ਯੂ. ਪੀ. ਦੀ ਯੋਗੀ ਸਰਕਾਰ ਨੇ ਤੇਜ਼ੀ ਨਾਲ ਕੀਤੇ ਕੁਝ ਚੰਗੇ ਫੈਸਲੇ

04/30/2017 1:55:43 AM

ਸੱਤਾ ''ਚ ਆਉਣ ਤੋਂ ਫੌਰਨ ਬਾਅਦ ਯੂ. ਪੀ. ਦੀ ਯੋਗੀ ਆਦਿੱਤਿਆਨਾਥ ਸਰਕਾਰ ਨੇ ਜਨ-ਹਿਤੈਸ਼ੀ ਫੈਸਲਿਆਂ ਦੀ ਦਿਸ਼ਾ ''ਚ ਤੇਜ਼ੀ ਨਾਲ ਕਦਮ ਵਧਾਏ ਹਨ। ਇਨ੍ਹਾਂ ''ਚ ਪਿੰਡਾਂ ਵਿਚ ਰੋਜ਼ਾਨਾ 18 ਘੰਟੇ ਬਿਜਲੀ ਦੇਣ, ਪੁਰਾਣੇ ਬਿਜਲੀ ਬਿੱਲਾਂ ''ਤੇ ਸਰਚਾਰਜ ਮੁਆਫ ਕਰਨ, ਆਲੂ ਖਰੀਦ ਕੇਂਦਰ ਬਣਾਉਣ, ਗੰਨਾ ਕਿਸਾਨਾਂ ਨੂੰ 14 ਦਿਨਾਂ ਅੰਦਰ ਭੁਗਤਾਨ ਅਤੇ ਪੁਰਾਣੇ ਬਕਾਏ 4 ਮਹੀਨਿਆਂ ਅੰਦਰ ਨਿਪਟਾਉਣ ਆਦਿ ਦੇ ਹੁਕਮ ਸ਼ਾਮਲ ਹਨ।
ਇਸੇ ਲੜੀ ''ਚ ਲਖਨਊ ਵਿਚ 14 ਅਪ੍ਰੈਲ ਨੂੰ ਯੋਗੀ ਆਦਿੱਤਿਆਨਾਥ  ਨੇ ਇਕ ਵੱਡਾ ਐਲਾਨ ਕਰਦਿਆਂ ਸੂਬੇ ਦੇ ਸਕੂਲਾਂ ''ਚ ਮਹਾਪੁਰਸ਼ਾਂ ਦੇ ਜਨਮ ਦਿਨਾਂ ਅਤੇ ਬਰਸੀਆਂ ''ਤੇ ਜਨਤਕ ਛੁੱਟੀਆਂ ਕਰਨ ''ਤੇ ਰੋਕ ਲਾ ਦਿੱਤੀ।
ਇਸ ਬਾਰੇ ਐਲਾਨ ਕਰਦਿਆਂ ਉਨ੍ਹਾਂ ਕਿਹਾ, ''''ਸਕੂਲਾਂ ''ਚ ਛੁੱਟੀਆਂ ਦੀ ਭਰਮਾਰ ਹੋਣ ਕਾਰਨ ਅਧਿਆਪਕਾਂ ਨੂੰ ਬੱਚਿਆਂ ਨੂੰ ਪੜ੍ਹਾਉਣ ਦਾ ਸਮਾਂ ਹੀ ਨਹੀਂ ਮਿਲਦਾ, ਇਸ ਲਈ ਮਹਾਪੁਰਸ਼ਾਂ ਦੇ ਜਨਮ ਦਿਨਾਂ ਅਤੇ ਬਰਸੀਆਂ ''ਤੇ ਛੁੱਟੀ ਦੀ ਬਜਾਏ ਉਨ੍ਹਾਂ ਦੀਆਂ ਸਿੱਖਿਆਵਾਂ ਦੇ ਸੰਬੰਧ ''ਚ ਸਕੂਲਾਂ ''ਚ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤੇ ਜਾਣਗੇ।''''
ਅਸਲ ''ਚ 18 ਮਾਰਚ ਨੂੰ ਸੱਤਾ ਸੰਭਾਲਣ ਤੋਂ ਲੈ ਕੇ 18 ਅਪ੍ਰੈਲ ਤਕ ਇਕ ਮਹੀਨੇ ''ਚ ਹੀ ਯੋਗੀ ਆਦਿੱਤਿਆਨਾਥ ਨੇ ਨਾ ਸਿਰਫ ਆਪਣੀ ਕੈਬਨਿਟ ਦੀਆਂ ਦੋ ਮੀਟਿੰਗਾਂ ਕਰ ਲਈਆਂ ਸਗੋਂ ਇਸ ਮਿਆਦ ਦੌਰਾਨ ਦੋ ਦਰਜਨ ਤੋਂ ਜ਼ਿਆਦਾ ਫੈਸਲੇ ਲਏ ਅਤੇ ਲੱਗਭਗ 300 ਹੁਕਮ ਜਾਰੀ ਕਰਨ ਤੋਂ ਇਲਾਵਾ ਅਧਿਕਾਰੀਆਂ ਨੂੰ ਇਹ ਹਦਾਇਤ ਵੀ ਦਿੱਤੀ ਕਿ ਇਨ੍ਹਾਂ ਹੁਕਮਾਂ ਨੂੰ ਲਾਗੂ ਕਰਨ ''ਚ ਕੋਈ ਢਿੱਲ ਨਹੀਂ ਵਰਤੀ ਜਾਣੀ ਚਾਹੀਦੀ।
