ਬਾਈਡੇਨ ਨੂੰ ਝਟਕਾ, ਮੁਸਲਿਮ ਨੇਤਾਵਾਂ ਨੇ ਇਫਤਾਰ ਦਾਅਵਤ ਦੇ ਸੱਦੇ ਨੂੰ ਠੁਕਰਾਇਆ

Wednesday, Apr 03, 2024 - 10:56 AM (IST)

ਬਾਈਡੇਨ ਨੂੰ ਝਟਕਾ, ਮੁਸਲਿਮ ਨੇਤਾਵਾਂ ਨੇ ਇਫਤਾਰ ਦਾਅਵਤ ਦੇ ਸੱਦੇ ਨੂੰ ਠੁਕਰਾਇਆ

ਵਾਸ਼ਿੰਗਟਨ (ਏਪੀ): ਗਾਜ਼ਾ 'ਚ ਚੱਲ ਰਹੀ ਜੰਗ ਕਾਰਨ ਅਮਰੀਕਾ 'ਚ ਮੁਸਲਿਮ ਭਾਈਚਾਰੇ ਦੇ ਨੇਤਾਵਾਂ ਨੇ ਰਾਸ਼ਟਰਪਤੀ ਜੋਅ ਬਾਈਡੇਨ ਵਲੋਂ ਆਯੋਜਿਤ ਰੋਜ਼ਾ ਇਫਤਾਰ (ਰੋਜ਼ਾ ਤੋੜਨ) ਦੇ ਸੱਦੇ ਨੂੰ ਠੁਕਰਾ ਦਿੱਤਾ ਹੈ। ਇਸ ਤੋਂ ਬਾਅਦ ਵ੍ਹਾਈਟ ਹਾਊਸ ਨੇ ਮੰਗਲਵਾਰ ਸ਼ਾਮ ਨੂੰ ਇਕ ਛੋਟੀ ਇਫਤਾਰ ਦਾਅਵਤ ਦਾ ਆਯੋਜਨ ਕਰਨ ਦਾ ਫ਼ੈਸਲਾ ਕੀਤਾ ਹੈ, ਜਿਸ ਵਿਚ ਸਿਰਫ ਪ੍ਰਸ਼ਾਸਨ ਵਿਚ ਕੰਮ ਕਰਨ ਵਾਲੇ ਲੋਕ ਹੀ ਸ਼ਾਮਲ ਹੋਣਗੇ। ਮੁਸਲਿਮ ਐਡਵੋਕੇਸੀ ਗਰੁੱਪ ਐਮਗਜ਼ ਦੀ ਅਗਵਾਈ ਕਰਨ ਵਾਲੇ ਵੇਲ ਅਲ-ਜ਼ਾਇਤ ਨੇ ਪਿਛਲੇ ਸਾਲ ਵ੍ਹਾਈਟ ਹਾਊਸ ਵਿਚ ਆਯੋਜਿਤ ਇਫਤਾਰ ਖਾਣੇ ਵਿਚ ਸ਼ਿਰਕਤ ਕੀਤੀ ਸੀ, ਪਰ ਇਸ ਵਾਰ ਉਨ੍ਹਾਂ ਨੇ ਬਾਈਡੇਨ ਨਾਲ ਵਰਤ ਤੋੜਨ ਤੋਂ ਇਨਕਾਰ ਕਰਦੇ ਹੋਏ ਕਿਹਾ, “ਜਦੋਂ ਗਾਜ਼ਾ ਵਿਚ ਭੁੱਖਮਰੀ ਜਿਹੇ ਹਾਲਾਤ ਹੋਣ ਤਾਂ ਇਸ ਤਰ੍ਹਾਂ ਦੀ ਦਾਅਵਤ ਵਿਚ ਸ਼ਾਮਲ ਹੋਣਾ ਅਣਉਚਿਤ ਹੈ।” 

