‘ਅਗਨੀਕਾਂਡਾਂ ਨਾਲ ਹਸਪਤਾਲਾਂ ’ਚ’ ‘ਜਾ ਰਹੇ ਅਨਮੋਲ ਪ੍ਰਾਣ’

01/10/2021 3:14:12 AM

ਭਾਰਤੀ ਹਸਪਤਾਲਾਂ ’ਚ ਜਿੱਥੇ ਬਿਮਾਰ ਲੋਕ ਨਵੀਂ ਜ਼ਿੰਦਗੀ ਹਾਸਲ ਕਰਨ ਲਈ ਜਾਂਦੇ ਹਨ, ਸਮੇਂ-ਸਮੇਂ ’ਤੇ ਹੋਣ ਵਾਲੇ ਅਗਨੀਕਾਂਡਾਂ ਦੇ ਨਤੀਜੇ ਵਜੋਂ ਲੋਕ ਬੇ-ਮੌਤ ਮਰ ਰਹੇ ਹਨ। ‘ਇੰਟਰਨੈਸ਼ਨਲ ਜਰਨਲ ਆਫ ਕਮਿਊਨਿਟੀ ਮੈਡੀਸਨ ਅਤੇ ਪਬਲਿਕ ਹੈਲਥ’ ਦੀ 2020 ਦੀ ਰਿਪੋਰਟ ਦੇ ਅਨੁਸਾਰ ਪਿਛਲੇ 10 ਸਾਲਾਂ ’ਚ ਦੇਸ਼ ਦੇ ਹਸਪਤਾਲਾਂ ’ਚ ਅੱਗ ਲੱਗਣ ਦੀਆਂ 33 ਵੱਡੀਆਂ ਘਟਨਾਵਾਂ ਹੋ ਚੁੱਕੀਆਂ ਹਨ।

9 ਜਨਵਰੀ, 2021 ਨੂੰ ਤੜਕੇ 1.30 ਵਜੇ ਮਹਾਰਾਸ਼ਟਰ ’ਚ ਭੰਡਾਰਾ ਦੇ ਸਰਕਾਰੀ ਹਸਪਤਾਲ ’ਚ ‘ਸਿਕ ਨਿਊਬੋਰਨ ਕੇਅਰ ਯੂਨਿਟ’ ’ਚ ਅੱਗ ਲੱਗਣ ਨਾਲ ਇਕ ਦਿਨ ਤੋਂ 3 ਮਹੀਨੇ ਤੱਕ ਉਮਰ ਦੇ 17 ਬੱਚਿਆਂ ’ਚੋਂ 10 ਬੱਚਿਆਂ ਦੀ ਜ਼ਿੰਦਾ ਸੜ ਜਾਣ ਨਾਲ ਮੌਤ ਹੋ ਗਈ। ਇਕ ਨਰਸ ਦੇ ਅਨੁਸਾਰ ਜਦੋਂ ਉਸ ਨੇ ਦਰਵਾਜ਼ਾ ਖੋਲ੍ਹਿਆ ਤਾਂ ਚਾਰੇ ਪਾਸੇ ਧੂੰਆਂ ਫੈਲਿਆ ਹੋਇਆ ਸੀ।

ਹਸਪਤਾਲ ਦੇ ਪ੍ਰਬੰਧਕਾਂ ਦੀ ਲਾਪਰਵਾਹੀ ਇਸੇ ਤੋਂ ਸਪੱਸ਼ਟ ਹੋ ਜਾਂਦੀ ਹੈ ਕਿ ਬੱਚਿਆਂ ਦੀ ਸੁਰੱਖਿਆ ਲਈ ਲਗਾਤਾਰ ਆਕਸੀਜਨ ਸਪਲਾਈ ਆਦਿ ਦੀ ਵਿਵਸਥਾ ਬਣਾਈ ਰੱਖਣ ਲਈ ਸਬੰਧਿਤ ਕਰਮਚਾਰੀ ਦੇ ਇਲਾਵਾ ਇਸ ਵਾਰਡ ’ਚ ਰਾਤ ਦੇ ਸਮੇਂ ਇਕ ਡਾਕਟਰ ਅਤੇ 4 ’ਚੋਂ 5 ਨਰਸਾਂ ਦੀ ਡਿਊਟੀ ਲਾਜ਼ਮੀ ਹੋਣ ਦੇ ਬਾਵਜੂਦ ਵਾਰਡ ’ਚ ਨਾ ਹੀ ਆਕਸੀਜਨ ਸਪਲਾਈ ਦੀ ਨਿਗਰਾਨੀ ਕਰਨ ਵਾਲਾ ਕਰਮਚਾਰੀ ਸੀ, ਨਾ ਹੀ ਕੋਈ ਨਰਸ ਤੇ ਡਾਕਟਰ ਸੀ।

