ਸਿਹਤ ਸੰਚਾਰ ''ਚ ਖੋਜ ਨੀਤੀ-ਨਿਰਮਾਣ ਅਤੇ ਸਮਾਜਿਕ ਬਦਲਾਅ ਨੂੰ ਨਵੀਂ ਦਿਸ਼ਾ ਦੇ ਰਹੀ ਹੈ : ਰਾਘਵੇਂਦਰ ਤਿਵਾੜੀ
Friday, Apr 10, 2026 - 04:11 PM (IST)
ਬਠਿੰਡਾ : ਪੰਜਾਬ ਕੇਂਦਰੀ ਯੂਨੀਵਰਸਿਟੀ (ਸੀ. ਯੂ. ਪੰਜਾਬ) ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੇ ਮੁਖੀ ਅਤੇ ਇੰਟਰਵੈਂਸ਼ਨ ਡਿਜ਼ਾਈਨ ਐਂਡ ਇਫੈਕਟ ਸਲੈਬ (ਆਈ. ਡੀ. ਈ. ਐੱਲ.) ਦੇ ਸੰਸਥਾਪਕ ਡਾ. ਰੂਬਲ ਕਨੋਜ਼ੀਆ ਅਤੇ ਉਨ੍ਹਾਂ ਦੀ ਪੀ. ਐੱਚ. ਡੀ. ਵਿਦਿਆਰਥਣ ਸੁਸ਼੍ਰੀ ਰਕਤੀਮਾ ਗੁਪਤਾ ਨੇ ਇਕ ਮਹੱਤਵਪੂਰਨ ਅਕਾਦਮਿਕ ਉਪਲੱਬਧੀ ਹਾਸਲ ਕੀਤੀ ਹੈ। ਉਨ੍ਹਾਂ ਦਾ ਖੋਜ ਪੇਪਰ ਡੈਨਮਾਰਕ ਦੇ ਓਡੈਂਸ ਵਿਖੇ ਸਥਿਤ ਯੂਨੀਵਰਸਿਟੀ ਆਫ ਸਦਰਨ ਡੈਨਮਾਰਕ 'ਚ 15 ਅਪ੍ਰੈਲ 2026 ਨੂੰ ਹੋਣ ਵਾਲੇ ਮਹੱਤਵਪੂਰਨ ਅੰਤਰਰਾਸ਼ਟਰੀ ਸਿਹਤ ਸੰਚਾਰ ਸੰਮੇਲਨ 'ਚ ਪੇਸ਼ ਕਰਨ ਲਈ ਚੁਣਿਆ ਗਿਆ ਹੈ। ਭਾਰਤ 'ਚ ਐੱਚ. ਪੀ. ਵੀ. ਟੀਕਾਕਰਨ ਦੇ ਰਾਸ਼ਟਰੀ ਪ੍ਰੋਗਰਾਮ ਦੇ ਪ੍ਰਸੰਗ 'ਚ ਇਹ ਖੋਜ ਸਮਾਜ 'ਚ ਫੈਲੀ ਗਲਤ ਜਾਣਕਾਰੀ ਨੂੰ ਦੂਰ ਕਰਨ ਅਤੇ ਜਾਗਰੂਕਤਾ ਵਧਾਉਣ ਰਾਹੀਂ ਕੈਂਸਰ ਰੋਕਥਾਮ ਦੇ ਯਤਨਾਂ ਨੂੰ ਮਜ਼ਬੂਤ ਕਰਨ 'ਚ ਮਹੱਤਵਪੂਰਨ ਯੋਗਦਾਨ ਪਾਵੇਗੀ। 