਵੱਲੋਂ "ਨਸ਼ਾ ਮੁਕਤ ਪੰਜਾਬ ਯਾਤਰਾ" ਦੇ ਚੌਥੇ ਦਿਨ ਤਲਵੰਡੀ ਸਾਬੋ ਵਿਖੇ ਸਮਾਗਮ ਕਰਵਾਇਆ ਗਿਆ। ਇਸ ਮੌਕੇ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉਚੇਚੇ ਤੌਰ 'ਤੇ ਸ਼ਮੂਲੀਅਤ ਕੀਤੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਸਮੁੱਚੀ ਭਾਜਪਾ ਨੇ ਇਹ ਸੰਕਲਪ ਲਿਆ ਹੈ ਕਿ ਜਦੋਂ ਤਕ ਪੰਜਾਬ ਨੂੰ ਨਸ਼ਾ ਮੁਕਤ ਨਹੀਂ ਕਰ ਲੈਂਦੇ, ਅਸੀਂ ਚੈਨ ਨਾਲ ਨਹੀਂ ਬੈਠਾਂਗੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਨੇ ਪੰਜਾਬ ਵਿਚ ਨਸ਼ੇ ਦੀ ਸਮੱਸਿਆ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ। 

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਪੰਜਾਬ 10 ਗੁਰੂਆਂ, 4 ਸਾਹਿਬਜ਼ਾਦਿਆਂ, 5 ਪਿਆਰਿਆਂ ਤੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੀ ਧਰਤੀ ਹੈ। ਪੰਜਾਬ ਦੀ ਅਬਾਦੀ ਦੇਸ਼ ਦੀ ਸਿਰਫ਼ 2 ਫ਼ੀਸਦੀ ਹੈ, ਪਰ ਪੂਰੀ ਫ਼ੌਜ ਵਿਚ 10 ਫ਼ੀਸਦੀ ਜਵਾਨ ਪੰਜਾਬ ਦੇ ਹਨ। ਜਦੋਂ ਵੀ ਦੇਸ਼ ਨੂੰ ਵੀਰਤਾ ਵਿਚ ਕੋਈ ਮੈਡਲ ਮਿਲਦਾ ਹੈ ਤਾਂ 50 ਫ਼ੀਸਦੀ ਮੈਡਲ ਪੰਜਾਬ ਦੇ ਬਹਾਦਰ ਜਵਾਨਾਂ ਨੂੰ ਮਿਲਦੇ ਹਨ। ਪੰਜਾਬ ਗਿਆਨ, ਕਰਮ, ਭਗਤੀ ਅਤੇ ਸੂਰਬੀਰਾਂ ਦੀ ਧਰਤੀ ਹੈ। ਇੱਥੋਂ ਦੀ ਹਵਾ ਵਿਚ ਗੁਰਬਾਣੀ ਹੈ, ਮਿੱਟੀ ਵਿਚ ਸ਼ਹਾਦਤ ਹੈ, ਹਰ ਕਣ ਵਿਚ ਗੁਰੂਆਂ ਦਾ ਸੁਨੇਹਾ ਹੈ ਕਿ ਸੱਚ ਲਈ ਖੜ੍ਹੇ ਹੋਵੋ। ਅੱਜ ਸਮਾਂ ਸੱਚ ਲਈ ਖੜ੍ਹੇ ਹੋਣ ਦਾ ਹੈ।