ਹਸਪਤਾਲ ’ਚ ਅੱਗ ਲੱਗਣ ਦੀ ਘਟਨਾ ਸ਼ਾਰਟ-ਸਰਕਟ ਦਾ ਨਤੀਜਾ ਦੱਸੀ ਜਾ ਰਹੀ ਹੈ। ਇਸ ਲਈ ਸਵਾਲ ਉੱਠਦਾ ਹੈ ਕਿ ਇਲੈਕਟ੍ਰਾਨਿਕ ਯੰਤਰਾਂ ਦੀ ਨਿਯਮਤ ਜਾਂਚ ਦਾ ਨਿਯਮ ਹੋਣ ਦੇ ਬਾਵਜੂਦ ਸ਼ਾਰਟ ਸਰਕਟ ਕਿਉਂ ਹੋਇਆ? ਵਾਰਡ ’ਚ ‘ਸਮੋਕ ਡਿਟੈਕਟਰ’ ਵੀ ਨਹੀਂ ਲੱਗਾ ਹੋਇਆ ਸੀ। ਜੇਕਰ ਲੱਗਾ ਹੁੰਦਾ ਤਾਂ ਅੱਗ ਲੱਗਣ ਦੀ ਜਾਣਕਾਰੀ ਪਹਿਲਾਂ ਮਿਲ ਜਾਣ ਨਾਲ ਬੱਚਿਆਂ ਦੀ ਜਾਨ ਬਚ ਸਕਦੀ ਸੀ।

ਫਿਲਹਾਲ, ਇਸ ਘਟਨਾ ਨੇ ਅਤੀਤ ’ਚ ਭਾਰਤੀ ਹਸਪਤਾਲਾਂ ’ਚ ਹੋਣ ਵਾਲੇ ਅਗਨੀਕਾਂਡਾਂ ਦੀ ਯਾਦ ਤਾਜ਼ਾ ਕਰ ਦਿੱਤੀ ਹੈ ਜਿਨ੍ਹਾਂ ’ਚੋਂ ਕੁਝ ਵੱਡੇ ਅਗਨੀਕਾਂਡ ਹੇਠਾਂ ਦਰਜ ਹਨ :

* 9 ਦਸੰਬਰ, 2011 ਨੂੰ ਕੋਲਕਾਤਾ ਦੇ ‘ਏ.ਐੱਮ.ਆਰ.ਆਈ.’ ਹਸਪਤਾਲ ’ਚ ਹੋਏ ਭਿਆਨਕ ਅਗਨੀਕਾਂਡ ’ਚ ਉੱਥੇ ਇਲਾਜ ਅਧੀਨ 93 ਰੋਗੀਆਂ ਦੀ ਮੌਤ ਹੋ ਗਈ। ਇਹ ਭਾਰਤੀ ਹਸਪਤਾਲਾਂ ’ਚ ਹੁਣ ਤੱਕ ਦਾ ਸਭ ਤੋਂ ਭਿਆਨਕ ਅਗਨੀਕਾਂਡ ਹੈ।

* 13 ਜਨਵਰੀ, 2013 ਨੂੰ ਬੀਕਾਨੇਰ ਦੇ ਪੀ.ਬੀ.ਐੱਮ. ਹਸਪਤਾਲ ’ਚ ਅੱਗ ਲੱਗਣ ਨਾਲ 3 ਰੋਗੀ ਗੰਭੀਰ ਰੂਪ ’ਚ ਝੁਲਸ ਗਏ।

* 16 ਅਕਤੂਬਰ, 2015 ਨੂੰ ਓਡੀਸ਼ਾ ਦੇ ਕਟਕ ’ਚ ਅਚਾਰੀਆ ਹਰੀਹਰ ਰਿਜਨਲ ਕੈਂਸਰ ਸੈਂਟਰ ’ਚ ਆਪ੍ਰੇਸ਼ਨ ਥਿਏਟਰ ’ਚ ਅੱਗ ਲੱਗਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 80 ਵਿਅਕਤੀਆਂ ਨੂੰ ਦੂਸਰੇ ਹਸਪਤਾਲਾਂ ’ਚ ਸ਼ਿਫਟ ਕਰਨਾ ਪਿਆ।

