ਦਲੇਰ ਲੜਕੀ ਨੇ ਘੱਟ ਉਮਰ ’ਚ ਕਰਵਾਇਆ ਜਾ ਰਿਹਾ ਆਪਣਾ ਵਿਆਹ ਰੁਕਵਾਇਆ
Saturday, Jul 01, 2023 - 03:50 AM (IST)

ਬਾਲ ਵਿਆਹ ਦੀ ਕੁਰੀਤੀ ਤੋਂ ਭਾਰਤ ਅੱਜ 21ਵੀਂ ਸਦੀ ’ਚ ਵੀ ਪੂਰੀ ਤਰ੍ਹਾਂ ਮੁਕਤ ਨਹੀਂ ਹੋਇਆ ਹੈ ਅਤੇ ਇਸ ਦਾ ਸਭ ਤੋਂ ਵੱਧ ਭੈੜਾ ਨਤੀਜਾ ਲੜਕੀਆਂ ਦੀਆਂ ਗੰਭੀਰ ਸਿਹਤ ਸਬੰਧੀ ਸਮੱਸਿਆਵਾਂ ’ਚ ਨਿਕਲਣ ਦੇ ਬਾਵਜੂਦ ਕੁਝ ਮਾਪੇ ਆਪਣੀਆਂ ਔਲਾਦਾਂ ਦਾ ਛੋਟੀ ਉਮਰ ’ਚ ਹੀ ਵਿਆਹ ਕਰਵਾਉਣ ਤੋਂ ਬਾਜ਼ ਨਹੀਂ ਆ ਰਹੇ।
ਹਾਲ ਹੀ ’ਚ ਨੌਵੀਂ ਜਮਾਤ ’ਚ ਪੜ੍ਹਨ ਵਾਲੀ 14 ਸਾਲਾ ਨਾਬਾਲਿਗ ਲੜਕੀ ਨੇ ਆਪਣੇ ਸਕੇ ਵੱਡੇ ਭਰਾ ਵਿਰੁੱਧ ਉੱਤਰ ਪ੍ਰਦੇਸ਼ ਦੇ ਸ਼ਾਹਬਾਦ ਥਾਣੇ ’ਚ ਸ਼ਿਕਾਇਤ ਦਰਜ ਕਰਵਾਈ ਹੈ। ਉਸ ਦਾ ਕਹਿਣਾ ਹੈ ਕਿ ਉਸ ਦੇ ਵੱਡੇ ਭਰਾ ਨੇ ਇਹ ਕਹਿ ਕੇ ਉਸ ਦੀ ਪੜ੍ਹਾਈ ਰੁਕਵਾ ਦਿੱਤੀ ਹੈ ਕਿ ‘ਤੂੰ ਵੱਡੀ ਅਤੇ ਵਿਆਹ ਦੇ ਲਾਇਕ ਹੋ ਗਈ ਹੈਂ’ ਜਦਕਿ ਉਹ ਅੱਗੇ ਪੜ੍ਹਣਾ ਚਾਹੁੰਦੀ ਹੈ।
ਇਸ ’ਤੇ ਕੋਤਵਾਲ ਦਿਲੇਸ਼ ਕੁਮਾਰ ਸਿੰਘ ਨੇ ਉਕਤ ਨਾਬਾਲਿਗਾ ਦੇ ਭਰਾ ਤੇ ਹੋਰ ਰਿਸ਼ਤੇਦਾਰਾਂ ਨੂੰ ਥਾਣੇ ’ਚ ਸੱਦ ਕੇ ਉਨ੍ਹਾਂ ਨੂੰ ਸਮਝਾਇਆ ਕਿ ਜੇ ਉਹ ਪੜ੍ਹਨਾ ਚਾਹੁੰਦੀ ਹੈ ਤਾਂ ਇਹ ਚੰਗੀ ਗੱਲ ਹੈ, ਇਸ ਲਈ ਉਸ ਨੂੰ ਪੜ੍ਹਾਈ ਕਰਨ ਤੋਂ ਨਾ ਰੋਕਿਆ ਜਾਵੇ।
ਪੁਲਸ ਦੇ ਸਮਝਾਉਣ ’ਤੇ ਲੜਕੀ ਦਾ ਭਰਾ ਅਤੇ ਹੋਰ ਰਿਸ਼ਤੇਦਾਰ ਮੰਨ ਗਏ ਅਤੇ ਉਸ ਨੂੰ ਅੱਗੇ ਪੜ੍ਹਾਉਣ ਦਾ ਵਾਅਦਾ ਕਰ ਕੇ ਆਪਣੇ ਨਾਲ ਲੈ ਗਏ। ਹੁਣ ਇਹ ਲੜਕੀ ਅੱਗੇ ਪੜ੍ਹ ਸਕੇਗੀ ਅਤੇ ਅਗਲੇ ਸਾਲ ਬੋਰਡ ਦੀ ਪ੍ਰੀਖਿਆ ’ਚ ਬੈਠੇਗੀ।
ਹਾਲਾਂਕਿ ਔਲਾਦਾਂ ਵੱਲੋਂ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਦਾ ਕਹਿਣਾ ਨਾ ਮੰਨਣਾ ਉਚਿਤ ਨਹੀਂ ਹੈ ਪਰ ਵਧੀਆ ਭਵਿੱਖ ਦੀ ਲਾਲਸਾ ’ਚ ਉਕਤ ਲੜਕੀ ਨੇ ਆਪਣੀ ਗੱਲ ਨਾ ਮੰਨਣ ’ਤੇ ਭਾਰੀ ਮਨ ਨਾਲ ਹੀ ਆਪਣੇ ਵੱਡੇ ਭਰਾ ਦੇ ਹੁਕਮ ਦਾ ਵਿਰੋਧ ਕੀਤਾ ਹੋਵੇਗਾ ਅਤੇ ਪੁਲਸ ਦੀ ਸਹਾਇਤਾ ਲੈਣ ਨੂੰ ਮਜਬੂਰ ਹੋਈ ਹੋਵੇਗੀ।
ਇਸ ਨਾਬਾਲਿਗਾ ਨੇ ਇਹ ਕਦਮ ਉਠਾ ਕੇ ਆਪਣੀ ਜਿਸ ਜਾਗਰੂਕਤਾ ਦੀ ਪਛਾਣ ਦਿੱਤੀ ਹੈ, ਉਸ ਲਈ ਉਹ ਪ੍ਰਸ਼ੰਸਾ ਦੀ ਪਾਤਰ ਹੈ। ਮਾਤਾ-ਪਿਤਾ ਨੂੰ ਵੀ ਚਾਹੀਦਾ ਹੈ ਕਿ ਉਹ ਕੱਚੀ ਉਮਰ ’ਚ ਬੇਟੀਆਂ ਦਾ ਵਿਆਹ ਕਰ ਕੇ ਉਨ੍ਹਾਂ ਦਾ ਜੀਵਨ ਖਤਰੇ ’ਚ ਨਾ ਪਾਉਣ ਸਗੋਂ ਉਨ੍ਹਾਂ ਨੂੰ ਪ੍ਰਪੱਕ ਹੋਣ ਅਤੇ ਪੜ੍ਹ-ਲਿਖ ਕੇ ਯੋਗ ਬਣਨ ਦੇਣ।
- ਵਿਜੇ ਕੁਮਾਰ