ਸਿਆਸਤਦਾਨਾਂ ਵੱਲੋਂ ਕੀਤੀ ਜਾ ਰਹੀ ਔਰਤਾਂ ਸਬੰਧੀ ਹੋਛੀ ਬਿਆਨਬਾਜ਼ੀ ਉਚਿਤ ਨਹੀਂ

11/03/2023 6:00:05 AM

ਭਾਰਤ ’ਚ ਇਹ ਕਹਾਵਤ ਪ੍ਰਚਲਿਤ ਹੈ ਕਿ ‘ਯਤਰ ਨਾਰਯਸਤੂ ਪੂਜਯੰਤੇ ਰਮੰਤੇ ਤੱਤ੍ਰ ਦੇਵਤਾ’ ਭਾਵ ਜਿੱਥੇ ਔਰਤਾਂ ਦੀ ਪੂਜਾ ਹੁੰਦੀ ਹੈ ਉੱਥੇ ਦੇਵਤਾ ਨਿਵਾਸ ਕਰਦੇ ਹਨ ਪਰ ਇਸ ਦੇ ਉਲਟ ਅੱਜ ਨਾ ਸਿਰਫ ਭਾਰਤ ’ਚ ਔਰਤਾਂ ਵਿਰੁੱਧ ਅਪਰਾਧ ਜ਼ੋਰਾਂ ’ਤੇ ਹਨ, ਸਗੋਂ ਸਾਡੇ ਲੋਕ-ਪ੍ਰਤੀਨਿਧੀਆਂ ਵੱਲੋਂ ਔਰਤਾਂ ਦੀ ਸ਼ਾਨ ਦੇ ਉਲਟ ਹੋਛੀਆਂ ਟਿੱਪਣੀਆਂ ਤੱਕ ਕੀਤੀਆਂ ਜਾ ਰਹੀਆਂ ਹਨ।

23 ਅਕਤੂਬਰ ਨੂੰ ਕਰਨਾਟਕ ਕਾਂਗਰਸ ਦੇ ਸੀਨੀਅਰ ਵਿਧਾਇਕ ਰਾਜੂ ਕਾਗੇ ਨੇ ਬੇਲਗਾਵੀ ਜ਼ਿਲੇ ਦੇ ਅਮਰਖੋੜਾ ’ਚ ਦੁਸਹਿਰਾ ਉਤਸਵ ’ਚ ਆਯੋਜਿਤ ਇਕ ਸੱਭਿਆਚਾਰਕ ਪ੍ਰੋਗਰਾਮ ’ਚ ਇਹ ਕਹਿ ਕੇ ਵਿਵਾਦ ਖੜ੍ਹਾ ਕਰ ਦਿੱਤਾ ਕਿ ‘‘ਜਦੋਂ ਵੀ ਹਸਪਤਾਲ ’ਚ ਸੁੰਦਰ ਦਿਸਣ ਵਾਲੀਆਂ ਨਰਸਾਂ ਮੈਨੂੰ ‘ਦਾਦਾ ਜੀ’ ਕਹਿ ਕੇ ਸੱਦਦੀਆਂ ਹਨ ਤਾਂ ਮੈਨੂੰ ‘ਦਰਦ’ ਹੁੰਦਾ ਹੈ।’’

ਉਨ੍ਹਾਂ ਦੇ ਇਸ ਬਿਆਨ ਨੂੰ ਲੈ ਕੇ ਲੋਕਾਂ ਦੀ ਪ੍ਰਤੀਕਿਰਿਆ ਪਿੱਛੋਂ 65 ਸਾਲਾ ਵਿਧਾਇਕ ਨੂੰ ਇਹ ਕਹਿਣਾ ਪਿਆ ਕਿ, ‘‘ਮੇਰਾ ਇਰਾਦਾ ਕਿਸੇ ਨੂੰ ਦੁੱਖ ਪਹੁੰਚਾਉਣ ਦਾ ਨਹੀਂ ਸੀ। ਮੈਂ ਅਜਿਹਾ ਬਿਆਨ ਦੇ ਕੇ ਆਪਣੇ ਬੁੱਢੇ ਹੋਣ ਦਾ ਦੁੱਖ ਸਾਂਝਾ ਕੀਤਾ ਸੀ। ਜੇ ਮੇਰੇ ਸ਼ਬਦਾਂ ਨਾਲ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।’’

