ਪੁਲਵਾਮਾ ‘ਹਮਲੇ ਦੇ ਵਿਰੁੱਧ’ ‘ਮੁਸਲਿਮ ਸਮਾਜ ਵਿਚ ਉੱਠ ਰਹੀਆਂ ਆਵਾਜ਼ਾਂ’

02/21/2019 6:10:35 AM

ਪੁਲਵਾਮਾ ’ਚ ਸੀ. ਆਰ. ਪੀ. ਐੱਫ. ਦੇ ਕਾਫਿਲੇ ’ਤੇ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅੱਤਵਾਦੀ ਗਿਰੋਹ ‘ਜੈਸ਼’ ਵਲੋਂ ਕੀਤੇ ਗਏ ਬੁਜ਼ਦਿਲਾਨਾ ਹਮਲੇ ਵਿਰੁੱਧ ਦੇਸ਼ ਭਰ ’ਚ ਧਰਨੇ-ਮੁਜ਼ਾਹਰੇ ਕੀਤੇ ਜਾ ਰਹੇ ਹਨ, ਜਿਨ੍ਹਾਂ ’ਚ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹਨ।
* ਮੁੰਬਈ ’ਚ ਕਦੇ ਬੰਦ ਨਾ ਰਹਿਣ ਵਾਲੇ ਭਿੰਡੀ ਬਾਜ਼ਾਰ, ਮੁਹੰਮਦ ਅਲੀ ਰੋਡ, ਡੋਂਗਰੀ ਸਮੇਤ ਗੋਵੰਡੀ, ਬਾਂਦ੍ਰਾ, ਜੋਗੇਸ਼ਵਰੀ, ਕੁਰਲਾ, ਮੀਰਾ ਰੋਡ ਦਾ ਨਯਾ ਨਗਰ ਆਦਿ ਮੁਸਲਿਮ ਇਲਾਕਿਆਂ ’ਚ ਮੁਸਲਿਮ ਧਰਮ ਗੁਰੂ ਮੌਲਾਨਾ ਮੋਇਨ ਮੀਆਂ ਸਮੇਤ ਰਜ਼ਾ ਅਕਾਦਮੀ, ਰਹਿਮਾਨੀ ਗਰੁੱਪ ਆਦਿ ਮੁਸਲਿਮ ਸੰਗਠਨਾਂ ਦੇ ਸੱਦੇ ’ਤੇ ਸੰਨਾਟਾ ਛਾਇਆ ਰਿਹਾ।
ਮੌਲਾਨਾ ਮੋਇਨ ਮੀਆਂ ਦੀ ਪ੍ਰਧਾਨਗੀ ’ਚ ਸੁੰਨੀ ਬਿਲਾਲ ਮਸਜਿਦ, ਹਾਂਡੀ ਵਾਲਾ ਮਸਜਿਦ ਤੇ ਇਮਾਮ ਅਹਿਮਦ ਰਜ਼ਾ ਚੌਕ, ਭਿੰਡੀ ਬਾਜ਼ਾਰ ’ਚ ਇਕੱਠੇ ਹੋ ਕੇ ਮੁਸਲਮਾਨਾਂ ਨੇ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਤੇ ਦੁਆਵਾਂ ਪੜ੍ਹੀਆਂ।
ਵਿਖਾਵਾਕਾਰੀਆਂ ਨੇ ਪਾਕਿ ਫੌਜ ਦੇ ਮੁਖੀ ਕਮਰ ਜਾਵੇਦ ਬਾਜਵਾ ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਪੁਤਲੇ ਸਾੜੇ। ਉਹ ਨਾਅਰੇ ਲਾ ਰਹੇ ਸਨ ‘ਜੈਸ਼ ਕੇ ਜੱਲਾਦੋਂ ਕੋ ਮਾਰ ਗਿਰਾਓ ਔਰ ਪਾਕਿਸਤਾਨ ਕੋ ਸਬਕ ਸਿਖਾਓ’।