18 ਅਕਤੂਬਰ, 2016 ਭੁਵਨੇਸ਼ਵਰ ਦੇ ‘ਐੱਸ.ਯੂ.ਐੱਮ’ ਹਸਪਤਾਲ ਦੇ ਆਈ.ਸੀ.ਯੂ. ’ਚ ਲੱਗੀ ਭਿਆਨਕ ਅੱਗ ਦੇ ਨਤੀਜੇ ਵਜੋਂ ਉੱਥੇ ਇਲਾਜ ਅਧੀਨ 20 ਰੋਗੀ ਮਾਰੇ ਗਏ।

* 16 ਜੁਲਾਈ, 2017 ਨੂੰ ਲਖਨਊ ਸਥਿਤ ‘ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਅਤੇ ਹਸਪਤਾਲ’ ’ਚ ਡਿਜ਼ਾਸਟਰ ਮੈਨੇਜਮੈਂਟ ਵਾਰਡ ’ਚ ਹੀ ਅੱਗ ਲੱਗ ਗਈ ਜਿਸ ਨਾਲ 250 ਰੋਗੀਆਂ ਨੂੰ ਦੂਸਰੇ ਹਸਪਤਾਲਾਂ ’ਚ ਸ਼ਿਫਟ ਕਰਨਾ ਪਿਆ।

* 20 ਦਸੰਬਰ, 2018 ਨੂੰ ਮੁੰਬਈ ’ਚ ‘ਈ.ਐੱਸ.ਆਈ.ਸੀ.’ ਕਾਮਗਾਰ ਹਸਪਤਾਲ’ ’ਚ ਅੱਗ ਲੱਗਣ ਨਾਲ 8 ਲੋਕਾਂ ਦੀ ਮੌਤ ਹੋ ਗਈ ਅਤੇ 145 ਰੋਗੀ ਝੁਲਸ ਗਏ।

* 23 ਜਨਵਰੀ, 2019 ਨੂੰ ਛੱਤੀਸਗੜ੍ਹ ਦੇ ਬਿਲਾਸਪੁਰ ’ਚ ‘ਛੱਤੀਸਗੜ੍ਹ ਇੰਸਟੀਚਿਊਟ ਆਫ ਮੈਡੀਕਲ ਸਾਇੰਿਸਜ਼’ ’ਚ ਬੱਚਾ ਵਿਭਾਗ ’ਚ ਅੱਗ ਲੱਗਣ ਨਾਲ 3 ਰੋਗੀ ਗੰਭੀਰ ਰੂਪ ’ਚ ਝੁਲਸ ਗਏ ਅਤੇ 40 ਬੱਚਿਆਂ ਨੂੰ ਹੋਰਨਾਂ ਹਸਪਤਾਲਾਂ ’ਚ ਸ਼ਿਫਟ ਕਰਨਾ ਪਿਆ।

* 6 ਅਗਸਤ, 2020 ਨੂੰ ਅਹਿਮਦਾਬਾਦ ਦੇ ‘ਸ਼੍ਰੇਆ ਹਸਪਤਾਲ’ ’ਚ ਹੋਏ ਅਗਨੀ ਕਾਂਡ ’ਚ ਉੱਥੇ ਇਲਾਜ ਅਧੀਨ 8 ਰੋਗੀ ਮਾਰੇ ਗਏ ਅਤੇ ਕਈ ਝੁਲਸ ਗਏ।

* 27 ਨਵੰਬਰ, 2020 ਨੂੰ ਰਾਜਕੋਟ ਦੇ ‘ਉਦੈ ਸ਼ਿਵਾਨੰਦ ਹਸਪਤਾਲ’ ਦੇ ਆਈ.ਸੀ.ਯੂ. ’ਚ ਅੱਗ ਲੱਗਣ ਨਾਲ ਇਲਾਜ ਅਧੀਨ 5 ਰੋਗੀਆਂ ਦੀ ਮੌਤ ਹੋ ਗਈ। ਪਿਛਲੇ 5 ਮਹੀਨਿਆਂ ’ਚ ਗੁਜਰਾਤ ਦੇ ਹਸਪਤਾਲਾਂ ’ਚ ਹੋਣ ਵਾਲਾ ਇਹ 7ਵਾਂ ਅਗਨੀਕਾਂਡ ਸੀ।

