ਨੇਪਾਲ- ਭਾਰਤ ਸਬੰਧਾਂ ’ਚ ਤਣਾਅ ਲਈ ਜ਼ਿੰਮੇਵਾਰ ਕੌਣ-ਕੌਣ?

06/21/2020 3:35:17 AM

ਉੱਤਰਾਖੰਡ ’ਚ ਲਿਪੁਲੇਖ ਦੱਰੇ ਨੂੰ ਧਾਰਚੁਲਾ ਨਾਲ ਜੋੜਨ ਵਾਲੀ ਜੰਗੀ ਮਹੱਤਵ ਦੀ 80 ਕਿਲੋਮੀਟਰ ਲੰਬੀ ਸੜਕ ਦੇ 8 ਮਈ ਨੂੰ ਭਾਰਤ ਵਲੋਂ ਉਦਘਾਟਨ ਦੇ ਬਾਅਦ ਤੋਂ ਹੀ ਭਾਰਤ ਅਤੇ ਨੇਪਾਲ ਦਰਮਿਆਨ ਤਣਾਅ ਲਗਾਤਾਰ ਵਧ ਰਿਹਾ ਹੈ। ਇਸ ਦੀ ਤਤਕਾਲ ਪ੍ਰਤੀਕਿਰਿਆ ਵਜੋਂ ਨੇਪਾਲ ਸਰਕਾਰ ਨੇ ਉੱਤਰਾਖੰਡ ’ਚ ਸਥਿਤ ਲਿੰਪਿਆਧੁਰਾ, ਕਾਲਾਪਾਣੀ ਅਤੇ ਲਿਪੁਲੇਖ ਇਲਾਕਿਆਂ ’ਤੇ ਆਪਣਾ ਦਾਅਵਾ ਪ੍ਰਗਟਾ ਦਿੱਤਾ ਹੈ ਅਤੇ ਭਾਰਤ ’ਤੇ ਇਨ੍ਹਾਂ ਇਲਾਕਿਆਂ ’ਤੇ ਨਾਜਾਇਜ਼ ਕਬਜ਼ਾ ਕਰਨ ਦਾ ਦੋਸ਼ ਵੀ ਲਗਾ ਦਿੱਤਾ ਹੈ।

* 12 ਜੂਨ ਨੂੰ ਨੇਪਾਲ ਪੁਲਸ ਦੇ ਜਵਾਨਾਂ ਨੇ ਬਿਹਾਰ ਦੇ ਸੀਤਾਮੜ੍ਹੀ ਨਾਲ ਲਗਦੀ ਸਰਹੱਦ ’ਤੇ ਕੁਝ ਭਾਰਤੀਆਂ ਨੂੰ ਬੇਰਹਿਮੀ ਨਾਲ ਕੁੱਟਣ ਦੇ ਇਲਾਵਾ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ । ਜਿਸ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ।

*18 ਜੂਨ ਨੂੰ ਨੇਪਾਲ ਸਰਕਾਰ ਨੇ ਭਾਰਤ ਦੇ ਦਾਅਵਿਆਂ ਨੂੰ ਖਾਰਜ ਕਰਦੇ ਹੋਏ ਲਿੰਪਿਆਧੁਰਾ, ਕਾਲਾਪਾਣੀ ਅਤੇ ਲਿਪੁਲੇਖ ਨੂੰ ਨੇਪਾਲ ’ਚ ਦਿਖਾਉਣ ਵਾਲੇ ਵਿਵਾਦਿਤ ਨਕਸ਼ੇ ਨੂੰ ਮਨਜ਼ੂਰੀ ਦੇ ਦਿੱਤੀ।

