‘ਸਰਕਾਰਾਂ’ ਵਾਲੇ ਕੰਮ ਕਰਕੇ ਪ੍ਰਸ਼ਾਸਨ ਨੂੰ ਸ਼ਰਮਿੰਦਾ ਕਰ ਰਹੇ ਆਮ ਲੋਕ
Sunday, Jan 08, 2023 - 04:40 AM (IST)
ਹਾਲਾਂਕਿ ਸਰਕਾਰ ਤੋਂ ਇਹ ਆਸ ਕੀਤੀ ਜਾਂਦੀ ਹੈ ਕਿ ਉਹ ਜਲਦੀ ਤੋਂ ਜਲਦੀ ਜਨਤਾ ਦੀਆਂ ਸਮੱਸਿਆਵਾਂ ਦੂਰ ਕਰੇਗੀ ਪਰ ਕਈ ਵਾਰ ਜਦੋਂ ਅਧਿਕਾਰੀਆਂ ਦੇ ਨਜ਼ਰਅੰਦਾਜ਼ ਕਰਨ ਵਾਲੇ ਵਤੀਰੇ ਕਾਰਨ ਅਜਿਹਾ ਨਹੀਂ ਹੁੰਦਾ ਤਾਂ ਕੁਝ ਲੋਕ ਅੱਗੇ ਆ ਕੇ ਉਸ ਕੰਮ ਨੂੰ ਆਪਣੀ ਹਿੰਮਤ ਅਤੇ ਸੰਕਲਪ ਨਾਲ ਸੰਪੰਨ ਕਰ ਕੇ ਮਿਸਾਲ ਪੇਸ਼ ਕਰਦੇ ਹਨ :
* ਓਡਿਸ਼ਾ ਦੇ ਰਾਏਗੜ੍ਹ ਇਲਾਕੇ ’ਚ ਲੱਗਭਗ 20 ਪਿੰਡਾਂ ਦੇ ਲੋਕ ‘ਬਿਛਾਲਾ’ ਨਾਂ ਦੀ ਨਦੀ ’ਤੇ ਕਾਲਾਹਾਂਡੀ ਅਤੇ ਨਵਰੰਗਪੁਰ ਜ਼ਿਲ੍ਹਿਆਂ ਨੂੰ ਜੋੜਨ ਵਾਲਾ ਪੁਲ ਨਾ ਹੋਣ ਕਾਰਨ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਸਥਾਨਕ ਪ੍ਰਸ਼ਾਸਨ ਨੇ ਪੁਲ ਬਣਾਉਣਾ ਸ਼ੁਰੂ ਤਾਂ ਕੀਤਾ ਪਰ ਵਿਚਾਲੇ ਹੀ ਉਸ ਦੀ ਉਸਾਰੀ ਛੱਡ ਦਿੱਤੀ। ਉਸ ਨੂੰ ਦੇਖਦੇ ਹੋਏ ‘ਗੁੰਜਾਰਾਮ ਪੰਜਾਰਾ’ ਪਿੰਡ ਦੇ ਇਕ ਡਰਾਈਵਰ ਰਣਜੀਤ ਨਾਇਕ ਨੇ ਆਪਣੀ ਪਤਨੀ ਦੇ ਗਹਿਣੇ ਗਿਰਵੀ ਰੱਖ ਕੇ ਜ਼ਰੂਰੀ ਸਾਮਾਨ ਖਰੀਦਿਆ ਅਤੇ ਆਪਣੇ ਪਿਤਾ ਤੇ ਹੋਰਨਾਂ ਲੋਕਾਂ ਦੀ ਸਹਾਇਤਾ ਨਾਲ 3 ਮਹੀਨਿਆਂ ਦੀ ਮਿਹਨਤ ਤੋਂ ਬਾਅਦ ਦੋਵਾਂ ਜ਼ਿਲ੍ਹਿਆਂ ਨੂੰ ਜੋੜਨ ਵਾਲੇ ਪੁਲ ਦਾ ਨਿਰਮਾਣ ਕਰ ਦਿੱਤਾ।
