ਬਸਪਾ ਨੇ ਮੁਸਲਿਮ ਉਮੀਦਵਾਰ ਉਤਾਰ ਕੇ ਦਿਲਚਸਪ ਬਣਾਈ ਵਾਰਾਣਸੀ ਦੀ ਲੜਾਈ

Wednesday, Apr 17, 2024 - 11:01 AM (IST)

ਬਸਪਾ ਨੇ ਮੁਸਲਿਮ ਉਮੀਦਵਾਰ ਉਤਾਰ ਕੇ ਦਿਲਚਸਪ ਬਣਾਈ ਵਾਰਾਣਸੀ ਦੀ ਲੜਾਈ

ਵਾਰਾਣਸੀ- ਬਹੁਜਨ ਸਮਾਜ ਪਾਰਟੀ ਦੀ ਪ੍ਰਧਾਨ ਮਾਇਆਵਤੀ ਨੇ ਵਾਰਾਣਸੀ ਸੀਟ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਮੁਸਲਿਮ ਉਮੀਦਵਾਰ ਅਤਹਰ ਜਮਾਲ ਲਾਰੀ ਨੂੰ ਉਤਾਰ ਕੇ ਮੁਕਾਬਲੇ ਦੀ ਦਿਲਚਸਪ ਬਣਾ ਦਿੱਤਾ ਹੈ। ਲਾਰੀ ਦੋ ਵਾਰ ਲੋਕ ਸਭਾ ਅਤੇ ਤਿੰਨ ਵਾਰ ਵਿਧਾਨ ਸਭਾ ਚੋਣਾਂ ਲੜ ਚੁੱਕੇ ਹਨ। ਉਹ ਲੰਬੇ ਸਮੇਂ ਤੱਕ ਮੁਖਤਾਰ ਅੰਸਾਰੀ ਦੀ ਪਾਰਟੀ ਕੌਮੀ ਏਕਤਾ ਦਲ ਨਾਲ ਜੁੜੇ ਰਹੇ। ਫਿਰ ਸਮਾਜਵਾਦੀ ਪਾਰਟੀ ਦਾ ਲੜ ਫੜਿਆ ਅਤੇ ਹੁਣ ਬਸਪਾ ਦੇ ਨਾਲ ਹਨ। ਸਿਆਸੀ ਜਾਣਕਾਰਾਂ ਦਾ ਮੰਨਣਾ ਹੈ ਕਿ ਬੀ.ਐੱਸ.ਪੀ. ਨੇ ਮੁਸਲਿਮ ਉਮੀਦਵਾਰ ਉਤਾਰ ਕੇ ਕਾਂਗਰਸ-ਸਪਾ ਗੱਠਜੋੜ ਦੇ ਸਾਹਮਣੇ ਮੁਸ਼ਕਲ ਖੜ੍ਹੀ ਕਰ ਦਿੱਤੀ ਹੈ। ਵਾਰਾਣਸੀ ’ਚ ਮੁਸਲਿਮ ਆਬਾਦੀ ਲਗਭਗ 20 ਫੀਸਦੀ ਹੈ ਅਤੇ ਅਜਿਹੇ ਵਿਚ ਮੁਸਲਿਮ ਉਮੀਦਵਾਰ ਦੇ ਮੈਦਾਨ ਵਿਚ ਉਤਰਨ ਕਾਰਨ ਵਿਰੋਧੀ ਧਿਰ ਦੀਆਂ ਵੋਟਾਂ ਵੰਡੀਆਂ ਜਾ ਸਕਦੀਆਂ ਹਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜਿੱਤ ਦਾ ਫਰਕ ਇਸ ਸੀਟ ਨਾਲ ਵਧ ਸਕਦਾ ਹੈ। 2019 ਵਿਚ ਮੋਦੀ ਨੇ ਵਾਰਾਣਸੀ ਲੋਕ ਸਭਾ ਸੀਟ 4.79 ਲੱਖ ਵੋਟਾਂ ਦੇ ਫਰਕ ਨਾਲ ਜਿੱਤਿਆ ਸੀ ਜਦਕਿ 2014 ਦੀਆਂ ਲੋਕ ਸਭਾ ਚੋਣਾਂ ਵਿਚ ਮੋਦੀ ਨੇ ਇਥੇ 3.71 ਲੱਖ ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਵਾਰਾਣਸੀ ਸੀਟ ’ਤੇ ਮੋਦੀ ਦੇ ਖੜ੍ਹੇ ਹੋਣ ਕਾਰਨ ਇਥੇ ਉਮੀਦਵਾਰਾਂ ਦਾ ਹੜ੍ਹ ਆ ਗਿਆ ਸੀ। ਕੁਲ 42 ਉਮੀਦਵਾਰਾਂ ਨੇ ਚੋਣਾਂ ਵਿਚ ਆਪਣੀ ਕਿਸਮਤ ਅਜਮਾਈ ਸੀ।

ਇਹ ਵੀ ਪੜ੍ਹੋ : ਹਸਨੂਰਾਮ ਦੀ ਹਸਰਤ; ਹਰ ਵਾਰ ਰਹਿ ਜਾਂਦੀ ਹੈ ਅਧੂਰੀ, 98 ਵਾਰ ਹਾਰ ਚੁੱਕਿਆ ਹੈ ਚੋਣ ਪਰ ਬਣਾਉਣਾ ਚਾਹੁੰਦੈ ਇਹ ਰਿਕਾਰਡ

