ਦੇਸ਼ ''ਚ ਅਗਨੀਕਾਂਡਾਂ ਨਾਲ ਲਗਾਤਾਰ ਹੋ ਰਿਹਾ ਜਾਨ-ਮਾਲ ਦਾ ਭਾਰੀ ਨੁਕਸਾਨ

02/13/2019 5:36:46 AM

ਰਾਜਧਾਨੀ ਦਿੱਲੀ, ਮੁੰਬਈ ਅਤੇ ਕੋਲਕਾਤਾ ਵਰਗੇ ਮਹਾਨਗਰਾਂ ਸਮੇਤ ਪਿਛਲੇ ਕੁਝ ਸਮੇਂ ਤੋਂ ਦੇਸ਼ 'ਚ  ਹੋਣ ਵਾਲੇ ਅਗਨੀਕਾਂਡਾਂ 'ਚ ਭਾਰੀ ਵਾਧਾ ਹੋਣ ਨਾਲ ਜਾਨ-ਮਾਲ ਅਤੇ ਚੌਗਿਰਦੇ, ਇਥੋਂ ਤਕ ਕਿ ਜੀਵ-ਜੰਤੂਆਂ ਤਕ ਦਾ ਭਾਰੀ ਨੁਕਸਾਨ  ਹੋ  ਰਿਹਾ ਹੈ। 
ਨਾ ਸਿਰਫ ਆਮ ਲੋਕ ਹੀ ਇਨ੍ਹਾਂ ਅਗਨੀਕਾਂਡਾਂ ਦਾ ਸ਼ਿਕਾਰ ਹੋ ਰਹੇ ਹਨ, ਸਗੋਂ ਸਰਕਾਰੀ ਦਫਤਰ, ਹਸਪਤਾਲ ਅਤੇ ਕੌਮੀ ਅਜਾਇਬਘਰ ਵਰਗੀਆਂ ਸੰਸਥਾਵਾਂ ਵੀ ਅੱਗ ਦੀ ਲਪੇਟ 'ਚ ਆਉਣ ਨਾਲ ਵਡਮੁੱਲੀ ਕੌਮੀ ਵਿਰਾਸਤ ਵੀ ਨਸ਼ਟ ਹੋ ਰਹੀ ਹੈ। 
ਦਿੱਲੀ ਦੇ 6 ਮੰਜ਼ਿਲਾ ਕੌਮੀ ਅਜਾਇਬਘਰ 'ਚ 26 ਅਪ੍ਰੈਲ 2016 ਦੀ ਰਾਤ ਨੂੰ ਲੱਗੀ ਅੱਗ ਨਾਲ ਉਥੇ ਜਾਨਵਰਾਂ ਦੀ ਖੱਲ ਤੋਂ ਬਣੀਆਂ ਉਨ੍ਹਾਂ ਦੇ ਪ੍ਰਤੀਰੂਪ ਵਰਗੀਆਂ ਕਈ ਦੇਖਣਯੋਗ ਚੀਜ਼ਾਂ ਸੜ ਕੇ ਸੁਆਹ ਹੋ ਗਈਆਂ ਸਨ। ਦੇਸ਼ 'ਚ ਅਗਨੀਕਾਂਡਾਂ ਦਾ ਇਹ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੀਆਂ ਹਾਲ ਹੀ ਦੀਆਂ ਕੁਝ ਮਿਸਾਲਾਂ ਹੇਠਾਂ ਦਰਜ ਹਨ :
* 27 ਦਸੰਬਰ 2018 ਨੂੰ ਦਿੱਲੀ ਦੇ ਸਵਰੂਪ ਨਗਰ 'ਚ ਇਕ ਫੈਕਟਰੀ 'ਚ ਅੱਗ ਲੱਗਣ ਨਾਲ ਇਕ ਮਜ਼ਦੂਰ ਦੀ ਮੌਤ ਹੋ ਗਈ।
* 28 ਦਸੰਬਰ ਨੂੰ ਠਾਣੇ 'ਚ ਲੱਗੀ ਭਿਆਨਕ ਅੱਗ 'ਚ 18 ਗੋਦਾਮਾਂ 'ਚ ਰੱਖਿਆ ਸਾਮਾਨ ਸੜ ਕੇ ਸੁਆਹ ਹੋ ਗਿਆ।
