ਯੂਕ੍ਰੇਨ ਜੰਗ ਨਾਲ ਉਜੜੇ ਬੱਚਿਆਂ ਦੀ ਮਦਦ ਦੇ ਲਈ ਰੂਸੀ ਪੱਤਰਕਾਰ ਨੇ ਆਪਣਾ ਨੋਬਲ ਤਮਗਾ ਕੀਤਾ ਨਿਲਾਮ

06/27/2022 2:13:56 AM

ਰੂਸ ਅਤੇ ਯੂਕ੍ਰੇਨ ਦਰਮਿਆਨ 126 ਦਿਨਾਂ ਤੋਂ ਜੰਗ ਜਾਰੀ ਹੈ। ਅਜਿਹੇ ’ਚ ਰੂਸ ਦੇ ਪੱਤਰਕਾਰ ਦਿਮਿਤ੍ਰੀ ਮੁਰਾਤੋਵ ਨੇ ਯੂਕ੍ਰੇਨ ’ਚ ਬੱਚਿਆਂ ਦੀ ਮਦਦ ਦੇ ਲਈ ਅਾਪਣਾ ਨੋਬਲ ਸ਼ਾਂਤੀ ਪੁਰਸਕਾਰ ਸੋਮਵਾਰ ਨੂੰ ਨਿਲਾਮ ਕਰ ਦਿੱਤਾ ਅਤੇ ਇਸ ਤੋਂ ਮਿਲਣ ਵਾਲੀ 103.5 ਮਿਲੀਅਨ ਡਾਲਰ ਦੀ ਰਕਮ ਯੂਕ੍ਰੇਨ ’ਚ ਜੰਗ ਨਾਲ ਉਜੜ ਬੱਚਿਆਂ ਦੀ ਮਦਦ ਲਈ ਸਿੱਧੇ ਯੂਨੀਸੇਫ ਨੂੰ ਟ੍ਰਾਂਸਫਰ ਕਰਨਗੇ। ਪੁਰਸਕਾਰ ਦੀ ਰਕਮ ਉਹ ਪਹਿਲਾਂ ਹੀ ਦੇ ਚੁੱਕੇ ਹਨ। ਦਿਮਿਤ੍ਰੀ ਮੁਰਾਤੋਵ ਨੇ 2021 ’ਚ ਫਿਲੀਪੀਨਜ਼ ਦੇ ਪੱਤਰਕਾਰ ਮਾਰਿਆ ਰਸਾ ਦੇ ਨਾਲ ਸਾਂਝੇ ਤੌਰ ’ਤੇ ‘ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ’ ਦੀ ਰੱਖਿਆ ਦੇ ਆਪਣੇ ਯਤਨਾਂ ਲਈ ਉਕਤ ਪੁਰਸਕਾਰ ਜਿੱਤਿਆ ਸੀ। 

ਉਹ ਉਨ੍ਹਾਂ ਪੱਤਰਕਾਰਾਂ ਦੇ ਸਮੂਹ ’ਚ ਸ਼ਾਮਲ ਸਨ ਜਿਨ੍ਹਾਂ ਨੇ ਸੋਵੀਅਤ ਸੰਘ ਦੇ ਪਤਨ ਦੇ ਬਾਅਦ 1993 ’ਚ ‘ਨੋਵਾਯਾ ਗਜੇਟਾ’ ਦੀ  ਸਥਾਪਨਾ ਕੀਤੀ ਸੀ, ਜਿਸ ਦੇ ਉਹ ਪ੍ਰਧਾਨ ਸੰਪਾਦਕ ਸਨ। ਇਸ ਸਾਲ ਇਹ ਅਖਬਾਰ ਰੂਸ ਦੇ ਅੰਦਰ ਅਤੇ ਬਾਹਰ ਰਾਸ਼ਟਰਪਤੀ ਪੁਤਿਨ ਅਤੇ ਉਨ੍ਹਾਂ ਦੀ ਰਣਨੀਤੀ ਦੀ ਆਲੋਚਨਾ ਕਰਨ ਵਾਲਾ ਇਕੋ-ਇਕ ਪ੍ਰਮੁੱਖ ਅਖਬਾਰ ਬਣ ਗਿਆ ਜਿਸ ਦੇ ਬਾਅਦ ਰੂਸ ’ਚ  ਇਸ ਦੇ ਪ੍ਰਕਾਸ਼ਨ ’ਤੇ ਰੋਕ ਲਾ ਦਿੱਤੀ ਗਈ। ਇਕ ਇੰਟਰਵਿਊ ਦੌਰਾਨ ਮੁਰਾਤੋਵ ਨੇ ਕਿਹਾ, ‘‘ਮੈਂ ਵਿਸ਼ੇਸ਼ ਤੌਰ ’ਤੇ ਉਨ੍ਹਾਂ ਬੱਚਿਆਂ ਲਈ ਚਿੰਤਤ ਹਾਂ ਜੋ ਯੂਕ੍ਰੇਨ ’ਚ ਜੰਗ ਦੇ ਦੌਰਾਨ ਅਨਾਥ ਹੋ ਗਏ ਹਨ। ਅਸੀਂ ਉਨ੍ਹਾਂ ਦਾ ਭਵਿੱਖ ਪਰਤਾਉਣਾ ਚਾਹੁੰਦੇ ਹਾਂ।’’ਦੋ ਦਹਾਕਿਆਂ ਤੋਂ ਵੱਧ ਸਮਾਂ ਪਹਿਲਾਂ, ਜਦੋਂ ਪੁਤਿਨ ਸੱਤਾ ’ਚ ਆਏ ਹਨ, ਉਦੋਂ ਤੋਂ ਲਗਭਗ 2 ਦਰਜਨ ਪੱਤਰਕਾਰ ਮਾਰੇ ਗਏ ਹਨ। ਇਨ੍ਹਾਂ ’ਚ ਘੱਟ ਤੋਂ ਘੱਟ 4 ਅਜਿਹੇ ਪੱਤਰਕਾਰ ਸ਼ਾਮਲ ਹਨ ਜਿਨ੍ਹਾਂ ਨੇ ਦਿਮਿਤ੍ਰੀ ਮੁਰਾਤੋਵ ਦੇ ਅਖਬਾਰ ਦੇ ਲਈ ਕੰਮ ਕੀਤਾ ਸੀ।  ਅਪ੍ਰੈਲ ’ਚ, ਦਿਮਿਤ੍ਰੀ ਮੁਰਾਤੋਵ ਨੇ ਕਿਹਾ ਸੀ ਕਿ ਇਕ ਰੂਸੀ ਟ੍ਰੇਨ ’ਚ ਸਵਾਰ ਹੋਣ ਦੇ ਦੌਰਾਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ। 

