ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ, ਹੋਟਲ ਅਤੇ ਸਪਾ ਸੈਂਟਰ ਬਣੇ ਇਸ ਦੇ ਮੁੱਖ ਅੱਡੇ

Saturday, Feb 04, 2023 - 02:13 AM (IST)

ਦੇਸ਼ ’ਚ ਦੇਹ ਵਪਾਰ ਜ਼ੋਰਾਂ ’ਤੇ, ਹੋਟਲ ਅਤੇ ਸਪਾ ਸੈਂਟਰ ਬਣੇ ਇਸ ਦੇ ਮੁੱਖ ਅੱਡੇ

ਦੇਸ਼ ’ਚ ਦੇਹ ਵਪਾਰ ਚਿੰਤਾਜਨਕ ਹੱਦ ਤੱਕ ਵਧਦਾ ਜਾ ਰਿਹਾ ਹੈ। ਵੱਡੇ ਪੱਧਰ ’ਤੇ ਹੋਟਲਾਂ ਅਤੇ ਸਪਾ ਸੈਂਟਰਾਂ ’ਚ ਇਸ ਦੇ ਮਾਮਲੇ ਸਾਹਮਣੇ ਆ ਰਹੇ ਹਨ ਅਤੇ ਇਹ ਅਨੈਤਿਕ ਧੰਦਾ ਚਲਾਉਣ ’ਚ ਮਰਦਾਂ ਦੇ ਨਾਲ-ਨਾਲ ਔਰਤਾਂ ਵੀ ਸ਼ਾਮਲ ਪਾਈਆਂ ਜਾ ਰਹੀਆਂ ਹਨ :

* 10 ਜਨਵਰੀ, 2023 ਨੂੰ ਅੰਮ੍ਰਿਤਸਰ (ਪੰਜਾਬ) ਦੇ ਇਕ ਹੋਟਲ ’ਚ ਛਾਪੇਮਾਰੀ ਕਰ ਕੇ ਦੇਹ ਵਪਾਰ ਚਲਾਉਣ ਵਾਲੇ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ, ਜੋ ਦੂਜੇ ਸ਼ਹਿਰ ਤੋਂ ਲੜਕੀਆਂ ਮੰਗਵਾ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਉਂਦੇ ਸਨ।

* 12 ਜਨਵਰੀ, 2023 ਨੂੰ ਰੇਵਾੜੀ (ਹਰਿਆਣਾ) ਦੇ ਪਿੰਡ ‘ਚਾਂਦਾਵਾਸ’ ਸਥਿਤ ਇਕ ਹੋਟਲ ’ਚ ਚੱਲ ਦੇਹ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ 6 ਨੌਜਵਾਨਾਂ ਅਤੇ ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੀਆਂ 3 ਮੁਟਿਆਰਾਂ ਨੂੰ ਗ੍ਰਿਫਤਾਰ ਕੀਤਾ।

* 12 ਜਨਵਰੀ, 2023 ਨੂੰ ਹੀ ਠਾਣੇ (ਮਹਾਰਾਸ਼ਟਰ) ਦੇ ਇਕ ਹੋਟਲ ’ਚ ਗਰੀਬ ਲੋੜਵੰਦ ਮੁਟਿਆਰਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਦੇਹ ਵਪਾਰ ’ਚ ਧੱਕਣ ਵਾਲੀ ਦਲਾਲ ਔਰਤ ਨੂੰ ਗ੍ਰਿਫਤਾਰ ਕਰ ਕੇ ਅਧਿਕਾਰੀਆਂ ਨੇ ਉਸ ਦੇ ਕਬਜ਼ੇ ’ਚੋਂ 2 ਪੀੜਤ ਮੁਟਿਆਰਾਂ ਨੂੰ ਮੁਕਤ ਕਰਵਾ ਕੇ ਸੁਧਾਰ ਘਰ ਭੇਜ ਦਿੱਤਾ।

