ਰਿਸ਼ੀ ਸੁਨਕ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬਣਨ ਦੇ ਨੇੜੇ, ਭਾਰਤੀ ਜ਼ਿਆਦਾ ‘ਉਤਸ਼ਾਹਿਤ’ ਨਾ ਹੋਣ

07/23/2022 12:54:20 AM

ਇਸ ਮਹੀਨੇ ਦੇ ਸ਼ੁਰੂ ’ਚ ਬ੍ਰਿਟੇਨ ਦੇ ਵਿੱਤ ਮੰਤਰੀ ਰਿਸ਼ੀ ਸੁਨਕ ਅਤੇ ਸਿਹਤ ਮੰਤਰੀ ਸਾਜਿਦ ਜਾਵਿਦ ਦੇ ਅਸਤੀਫੇ ਤੋਂ ਬਾਅਦ ਉੱਥੇ ਲੱਗੀ ਮੰਤਰੀਆਂ ਦੇ ਅਸਤੀਫਿਆਂ ਦੀ ਝੜੀ ਨਾਲ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਦੀ ਸਰਕਾਰ ਖਤਰੇ ’ਚ ਆ ਗਈ ਅਤੇ ਅਖੀਰ 7 ਜੁਲਾਈ ਨੂੰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ। ਉਦੋਂ ਤੋਂ ਦੇਸ਼ ਦੇ ਅਗਲੇ ਪ੍ਰਧਾਨ ਮੰਤਰੀ ਅਹੁਦੇ ਦੇ 6 ਦਾਅਵੇਦਾਰਾਂ ’ਚ ਰਿਸ਼ੀ ਸੁਨਕ ਦਾ ਨਾਂ ਅੱਗੇ ਚੱਲ ਰਿਹਾ ਹੈ, ਜੋ 5 ਪੋਲਿੰਗਾਂ ’ਚੋਂ ਸਭ ਤੋਂ ਵੱਧ ਅੰਕ ਲੈ ਕੇ ਪਹਿਲੇ ਸਥਾਨ ’ਤੇ ਬਣੇ ਹੋਏ ਹਨ ਅਤੇ ਦੂਜੇ ਸਥਾਨ ’ਤੇ ਹਨ ਬੋਰਿਸ ਜਾਨਸਨ ਸਰਕਾਰ ’ਚ ਵਿਦੇਸ਼ ਮੰਤਰੀ ਲਿਜ ਟ੍ਰਸ।

ਕਈ ਸਰਵੇਖਣਾਂ ਦਾ ਕਹਿਣਾ ਹੈ ਕਿ ਰਿਸ਼ੀ ਸੁਨਕ ਜਿੱਤਣਗੇ, ਜਦਕਿ ਇਕ ਹੋਰ ਸਰਵੇ ਦਾ ਕਹਿਣਾ ਹੈ ਕਿ ਲਿਜ ਟ੍ਰਸ ਜਿੱਤੇਗੀ। ਵੀਰਵਾਰ ਨੂੰ ਟੋਰੀ ਮੈਂਬਰਾਂ ਦੇ ਸਰਵੇਖਣ ਨੇ ਲਿਜ ਨੂੰ 62 ਤੋਂ 38 ਫ਼ੀਸਦੀ ਤੱਕ ਬੜ੍ਹਤ ਦਿੱਤੀ ਹੈ। 5 ਸਤੰਬਰ ਨੂੰ ਨਤੀਜੇ ਐਲਾਨਣ ਤੋਂ ਪਹਿਲਾਂ ਉਮੀਦਵਾਰ ਅਗਲੇ ਕੁਝ ਦਿਨਾਂ ’ਚ ਦੇਸ਼ ਭਰ ’ਚ 12 ਬਹਿਸਾਂ ਜਾਂ ਭਾਸ਼ਣਾਂ ’ਚ ਹਿੱਸਾ ਲੈਣਗੇ। ਹੁਣ ਦੋਵਾਂ ਹੀ ਉਮੀਦਵਾਰਾਂ ਦੀ 25 ਜੁਲਾਈ ਨੂੰ ਆਹਮੋ-ਸਾਹਮਣੇ ਦੀ ਬਹਿਸ ਦੇ ਨਾਲ ਹੀ ਦੇਸ਼ ’ਚ ਟੋਰੀ ਪਾਰਟੀ ਦੇ 1.6 ਲੱਖ ਮੈਂਬਰਾਂ ਦੀ ਪੋਸਟਲ ਬੈਲੇਟ ਨਾਲ ਪੋਲਿੰਗ ਕਰਵਾਈ ਜਾਵੇਗੀ। ਇਸ ਮੁਕਾਬਲੇ ’ਚ ਰਿਸ਼ੀ ਸੁਨਕ ਦੀ ਉਮੀਦਵਾਰੀ ਦਾ ਸਭ ਤੋਂ ਵੱਧ ਵਿਰੋਧ ਸਾਬਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਹੀ ਕਰ ਰਹੇ ਹਨ, ਜਿਨ੍ਹਾਂ ਨੇ ਇੱਥੋਂ ਤੱਕ ਕਿਹਾ ਹੈ ਕਿ ‘‘ਭਾਵੇਂ ਕਿਸੇ ਨੂੰ ਵੀ ਵੋਟ ਦਿਓ ਪਰ ਰਿਸ਼ੀ ਸੁਨਕ ਨੂੰ ਵੋਟ ਨਾ ਦਿਓ।’’