ਕੇਂਦਰੀ ਮੰਤਰੀ ਨੇ ਕਿਹਾ ਕਿ ਉਹ ਸਟੇਜ 'ਤੇ ਆਉਣ ਤੋਂ ਪਹਿਲਾਂ ਭੈਣਾਂ ਦੇ ਹੰਝੂ ਦੇਖ ਕੇ ਆਏ ਹਨ, ਜਿਨ੍ਹਾਂ ਨੂੰ ਵੇਖ ਕੇ ਉਨ੍ਹਾਂ ਦਾ ਮਨ ਬਹੁਤ ਦੁਖੀ ਹੋਇਆ। ਉਨ੍ਹਾਂ ਭੈਣਾਂ ਨੇ ਦੱਸਿਆ ਕਿ ਕਿਸੇ ਦਾ 18 ਸਾਲ ਦਾ, ਕਿਸੇ ਦਾ 21 ਤਾਂ ਕਿਸੇ ਦਾ 27 ਸਾਲ ਦਾ ਪੁੱਤ ਨਸ਼ੇ ਕਾਰਨ ਚਲਾ ਗਿਆ। ਕਈ ਭੈਣਾਂ ਦੀਆਂ ਕੁੱਖਾਂ ਸੁੰਨੀਆਂ ਪਈਆਂ ਹਨ, ਕਈ ਪਿਓ ਬੁਢਾਪੇ ਦਾ ਸਹਾਰਾ ਗੁਆ ਚੁੱਕੇ ਹਨ, ਕਈ ਭੈਣਾਂ ਦੀ ਸੁਹਾਗ ਉੱਜੜ ਗਿਆ। ਉਨ੍ਹਾਂ ਸੱਤਾਧਿਰ ਨੂੰ ਕਿਹਾ ਕਿ ਉਹ ਸੱਤਾ ਵਿਚ ਆਉਣ ਤੋਂ ਪਹਿਲਾਂ ਕਹਿੰਦੇ ਸੀ ਅਸੀਂ 3 ਮਹੀਨਿਆਂ ਵਿਚ ਨਸ਼ਾ ਖ਼ਤਮ ਕਰ ਦਿਆਂਗੇ। ਸੱਤਾ ਵਿਚ ਆਉਣ ਤੋਂ ਬਾਅਦ ਉਨ੍ਹਾਂ ਨੇ ਕਈ ਡੈੱਡਲਾਈਨ ਦਿੱਤੀਆਂ, ਪਰ ਉਹ ਹਰ ਵਾਰ ਡੈੱਡਲਾਈਨ ਹੀ ਡੈੱਡ ਹੋ ਗਈਆਂ, ਨਸ਼ਾ ਖ਼ਤਮ ਨਹੀਂ ਹੋ ਸਕਿਆ। ਚੌਹਾਨ ਨੇ ਇਹ ਵੀ ਦੋਸ਼ ਲਗਾਇਆ ਕਿ ਅੱਜ ਜਿਹੜੀਆਂ ਭੈਣਾਂ ਸਾਡੇ ਕੋਲ ਆਪਣਾ ਦਰਦ ਬਿਆਨ ਕਰਨ ਆ ਰਹੀਆਂ ਸਨ, ਉਨ੍ਹਾਂ ਨੂੰ ਥਾਣੇ ਵਿਚ ਬਿਠਾ ਕੇ ਰੱਖਿਆ ਗਿਆ। ਇਸ ਦੌਰਾਨ ਉਨ੍ਹਾਂ ਗੁਲਜ਼ਾਰ ਸਿੰਘ ਦੀ ਖ਼ੁਦਕੁਸ਼ੀ ਦਾ ਮੁੱਦਾ ਵੀ ਚੁੱਕਿਆ।

ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਦੀ ਨਸ਼ਾਮੁਕਤੀ ਲਈ ਮੁਹਿੰਮ ਚਲਾ ਰਹੀ ਹੈ, ਅਸੀਂ ਸਰਕਾਰ 'ਤੇ ਵੀ ਦਬਾਅ ਬਣਾ ਰਹੇ ਹਾਂ, ਡਰੱਗ ਮਾਫ਼ੀਆ ਖ਼ਿਲਾਫ਼ ਮੁਹਿੰਮ ਛੇੜੀ ਹੋਈ ਹੈ, ਪਰ ਇਹ ਲੋਕ ਸਾਡੀ ਯਾਤਰਾ ਨੂੰ ਕਾਲੇ ਝੰਡੇ ਦਿਖਾਉਂਦੇ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਉਹ ਵਾਰ-ਵਾਰ ਪੰਜਾਬ ਆਉਣਗੇ, ਜਿਸ ਵਿਚ ਵੀ ਦਮ ਹੈ ਰੋਕ ਕੇ ਦਿਖਾਵੇ। ਖੇਤੀਬਾੜੀ ਮੰਤਰੀ ਨੇ ਕਿਹਾ ਕਿ ਉਹ ਅਗਲੀ ਵਾਰ ਪੰਜਾਬ ਆ ਕੇ ਖੇਤੀਬਾੜੀ ਦੇ ਰੋਡਮੈਪ 'ਤੇ ਗੱਲ ਕਰਨਗੇ।
 


author

Anmol Tagra

Content Editor

Related News