'ਏਕਵਾਲਿਟੇਟਿਵ ਐਕਸਪਲੋਰੇਸ਼ਨ' ਸਿਰਲੇਖ ਹੇਠ ਕੀਤੀ ਗਈ ਇਸ ਖੋਜ 'ਚ ਦਰਸਾਇਆ ਗਿਆ ਹੈ ਕਿ ਐੱਚ. ਪੀ. ਵੀ. ਬਾਰੇ ਜਾਗਰੂਕਤਾ ਦੀ ਘਾਟ, ਟੀਕੇ ਸਬੰਧੀ ਅਧੂਰੀ ਜਾਣਕਾਰੀ, ਆਰਥਿਕ ਰੁਕਾਵਟਾਂ, ਸਮਾਂਵੇਸ਼ੀ ਸਿਹਤ ਸੇਵਾਵਾਂ ਦੀ ਸੀਮਤ ਉਪਲੱਬਧਤਾ ਅਤੇ ਜਨ ਸਧਾਰਨ 'ਚ ਫੈਲੀ ਗਲਤ ਜਾਣਕਾਰੀ ਐੱਚ. ਪੀ. ਵੀ. ਤੋਂ ਬਚਾਅ 'ਚ ਵੱਡੀਆਂ ਰੁਕਾਵਟਾਂ ਹਨ।
ਖੋਜ ਕਰਤਾਵਾਂ ਅਨੁਸਾਰ ਇਹ ਨਤੀਜੇ ਇਸ ਗੱਲ ਨੂੰ ਰੌਸ਼ਨ ਕਰਦੇ ਹਨ ਕਿ ਗਲਤ ਜਾਣਕਾਰੀ 'ਤੇ ਪ੍ਰਭਾਵਸ਼ਾਲੀ ਕੰਟਰੋਲ, ਐੱਚ. ਪੀ. ਵੀ. ਅਤੇ ਇਸ ਦੇ ਟੀਕੇ ਬਾਰੇ ਸਹੀ ਜਾਣਕਾਰੀ ਦਾ ਪ੍ਰਸਾਰ, ਜਨ-ਜਾਗਰੂਕਤਾ ਮੁਹਿੰਮਾਂ ਨੂੰ ਮਜ਼ਬੂਤ ਕਰਨਾ ਅਤੇ ਸਿਹਤ ਕਰਮਚਾਰੀਆਂ ਨੂੰ ਸੰਵੇਦਨਸ਼ੀਲ ਬਣਾਉਣਾ ਬਹੁਤ ਜ਼ਰੂਰੀ ਹੈ ਤਾਂ ਜੋ ਹਰ ਵਰਗ ਨੂੰ ਸਮਾਨ ਅਤੇ ਸਮਾਵੇਸ਼ੀ ਸਿਹਤ ਸੇਵਾਵਾਂ ਪ੍ਰਾਪਤ ਹੋ ਸਕਣ। ਇਸ ਮੌਕੇ 'ਤੇ ਸੀ. ਯੂ. ਪੰਜਾਬ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾੜੀ ਨੇ ਡਾ. ਰੂਬਲ ਕਨੋਜ਼ੀਆ ਅਤੇ ਸੁਸ਼੍ਰੀ ਰਕਤੀਮਾ ਗੁਪਤਾ ਨੂੰ ਇਸ ਉਪਲੱਬਧੀ ਲਈ ਵਧਾਈ ਦਿੰਦਿਆਂ ਕਿਹਾ ਕਿ ਆਈ. ਡੀ. ਈ. ਐੱਲ. ਲੈਬ ਵਲੋਂ ਸਿਹਤ ਸੰਚਾਰ ਦੇ ਖੇਤਰ 'ਚ ਹੋ ਰਹੀ ਲਗਾਤਾਰ ਖੋਜ ਇਹ ਦਰਸਾਉਂਦੀ ਹੈ ਕਿ ਸਮਾਜਿਕ ਵਿਗਿਆਨ ਦੀ ਖੋਜ ਨਾ ਸਿਰਫ ਸਮਾਜਿਕ ਚੁਣੌਤੀਆਂ ਦਾ ਹੱਲ ਪੇਸ਼ ਕਰਦੀ ਹੈ, ਸਗੋਂ ਨੀਤੀ-ਨਿਰਮਾਣ ਅਤੇ ਵਿਸ਼ਵ ਪੱਧਰੀ ਅਕਾਦਮਿਕ ਚਰਚਾ 'ਚ ਵੀ ਅਹਿਮ ਯੋਗਦਾਨ ਪਾਉਂਦੀ ਹੈ। ਡਾ. ਰੂਬਲ ਕਨੋਜ਼ੀਆ ਨੇ ਦੱਸਿਆ ਕਿ ਆਈ. ਡੀ. ਈ. ਐੱਲ. ਲੈਬ ਦੇਸ਼ ਦੀਆਂ ਪਹਿਲੀਆਂ ਪ੍ਰਯੋਗਤਾਮਕ ਲੈਬਾਂ 'ਚੋਂ ਇਕ ਹੈ, ਜੋ ਜਨ ਸੰਚਾਰ ਦੇ ਖੇਤਰ 'ਚ ਰੈਂਡਮਾਈਜ਼ ਕੰਟਰੋਲ ਟ੍ਰਾਇਲਜ਼ (ਆਰ. ਸੀ. ਟੀ.) ਅਤੇ ਕਵਾਜੀ ਐਕਸਪੈਰੀਮੈਂਟਲ ਖੋਜ ਲਈ ਸਮਰਪਿਤ ਹੈ। ਉਨ੍ਹਾਂ ਨੇ ਇਸ ਸਫ਼ਲਤਾ ਦਾ ਸਿਹਰਾ ਵਾਈਸ ਚਾਂਸਲਰ ਪ੍ਰੋ. ਤਿਵਾੜੀ ਦੀ ਪ੍ਰੇਰਣਾ, ਮਾਰਗ ਦਰਸ਼ਨ ਅਤੇ ਨਿਰੰਤਰ ਸਹਿਯੋਗ ਨੂੰ ਦਿੱਤਾ, ਜਿਨ੍ਹਾਂ ਦੀ ਅਗਵਾਈ ਹੇਠ ਯੂਨੀਵਰਸਿਟੀ 'ਚ ਮਜ਼ਬੂਤ ਖੋਜ ਵਾਤਾਵਰਣ ਵਿਕਸਿਤ ਹੋ ਰਿਹਾ ਹੈ।
ਉਨ੍ਹਾਂ ਦੇ ਯਤਨਾਂ ਨਾਲ ਸੀ. ਯੂ. ਪੰਜਾਬ ਨੇ ਅੰਤਰਰਾਸ਼ਟਰੀ ਰੈਂਕਿੰਗ 'ਚ ਉਲੇਖਣਯੋਗ ਤਰੱਕੀ ਕੀਤੀ ਹੈ। ਇਸ ਉਪਲੱਬਧੀ ਨੂੰ ਹੋਰ ਮਜ਼ਬੂਤੀ ਮਿਲੀ ਹੈ ਕਿਉਂਕਿ ਆਈ. ਡੀ. ਈ. ਐੱਲ. ਲੈਬ ਦੀ ਕੈਂਸਰ ਨਾਲ ਸਬੰਧਿਤ ਗਲਤ ਜਾਣਕਾਰੀ 'ਤੇ ਕੀਤੀ ਤਾਜ਼ਾ ਖੋਜ ਨੂੰ ਵੀ ਵਿਸ਼ਵ ਸਿਹਤ ਸੰਸਥਾ ਦੇ ਅਧੀਨ ਇੰਟਰਨੈਸ਼ਨਲ ਏਜੰਸੀ ਫਾਰ ਰਿਸਰਚ ਆਨ ਕੈਂਸਰ (ਆਈ. ਏ. ਆਰ. ਸੀ.) ਵਲੋਂ ਸਵੀਕਾਰਿਆ ਗਿਆ ਹੈ। ਐੱਚ. ਪੀ. ਵੀ. ਟੀਕੇ ਸਬੰਧੀ ਗਲਤ ਜਾਣਕਾਰੀ 'ਤੇ ਇਹ ਖੋਜ ਯੂਨੀਵਰਸਿਟੀ ਲਈ ਇਕ ਹੋਰ ਮਹੱਤਵਪੂਰਨ ਅੰਤਰਰਾਸ਼ਟਰੀ ਉਪਲੱਬਧੀ ਹੈ। ਇਹ ਉਪਲੱਬਧੀ ਸੀ. ਯੂ. ਪੰਜਾਬ ਦੇ ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ ਦੀ ਵੱਧਦੀ ਅਕਾਦਮਿਕ ਸ਼੍ਰੇਸ਼ਠਤਾ ਅਤੇ ਵਿਸ਼ਵ ਪੱਧਰੀ ਖੋਜ ਭਾਗੀਦਾਰੀ ਨੂੰ ਵੀ ਦਰਸਾਉਂਦੀ ਹੈ।