ਰਿਸ਼ੀ ਨੇ ਆਪਣੇ ਮੁਕਾਬਲੇਬਾਜ਼ ਲਿਜ ਟ੍ਰਸ ਦੀਆਂ ਆਰਥਿਕ ਨੀਤੀਆਂ ’ਤੇ ਹੁਣ ਤੱਕ ਦਾ ਸਭ ਤੋਂ ਮਜ਼ਬੂਤ ਹਮਲਾ ਸ਼ੁਰੂ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੀ 30 ਬਿਲੀਅਨ ਯੂਰੋ ਦੀ ਬਿਨਾਂ ਕਿਸੇ ਫੰਡ ਵਾਲੀ ਤਜਵੀਜ਼ਤ ਟੈਕਸ ਕਟੌਤੀ ਯੋਜਨਾ ਦੇ ਕਾਰਨ ਮਹਿੰਗਾਈ ਅਤੇ ਵਿਆਜ ਦਰਾਂ ਦੇ ਵਧਣ ਦਾ ਖਤਰਾ ਹੈ। ਟੈਕਸ ਅਤੇ ਖਰਚ ਇਸ ਔਖੀ ਲੜਾਈ ’ਚ ਮੁੱਖ ਮੁੱਦੇ ਬਣ ਗਏ ਹਨ। ਰਿਸ਼ੀ ਨੇ ਜ਼ੋਰ ਦੇ ਕੇ ਕਿਹਾ ਹੈ ਕਿ ਟੈਕਸਾਂ ’ਚ ਤੁਰੰਤ ਕਟੌਤੀ, ਜਿਵੇਂ ਕਿ ਲਿਜ ਨੇ ਵਾਅਦਾ ਕੀਤਾ ਹੈ ‘ਕਾਸਟ ਆਫ ਲਿਵਿੰਗ (ਜੀਵਨ ਦੇ ਗੁਜ਼ਾਰੇ ਦੀ ਲਾਗਤ) ਨੂੰ ਵਧਾਉਣ ਵਾਲਾ ਹੋਵੇਗਾ। ਨਤੀਜਾ ਜੋ ਵੀ ਹੋਵੇ, ਸਾਨੂੰ ਭਾਰਤੀਆਂ ਨੂੰ ਸਮਝਣ ਦੀ ਲੋੜ ਹੈ, ਜੇਕਰ ਰਿਸ਼ੀ ਜਿੱਤਦੇ ਹਨ ਤਾਂ ਇਹ ਪਹਿਲੀ ਵਾਰ ਨਹੀਂ ਹੋਵੇਗਾ ਕਿ ਇਕ ਭਾਰਤੀ ਮੂਲ ਦਾ ਵਿਅਕਤੀ ਦੇਸ਼ ਤੋਂ ਦੂਰ ਕਿਸੇ ਹੋਰ ਦੇਸ਼ ’ਚ ਸਰਕਾਰ ਦਾ ਮੁਖੀ ਬਣੇਗਾ।