* ਅਤੇ ਹੁਣ 19 ਜੂਨ ਨੂੰ ਨੇਪਾਲ ਸਰਕਾਰ ਨੇ ਨਵਾਂ ਅੜਿੱਕਾ ਲਾਉਂਦੇ ਹੋਏ ਬਿਹਾਰ ’ਚ ਪੂਰਬੀ ਚੰਪਾਰਣ ਜ਼ਿਲੇ ਦੇ ‘ਢਾਕਾ’ ਵਿਚ ਨਦੀ ’ਤੇ ਭਾਰਤੀ ਇਲਾਕੇ ’ਚ ਉਸਾਰੀ ਅਧੀਨ ਤਟਬੰਧ ਦੇ 500 ਮੀਟਰ ਹਿੱਸੇ ’ਤੇ ਮਾਲਕੀ ਪ੍ਰਗਟਾਉਂਦੇ ਹੋਏ ਇਸ ਦੀ ਉਸਾਰੀ ਰੁਕਵਾ ਦਿੱਤੀ ਹੈ। ਨੇਪਾਲ ਇਹ ਸਭ ਚੀਨੀ ਨੇਤਾਵਾਂ ਦੇ ਇਸ਼ਾਰਿਆਂ ’ਤੇ ਕਰ ਰਿਹਾ ਹੈ ਕਿਉਂਕਿ ਇਹ ਜ਼ਾਹਿਰ ਕਰਨਾ ਚਾਹੁੰਦੇ ਹਨ ਕਿ ਭਾਰਤ ਦੇ ਆਪਣੇ ਗੁਆਂਢੀਆਂ ਨਾਲ ਸਬੰਧ ਚੰਗੇ ਨਹੀਂ ਹਨ ਅਤੇ ਭਾਰਤ ਸਰਕਾਰ ਆਪਣੀਆਂ ਕਮਜ਼ੋਰੀਆਂ ਲੁਕਾਉਣ ਲਈ ਗੁਆਂਢੀ ਦੇਸ਼ਾਂ ਨਾਲ ਉਲਝ ਰਹੀ ਹੈ। ਇਹ ਇਸ ਤੱਥ ਤੋਂ ਵੀ ਸਪੱਸ਼ਟ ਹੈ ਕਿ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਆਗੂ ਅਕਸਰ ਚੀਨ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਆਗੂਆਂ ਨਾਲ ਸਲਾਹ-ਮਸ਼ਵਰਾ ਕਰਦੇ ਰਹਿੰਦੇ ਹਨ ਅਤੇ 19 ਜੂਨ ਨੂੰ ਵੀ ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਉਨ੍ਹਾਂ ਨਾਲ ਗੱਲਬਾਤ ਕੀਤੀ ਸੀ। ਹਾਲਾਂਕਿ ਨੇਪਾਲ ਦੀ ਕਮਿਊਨਿਸਟ ਪਾਰਟੀ ਦੇ ਕੁਝ ਨੇਤਾਵਾਂ ਨੇ ਇਸ ’ਤੇ ਇਤਰਾਜ਼ ਪ੍ਰਗਟਾਉਂਦੇ ਹੋਏ ਕਿਹਾ ਕਿ ਇਸ ਸਮੇਂ ਜਦੋਂਕਿ ਭਾਰਤ ਨਾਲ ਇਨ੍ਹਾਂ ਦੇ ਸਬੰਧ ਤਣਾਅਪੂਰਨ ਹਨ, ਚੀਨ ਦੀ ਕਮਿਊਨਿਸਟ ਪਾਰਟੀ ਨਾਲ ਦੋਸਤੀ ਵਧਾਉਣ ਦਾ ਇਹ ਉਚਿਤ ਸਮਾਂ ਨਹੀਂ ਹੈ ਪਰ ਲੱਗਦਾ ਹੈ ਕਿ ਨੇਪਾਲੀ ਸ਼ਾਸਕਾਂ ’ਤੇ ਇਸ ਦਾ ਕੁਝ ਅਸਰ ਹੋਣ ਵਾਲਾ ਨਹੀਂ। ਜਿਥੇ ਚੀਨੀ ਨੇਤਾਵਾਂ ਦਾ ਇਹ ਯਤਨ ਮੰਦਭਾਵਨਾ ਤੋਂ ਪ੍ਰੇਰਿਤ ਹੈ, ਉਥੇ ਰਣਨੀਤਕ ਮਾਹਰਾਂ ਅਨੁਸਾਰ ਕੁਝ ਮਾਮਲਿਆਂ ’ਚ ਭਾਰਤ ਸਰਕਾਰ ਵੀ ਨੇਪਾਲ ਨਾਲ ਸਬੰਧ ਵਿਗੜਣ ਲਈ ਕੁਝ ਜ਼ਿੰਮੇਵਾਰ ਜ਼ਰੂਰ ਹੈ ਕਿਉਂਕਿ ਪਹਿਲੇ ਪਹਿਲ ਜਦੋਂ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਨੇ ਸਰਹੱਦ ਵਿਵਾਦ ਨੂੰ ਲੈ ਕੇ ਭੜਕਾਊ ਬਿਆਨ ਦਿੱਤੇ ਉਦੋਂ ਭਾਰਤੀ ਨੇਤਾਵਾਂ ਨੇ ਕਿਹਾ ਕਿ ਪਹਿਲੇ ਨੇਪਾਲ ਨੂੰ ਗੱਲਬਾਤ ਲਈ ਢੁਕਵਾਂ ਮਾਹੌਲ ਬਣਾਉਣਾ ਹੋਵੇਗਾ। ਇਸ ਤੋਂ ਪਹਿਲਾਂ ਵੀ ਭਾਰਤ ਸਰਕਾਰ ਨੇ ਇਹ ਕਹਿ ਕੇ ਮਾਮਲਾ ਲਟਕਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਪਹਿਲਾਂ ਕੋਰੋਨਾ ਦਾ ਸੰਕਟ ਨਿਪਟ ਜਾਵੇ ਉਸ ਤੋਂ ਬਾਅਦ ਹੀ ਨੇਪਾਲ ਨਾਲ ਜ਼ਮੀਨੀ ਵਿਵਾਦ ’ਤੇ ਚਰਚਾ ਕੀਤੀ ਜਾ ਸਕਦੀ ਹੈ। ਕੁਲ ਮਿਲਾ ਕੇ ਜਿਥੇ ਚੀਨ ਦੀ ਸ਼ਹਿ ’ਤੇ ਭਾਰਤ ਨਾਲ ਸਬੰਧ ਵਿਗਾੜਣ ਲਈ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦੇ ਨੇਤਾ ਹੀ ਵਧੇਰੇ ਜ਼ਿੰਮੇਵਾਰ ਹਨ, ਉਥੇ ਭਾਰਤ ਸਰਕਾਰ ਵੀ ਇਸ ਦੇ ਲਈ ਕੁਝ ਹੱਦ ਤਕ ਜ਼ਿੰਮੇਵਾਰ ਹੈ, ਜਿਸ ਨੇ ਸਮਾਂ ਰਹਿੰਦੇ ਸਥਿਤੀ ਨੂੰ ਸੰਭਾਲਣ ਦੀ ਬਜਾਏ ਹਾਲਾਤ ਨੂੰ ਵਿਗੜਣ ਦਿੱਤਾ।

–ਵਿਜੇ ਕੁਮਾਰ


Bharat Thapa

Content Editor

Related News