ਪਿਛਲੀਆਂ ਚੋਣਾਂ ਵਿਚ ਮਾਇਆਵਤੀ ਦੀ ਬਹੁਜਨ ਸਮਾਜ ਪਾਰਟੀ ਅਤੇ ਅਖਿਲੇਸ਼ ਯਾਦਵ ਦੀ ਸਮਾਜਵਾਦੀ ਪਾਰਟੀ ਦਾ ਗੱਠਜੋੜ ਸੀ ਅਤੇ ਇਹ ਸੀਟ ਸਮਾਜਵਾਦੀ ਪਾਰਟੀ ਦੇ ਿਹੱਸੇ ਆਈ ਸੀ ਅਤੇ ਸਪਾ ਨੇ ਇਥੇ ਸ਼ਾਲਿਨੀ ਯਾਦਵ ਨੂੰ ਮੈਦਾਨ ਵਿਚ ਉਤਾਰਿਆ ਸੀ ਪਰ ਉਨ੍ਹਾਂ ਨੂੰ ਸਿਰਫ 18.4 ਫੀਸਦੀ ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਮੁਸ਼ਕਲ ਨਾਲ ਬਚੀ ਸੀ। ਇਸ ਤੋਂ ਪਹਿਲਾਂ 2014 ਵਿਚ ਵਿਜੇ ਪ੍ਰਕਾਸ਼ ਜਾਇਸਵਾਲ ਇਸ ਸੀਟ ’ਤੇ ਬਸਪਾ ਦੇ ਉਮੀਦਵਾਰ ਸਨ ਪਰ ਉਨ੍ਹਾਂ ਨੂੰ ਸਿਰਫ 5.9 ਫੀਸਦੀ ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਇਸ ਵਾਰ ਸਮਾਜਵਾਦੀ ਪਾਰਟੀ ਅਤੇ ਕਾਂਗਰਸ ਦੇ ਗੱਠਜੋੜ ਕਾਰਨ ਇਹ ਸੀਟ ਕਾਂਗਰਸ ਦੇ ਹਿੱਸੇ ਆਈ ਹੈ ਅਤੇ ਕਾਂਗਰਸ ਨੇ ਇਸ ਸੀਟ ਤੋਂ ਆਪਣੇ ਪ੍ਰਦੇਸ਼ ਪ੍ਰਧਾਨ ਅਜੇ ਰਾਏ ਨੂੰ ਮੈਦਾਨ ਵਿਚ ਉਤਾਰਿਆ ਹੈ। ਇਸ ਸੀਟ ’ਤੇ ਪਿਛਲੀਆਂ ਚੋਣਾਂ ਵਿਚ ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦਾ ਕੁਲ ਵੋਟ ਫੀਸਦੀ 32.78 ਰਿਹਾ ਸੀ ਜਦਕਿ ਪ੍ਰਧਾਨ ਮੰਤਰੀ ਮੋਦੀ ਨੂੰ 63.60 ਫੀਸਦੀ ਵੋਟਾਂ ਹਾਸਲ ਹੋਈਆਂ ਸਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 674664 ਵੋਟਾਂ ਹਾਸਲ ਹੋਈਆਂ ਸਨ ਅਤੇ ਉਨ੍ਹਾਂ ਨੇ ਇਸ ਸੀਟ ’ਤੇ 479505 ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ ਕਿਉਂਕਿ ਦੂਸਰੇ ਨੰਬਰ ’ਤੇ ਆਈ ਸਪਾ ਦੀ ਸ਼ਾਲਿਨੀ ਯਾਦਵ ਨੂੰ 195159 ਅਤੇ ਤੀਸਰੇ ਨੰਬਰ ’ਤੇ ਰਹੇ ਕਾਂਗਰਸ ਦੇ ਉਮੀਦਵਾਰ ਅਜੇ ਰਾਏ ਨੂੰ ਪਿਛਲੀਆਂ ਚੋਣਾਂ ਵਿਚ 152548 ਵੋਟਾਂ ਹਾਸਲ ਹੋਈਆਂ ਸਨ।

ਇੰਨੀ ਜਾਇਦਾਦ ਦੇ ਮਾਲਕ ਹਨ ਲਾਰੀ

ਬਸਪਾ ਉਮੀਦਵਾਰ ਅਤਹਰ ਜਮਾਲ ਲਾਰੀ ਕੋਲ ਕੁਲ 1 ਕਰੋੜ 28 ਲੱਖ ਤੋਂ ਜ਼ਿਆਦਾ ਦੀ ਜਾਇਦਾਦ ਹੈ। 43 ਹਜ਼ਾਰ ਰੁਪਏ ਕੈਸ਼ ਅਤੇ 1 ਲੱਖ ਤੋਂ ਜ਼ਿਆਦਾ ਬੈਂਕ ’ਚ ਜਮ੍ਹਾਂ ਹਨ। ਉਨ੍ਹਾਂ ਦੇ ਕੋਲ 14 ਲੱਖ ਤੋਂ ਜ਼ਿਆਦਾ ਦੀ ਜਵੈਲਰੀ ਹੈ। 25 ਲੱਖ ਤੋਂ ਜ਼ਿਆਦਾ ਖੇਤੀ ਯੋਗ ਜ਼ਮੀਨ ਅਤੇ 75 ਲੱਖ ਰੁਪਏ ਦੀ ਬਿਲਡਿੰਗ ਹੈ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


author

DIsha

Content Editor

Related News