ਪੁਲਸ ਨੇ ਦਲਾਲ ਔਰਤ ਦੇ ਕੋਲ ਇਕ ਫਰਜ਼ੀ ਗਾਹਕ ਭੇਜਿਆ, ਜਿਸ ਨੇ ਉਸ ਦੇ ਨਾਲ 30,000 ਰੁਪਏ ’ਚ ਸੌਦਾ ਕੀਤਾ। ਦਲਾਲ ਔਰਤ ਨੇ ਪੈਸੇ ਲੈਣ ਦੇ ਬਾਅਦ ਇਕ ਮੁਟਿਆਰ ਨੂੰ 5000 ਰੁਪਏ ਦਿੱਤੇ ਅਤੇ ਬਾਕੀ 25000 ਰੁਪਏ ਆਪਣੇ ਕੋਲ ਰੱਖ ਲਏ। ਤਦ ਹੀ ਫਰਜ਼ੀ ਗਾਹਕ ਵੱਲੋਂ ਇਸ਼ਾਰਾ ਮਿਲਦੇ ਹੀ ਪੁਲਸ ਟੀਮ ਨੇ ਮੌਕੇ ’ਤੇ ਛਾਪਾ ਮਾਰ ਕੇ ਦਲਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ।

* 13 ਜਨਵਰੀ, 2023 ਨੂੰ ਸਾਗਰ (ਮੱਧ ਪ੍ਰਦੇਸ਼) ਦੇ ‘ਗੌਰ ਨਗਰ’ ’ਚ ਸੰਚਾਲਿਤ ਇਕ ਸਪਾ ਸੈਂਟਰ ਦੀ ਆੜ ’ਚ ਚਲਾਏ ਜਾ ਰਹੇ ਦੇਹ ਵਪਾਰ ਦੇ ਅੱਡੇ ’ਤੇ ਛਾਪਾ ਮਾਰ ਕੇ ਪੁਲਸ ਨੇ ਉੱਤਰ-ਪੂਰਬ ਦੇ ਸੂਬਿਆਂ ਦੀਆਂ 5 ਮੁਟਿਆਰਾਂ ਸਮੇਤ 7 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ।

* 22 ਜਨਵਰੀ, 2023 ਨੂੰ ਸਿਲੀਗੁੜੀ (ਬੰਗਾਲ) ਦੀ ਪੁਲਸ ਨੇ ਦੇਹ ਵਪਾਰ ਦੇ ਸਿਲਸਿਲੇ ’ਚ ਇਕ ਹੋਟਲ ’ਚੋਂ 4 ਮੁਟਿਆਰਾਂ ਅਤੇ 8 ਮਰਦਾਂ ਨੂੰ ਗ੍ਰਿਫਤਾਰ ਕੀਤਾ।

* 25 ਜਨਵਰੀ, 2023 ਨੂੰ ਉੱਨਾਵ (ਉੱਤਰ ਪ੍ਰਦੇਸ਼) ’ਚ ਅਧਿਕਾਰੀਆਂ ਨੇ ਇਕ ਹੋਟਲ ’ਚ ਛਾਪਾ ਮਾਰਿਆ ਤਾਂ ਲਗਭਗ ਅੱਧੇ ਘੰਟੇ ਬਾਅਦ ਹੋਟਲ ਦਾ ਸ਼ਟਰ ਖੁੱਲ੍ਹਾ ਤੇ ਤਲਾਸ਼ੀ ਦੇ ਦੌਰਾਨ ਅਧਿਕਾਰੀਆਂ ਨੇ ਇਤਰਾਜ਼ਯੋਗ ਹਾਲਤ ’ਚ ਸ਼ਰਾਬ ਅਤੇ ਬੀਅਰ ਦੀਆਂ ਖਾਲੀ ਬੋਤਲਾਂ ਦੇ ਨਾਲ 3 ਮੁਟਿਆਰਾਂ ਨੂੰ ਗ੍ਰਿਫਤਾਰ ਕੀਤਾ।

* 1 ਫਰਵਰੀ, 2023 ਨੂੰ ਪ੍ਰਵਾਣੂ (ਹਿਮਾਚਲ) ’ਚ ਪੁਲਸ ਨੇ ਇਕ ਹੋਟਲ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਹੋਟਲ ਮਾਲਕ ਸਮੇਤ ਇਕ ਔਰਤ ਨੂੰ ਹਿਰਾਸਤ ’ਚ ਲਿਆ। ਦੱਸਿਆ ਜਾਂਦਾ ਹੈ ਕਿ ਹੋਟਲ ਦਾ ਮਾਲਕ ਬਾਹਰੀ ਸੂਬਿਆਂ ਤੋਂ ਮੁਟਿਆਰਾਂ ਨੂੰ ਸੱਦ ਕੇ ਉਨ੍ਹਾਂ ਕੋਲੋਂ ਦੇਹ ਵਪਾਰ ਕਰਵਾਉਂਦਾ ਸੀ।

