ਚੋਣ ਮਾਹੌਲ ਵਿਗਾੜ ਰਹੀ ਨੇਤਾਵਾਂ ਦੀ ਘਟੀਆ ਬਿਆਨਬਾਜ਼ੀ

Saturday, May 04, 2024 - 04:16 AM (IST)

ਦੇਸ਼ ’ਚ ਵੋਟਾਂ ਦੇ 2 ਪੜਾਅ ਪੂਰੇ ਹੋ ਚੁੱਕੇ ਹਨ ਅਤੇ 5 ਪੜਾਅ ਬਾਕੀ ਹਨ। ਚੋਣ ਪ੍ਰਕਿਰਿਆ ਅੱਗੇ ਵਧਣ ਦੇ ਨਾਲ-ਨਾਲ ਸਾਰੀਆਂ ਪਾਰਟੀਆਂ ਦੇ ਛੋਟੇ-ਵੱਡੇ ਨੇਤਾਵਾਂ ਵੱਲੋਂ ਇਕ-ਦੂਜੇ ਦੇ ਵਿਰੁੱਧ ਜਿਸ ਤਰ੍ਹਾਂ ਦੀ ਘਟੀਆ ਬਿਆਨਬਾਜ਼ੀ ਕੀਤੀ ਜਾ ਰਹੀ ਹੈ, ਅਜਿਹਾ ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਕਹਾਉਣ ਵਾਲੇ ਆਜ਼ਾਦ ਭਾਰਤ ਦੇ ਪਿਛਲੇ 75 ਸਾਲਾਂ ’ਚ ਪਹਿਲਾਂ ਕਦੀ ਨਹੀਂ ਹੋਇਆ ਸੀ ਜੋ ਹੇਠ ਲਿਖੇ ਕੁਝ ਤਾਜ਼ਾ ਬਿਆਨਾਂ ਤੋਂ ਸਪੱਸ਼ਟ ਹੈ :

* 18 ਅਪ੍ਰੈਲ, 2024 ਨੂੰ ਸ਼ਿਵ ਸੈਨਾ (ਊਧਵ ਠਾਕਰੇ) ਦੇ ਆਗੂ ਸੰਜੇ ਰਾਊਤ ਨੇ ਅਮਰਾਵਤੀ ਤੋਂ ਕਾਂਗਰਸ ਉਮੀਦਵਾਰ ‘ਬਲਵੰਤ ਵਾਨਖੇੜੇ’ ਦੀ ਚੋਣ ਸਭਾ ’ਚ ਬੋਲਦੇ ਹੋਏ ਭਾਜਪਾ ਉਮੀਦਵਾਰ ਨਵਨੀਤ ਰਾਣਾ ਨੂੰ ਡਾਂਸਰ, ਬਬਲੀ (ਫਿਲਮ ਬੰਟੀ ਅਤੇ ਬਬਲੀ ’ਚ ਠੱਗ ਦੀ ਭੂਮਿਕਾ ਨਿਭਾਉਣ ਵਾਲੀ ਪਾਤਰ) ਤੱਕ ਕਹਿ ਦਿੱਤਾ। ਇਸ ਦੇ ਜਵਾਬ ’ਚ ਨਵਨੀਤ ਰਾਣਾ ਨੇ ਉਨ੍ਹਾਂ ਨੂੰ ‘ਟਿਨ ਟੱਪੜ’ (ਕਬਾੜ ਅਤੇ ਬੇਕਾਰ ਘਰੇਲੂ ਸਾਮਾਨ) ਕਰਾਰ ਦਿੱਤਾ।

* 20 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਾਹੁਲ ਗਾਂਧੀ ’ਤੇ ਟਿੱਪਣੀ ਕਰਦੇ ਹੋਏ ਕਿਹਾ,‘‘ਲੋਕ ਸਭਾ ਚੋਣਾਂ ’ਚ ਕਾਂਗਰਸ ਦੇ ਸਾਹਿਬਜ਼ਾਦੇ ਕੇਰਲ ਦੇ ਵਾਇਨਾਡ ਤੋਂ ਹਾਰ ਜਾਣਗੇ ਅਤੇ ਉਨ੍ਹਾਂ ਨੂੰ ਉਸ ਤੋਂ ਬਾਅਦ ’ਚ ਕਿਸੇ ਸੁਰੱਖਿਅਤ ਸੀਟ ਦੀ ਭਾਲ ਕਰਨੀ ਪਵੇਗੀ।’’