* ਪੁਣੇ ’ਚ ਵੱਡੀ ਗਿਣਤੀ ’ਚ ਪਾਕਿਸਤਾਨੀ ਝੰਡੇ ਸਾੜੇ ਗਏ। ਇਕ ਝੰਡਾ ਵਪਾਰੀ ਵਿਖਾਵਾਕਾਰੀਆਂ ਨੂੰ ਝੰਡੇ ਸਾੜਨ ਲਈ ਲਾਈਟਰ ਮੁਫਤ ਦੇ ਰਿਹਾ ਸੀ।
* ਰਾਜਧਾਨੀ ਦਿੱਲੀ ’ਚ ਕਈ ਮਸਜਿਦਾਂ ’ਚ ਅੱਤਵਾਦੀ ਸਰਗਰਮੀਆਂ ਵਿਰੁੱਧ ਮੁਜ਼ਾਹਰਾ ਕਰ ਕੇ ਸ਼ਹੀਦ ਜਵਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਗਈ। ਦਾਰੂਲ ਉਲੂਮ ਫਰੰਗੀ ਮਹਲ ’ਚ ਮੌਲਾਨਾ ਖਾਲਿਦ ਰਸ਼ੀਦ ਫਰੰਗੀ ਮਹਲੀ ਨੇ ਕਿਹਾ ਕਿ ਇਸਲਾਮ ਹਮੇਸ਼ਾ ਅੱਤਵਾਦ ਅਤੇ ਬੇਇਨਸਾਫੀ ਦੇ ਵਿਰੁੱਧ ਰਿਹਾ ਹੈ।
* ਲੁਧਿਆਣਾ ਦੇ ਮੁਸਲਮਾਨਾਂ ਨੇ ਜਾਮਾ ਮਸਜਿਦ ਦੇ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ ਰਹਿਮਾਨ ਸਾਨੀ ਲੁਧਿਆਣਵੀ ਦੀ ਅਗਵਾਈ ਹੇਠ ਰੈਲੀ ਕਰ ਕੇ ਵਿਰੋਧ ਪ੍ਰਗਟਾਇਆ।
* ਲਖੀਮਪੁਰ ’ਚ ਹਿੰਦੂ ਤੇ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਮਿਲ ਕੇ ਪਾਕਿਸਤਾਨ ਦੀ ਅਰਥੀ ਕੱਢੀ ਅਤੇ ‘ਪਾਕਿਸਤਾਨ ਮੁਰਦਾਬਾਦ’ ਦੇ ਨਾਅਰੇ ਲਾਏ।
* ਓਇਲ (ਸੀਤਾਪੁਰ) ਦੇ ਮਦਰੱਸਾ ਜਾਮੀਆ ਅਰਬੀਆ ’ਚ ਆਯੋਜਿਤ ਪ੍ਰੋਗਰਾਮ ’ਚ 2 ਮਿੰਟ ਦਾ ਮੌਨ ਰੱਖ ਕੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
* ਵਿਦਿਸ਼ਾ ’ਚ ਹਿੰਦੂ ਅਤੇ ਮੁਸਲਿਮ ਸੰਗਠਨਾਂ ਨੇ ਮਿਲ ਕੇ ਪਾਕਿਸਤਾਨ ਦਾ ਪੁਤਲਾ ਸਾੜਿਆ ਅਤੇ ਸ਼ਹੀਦ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ।