* 24 ਜਨਵਰੀ 2019 ਨੂੰ ਗੁਰੂਗ੍ਰਾਮ 'ਚ ਅੱਗ ਨਾਲ ਝੁਲਸ ਕੇ ਇਕ ਬੱਚੇ ਦੀ ਮੌਤ  ਹੋ ਗਈ ਅਤੇ 200 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
* 30 ਜਨਵਰੀ ਨੂੰ ਮਾਤਾ ਵੈਸ਼ਨੋ ਦੇਵੀ ਮੰਦਰ ਨੇੜੇ ਟੀਨ ਦੇ ਸ਼ੈੱਡ 'ਚ ਅੱਗ ਲੱਗਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖ਼ਮੀ ਹੋ ਗਏ।
* 30 ਜਨਵਰੀ ਨੂੰ ਹੀ ਰਾਜਕੋਟ ਦੇ ਝੌਂਪੜਪੱਟੀ ਇਲਾਕੇ 'ਚ ਅੱਗ ਲੱਗ ਗਈ, ਜਿਸ ਨਾਲ 50 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ।
* 03 ਫਰਵਰੀ ਨੂੰ ਦੁਰਗਾਪੁਰ ਥਾਣੇ ਦੇ ਇਕ ਪਿੰਡ 'ਚ ਇਕ ਮਕਾਨ ਨੂੰ ਅੱਗ ਲੱਗਣ ਨਾਲ ਝੁਲਸ ਕੇ ਇਕ ਲੜਕੀ ਦੀ ਮੌਤ ਹੋ ਗਈ।
* 03 ਫਰਵਰੀ ਨੂੰ ਹੀ ਬਿਹਾਰ ਦੇ ਨਵਗਛੀਆ 'ਚ ਸ਼੍ਰੀਪੁਰ ਪਿੰਡ 'ਚ ਭੱਠੀ 'ਚੋਂ ਨਿਕਲੀ ਚੰਗਿਆੜੀ ਨੇ 8 ਘਰਾਂ ਨੂੰ ਆਪਣੀ ਲਪੇਟ 'ਚ ਲੈ ਲਿਆ। ਇਸ ਨਾਲ ਇਕ ਹੀ ਪਰਿਵਾਰ ਦੇ 4 ਬੱਚਿਆਂ ਦੀ ਮੌਤ ਹੋ ਗਈ ਅਤੇ 3 ਹੋਰ ਗੰਭੀਰ ਜ਼ਖ਼ਮੀ ਹੋ ਗਏ।
* 04 ਫਰਵਰੀ ਨੂੰ ਮਹਾਰਾਸ਼ਟਰ 'ਚ ਜਾਲਨਾ ਦੇ ਕਸ਼ੀਰ ਸਾਗਰ ਪਿੰਡ 'ਚ ਇਕ ਗਊਸ਼ਾਲਾ 'ਚ ਲੱਗੀ ਅੱਗ ਨਾਲ ਝੁਲਸ ਕੇ 3 ਬੱਚਿਆਂ ਦੀ ਮੌਤ ਹੋ ਗਈ।
* 07 ਫਰਵਰੀ ਨੂੰ ਮੁਜ਼ੱਫਰਪੁਰ ਦੇ ਪਿੰਡ ਝਪਹਾਂ ਮਝੌਲੀਆ 'ਚ ਅੱਗ ਦੀ ਲਪੇਟ 'ਚ ਆਉਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ। 
* 08 ਫਰਵਰੀ ਨੂੰ ਉਕਲਾਨਾ ਦੇ ਪਿੰਡ ਭੇਰੀ ਅਕਬਰਪੁਰ 'ਚ ਸ਼ਾਰਟ ਸਰਕਟ ਨਾਲ ਅੱਗ ਲੱਗਣ ਦੇ ਸਿੱਟੇ ਵਜੋਂ ਇਕ ਹੀ ਪਰਿਵਾਰ ਦੇ 4 ਮੈਂਬਰਾਂ ਦੀ ਮੌਤ ਹੋ ਗਈ।
* 10 ਫਰਵਰੀ ਨੂੰ ਬੰਗਾਲ ਦੇ ਮਿਦਨਾਪੁਰ ਜ਼ਿਲੇ ਦੀ ਇਕ ਬਸਤੀ 'ਚ ਅੱਗ ਲੱਗਣ ਨਾਲ ਪਤੀ-ਪਤਨੀ ਸਮੇਤ 3 ਵਿਅਕਤੀਆਂ ਦੀ ਮੌਤ ਹੋ ਗਈ।
* 10 ਫਰਵਰੀ ਨੂੰ ਹੀ ਅਲਵਰ ਦੀ ਢਾਣੀ ਸੁਖਜੀਤਨ ਘਾਟ 'ਚ ਇਕ ਰਿਹਾਇਸ਼ੀ ਕੰਪਲੈਕਸ 'ਚ ਅੱਗ ਲੱਗਣ ਨਾਲ 11 ਪਸ਼ੂਆਂ ਦੀ ਮੌਤ ਹੋ ਗਈ ਅਤੇ 40 ਹੋਰ ਪਸ਼ੂ ਜ਼ਖ਼ਮੀ ਹੋ ਗਏ।
* ਅਤੇ ਹੁਣ 12 ਫਰਵਰੀ ਨੂੰ ਦਿੱਲੀ ਦੇ ਇਕ ਹੋਟਲ 'ਚ ਤੜਕੇ ਭਿਆਨਕ ਅੱਗ ਲੱਗ ਜਾਣ ਨਾਲ ਇਕ ਬੱਚੇ ਸਮੇਤ 17 ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ 35 ਹੋਰ ਗੰਭੀਰ ਜ਼ਖ਼ਮੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਦੀ ਵਜ੍ਹਾ ਕਰਕੇ ਲੱਗੀ। 
ਅਗਨੀਕਾਂਡਾਂ ਨਾਲ ਹੋਣ ਵਾਲੀ ਤਬਾਹੀ ਦੀਆਂ ਇਹ ਤਾਂ ਕੁਝ ਮਿਸਾਲਾਂ ਹਨ, ਜਦਕਿ ਇਨ੍ਹਾਂ ਤੋਂ ਇਲਾਵਾ ਵੀ ਹੋਰ ਪਤਾ ਨਹੀਂ ਕਿੰਨੀਆਂ ਘਟਨਾਵਾਂ ਹੋਈਆਂ ਹੋਣਗੀਆਂ, ਜੋ ਸਾਹਮਣੇ ਨਹੀਂ ਆ ਸਕੀਆਂ। ਜ਼ਿਆਦਾਤਰ ਮਾਮਲਿਆਂ 'ਚ ਸ਼ਾਰਟ ਸਰਕਟ ਹੋਣ, ਗੈਸ ਸਿਲੰਡਰ ਫਟਣ ਜਾਂ ਲੀਕ ਕਰਨ, ਜਲਣਸ਼ੀਲ ਪਦਾਰਥਾਂ ਨੇੜੇ ਲਾਪਰਵਾਹੀ ਨਾਲ ਅੱਗ ਬਾਲਣ ਆਦਿ ਕਾਰਨਾਂ ਕਰਕੇ ਹੀ ਅਗਨੀਕਾਂਡ ਹੁੰਦੇ ਹਨ। 