* 2 ਫਰਵਰੀ, 2023 ਨੂੰ ਝੱਜਰ (ਹਰਿਆਣਾ) ’ਚ ਹੋਟਲਾਂ ਤੇ ਗੈਸਟ ਹਾਊਸ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼ ਕਰਦੇ ਹੋਏ ਪੁਲਸ ਨੇ 3 ਵੱਖ-ਵੱਖ ਥਾਵਾਂ ’ਤੇ ਕਾਰਵਾਈ ਕੀਤੀ ਅਤੇ ਇਸ ਦੌਰਾਨ 5 ਮੁਟਿਆਰਾਂ ਅਤੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ। ਇਨ੍ਹਾਂ ਛਾਪਿਆਂ ਦੇ ਦੌਰਾਨ ਕੁਝ ਨੌਜਵਾਨ-ਮੁਟਿਆਰਾਂ ਨੇ ਹੋਟਲਾਂ ਦੀਆਂ ਛੱਤਾਂ ਤੋਂ ਛਾਲ ਮਾਰ ਕੇ ਭੱਜਣ ਤੱਕ ਦੀ ਕੋਸ਼ਿਸ਼ ਵੀ ਕੀਤੀ। ਚੰਗੀ ਕਿਸਮਤ ਕਿ ਕਿਸੇ ਨੂੰ ਸੱਟ ਨਹੀਂ ਲੱਗੀ ਪਰ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਪੁਲਸ ਉਨ੍ਹਾਂ ਨੂੰ ਥਾਣੇ ਲੈ ਗਈ।

* 2 ਫਰਵਰੀ, 2023 ਨੂੰ ਹੀ ਲੁਧਿਆਣਾ (ਪੰਜਾਬ) ’ਚ ਇੰਟਰਸਟੇਟ ਬੱਸ ਅੱਡੇ ਦੇ ਨੇੜੇ ਹੋਟਲਾਂ ’ਚ ਛਾਪੇਮਾਰੀ ਕਰਕੇ 3 ਹੋਟਲਾਂ ’ਚ ਦੇਹ ਵਪਾਰ ਕਰਨ ਵਾਲੀਆਂ 15 ਮੁਟਿਆਰਾਂ, 6 ਨੌਜਵਾਨਾਂ ਅਤੇ 3 ਹੋਟਲ ਮੈਨੇਜਰਾਂ ਨੂੰ ਗ੍ਰਿਫਤਾਰ ਕੀਤਾ ਗਿਆ।

ਇਸ ਲਈ ਜਿੱਥੇ ਇਸ ਧੰਦੇ ’ਚ ਸ਼ਾਮਲ ਲੋਕਾਂ ਅਤੇ ਇਸ ਕੰਮ ’ਚ ਉਨ੍ਹਾਂ ਦੀ ਸਹਾਇਤਾ ਕਰਨ ਵਾਲਿਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਸਖਤ ਤੋਂ ਸਖਤ ਸ਼ਜਾ ਦੇਣ ਦੀ ਲੋੜ ਹੈ ਉੱਥੇ ਹੀ ਇਸ ਨੂੰ ਅਪਣਾਉਣ ਲਈ ਮਜਬੂਰ ਹੋਣ ਵਾਲੀਆਂ ਮੁਟਿਆਰਾਂ ਨੂੰ ਇਸ ਚਿੱਕੜ ’ਚੋਂ ਕੱਢ ਕੇ ਤੇ ਇਸ ਧੰਦੇ ’ਚ ਆਉਣ ਦੇ ਪਿੱਛੇ ਉਨ੍ਹਾਂ ਦੀਆਂ ਮਜਬੂਰੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਦੂਰ ਕਰਨ ਅਤੇ ਉਨ੍ਹਾਂ ਦਾ ਮੁੜ-ਵਸੇਬਾ ਕਰਨ ਲਈ ਪ੍ਰਭਾਵਸ਼ਾਲੀ ਕਦਮ ਚੁੱਕਣ ਦੀ ਵੀ ਓਨੀ ਹੀ ਲੋੜ ਹੈ।

-ਵਿਜੇ ਕੁਮਾਰ


author

Mukesh

Content Editor

Related News