ਉਨ੍ਹਾਂ ਨੇ ਕਿਹਾ  ਕਿ ਕਈ ਲੋਕਾਂ ਦੁਆਰਾ ਸੱਦੇ ਨੂੰ ਅਸਵੀਕਾਰ ਕਰਨ ਤੋਂ ਬਾਅਦ ਵ੍ਹਾਈਟ ਹਾਊਸ ਨੇ ਆਪਣੀ ਯੋਜਨਾ ਬਦਲੀ ਅਤੇ ਕਮਿਊਨਿਟੀ ਨੇਤਾਵਾਂ ਨੂੰ ਕਿਹਾ ਕਿ ਉਹ ਪ੍ਰਸ਼ਾਸਨ ਦੀਆਂ ਨੀਤੀਆਂ 'ਤੇ ਕੇਂਦ੍ਰਿਤ ਮੀਟਿੰਗ ਕਰਨਾ ਚਾਹੁੰਦਾ ਹੈ। ਅਲ ਜ਼ਯਾਤ ਨੇ ਵੀ ਇਸ ਤੋਂ ਇਨਕਾਰ ਕੀਤਾ ਹੈ। ਬਹੁਤ ਸਾਰੇ ਅਮਰੀਕੀ-ਮੁਸਲਿਮ ਗਾਜ਼ਾ ਦੀ ਘੇਰਾਬੰਦੀ ਨੂੰ ਲੈ ਕੇ ਇਜ਼ਰਾਈਲ ਦਾ ਸਮਰਥਨ ਕਰਨ ਲਈ ਬਾਈਡੇਨ ਤੋਂ ਨਾਰਾਜ਼ ਹਨ। ਰਾਸ਼ਟਰਪਤੀ ਦੀ ਡੈਮੋਕ੍ਰੇਟਿਕ ਪਾਰਟੀ ਨੂੰ ਡਰ ਹੈ ਕਿ ਬਾਈਡੇਨ ਲਈ ਮੁਸਲਮਾਨਾਂ ਦਾ ਘਟਦਾ ਸਮਰਥਨ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਦੀ ਵ੍ਹਾਈਟ ਹਾਊਸ ਵਿਚ ਵਾਪਸੀ ਦਾ ਰਾਹ ਪੱਧਰਾ ਕਰ ਸਕਦਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਭਾਰਤੀ ਕਾਮਿਆਂ ਦਾ ਪਹਿਲਾ ਜੱਥਾ ਇਜ਼ਰਾਈਲ ਰਵਾਨਾ, 10 ਹਜ਼ਾਰ ਤੱਕ ਜਾਣਗੇ ਵਰਕਰ 

ਬਾਈਡੇਨ, ਉਪ ਰਾਸ਼ਟਰਪਤੀ ਕਮਲਾ ਹੈਰਿਸ, ਸਰਕਾਰੀ ਮੁਸਲਿਮ ਅਧਿਕਾਰੀ, ਰਾਸ਼ਟਰੀ ਸੁਰੱਖਿਆ ਅਧਿਕਾਰੀ ਅਤੇ ਕਈ ਮੁਸਲਿਮ ਨੇਤਾ ਮੰਗਲਵਾਰ ਨੂੰ ਹੋਣ ਵਾਲੀ ਇਫਤਾਰ ਦਾਅਵਤ 'ਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ ਵ੍ਹਾਈਟ ਹਾਊਸ ਨੇ ਉਨ੍ਹਾਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪਿਛਲੇ ਸਾਲਾਂ ਵਿੱਚ ਸਮਾਗਮਾਂ ਵਿੱਚ ਬੁਲਾਏ ਗਏ ਕੁਝ ਲੋਕਾਂ ਨੂੰ ਇਸ ਵਾਰ ਸੱਦਾ ਨਹੀਂ ਦਿੱਤਾ ਗਿਆ ਹੈ, ਜਿਸ ਵਿੱਚ ਡੀਅਰਬੋਰਨ, ਮਿਸ਼ੀਗਨ ਦੇ ਮੇਅਰ ਅਬਦੁੱਲਾ ਹਾਮੂਦ ਵੀ ਸ਼ਾਮਲ ਹਨ। ਪ੍ਰੈਸ ਸਕੱਤਰ ਕੈਰੀਨ ਜੀਨ-ਪੀਅਰੇ ਨੇ ਕਿਹਾ ਕਿ "ਕਮਿਊਨਿਟੀ ਨੇਤਾਵਾਂ ਨੇ ਇੱਕ ਵਰਕਿੰਗ ਗਰੁੱਪ ਮੀਟਿੰਗ ਲਈ ਕਿਹਾ ਸੀ"। ਉਸਨੇ ਮੀਟਿੰਗ ਨੂੰ "ਉਨ੍ਹਾਂ ਤੋਂ ਫੀਡਬੈਕ ਲੈਣ" ਦਾ ਇੱਕ ਮੌਕਾ ਦੱਸਿਆ। ਜਿੱਥੇ ਤੱਕ ਨਿੱਜੀ ਇਫਤਾਰ ਦੀ ਗੱਲ ਹੈ, ਜੀਨ-ਪੀਅਰੇ ਨੇ ਕਿਹਾ, "ਰਾਸ਼ਟਰਪਤੀ ਰਮਜ਼ਾਨ ਦੌਰਾਨ ਮੁਸਲਿਮ ਭਾਈਚਾਰੇ ਦੀ ਮੇਜ਼ਬਾਨੀ ਦੀ ਆਪਣੀ ਪਰੰਪਰਾ ਨੂੰ ਜਾਰੀ ਰੱਖਣ ਜਾ ਰਹੇ ਹਨ।"

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 
 


author

Vandana

Content Editor

Related News