ਬਠਿੰਡਾ ''ਚ ਅਧਿਆਪਕ ਦੀ ਮੌਤ ਬਾਰੇ ਨਿਆਇਕ ਜਾਂਚ ਦਾ ਵੱਡਾ ਖ਼ੁਲਾਸਾ
Monday, Sep 21, 2026 - 03:38 PM (IST)
ਬਠਿੰਡਾ (ਵਿਜੈ ਵਰਮਾ) : ਬਠਿੰਡਾ ਦੇ 34 ਸਾਲਾ ਆਈ. ਈ. ਐੱਲ. ਟੀ. ਐੱਸ. ਅਧਿਆਪਕ ਨਰਿੰਦਰਦੀਪ ਸਿੰਘ ਦੀ ਮੌਤ ਦਾ ਮਾਮਲਾ ਹੁਣ ਪੁਲਸ ਕਾਰਵਾਈ ’ਤੇ ਗੰਭੀਰ ਸਵਾਲ ਖੜ੍ਹੇ ਕਰ ਰਿਹਾ ਹੈ। ਮਈ 2025 'ਚ ਸ਼ੱਕੀ ਹਾਲਾਤਾਂ ਵਿੱਚ ਹੋਈ ਮੌਤ ਦੀ ਨਿਆਇਕ ਜਾਂਚ 'ਚ ਉਸ ਸਮੇਂ ਦੇ ਸੀਆਈਏ-2 ਦੇ ਚਾਰ ਪੁਲਸ ਮੁਲਾਜ਼ਮਾਂ ਦੀ ਭੂਮਿਕਾ ਸਬੰਧੀ ਗੰਭੀਰ ਨਤੀਜੇ ਸਾਹਮਣੇ ਆਏ ਹਨ। ਬਠਿੰਡਾ ਦੇ ਮੁੱਖ ਨਿਆਇਕ ਮੈਜਿਸਟਰੇਟ ਪ੍ਰਭਜੋਤ ਭੱਟੀ ਦੀ 18 ਸਫ਼ਿਆਂ ਦੀ ਰਿਪੋਰਟ ਵਿੱਚ ਨਰਿੰਦਰਦੀਪ ਨੂੰ ਕਥਿਤ ਤੌਰ ’ਤੇ ਗੈਰ-ਕਾਨੂੰਨੀ ਹਿਰਾਸਤ 'ਚ ਰੱਖ ਕੇ ਤਸ਼ੱਦਦ ਕਰਨ ਦੀ ਗੱਲ ਕਹੀ ਗਈ ਹੈ। ਰਿਪੋਰਟ 'ਚ ਸਰੀਰ ’ਤੇ ਸੱਟਾਂ ਦੇ ਨਿਸ਼ਾਨਾਂ ਅਤੇ ਗਵਾਹਾਂ ਦੇ ਬਿਆਨਾਂ ਦੇ ਆਧਾਰ ’ਤੇ ਮੌਤ ਤੋਂ ਪਹਿਲਾਂ ਪੁਲਸ ਹਿਰਾਸਤ 'ਚ ਤਸ਼ੱਦਦ ਦੇ ਸੰਕੇਤ ਦਰਜ ਕੀਤੇ ਗਏ ਹਨ।
ਰਿਪੋਰਟ 'ਚ ਸੰਵੇਦਨਸ਼ੀਲ ਅੰਗਾਂ ’ਤੇ ਬਿਜਲੀ ਦੇ ਝਟਕੇ ਦੇਣ ਦਾ ਜ਼ਿਕਰ
ਨਿਆਇਕ ਜਾਂਚ ਰਿਪੋਰਟ ਦਾ ਸਭ ਤੋਂ ਗੰਭੀਰ ਪੱਖ ਸਰੀਰ ’ਤੇ ਮਿਲੇ ਸੱਟਾਂ ਦੇ ਨਿਸ਼ਾਨਾਂ ਅਤੇ ਬਿਜਲੀ ਦੇ ਝਟਕੇ ਦਿੱਤੇ ਜਾਣ ਨਾਲ ਸਬੰਧਿਤ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉਪਲੱਬਧ ਸਬੂਤਾਂ ਦੀ ਕੜੀ ਕਥਿਤ ਤੌਰ ’ਤੇ ਇਸ ਵੱਲ ਇਸ਼ਾਰਾ ਕਰਦੀ ਹੈ ਕਿ ਨਰਿੰਦਰਦੀਪ ਨੂੰ ਸੀਆਈਏ-2 ਦੇ ਮੁਲਾਜ਼ਮਾਂ ਵੱਲੋਂ ਹਿਰਾਸਤ ਦੌਰਾਨ ਸਰੀਰਕ ਤੌਰ ’ਤੇ ਤਸ਼ੱਦਦ ਕੀਤਾ ਗਿਆ। ਰਿਪੋਰਟ ਵਿੱਚ ਸਿਰ ਅਤੇ ਜਣਨ ਅੰਗਾਂ ਸਮੇਤ ਸੰਵੇਦਨਸ਼ੀਲ ਹਿੱਸਿਆਂ ’ਤੇ ਬਿਜਲੀ ਦੇ ਝਟਕੇ ਦਿੱਤੇ ਜਾਣ ਦਾ ਵੀ ਜ਼ਿਕਰ ਕੀਤਾ ਗਿਆ ਹੈ। ਸਾਹਮਣੇ ਆਈ ਨਿਆਇਕ ਜਾਂਚ ਨੇ ਪੂਰੇ ਮਾਮਲੇ ਦੀ ਦਿਸ਼ਾ ਬਦਲ ਦਿੱਤੀ ਹੈ। ਜਿਸ ਮੌਤ ਨੂੰ ਸ਼ੁਰੂ ਵਿੱਚ ਸੜਕ ਹਾਦਸੇ ਅਤੇ ਬਾਅਦ ਵਿੱਚ ਨਸ਼ੀਲੇ ਪਦਾਰਥਾਂ ਦੇ ਪ੍ਰਭਾਵ ਨਾਲ ਜੋੜ ਕੇ ਦੇਖਿਆ ਗਿਆ ਸੀ, ਉਸੇ ਮਾਮਲੇ ਵਿੱਚ ਨਿਆਇਕ ਜਾਂਚ ਨੇ ਕਥਿਤ ਗੈਰ-ਕਾਨੂੰਨੀ ਹਿਰਾਸਤ, ਸਰੀਰਕ ਤਸ਼ੱਦਦ ਅਤੇ ਪੁਲਸ ਕਾਰਵਾਈ ’ਤੇ ਗੰਭੀਰ ਸਵਾਲ ਦਰਜ ਕੀਤੇ ਹਨ।