ਜਨ-ਹਿਤੈਸ਼ੀ ਫੈਸਲਿਆਂ ਦਾ ਸਿਲਸਿਲਾ ਜਾਰੀ ਰੱਖਦਿਆਂ ਹੁਣ 28 ਅਪ੍ਰੈਲ ਨੂੰ ਯੋਗੀ ਆਦਿੱਤਿਆਨਾਥ ਨੇ ਸੂਬੇ ''ਚ ਕੰਨਿਆ ਔਲਾਦ ਨੂੰ ਉਤਸ਼ਾਹਿਤ ਕਰਨ ਲਈ ''ਭਾਗਯ ਲਕਸ਼ਮੀ ਯੋਜਨਾ'' ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਇਸ ਦੇ ਤਹਿਤ ਗਰੀਬ ਪਰਿਵਾਰਾਂ ''ਚ ਧੀ ਦੇ ਜਨਮ ''ਤੇ 50,000 ਰੁਪਏ ਦਾ ਬਾਂਡ ਅਤੇ ਬੱਚੀ ਦੀ ਮਾਂ ਨੂੰ ਵੀ 5100 ਰੁਪਏ ਦੇਣ ਦਾ ਫੈਸਲਾ ਕੀਤਾ ਗਿਆ ਹੈ ਤਾਂ ਕਿ ਧੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇ।
ਇਸ ਯੋਜਨਾ ''ਚ ਸਰਕਾਰ ਬੀ. ਪੀ. ਐੱਲ. ਪਰਿਵਾਰਾਂ ਦੇ ਨਾਲ-ਨਾਲ 2 ਲੱਖ ਰੁਪਏ ਸਾਲਾਨਾ ਤਕ ਦੀ ਆਮਦਨ ਵਾਲੇ ਪਰਿਵਾਰਾਂ ਨੂੰ ਵੀ ਸ਼ਾਮਲ ਕਰਨ ਜਾ ਰਹੀ ਹੈ।
ਯੋਜਨਾ ਦੇ ਤਹਿਤ 6ਵੀਂ ਜਮਾਤ ਵਿਚ ਹੋਣ ''ਤੇ 3000 ਰੁਪਏ, 8ਵੀਂ ''ਚ ਹੋਣ ''ਤੇ 5000 ਰੁਪਏ, 10ਵੀਂ ''ਚ ਪਹੁੰਚਣ ''ਤੇ 7000 ਰੁਪਏ, 12ਵੀਂ ''ਚ ਪਹੁੰਚਣ ''ਤੇ 8000 ਰੁਪਏ ਦਿੱਤੇ ਜਾਣਗੇ ਅਤੇ ਇਸ ਤਰ੍ਹਾਂ ਲੜਕੀ ਦੀ 21 ਸਾਲ ਦੀ ਉਮਰ ਤਕ ਉਸ ਦੇ ਮਾਂ-ਪਿਓ ਨੂੰ 2 ਲੱਖ ਰੁਪਏ ਦਿੱਤੇ ਜਾਣਗੇ।
ਧੀ ਦੇ ਜਨਮ ''ਤੇ 50,000 ਰੁਪਏ ਦਾ ਬਾਂਡ ਦੇਣ ਦੇ ਫੈਸਲੇ ਨਾਲ ਜਿਥੇ ਧੀਆਂ ਦੀ ਚੰਗੀ ਤਰ੍ਹਾਂ ਦੇਖਭਾਲ ਹੋ ਸਕੇਗੀ, ਉਥੇ ਹੀ ਲੋਕ ਕੰਨਿਆ ਭਰੂਣ ਹੱਤਿਆ ਤੋਂ ਵੀ ਸੰਕੋਚ ਕਰਨਗੇ, ਜਿਸ ਨਾਲ ਸੂਬੇ ''ਚ ਵਿਗੜ ਰਿਹਾ ਲਿੰਗ ਅਨੁਪਾਤ ਸੁਧਰਨ ''ਚ ਵੀ ਮਦਦ ਮਿਲੇਗੀ।
28 ਅਪ੍ਰੈਲ ਨੂੰ ਹੀ ਜਨ-ਸਰੋਕਾਰ ਦੀ ਇਕ ਹੋਰ ਸਮੱਸਿਆ ''ਤੇ ਅਹਿਮ ਫੈਸਲਾ ਲੈਂਦਿਆਂ ਯੋਗੀ ਆਦਿੱਤਿਆਨਾਥ ਨੇ ਬੁੰਦੇਲਖੰਡ ''ਚ ਪਾਣੀ ਦੀ ਸਮੱਸਿਆ ਨਾਲ ਨਜਿੱਠਣ ਲਈ ''ਕੇਨ ਬੇਤਵਾ ਲਿੰਕ ਨਹਿਰ'' ਦੇ ਨਿਰਮਾਣ ''ਚ ਤੇਜ਼ੀ ਲਿਆਉਣ ਦੀਆਂ ਹਦਾਇਤਾਂ ਦੇਣ ਤੋਂ ਇਲਾਵਾ ਕਿਸੇ ਵੀ ਯੋਜਨਾ ''ਚ ਧਨ ਦੀ ਦੁਰਵਰਤੋਂ ਦਾ ਪਤਾ ਲੱਗਣ ''ਤੇ ਤੁਰੰਤ ਉਨ੍ਹਾਂ ਨੂੰ ਸੂਚਨਾ ਦੇਣ ਦਾ ਹੁਕਮ ਵੀ ਦਿੱਤਾ।