* ਮਹਾਰਾਸ਼ਟਰ ’ਚ ‘ਸ਼ਾਹਪੁਰ’ ਪਿੰਡ ਤੋਂ ‘ਭਿਵੰਡੀ’ ਨੂੰ ਜਾਣ ਵਾਲੀ ਸੜਕ ਦੀ ਹਾਲਤ ਖ਼ਰਾਬ ਹੋਣ ਕਾਰਨ ਬੀਤੇ ਸਤੰਬਰ ’ਚ ਸਮੇਂ ’ਤੇ ਹਸਪਤਾਲ ਨਾ ਪਹੁੰਚ ਸਕਣ ਕਾਰਨ ਇਕ ਔਰਤ ਅਤੇ ਉਸ ਦੇ ਨਵਜੰਮੇ ਬੱਚੇ ਦੀ ਮੌਤ ਨਾਲ ਦ੍ਰਵਿਤ ਠਾਣੇ ਦੇ ਕੁਝ ਨੌਜਵਾਨਾਂ ਨੇ 12 ਲੱਖ ਰੁਪਏ ਖਰਚ ਕਰ ਕੇ ਉੱਥੋਂ ਲੰਘਣ ਵਾਲੀ ਨਦੀ ਦੇ ਉਪਰ 3000 ਕਿਲੋ ਤੱਕ ਵਜ਼ਨ ਸਹਿਣਯੋਗ ਇਕ ਪੁਲ ਬਣਵਾ ਦਿੱਤਾ।
* ਅਤੇ ਹੁਣ 5 ਜਨਵਰੀ ਨੂੰ ਅਜਿਹੀ ਹੀ ਇਕ ਮਿਸਾਲ ਜਲੰਧਰ ਦੇ ਗਾਂਧੀ ਕੈਂਪ ਦੇ ਲੋਕਾਂ ਨੇ ਪੇਸ਼ ਕੀਤੀ ਹੈ। ਜਦੋਂ ਸੀਵਰੇਜ ਦੇ ਪਾਣੀ ਦੇ ਓਵਰਫਲੋਅ ਨਾਲ ਉਨ੍ਹਾਂ ਦੀ ਪ੍ਰੇਸ਼ਾਨੀ ਕਾਫੀ ਵਧ ਗਈ ਤੇ ਕਈ ਘਰਾਂ ਦੇ ਅੰਦਰ ਤੱਕ ਪਾਣੀ ਮਾਰ ਕਰਨ ਲੱਗਾ ਤਾਂ ਲੋਕਾਂ ਨੇ, ਜਿਨ੍ਹਾਂ ’ਚ ਔਰਤਾਂ ਵੀ ਸ਼ਾਮਲ ਸਨ, ਖੁਦ ਹੀ ਸੀਵਰੇਜ ਦੇ ਢੱਕਣ ਚੁੱਕ ਕੇ ਬਲਾਕੇਜ ਖੋਲ੍ਹਣਾ ਸ਼ੁਰੂ ਕਰ ਦਿੱਤਾ। ਔਰਤਾਂ ਦੇ ਅਨੁਸਾਰ ਨਾ ਤਾਂ ਨਿਗਮ ਦੇ ਅਧਿਕਾਰੀ ਅਤੇ ਕਰਮਚਾਰੀਆਂ ਅਤੇ ਨਾ ਹੀ ਨੇਤਾ ਉਨ੍ਹਾਂ ਦੀ ਸਮੱਸਿਆ ਸੁਲਝਾ ਰਹੇ ਹਨ।
ਇਨਸਾਨ ਦੇ ਦ੍ਰਿੜ੍ਹ ਸੰਕਲਪ ਦੀਆਂ ਉਕਤ ਉਦਾਹਰਣਾਂ ਜਿਥੇ ਇਹ ਸਿੱਧ ਕਰਦੀਆਂ ਹਨ ਕਿ ਵਿਅਕਤੀ ਜੇਕਰ ਹਿੰਮਤ ਤੋਂ ਕੰਮ ਲਵੇ ਤਾਂ ਕੁਝ ਵੀ ਕਰ ਸਕਦਾ ਹੈ ਪਰ ਇਸ ਦੇ ਨਾਲ ਹੀ ਇਹ ਸਰਕਾਰ ਦੇ ਮੂੰਹ ’ਤੇ ਇਕ ਚਪੇੜ ਵੀ ਹੈ ਕਿ ਜੋ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਹਨ, ਉਹ ਵੀ ਹੁਣ ਆਮ ਜਨਤਾ ਨੂੰ ਹੀ ਕਰਨੇ ਪੈ ਰਹੇ ਹਨ।
-ਵਿਜੇ ਕੁਮਾਰ