ਕੇਂਦਰ ਸਰਕਾਰ ਨੇ 30 ਨਵੰਬਰ ਨੂੰ ਜਾਰੀ ਹੁਕਮ ਦੇ ਅਧੀਨ ਦੇਸ਼ ਭਰ ਦੇ ਹਸਪਤਾਲਾਂ ਅਤੇ ਨਰਸਿੰਗ ਹੋਮਸ ’ਚ ਅੱਗ ਤੋਂ ਸੁਰੱਖਿਆ ਦੇ ਉਪਾਵਾਂ ਦੀ ਪਾਲਣਾ ਕਰਨਾ ਲਈ ਕਿਹਾ ਸੀ ਅਤੇ ਸੁਪਰੀਮ ਕੋਰਟ ਵੀ 18 ਦਸੰਬਰ, 2020 ਨੂੰ ਸਾਰੇ ਸੂਬਿਆਂ ਨੂੰ ਹਸਪਤਾਲਾਂ ’ਚ ਫਾਇਰ ਸਿਕਿਓਰਿਟੀ ਆਡਿਟ ਕਰਵਾਉਣ ਅਤੇ ਹਸਪਤਾਲਾਂ ਨੂੰ ਫਾਇਰ ਅਾਡਿਟ ਕਰਵਾਉਣ ਅਤੇ ਐੱਨ.ਓ.ਸੀ. ਲੈਣ ਦਾ ਵੀ ਹੁਕਮ ਜਾਰੀ ਕਰ ਚੁੱਕੀ ਹੈ।

ਸੁਪਰੀਮ ਕੋਰਟ ਨੇ ਅਜਿਹਾ ਨਾ ਕੀਤੇ ਜਾਣ ’ਤੇ ਦੋਸ਼ੀ ਹਸਪਤਾਲ ਦੇ ਪ੍ਰਬੰਧਕਾਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੇ ਸਬੰਧਤ ਵਿਭਾਗਾਂ ਨੂੰ ਹੁਕਮ ਦਿੱਤੇ ਸਨ ਪਰ ਇਸ ਦੇ ਬਾਵਜੂਦ, ਨਾ ਹੀ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਤੇ ਨਾ ਹੀ ਸੁਪਰੀਮ ਕੋਰਟ ਦੇ ਹੁਕਮ ਦੀ ਪਾਲਣਾ ਕੀਤੀ ਜਾ ਰਹੀ ਹੈ।

ਬਿਜਲੀ ਦੀ ਖਪਤ ਅਤੇ ‘ਲੋਡ’ ਦੇ ਅਨੁਸਾਰ ਵਾਇਰਿੰਗ ਅਪਗ੍ਰੇਡ ਨਾ ਹੋਣ ਨਾਲ ਸ਼ਾਰਟ ਸਰਕਟ ਹੋਣ ਦੇ ਇਲਾਵਾ ਏਅਰ ਕੰਡੀਸ਼ਨਾਂ ’ਚ ਖਰਾਬੀ, ਅੱਗ ਬੁਝਾਉਣ ਵਾਲੇ ਯੰਤਰਾਂ ਦਾ ਕੰਮ ਨਾ ਕਰਨਾ, ਵੈਂਟੀਲੇਟਰ ਵਰਗੇ ਮਹੱਤਵਪਰਨ ਯੰਤਰਾਂ ’ਚ ਖਰਾਬੀ ਪੈਦਾ ਹੋਣੀ ਆਦਿ ਅੱਗ ਲੱਗਣ ਦੇ ਮੁਮਖ ਕਾਰਨ ਮੰਨੇ ਜਾਂਦੇ ਹਨ।

ਇਸ ਲਈ ਡਿਊਟੀ ਦੇ ਸਮੇਂ ਸਬੰਧਿਤ ਕਰਮਚਾਰੀਆਂ ਦੇ ਸੁਚੇਤ ਰਹਿਣ, ਕਿਸੇ ਦੀ ਖਰਾਬੀ ਦੇ ਲਈ ਉਨ੍ਹਾਂ ’ਤੇ ਜ਼ਿੰਮੇਵਾਰੀ ਤੈਅ ਕਰਨ, ਬਿਜਲੀ ਆਦਿ ਦੇ ਯੰਤਰਾਂ ਦੀ ਨਿਯਮਤ ਜਾਂਚ ਯਕੀਨੀ ਬਣਾਉਣ ਦੇ ਇਲਾਵਾ ਅਜਿਹੀਆਂ ਮੌਤਾਂ ਦੇ ਲਈ ਜ਼ਿੰਮੇਵਾਰ ਸਟਾਫ ਦੇ ਵਿਰੁੱਧ ਸਖਤ ਕਾਰਵਾਈ ਕਰਨ ਦੀ ਲੋੜ ਹੈ, ਨਹੀਂ ਤਾਂ ਹਸਪਤਾਲਾਂ ’ਚ ਲੋਕ ਬੇ-ਮੌਤ ਮਰਦੇ ਹੀ ਰਹਿਣਗੇ।

- ਵਿਜੇ ਕੁਮਾਰ


Bharat Thapa

Content Editor

Related News