* ਬਰੇਲੀ ’ਚ ਸੁੰਨੀ ਬਰੇਲਵੀਆਂ ਦੇ ਕੇਂਦਰ ਦਰਗਾਹ ਆਲਾ ਹਜ਼ਰਤ ’ਚ ਵੱਡੀ ਗਿਣਤੀ ’ਚ ਇਕੱਠੇ ਹੋਏ ਲੋਕਾਂ ਨੇ ਸਰਕਾਰ ਤੋਂ ਪੁਲਵਾਮਾ ਅੱਤਵਾਦੀ ਹਮਲੇ ਦਾ ਬਦਲਾ ਲੈਣ ਦੀ ਮੰਗ ਕੀਤੀ। ਸੱਜਾਦਾਨਸ਼ੀਨ ਮੁਫਤੀ ਅਹਿਸਾਨ ਮੀਆਂ ਨੇ ਅੱਤਵਾਦ ਦੇ ਖਾਤਮੇ ਲਈ ਦੁਆ ਕੀਤੀ।
ਦਰਗਾਹ ਦੇ ਮੁਖੀ ਮੌਲਾਨਾ ਸੁਬਹਾਨ ਰਜ਼ਾ ਖਾਨ ਸੁਬਹਾਨੀ ਅਤੇ ਹੋਰਨਾਂ ਦੀ ਅਗਵਾਈ ਹੇਠ ਮਦਰੱਸਾ ਮੰਜ਼ਰ-ਏ-ਇਸਲਾਮ ਦੇ ਵਿਦਿਆਰਥੀਆਂ ਨੇ ਦਰਗਾਹ ’ਤੇ ਵਿਰੋਧ ਮੁਜ਼ਾਹਰਾ ਕੀਤਾ ਅਤੇ ਨਾਅਰੇ ਲਾਏ ‘‘ਭਾਰਤੀਯ ਸੈਨਿਕੋ ਤੁਮ ਸੰਘਰਸ਼ ਕਰੋ, ਹਮ ਤੁਮਹਾਰੇ ਸਾਥ ਹੈਂ।’’
ਇਸ ਮੌਕੇ ਮਦਰੱਸਾ ਮੰਜ਼ਰ-ਏ-ਇਸਲਾਮ ਦੇ ਪ੍ਰਿੰਸੀਪਲ ਮੁਫਤੀ ਆਕਿਲ ਰਜ਼ਵੀ ਨੇ ਕਿਹਾ ਕਿ ਦੇਸ਼ ਨੂੰ ਖੂਨ-ਖਰਾਬਾ ਕਰਨ ਵਾਲੇ ਸੰਗਠਨਾਂ ਤੋਂ ਮੁਕਤ ਕਰਵਾਉਣ ਲਈ ਇਕ ਸਮੂਹਿਕ ਮੁਹਿੰਮ ਚਲਾਉਣ ਦੀ ਲੋੜ ਹੈ।
* ਲਖਨਊ ਦੇ ਬੜਾ ਇਮਾਮਬਾੜਾ ’ਚ ਸਥਿਤ ਆਸਿਫੀ ਮਸਜਿਦ ’ਚ ਨਮਾਜ਼ ਤੋਂ ਬਾਅਦ ਅੱਤਵਾਦ ਵਿਰੁੱਧ ਜ਼ੋਰਦਾਰ ਮੁਜ਼ਾਹਰਾ ਕਰਨ ਮਗਰੋਂ ਇਮਾਮ-ਏ-ਜੁਮਾ ਮੌਲਾਨਾ ਕਲਬੇ ਜਵਾਦ ਨੇ ਸਰਕਾਰ ਤੋਂ ਅੱਤਵਾਦ ਦਾ ਮੂੰਹ-ਤੋੜ ਜਵਾਬ ਦੇਣ ਤੇ ਟਿੱਲੇ ਵਾਲੀ ਮਸਜਿਦ ’ਤੇ ਮੌਲਾਨਾ ਫਜ਼ਲੁਰ ਰਹਿਮਾਨ ਵਾਈਜ਼ੀ ਨਦਵੀ ਅਤੇ ਆਲ ਇੰਡੀਆ ਸ਼ੀਆ ਹੁਸੈਨੀ ਫੰਡ ਦੇ ਹਸਨ ਮੇਂਹਦੀ ਨੇ ਪਾਕਿਸਤਾਨ ਨੂੰ ਅੱਤਵਾਦੀ ਦੇਸ਼ ਐਲਾਨਣ ਦੀ ਮੰਗ ਕੀਤੀ।
* ਰਾਂਚੀ ’ਚ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਹੱਥਾਂ ’ਚ ਤਖਤੀਆਂ ਫੜ ਕੇ ਅਤੇ ਕਾਲੇ ਬਿੱਲੇ ਲਾ ਕੇ ‘ਪਾਕਿਸਤਾਨ ਮੁਰਦਾਬਾਦ’ ਅਤੇ ‘ਅੱਤਵਾਦ ਮੁਰਦਾਬਾਦ’ ਦੇ ਨਾਅਰੇ ਲਾਉਂਦਿਆਂ ਰੋਸ ਮਾਰਚ ਕੱਢਿਆ।