ਵਿਸ਼ਵ ਦੇ ਲਗਭਗ ਇਕ ਦਰਜਨ ਦੇਸ਼ਾਂ ’ਚ ਭਾਰਤੀ ਮੂਲ ਦੇ ਲੋਕ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ ਜਾਂ ਅਜੇ ਹਨ ਜਿਵੇਂ ਕਿ ਮਾਰੀਸ਼ਸ ’ਚ 7, ਪੁਰਤਗਾਲ ’ਚ 2, ਮਲੇਸ਼ੀਆ ’ਚ 1, ਸਿੰਗਾਪੁਰ ’ਚ 2, ਸੂਰੀਨਾਮ ’ਚ 4, ਤ੍ਰਿਨੀਦਾਦ ਅਤੇ ਟੋਬੈਗੋ ’ਚ 3, ਗੁਆਨਾ ’ਚ 3, ਫਿਜੀ ’ਚ 1, ਆਇਰਲੈਂਡ ’ਚ 1 ਅਤੇ 1 ਸੇਸ਼ੇਲਸ ’ਚ। ਇਸ ਤੋਂ ਇਲਾਵਾ ਮਹੱਤਵਪੂਰਨ ਅਹੁਦਿਆਂ ’ਤੇ ਆਸਟ੍ਰੇਲੀਆ ’ਚ 11, ਕੈਨੇਡਾ ’ਚ 37, ਫਿਜੀ ’ਚ 35, ਗੁਆਨਾ ’ਚ 14, ਆਇਰਲੈਂਡ ’ਚ 1, ਜਮੈਕਾ ’ਚ 1, ਜਾਪਾਨ ’ਚ 1, ਕੀਨੀਆ ’ਚ 4, ਮਲੇਸ਼ੀਆ ’ਚ 24, ਮਾਰੀਸ਼ਸ ’ਚ 15, ਨੀਦਰਲੈਂਡ ’ਚ 1, ਨਿਊਜ਼ੀਲੈਂਡ ’ਚ 4, ਪਾਪੂਆ ਨਿਊ ਗਿਨੀ ’ਚ 5, ਪੁਰਤਗਾਲ ’ਚ 5, ਸਿੰਗਾਪੁਰ ’ਚ 17, ਸੇਸ਼ੇਲਸ ’ਚ 2, ਦੱਖਣੀ  ਅਫਰੀਕਾ ’ਚ 23, ਸਪੇਨ ’ਚ 24, ਸੂਰੀਨਾਮ ’ਚ 8, ਸਵਿਟਜ਼ਰਲੈਂਡ ’ਚ 1, ਤਨਜਾਨੀਆ ’ਚ 15, ਥਾਈਲੈਂਡ ’ਚ 1, ਤ੍ਰਿਨੀਦਾਦ ਅਤੇ ਟੋਬੈਗੋ ’ਚ 31, ਬ੍ਰਿਟੇਨ ’ਚ 19 ਤੇ ਅਮਰੀਕਾ ’ਚ 41 ਭਾਰਤੀ ਬਿਰਾਜਮਾਨ ਹਨ। ਇਸ ਤੋਂ ਸਪੱਸ਼ਟ ਹੈ ਕਿ ਭਾਰਤੀ ਮੂਲ ਦੇ ਲੋਕਾਂ ਨੇ ਵਿਦੇਸ਼ਾਂ ’ਚ ਆਪਣੀ ਵਿਸ਼ੇਸ਼ ਪਛਾਣ ਬਣਾਈ ਹੈ। ਜਿੱਥੇ ਇਨ੍ਹਾਂ ਦੀ ਪਹਿਲੀ ਪੀੜ੍ਹੀ ਨੇ ਉੱਥੇ ਖੁਦ ਨੂੰ ਸਥਾਪਿਤ ਕੀਤਾ ਤਾਂ ਦੂਜੀ ਪੀੜ੍ਹੀ ਨੇ ਹੋਰ ਵੀ ਵਧੀਆ ਕੰਮ ਕਰਕੇ ਉੱਥੇ ਆਪਣੇ ਲਈ ਵਿਸ਼ੇਸ਼ ਥਾਂ ਬਣਾਈ। 