23 ਅਕਤੂਬਰ ਨੂੰ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਵੱਲੋਂ ਦੁਰਗਾ ਨੌਮੀ ’ਤੇ ਭੋਪਾਲ ਸਥਿਤ ਆਪਣੇ ਨਿਵਾਸ ’ਤੇ 300 ਕੰਨਿਆਵਾਂ ਦੀ ਪੂਜਾ ਕਰ ਕੇ ਉਨ੍ਹਾਂ ਨੂੰ ਭੋਜਨ ਕਰਵਾਉਣ ’ਤੇ ਦਿਗਵਿਜੇ ਸਿੰਘ (ਕਾਂਗਰਸ) ਨੇ ਇਹ ਕਹਿ ਦਿੱਤਾ ਕਿ, ‘‘ਇਸ (ਸ਼ਿਵਰਾਜ ਸਿੰਘ ਚੌਹਾਨ) ਤੋਂ ਜ਼ਿਆਦਾ ਝੂਠਾ ਨਾਟਕ-ਨੌਟੰਕੀ ਵਾਲਾ ਮੁੱਖ ਮੰਤਰੀ ਮੈਂ ਨਹੀਂ ਦੇਖਿਆ।’’

ਇਸ ’ਤੇ ਪਲਟਵਾਰ ਕਰਦੇ ਹੋਏ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ, ‘‘ਬੇਟੀਆਂ ਦੀ ਪੂਜਾ ਨੂੰ ਦਿਗਵਿਜੇ ਸਿੰਘ ਨਾਟਕ ਅਤੇ ਨੌਟੰਕੀ ਕਹਿੰਦੇ ਹਨ। ਇਹ ਉਹ ਲੋਕ ਹਨ ਜੋ ਭੈਣ ਅਤੇ ਬੇਟੀਆਂ ਨੂੰ ਕਦੀ ‘ਟੰਚ ਮਾਲ’ ਅਤੇ ਕਦੀ ‘ਆਈਟਮ’ ਕਹਿੰਦੇ ਹਨ। ਮੈਂ ਸੋਨੀਆ ਗਾਂਧੀ ਨੂੰ ਪੁੱਛਣਾ ਚਾਹੁੰਦਾ ਹਾਂ ਕਿ ਕੀ ਬੇਟੀਆਂ ਦੀ ਪੂਜਾ ਨਾਟਕ-ਨੌਟੰਕੀ ਹੈ?’’

ਵਰਨਣਯੋਗ ਹੈ ਕਿ 25 ਜੁਲਾਈ, 2013 ਨੂੰ ਮੰਦਸੌਰ ’ਚ ਦਿਗਵਿਜੇ ਸਿੰਘ ਨੇ ਆਪਣੀ ਸਭਾ ’ਚ ਮੌਜੂਦ ਸਥਾਨਕ ਲੋਕ ਸਭਾ ਮੈਂਬਰ ਮਿਨਾਕਸ਼ੀ ਨਟਰਾਜਨ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ, ‘‘ਮੈਂ ਪੁਰਾਣਾ ਜੌਹਰੀ ਹਾਂ। ਇਹ 100 ਫੀਸਦੀ ਟੰਚ ਮਾਲ ਹੈ।’’

ਇਸੇ ਤਰ੍ਹਾਂ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕਮਲਨਾਥ (ਕਾਂਗਰਸ) ਨੇ 18 ਅਕਤੂਬਰ, 2020 ਐਤਵਾਰ ਨੂੰ ਡਬਰਾ ’ਚ ਸ਼ਿਵਰਾਜ ਸਿੰਘ ਚੌਹਾਨ ਦੀ ਸਰਕਾਰ ’ਚ ਮੰਤਰੀ ਇਮਰਤੀ ਦੇਵੀ ਬਾਰੇ ਕਿਹਾ, ‘‘ਉਹ ਕੀ ਆਈਟਮ ਹੈ!’’

26 ਅਕਤੂਬਰ ਨੂੰ ਵਾਇਰਲ ਹੋਈ ਇਕ ਵੀਡੀਓ ’ਚ ਮਹਿਲਾ ਵਿਰੋਧੀ ਬਿਆਨਬਾਜ਼ੀ ਦੀ ਇਕ ਹੋਰ ਉਦਾਹਰਣ ਮੱਧ ਪ੍ਰਦੇਸ਼ ਭਾਜਪਾ ਦੇ ਕੱਦਾਵਰ ਆਗੂ ਅਤੇ ਵਰਤਮਾਨ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਇਹ ਕਹਿ ਕੇ ਪੇਸ਼ ਕੀਤੀ :

‘‘ਮੇਰੇ ਦਤਿਆ ਨੇ ਉਡਾਣ ਭਰੀ ਤਾਂ ਬਾਗੇਸ਼ਵਰ ਬਾਬਾ ਆਏ, ਪ੍ਰਦੀਪ ਮਿਸ਼ਰਾ ਆਏ, ਮੇਰੇ ਦਤਿਆ ਨੇ ਉਡਾਣ ਭਰੀ ਤਾਂ ਕਲਸ਼ ਯਾਤਰਾ ਕੱਢੀ ਗਈ ਅਤੇ ਮੇਰੇ ਦਤਿਆ ਨੇ ਉਡਾਣ ਭਰੀ ਤਾਂ ਸੱਭਿਆਚਾਰਕ ਪ੍ਰੋਗਰਾਮਾਂ ਤੋਂ ਲੈ ਕੇ ਹੇਮਾ ਮਾਲਿਨੀ ਨੂੰ ਵੀ ਨਚਾ ਦਿੱਤਾ।’’