ਯੋਗੀ ਆਦਿੱਤਿਆਨਾਥ ਦੀ ਸਰਕਾਰ ਵਲੋਂ ਲਏ ਜਾ ਰਹੇ ਜਨ-ਹਿਤੈਸ਼ੀ ਫੈਸਲਿਆਂ ਤੋਂ ਉਨ੍ਹਾਂ ਦੇ ਕੱਟੜ ਵਿਰੋਧੀ ਵੀ ਪ੍ਰਭਾਵਿਤ ਹੋ ਰਹੇ ਹਨ। ਇਥੋਂ ਤਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਭਾਜਪਾ ਤੇ ਇਸ ਦੀ ਲੀਡਰਸ਼ਿਪ ਨੂੰ ਪਾਣੀ ਪੀ-ਪੀ ਕੇ ਨਿੰਦਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੇ ਵੀ ਯੋਗੀ ਆਦਿੱਤਿਆਨਾਥ ਵਲੋਂ ਸਕੂਲਾਂ ''ਚ ਛੁੱਟੀਆਂ ਘੱਟ ਕਰਨ ਦੇ ਲਏ ਫੈਸਲੇ ਦਾ ਸਵਾਗਤ ਕੀਤਾ ਹੈ।
ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ 28 ਅਪ੍ਰੈਲ ਨੂੰ ਕਿਹਾ, ''''ਯੂ. ਪੀ. ਸਰਕਾਰ ਨੇ ਇਸ ਦਿਸ਼ਾ ''ਚ ਚੰਗਾ ਕਦਮ ਚੁੱਕਿਆ ਹੈ। ਸਾਨੂੰ ਹਮੇਸ਼ਾ ਦੂਜੇ ਸੂਬਿਆਂ ਤੋਂ ਸਿੱਖਣ ਲਈ ਤਿਆਰ ਰਹਿਣਾ ਚਾਹੀਦਾ ਹੈ।'''' ਇਸ ਦੇ ਨਾਲ ਹੀ ਦਿੱਲੀ ਸਰਕਾਰ ਨੇ ਵੀ ਵੱਡੀਆਂ ਹਸਤੀਆਂ ਦੇ ਜਨਮ ਦਿਨ ਜਾਂ ਬਰਸੀ ''ਤੇ ਕੀਤੀਆਂ ਜਾਣ ਵਾਲੀਆਂ ਜਨਤਕ ਛੁੱਟੀਆਂ ਰੱਦ ਕਰਨ ਦੇ ਫੈਸਲੇ ਦਾ ਐਲਾਨ ਕਰ ਦਿੱਤਾ ਹੈ।
ਸਪੱਸ਼ਟ ਹੈ ਕਿ ਯੋਗੀ ਆਦਿੱਤਿਆਨਾਥ ਵਲੋਂ ਲਏ ਜਾਣ ਵਾਲੇ ਜਨ-ਹਿਤੈਸ਼ੀ ਫੈਸਲਿਆਂ ਨੇ ਉਨ੍ਹਾਂ ਦੇ ਵਿਰੋਧੀਆਂ ਨੂੰ ਵੀ ਉਨ੍ਹਾਂ ਦੇ ਪ੍ਰਸ਼ੰਸਕ ਬਣਾ ਦਿੱਤਾ ਹੈ। ਹੋਰਨਾਂ ਸੂਬਿਆਂ ਦੀਆਂ ਸਰਕਾਰਾਂ ਨੂੰ ਵੀ ਯੋਗੀ ਆਦਿੱਤਿਆਨਾਥ ਤੇ ਯੂ. ਪੀ. ਸਰਕਾਰ ਵਲੋਂ ਲਏ ਜਾ ਰਹੇ ਫੈਸਲਿਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਸੂਬਿਆਂ ''ਚ ਵੀ ਅਜਿਹੇ ਫੈਸਲੇ ਲੈਣੇ ਚਾਹੀਦੇ ਹਨ।         —ਵਿਜੇ ਕੁਮਾਰ


Vijay Kumar Chopra

Chief Editor

Related News