ਰਿਸ਼ੀ ਸੁਨਕ ਦੇ ਮਾਤਾ-ਪਿਤਾ ਪਹਿਲਾਂ ਪੂਰਬੀ ਅਫਰੀਕਾ ’ਚ ਰਹਿੰਦੇ ਸਨ ਅਤੇ ਉੱਥੋਂ ਬ੍ਰਿਟੇਨ ਚਲੇ ਗਏ, ਜਿੱਥੇ ਰਿਸ਼ੀ  ਸੁਨਕ ਦਾ 1980 ’ਚ ਸਾਊਥੈਂਪਟਨ ’ਚ ਜਨਮ ਹੋਇਆ। ਹੁਣ ਜਦਕਿ ਰਿਸ਼ੀ ਸੁਨਕ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਦਰਮਿਆਨ ਬਹੁਤ ਘੱਟ ਫਾਸਲਾ ਰਹਿ ਗਿਆ ਹੈ, ਕੁਝ ਲੋਕਾਂ ਦਾ ਮੰਨਣਾ ਹੈ ਕਿ 265 ਸਾਲ ਪਹਿਲਾਂ ਪਲਾਸੀ ਦੀ ਜੰਗ ’ਚ ਅੰਗਰੇਜ਼ਾਂ ਦੀ ਭਾਰਤ ’ਚ ਪਹਿਲੀ ਵੱਡੀ ਜਿੱਤ ਹੋਈ ਸੀ ਅਤੇ ਹੁਣ ਰਿਸ਼ੀ ਦੇ ਬ੍ਰਿਟੇਨ ਦਾ ਪ੍ਰਧਾਨ ਮੰਤਰੀ ਬਣਨ ’ਤੇ ਇੰਨੇ ਸਾਲਾਂ ਬਾਅਦ ਉੱਥੇ ਭਾਰਤੀਆਂ ਦੀ ਇਸ ਮਾਇਨੇ ’ਚ ਪਹਿਲੀ ਜਿੱਤ ਹੋਵੇਗੀ ਕਿ ਇਕ ਭਾਰਤੀ ਬ੍ਰਿਟੇਨ ਦੀ ਸਰਕਾਰ ਦੇ ਸਰਵਉੱਚ ਅਹੁਦੇ ’ਤੇ ਨਿਯੁਕਤ ਹੋਵੇਗਾ।

ਅਸੀਂ ਭਾਰਤੀ ਇੰਗਲੈਂਡ ਦੇ ਭਾਵੀ ਪ੍ਰਧਾਨ ਮੰਤਰੀ ਦੇ ਰੂਪ ’ਚ ਰਿਸ਼ੀ ਸੁਨਕ ਦੀ ਕਲਪਨਾ ਮਾਤਰ ਤੋਂ ਹੀ ਬੇਹੱਦ ਉਤਸ਼ਾਹਿਤ ਹਾਂ ਜਿਵੇਂ ਕਿ ਅਸੀਂ ਨਿੱਕੀ ਹੈਲੀ ਨੂੰ ਸੰਯੁਕਤ ਰਾਸ਼ਟਰ ’ਚ ਅਮਰੀਕਾ ਦੀ ਰਾਜਦੂਤ ਬਣਾਉਣ ’ਤੇ ਅਤੇ ਕਮਲਾ ਹੈਰਿਸ ਦੇ ਅਮਰੀਕਾ ਦੀ ਉਪ-ਰਾਸ਼ਟਰਪਤੀ ਬਣਨ ’ਤੇ  ਉਤਸ਼ਾਹਿਤ ਹੋਏ ਸੀ ਪਰ ਸਾਨੂੰ ਨਹੀਂ ਭੁੱਲਣਾ ਚਾਹੀਦਾ ਕਿ ਭਾਰਤੀ ਮੂਲ ਦੇ ਹੋਣ ਦੇ ਬਾਵਜੂਦ ਇਹ ਸਭ ਹੁਣ ਅਮਰੀਕਾ ਦੇ ਹੋ ਚੁੱਕੇ ਹਨ ਅਤੇ ਜੋ ਉੱਥੋਂ ਦੇ ਵੋਟਰਾਂ ਦੀਆਂ ਵੋਟਾਂ ਨਾਲ ਜਿੱਤਦਾ ਹੈ ਉਸ ਨੂੰ ਉਥੋਂ ਦਾ ਹੋਣਾ ਹੋਵੇਗਾ ਅਤੇ ਉਹ ਹਨ। ਹਾਲਾਂਕਿ ਭਾਰਤ ਦੇ ਨਾਲ ਉਹ ਚੰਗੇ ਸਬੰਧ ਰੱਖ ਸਕਦੇ ਹਨ ਪਰ ਉਹ ਸਰਕਾਰ ਤਾਂ ਉੱਥੋਂ ਦੇ ਲੋਕਾਂ ਦੇ ਹਿੱਤਾਂ ਨੂੰ ਧਿਆਨ ’ਚ ਰੱਖ ਕੇ ਹੀ ਚਲਾਉਣਗੇ।

-ਵਿਜੇ ਕੁਮਾਰ


Mukesh

Content Editor

Related News