* 20 ਅਪ੍ਰੈਲ ਨੂੰ ਹੀ ਰਾਹੁਲ ਗਾਂਧੀ ਨੇ ਕਿਹਾ,‘‘ਨਰਿੰਦਰ ਮੋਦੀ ਦੇਸ਼ ’ਚ ਭ੍ਰਿਸ਼ਟਾਚਾਰ ਦਾ ਸਕੂਲ ਚਲਾ ਰਹੇ ਹਨ, ਜਿੱਥੇ ‘ਸੰਪੂਰਨ ਭ੍ਰਿਸ਼ਟਾਚਾਰ ਵਿਗਿਆਨ’ ਵਿਸ਼ੇ ਦੇ ਤਹਿਤ ‘ਚੰਦੇ ਦਾ ਧੰਦਾ ਸਮੇਤ’ ਹਰ ਅਧਿਆਏ ਉਹ ਵਿਸਥਾਰ ਨਾਲ ਪੜ੍ਹਾ ਰਹੇ ਹਨ। ਭ੍ਰਿਸ਼ਟਾਚਾਰੀਆਂ ਨੂੰ ਸ਼ੁੱਧ ਕਰਨ ਵਾਲੀ ਵਾਸ਼ਿੰਗ ਮਸ਼ੀਨ ਕਿਵੇਂ ਕੰਮ ਕਰਦੀ ਹੈ, ਏਜੰਸੀਆਂ ਨੂੰ ਵਸੂਲੀ ਏਜੰਟ ਬਣਾ ਕੇ ‘ਬੇਲ’ ਅਤੇ ‘ਜੇਲ’ ਦੀ ਖੇਡ ਕਿਵੇਂ ਹੁੰਦੀ ਹੈ, ਇਸ ਦੇ ਬਾਰੇ ਪੜ੍ਹਾਇਆ ਜਾਂਦਾ ਹੈ।’’

* 20 ਅਪ੍ਰੈਲ ਨੂੰ ਹੀ ਏ. ਆਈ. ਐੱਮ. ਆਈ. ਐੱਮ. ਦੇ ਪ੍ਰਧਾਨ ਅਤੇ ਹੈਦਰਾਬਾਦ ਤੋਂ ਸੰਸਦ ਮੈਂਬਰ ਅਸਦੂਦੀਨ ਓਵੈਸੀ ਨੇ ਚੋਣ ਪ੍ਰਚਾਰ ਦੌਰਾਨ ਇਕ ਬੀਫ (ਗਊਮਾਸ) ਦੀ ਦੁਕਾਨ ਦੇ ਮਾਲਕ ਤੇ ਦੁਕਾਨ ’ਚ ਕੰਮ ਕਰਨ ਵਾਲਿਆਂ ਨਾਲ ਹੱਥ ਮਿਲਾਏ ਅਤੇ ‘‘ਰੇਹਾਨ ਬੀਫ ਸ਼ਾਪ ਜ਼ਿੰਦਾਬਾਦ’’ ਕਹਿ ਕੇ ਉੱਥੋਂ ਚੱਲਦੇ ਸਮੇਂ ਬੋਲੇ, ‘‘ਵੱਢਦੇ ਰਹੋ।’’

* 22 ਅਪ੍ਰੈਲ ਨੂੰ ਕੇਰਲ ਦੇ ਪਲੱਕੜ ’ਚ ਐੱਲ. ਡੀ. ਐੱਫ. ਦੇ ਵਿਧਾਇਕ ਪੀ.ਵੀ. ਅਨਵਰ ਨੇ ਰਾਹੁਲ ਗਾਂਧੀ ਨੂੰ ‘ਚੌਥੇ ਦਰਜੇ ਦਾ ਨਾਗਰਿਕ’ ਦੱਸਦੇ ਹੋਏ ਕਿਹਾ,‘‘ਉਨ੍ਹਾਂ ਦੇ ਡੀ. ਐੱਨ. ਏ. ਦੀ ਜਾਂਚ ਕੀਤੀ ਜਾਣੀ ਚਾਹੀਦੀ। ਉਨ੍ਹਾਂ ਨੂੰ ਸਿਰਫ ‘ਰਾਹੁਲ’ ਕਹਿਣਾ ਚਾਹੀਦੈ, ਉਹ ਗਾਂਧੀ ਉਪਨਾਮ ਵਰਤਣ ਦੇ ਕਾਬਿਲ ਨਹੀਂ ਹਨ।’’