ਹਾਲਾਂਕਿ ਕਈ ਥਾਵਾਂ 'ਤੇ ਫਾਇਰ ਬ੍ਰਿਗੇਡ ਵਿਭਾਗ ਦੇ ਮੁਲਾਜ਼ਮਾਂ ਨੇ ਸਮੇਂ ਸਿਰ ਪਹੁੰਚ ਕੇ ਤਬਾਹੀ ਰੋਕਣ 'ਚ ਸਫਲਤਾ ਹਾਸਿਲ ਕੀਤੀ ਹੈ ਪਰ ਆਮ ਸ਼ਿਕਾਇਤ ਹੈ ਕਿ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਵਾਲੀ ਥਾਂ 'ਤੇ ਸਮੇਂ ਸਿਰ ਨਹੀਂ ਪਹੁੰਚਦੀਆਂ ਅਤੇ ਜੇ ਪਹੁੰਚ ਵੀ ਜਾਣ ਤਾਂ ਉਨ੍ਹਾਂ ਕੋਲ ਅੱਗ ਬੁਝਾਉਣ ਦਾ ਜ਼ਰੂਰੀ ਸਾਮਾਨ ਨਹੀਂ ਹੁੰਦਾ। 
ਜ਼ਿਆਦਾ ਫਾਇਰ ਬ੍ਰਿਗੇਡ ਕੇਂਦਰਾਂ ਨੂੰ ਤੰਗ ਗਲੀਆਂ 'ਚ ਜਾਣ ਯੋਗ ਗੱਡੀਆਂ, ਮਲਟੀਪਰਪਜ਼ ਅੱਗ-ਬੁਝਾਊ ਗੱਡੀਆਂ, ਜ਼ਿਆਦਾ ਉਚਾਈ ਤਕ ਜਾਣ ਵਾਲੀਆਂ ਪੌੜੀਆਂ, ਅੱਗ ਬੁਝਾਉਣ ਦੇ ਸਮਰੱਥ ਯੰਤਰਾਂ ਨਾਲ ਲੈਸ ਮੋਟਰਸਾਈਕਲਾਂ, ਹਾਈ ਪਾਵਰ ਕ੍ਰੇਨਾਂ, ਰਿਕਵਰੀ ਵੈਨਾਂ ਆਦਿ ਦੀ ਭਾਰੀ ਘਾਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜ਼ਿਆਦਾਤਰ ਅੱਗ-ਬੁਝਾਊ ਗੱਡੀਆਂ ਪੁਰਾਣੇ ਮਾਡਲ ਦੀਆਂ ਹਨ। 
ਇਸ ਲਈ ਜਦੋਂ ਤਕ ਅਗਨੀਕਾਂਡਾਂ ਤੋਂ ਬਚਣ ਲਈ ਸਬੰਧਤ ਵਿਭਾਗਾਂ ਨੂੰ ਪੂਰੀ ਟ੍ਰੇਨਿੰਗ ਅਤੇ ਅਤਿ-ਆਧੁਨਿਕ ਅੱਗ-ਬੁਝਾਊ ਯੰਤਰਾਂ ਨਾਲ ਲੈਸ ਕਰ ਕੇ ਅਗਨੀਕਾਂਡਾਂ ਦਾ ਮੁਕਾਬਲਾ ਕਰਨ ਦੀ ਯੋਜਨਾਬੱਧ ਰਣਨੀਤੀ ਨਹੀਂ ਬਣਾਈ ਜਾਂਦੀ, ਉਦੋਂ ਤਕ ਅਜਿਹੇ ਅਗਨੀਕਾਂਡਾਂ ਨੂੰ ਬਿਲਕੁਲ ਨਹੀਂ ਰੋਕਿਆ ਜਾ ਸਕਦਾ।                 –ਵਿਜੇ ਕੁਮਾਰ


Related News