* ਆਲ ਮੁਸਲਿਮ ਯੂਥ ਐਸੋਸੀਏਸ਼ਨ ਦੇ ਕੇਂਦਰੀ ਪ੍ਰਧਾਨ ਐੱਸ. ਅਲੀ ਨੇ ਕਿਹਾ ਕਿ, ‘‘ਹੁਣ ਪਾਕਿਸਤਾਨ ਨੂੰ ਮੂੰਹ-ਤੋੜ ਜਵਾਬ ਦੇਣ ਦਾ ਸਮਾਂ ਆ ਗਿਆ ਹੈ। ਪਾਕਿਸਤਾਨ ਦੀ ਇਸ ਬੁਜ਼ਦਿਲੀ ਦੀ ਸਜ਼ਾ ਉਸ ਨੂੰ ਜ਼ਰੂਰ ਮਿਲਣੀ ਚਾਹੀਦੀ ਹੈ।’’
‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ਵਾਸੀਆਂ ਨਾਲ ਵਾਅਦਾ ਕੀਤਾ ਸੀ ਕਿ ਇਕ ਦੇ ਬਦਲੇ 10 ਸਿਰ ਵੱਢ ਕੇ ਬਦਲਾ ਲਿਆ ਜਾਵੇਗਾ ਤਾਂ ਹੁਣ ਅਸੀਂ ਸਾਰੇ ਮੰਗ ਕਰਦੇ ਹਾਂ ਕਿ ਪ੍ਰਧਾਨ ਮੰਤਰੀ 44 ਦੇ ਬਦਲੇ 440 ਸਿਰ ਵੱਢ ਕੇ ਲਿਆਉਣ।’’
ਮੁਸਲਿਮ ਸਮਾਜ ਦੇ ਲੋਕਾਂ ਵਲੋਂ ਪੁਲਵਾਮਾ ਅੱਤਵਾਦੀ ਹਮਲੇ ਦੇ ਵਿਰੁੱਧ ਰੋਸ ਵਜੋਂ ਕੀਤੇ ਗਏ ਮੁਜ਼ਾਹਰੇ ਦੀਆਂ ਇਹ ਤਾਂ ਉਹ ਖਬਰਾਂ ਹਨ ਜੋ ਛਪੀਆਂ ਹਨ, ਇਨ੍ਹਾਂ ਤੋਂ ਇਲਾਵਾ ਹੋਰਨਾਂ ਥਾਵਾਂ ’ਤੇ ਵੀ ਮੁਸਲਿਮ ਸਮਾਜ ਨੇ ਮੁਜ਼ਾਹਰੇ ਕਰ ਕੇ ਅੱਤਵਾਦੀਆਂ ਦੀਆਂ ਕਰਤੂਤਾਂ ਵਿਰੁੱਧ ਰੋਸ ਪ੍ਰਗਟਾਇਆ ਹੈ। 
ਦੇਸ਼ ਦੇ ਕੋਨੇ-ਕੋਨੇ ਤੋਂ ਪਾਕਿਸਤਾਨ ਦੇ ਬੁਜ਼ਦਿਲਾਨਾ ਹਮਲੇ ਵਿਰੁੱਧ ਮੁਸਲਿਮ ਸਮਾਜ ’ਚ ਉੱਠਣ ਵਾਲੀਆਂ ਆਵਾਜ਼ਾਂ ਇਸ ਗੱਲ ਦੀਆਂ ਗਵਾਹ ਹਨ ਕਿ ਸੰਕਟ ਦੀ ਇਸ ਘੜੀ ’ਚ ਅਸੀਂ ਸਾਰੇ ਇਕੱਠੇ ਹਾਂ ਕਿਉਂਕਿ : 
‘ਹਿੰਦੀ ਹੈਂ ਹਮ, ਵਤਨ ਹੈ ਹਿੰਦੋਸਤਾਂ ਹਮਾਰਾ’
                                                                            –ਵਿਜੇ ਕੁਮਾਰ


Bharat Thapa

Content Editor

Related News