* 27 ਅਪ੍ਰੈਲ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਲ੍ਹਾਪੁਰ ’ਚ ਕਿਹਾ,‘‘ਕਾਂਗਰਸ ਦੀ ਅਗਵਾਈ ਵਾਲਾ ‘ਇੰਡੀਆ’ ਗੱਠਜੋੜ ਸੱਤਾ ’ਚ ਆਉਣ ਦੀ ਹਾਲਤ ’ਚ 5 ਸਾਲਾਂ ’ਚ 5 ਪ੍ਰਧਾਨ ਮੰਤਰੀ ਬਣਾਉਣ ’ਤੇ ਵਿਚਾਰ ਕਰ ਰਿਹਾ ਹੈ। ਇਸ ਦਾ ਇਕ ਹੀ ਏਜੰਡਾ ਹੈ ਸਰਕਾਰ ਬਣਾਓ ਅਤੇ ਨੋਟ ਕਮਾਓ।’’

* 28 ਅਪ੍ਰੈਲ ਨੂੰ ਉੱਤਰ ਪ੍ਰਦੇਸ਼ ਦੇ ਸੀਤਾਪੁਰ ’ਚ ਬਸਪਾ ਸੁਪ੍ਰੀਮੋ ਮਾਇਆਵਤੀ ਦੇ ਭਤੀਜੇ ਅਤੇ ਰਾਸ਼ਟਰੀ ਕੋਆਰਡੀਨੇਟਰ ਆਕਾਸ਼ ਆਨੰਦ ਬੋਲੇ,‘‘ਉੱਤਰ ਪ੍ਰਦੇਸ਼ ਦੀ ਸਰਕਾਰ ਬੁਲਡੋਜ਼ਰ ਦੀ ਨਹੀਂ, ਅੱਤਵਾਦੀਆਂ ਅਤੇ ਗੱਦਾਰਾਂ ਦੀ ਸਰਕਾਰ ਹੈ ਅਤੇ ਜੇ ਚੋਣ ਕਮਿਸ਼ਨ ਨੂੰ ਇਹ ਗੱਲ ਚੁੱਭ ਰਹੀ ਹੈ ਤਾਂ ਪਿੰਡ-ਪਿੰਡ ਜਾ ਕੇ ਦੇਖ ਲਵੇ ਕਿ ਭੈਣਾਂ, ਧੀਆਂ ਅਤੇ ਨੌਜਵਾਨ ਕਿਸ ਹਾਲ ’ਚ ਹਨ।’’ ਇੰਨਾ ਹੀ ਨਹੀਂ ਉਨ੍ਹਾਂ ਨੇ ਬਹੁਜਨ ਸਮਾਜ ਨੂੰ ਬਹਿਕਾ ਕੇ ਵੋਟ ਮੰਗਣ ਪਹੁੰਚਣ ਵਾਲਿਆਂ ਨੂੰ ਜੁੱਤੀਆਂ ਮਾਰ ਕੇ ਭਜਾਉਣ ਨੂੰ ਵੀ ਕਿਹਾ।

* 28 ਅਪ੍ਰੈਲ ਨੂੰ ਹੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਮੋਹਨ ਯਾਦਵ ਬੋਲੇ,‘‘ਪ੍ਰਿਯੰਕਾ ਨਕਲੀ ਗਾਂਧੀ ਹੈ ਅਤੇ ਵੋਟ ਪਾਉਣ ਲਈ ਇਸ ਉਪਨਾਮ ਦੀ ਵਰਤੋਂ ਕਰ ਰਹੀ ਹੈ।’’

* 1 ਮਈ ਨੂੰ ਰਾਮਪੁਰ ’ਚ ਇਕ ਚੋਣ ਸਭਾ ’ਚ ਹਿਮਾਚਲ ਕਾਂਗਰਸ ਦੀ ਪ੍ਰਧਾਨ ਪ੍ਰਤਿਭਾ ਸਿੰਘ ਨੇ ਆਪਣੇ ਬੇਟੇ ਵਿਕ੍ਰਮਾਦਿਤਿਆ ਸਿੰਘ ਦੇ ਚੋਣ ਪ੍ਰਚਾਰ ਦੌਰਾਨ ਕੰਗਣਾ ਰਣੌਤ ’ਤੇ ਤੰਜ ਕੱਸਦੇ ਹੋਏ ਕਿਹਾ,‘‘ਲੋਕ ਹਸੀਨ ਪਰੀ ਨੂੰ ਦੇਖਣ ਆਉਂਦੇ ਹਨ।’’