1901 ’ਚ ਨੋਬਲ ਪੁਰਸਕਾਰ ਦੀ ਸਥਾਪਨਾ ਦੇ ਬਾਅਦ ਤੋਂ ਲਗਭਗ 1,000 ਵਿਅਕਤੀ ਇਹ ਸਰਵਉੱਚ ਪੁਰਸਕਾਰ ਹਾਸਲ ਕਰ ਚੁੱਕੇ ਹਨ। ਨੋਬਲ ਪੁਰਸਕਾਰ ਤਮਗੇ ਲਈ ਹੁਣ ਤੱਕ ਦਾ ਸਭ ਤੋਂ ਵੱਧ ਭੁਗਤਾਨ 2014 ’ਚ ਕੀਤਾ ਗਿਆ ਸੀ ਜਦੋਂ ਜੇਮਸ ਵਾਟਸਨ, ਜਿਨ੍ਹਾਂ ਦੀ ਡੀ. ਐੱਨ. ਏ. ਦੀ ਸੰਰਚਨਾ ਦੀ ਸਹਿ-ਖੋਜ ਨੇ ਉਨ੍ਹਾਂ ਨੂੰ 1962 ’ਚ ਨੋਬਲ ਪੁਰਸਕਾਰ ਦਿਵਾਇਆ, ਨੇ ਆਪਣਾ ਤਮਗਾ 47 ਲੱਖ ਡਾਲਰ ’ਚ ਵੇਚਿਆ ਸੀ। 3 ਸਾਲ ਬਾਅਦ, ਉਨ੍ਹਾਂ ਦੇ ਸਹਿ-ਪ੍ਰਾਪਤਕਰਤਾ, ਫਰਾਂਸਿਸ ਕ੍ਰਿਕ ਦੇ ਪਰਿਵਾਰ ਨੂੰ ਹੈਰੀਟੇਜ ਆਕਸ਼ਨ ਰਾਹੀਂ ਸੰਚਾਲਿਤ ਬੋਲੀ ’ਚ ਲਗਭਗ 23 ਲੱਖ ਡਾਲਰ ਮਿਲੇ। ਹਾਲਾਂਕਿ ਅਜਿਹੇ ਲੋਕਾਂ ਨੇ ਆਪਣਾ ਨੋਬਲ ਤਮਗਾ ਵੇਚ ਦਿੱਤਾ ਸੀ ਪਰ ਦਿਮਿਤ੍ਰੀ ਮੁਰਾਤੋਵ ਦੇ ਵਾਂਗ ਉਨ੍ਹਾਂ ਨੇ ਇਹ ਰਕਮ ਕਿਸੇ ਨੇਕ ਕਾਰਜ ਲਈ ਦਾਨ ’ਚ ਨਹੀਂ ਦਿੱਤੀ। ਓਧਰ ਦਿਮਿਤ੍ਰੀ ਮੁਰਾਤੋਵ ਦੇ ਤਮਗੇ ’ਚ ਨਿਹਿਤ 23-ਕੈਰੇਟ ਸੋਨੇ ਦੇ 175 ਗ੍ਰਾਮ ਦਾ ਮੁੱਲ ਲਗਭਗ 10,000 ਅਮਰੀਕੀ ਡਾਲਰ ਹੋਵੇਗਾ। ਦੁਨੀਆ ’ਚ ਹਰ ਕਿਸੇ ਕੋਲ ਨਿਲਾਮੀ ਲਈ ਨੋਬਲ ਪੁਰਸਕਾਰ ਨਹੀਂ ਹੈ। ਨਾ ਹੀ ਬਹੁਤ ਸਾਰੇ ਲੋਕਾਂ ’ਚ ਇਸ ਤਰ੍ਹਾਂ ਦੀ ਸੰਵੇਦਨਸ਼ੀਲਤਾ, ਉਦਾਰਤਾ ਅਤੇ ਬਹਾਦਰੀ ਦੇਖਣ ਨੂੰ ਮਿਲਦੀ ਹੈ।  
 


Karan Kumar

Content Editor

Related News