ਮਰਸਡੀਜ਼ ਹੁਣ ਭਾਰਤ ''ਚ ਤਿਆਰ ਕਰੇਗੀ ਇਲੈਕਟ੍ਰਿਕ ਕਾਰਾਂ
Sunday, Jun 24, 2018 - 03:53 PM (IST)
ਜਲੰਧਰ— ਜਰਮਨ ਦੀ ਲਗਜ਼ਰੀ ਵਾਹਨ ਨਿਰਮਾਤਾ ਕੰਪਨੀ ਮਰਸਡੀਜ਼ ਬੈਂਜ਼ ਹੁਣ ਭਾਰਤ 'ਚ ਇਲੈਕਟ੍ਰਿਕ ਕਾਰਾਂ ਦਾ ਨਿਰਮਾਣ ਕਰਨ ਵਾਲੀ ਹੈ। ਕੰਪਨੀ ਨੇ ਪੁਣੇ 'ਚ ਸਥਿਤ ਚਕਨ ਪਲਾਂਟ 'ਚ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਦੀ ਯੋਜਨਾ ਬਣਾਈ ਹੈ। ਭਾਰਤੀ ਬਾਜ਼ਾਰ ਤੇਜ਼ੀ ਨਾਲ ਇਲੈਕਟ੍ਰਿਕ ਵਾਹਨਾਂ ਵਲ ਵਧ ਰਿਹਾ ਹੈ, ਜਿਸ ਕਾਰਨ ਕੰਪਨੀ ਦਾ ਮੰਨਣਾ ਹੈ ਕਿ ਆਉਣ ਵਾਲੇ ਸਮੇਂ 'ਚ ਇਲੈਕਟ੍ਰਿਕ ਵਾਹਨਾਂ ਨੂੰ ਲੈ ਕੇ ਭਾਰਤ ਇਕ ਪ੍ਰਮੁੱਖ ਬਾਜ਼ਾਰ ਦੇ ਰੂਪ 'ਚ ਉਭਰੇਗਾ। ਇਸੇ ਗੱਲ 'ਤੇ ਧਿਆਨ ਦਿੰਦੇ ਹੋਏ ਇਨ੍ਹਾਂ ਨੂੰ ਹੁਣ ਭਾਰਤ 'ਚ ਹੀ ਤਿਆਰ ਕੀਤਾ ਜਾਵੇਗਾ।

ਟਾਈਮਸ ਆਫ ਇੰਡੀਆ ਦੀ ਰਿਪੋਰਟ ਮੁਤਾਬਕ ਮਰਸਡੀਜ਼ ਬੈਂਜ਼ ਇਲੈਕਟ੍ਰਿਕ ਵਾਹਨ ਤੋਂ ਇਲਾਵਾ ਕੰਬਸਚਨ ਇੰਜਣ ਨੂੰ ਵੀ ਇਸੇ ਪਲਾਂਟ 'ਚ ਤਿਆਰ ਕਰੇਗੀ। ਮੰਨਿਆ ਜਾ ਰਿਹਾ ਹੈ ਕਿ ਅਜਿਹਾ ਕਰਨ ਨਾਲ ਭਾਰਤ 'ਚ ਉਚਿਤ ਕੀਮਤ 'ਤੇ ਇਲੈਕਟ੍ਰਿਕ ਕਾਰਾਂ ਨੂੰ ਉਪਲੱਬਧ ਕਰਾਉਣਾ ਸੰਭਵ ਹੋ ਜਾਵੇਗਾ। ਅਜਿਹੇ 'ਚ ਭਾਰਤ 'ਚ ਇਲੈਕਟ੍ਰਿਕ ਕਾਰ ਵੇਚਣ ਲਈ ਮਰਸਡੀਜ਼ ਦੇ ਸਾਹਮਣੇ ਪੂਰੇ ਦੇਸ਼ 'ਚ ਚਾਰਜਿੰਗ ਦਾ ਬੁਨਿਆਦੀ ਢਾਂਚਾ ਸਥਾਪਿਤ ਕਰਨ ਦੀ ਵੱਡੀ ਚੁਣੌਤੀ ਹੈ।