ਉਕਤ ਬਿਆਨਾਂ ਨੂੰ ਲੈ ਕੇ ਸਾਰੇ ਇਕ-ਦੂਜੇ ਦੀ ਆਲੋਚਨਾ ਕਰ ਰਹੇ ਹਨ। ਜਿੱਥੇ ਦਿਗਵਿਜੇ ਸਿੰਘ ਦੇ ਬਿਆਨ ’ਤੇ ਸ਼ਿਵਰਾਜ ਚੌਹਾਨ ਨੇ ਕਾਂਗਰਸ ਨੂੰ ਕਟਹਿਰੇ ’ਚ ਖੜ੍ਹਾ ਕੀਤਾ ਹੈ, ਉੱਥੇ ਹੀ ਭਾਜਪਾ ਐੱਮ. ਪੀ. ਹੇਮਾ ਮਾਲਿਨੀ ’ਤੇ ਨਰੋਤਮ ਮਿਸ਼ਰਾ ਦੇ ਬਿਆਨ ਨੂੰ ਲੈ ਕੇ ਕਾਂਗਰਸ ਪਾਰਟੀ ਹਮਲਾਵਰ ਹੋ ਰਹੀ ਹੈ।

ਦਿਗਵਿਜੇ ਸਿੰਘ ਨੇ ‘ਐਕਸ’ ’ਤੇ ਇਕ ਵੀਡੀਓ ਸਾਂਝਾ ਕਰਦੇ ਹੋਏ ਲਿਖਿਆ, ‘‘ਔਰਤਾਂ ਬਾਰੇ ਸੰਸਕਾਰੀ ਭਾਜਪਾ ਦੇ ਮੰਤਰੀ (ਨਰੋਤਮ ਮਿਸ਼ਰਾ) ਦੀ ਅਸਲੀ ਨੀਚਤਾ ਸੁਣੋ। ਉਹ ਆਪਣੀ ਹੀ ਪਾਰਟੀ ਦੇ ਆਗੂਆਂ ਨੂੰ ਵੀ ਨਹੀਂ ਬਖਸ਼ਦੇ।’’

ਇਸੇ ਤਰ੍ਹਾਂ ਕਾਂਗਰਸ ਦੇ ਇਕ ਹੋਰ ਆਗੂ ਪਿਊਸ਼ ਬਵੇਲੇ ਨੇ ਕਿਹਾ, ‘‘ਔਰਤਾਂ ਦਾ ਨਿਰਾਦਰ ਕਰਨਾ ਭਾਜਪਾ ਦੀ ਪਛਾਣ ਹੈ।’’

ਮਾਤ ਸ਼ਕਤੀ ਪ੍ਰਤੀ ਸਨਮਾਨ ਦੀ ਭਾਵਨਾ ਰੱਖਣ ਲਈ ਪ੍ਰਸਿੱਧ ਭਾਰਤ ’ਚ ਸਿਆਸਤਦਾਨਾਂ ਵੱਲੋਂ ਸਸਤੇ ਪ੍ਰਚਾਰ ਅਤੇ ਚਰਚਾ ਖੱਟਣ ਲਈ ਇਸ ਤਰ੍ਹਾਂ ਦੀ ਹੋਛੀ ਬਿਆਨਬਾਜ਼ੀ ਨਾਲ ਔਰਤਾਂ ਦੀ ਸ਼ਾਨ ਨੂੰ ਠੇਸ ਪਹੁੰਚਾਉਣਾ ਕਿਸੇ ਵੀ ਨਜ਼ਰੀਏ ਨਾਲ ਉਚਿਤ ਨਹੀਂ ਕਿਹਾ ਜਾ ਸਕਦਾ ਅਤੇ ਕਿਉਂਕਿ ਸਾਰੀਆਂ ਪਾਰਟੀਆਂ ਦੇ ਆਗੂ ਅਜਿਹਾ ਹੀ ਕਰ ਰਹੇ ਹਨ, ਇਸ ਲਈ ਇਹ ਫੈਸਲਾ ਕਰਨਾ ਔਖਾ ਹੈ ਕਿ ਇਨ੍ਹਾਂ ’ਚ ਕੌਣ ਘੱਟ ਅਤੇ ਕੌਣ ਵੱਧ ਦੋਸ਼ੀ ਹੈ।

- ਵਿਜੇ ਕੁਮਾਰ


Anmol Tagra

Content Editor

Related News