* 2 ਮਈ ਨੂੰ ਤ੍ਰਿਣਮੂਲ ਕਾਂਗਰਸ ਦੇ ਵਿਧਇਕ ਹੁਮਾਯੂੰ ਕਬੀਰ ਨੇ ਬਹਿਰਾਮਪੁਰ ’ਚ ਯੁਸੂਫ ਪਠਾਨ ਦੇ ਹੱਕ ’ਚ ਇਕ ਚੋਣ ਸਭਾ ’ਚ ਬੋਲਦੇ ਹੋਏ ਕਿਹਾ,‘‘ਤੁਸੀਂ ਲੋਕ (ਹਿੰਦੂ) 70 ਫੀਸਦੀ ਹੋ ਅਤੇ ਅਸੀਂ 30 ਫੀਸਦੀ ਹਾਂ। ਇੱਥੇ ਤੁਸੀਂ ਕਾਜ਼ੀਪਾੜਾ ਦੀ ਮਸਜਿਦ ਤੋੜੋਗੇ ਬਾਕੀ ਮੁਸਲਮਾਨ ਹੱਥ ’ਤੇ ਹੱਥ ਰੱਖ ਕੇ ਬੈਠੇ ਰਹਿਣਗੇ, ਇਹ ਕਦੀ ਨਹੀਂ ਹੋਵੇਗਾ। ਭਾਜਪਾ ਨੂੰ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਮੈਂ 2 ਘੰਟੇ ਦੇ ਅੰਦਰ ਹੀ (ਹਿੰਦੂਆਂ) ਨੂੰ ਭਗੀਰਥੀ ਨਦੀ ’ਚ ਰੋੜ੍ਹ ਨਾ ਸਕਿਆ ਤਾਂ ਸਿਆਸਤ ਛੱਡ ਦੇਵਾਂਗਾ।’’

ਅਜਿਹੇ ਬਿਆਨਾਂ ਨਾਲ ਦੋਵੇਂ ਹੀ ਧਿਰਾਂ ਨੂੰ ਨੁਕਸਾਨ ਹੁੰਦਾ ਹੈ ਕਿਉਂਕਿ ਜਦ ਇਕ ਧਿਰ ਕਿਸੇ ਦੇ ਵਿਰੁੱਧ ਬੋਲਦੀ ਹੈ ਤਾਂ ਕੁਦਰਤੀ ਤੌਰ ’ਤੇ ਦੂਜੀ ਧਿਰ ਉਸ ਤੋਂ ਵੀ ਅੱਗੇ ਵਧ ਕੇ ਜਵਾਬ ਦਿੰਦੀ ਹੈ। ਇਸ ਲਈ ਅਜਿਹੀ ਬਿਆਨਬਾਜ਼ੀ ਨਾ ਕਰਨਾ ਹੀ ਸਾਰਿਆਂ ਦੇ ਹਿਤ ’ਚ ਹੈ।

ਦਲਬਦਲੀ ਤੇ ਬੇਹੁਦਾ ਬਿਆਨਬਾਜ਼ੀ ਨਾਲ ਦੇਸ਼ ਦਾ ਅਕਸ ਖਰਾਬ ਹੋ ਰਿਹਾ ਹੈ। ਭਾਜਪਾ ਦੀ ਚੋਣ ਰਣਨੀਤੀ ਜਾਣਨ ਲਈ ਆਸਟ੍ਰੇਲੀਆ, ਇਜ਼ਰਾਈਲ, ਰੂਸ, ਬੰਗਲਾਦੇਸ਼, ਨੇਪਾਲ, ਮਾਰੀਸ਼ਸ, ਸ਼੍ਰੀਲੰਕਾ, ਤਨਜਾਨੀਆ, ਯੁਗਾਂਡਾ ਅਤੇ ਵੀਅਤਨਾਮ ਤੋਂ ਭਾਰਤ ਆਏ ਮਹਿਮਾਨ ਇਹ ਸਭ ਦੇਖ-ਸੁਣ ਕੇ ਕੀ ਧਾਰਨਾ ਲੈ ਕੇ ਵਾਪਸ ਜਾਣਗੇ।

-ਵਿਜੇ ਕੁਮਾਰ


Harpreet SIngh

Content Editor

Related News