ਰਾਜਧਾਨੀ ਦਿੱਲੀ ’ਚ ਹੋਲੀ ਦੇ ਦਿਨ ਸ਼ਰਾਬ ਨੇ ਖੋਹ ਲਈਆਂ ਕਈ ਅਨਮੋਲ ਜਾਨਾਂ

03/11/2023 1:13:01 AM

ਅੱਜ ਦੇਸ਼ ’ਚ ਸ਼ਰਾਬ ਦੀ ਵਰਤੋਂ ਲਗਾਤਾਰ ਵਧ ਰਹੀ ਹੈ ਅਤੇ ਉਸੇ ਅਨੁਪਾਤ ’ਚ ਅਪਰਾਧ ਵੀ ਵਧ ਰਹੇ ਹਨ। ਸ਼ਰਾਬ ਇਕ ਨਸ਼ਾ ਰੂਪੀ ਜ਼ਹਿਰ ਹੈ ਜਿਸ ਦੀ ਵਰਤੋਂ ਨਾਲ ਕਈ ਬੀਮਾਰੀਆਂ ਹੁੰਦੀਆਂ ਹਨ ਅਤੇ ਵਿਅਕਤੀ ਹੋਸ਼ ਗੁਆ ਕੇ ਕਈ ਗੰਭੀਰ ਅਪਰਾਧ ਕਰ ਬੈਠਦਾ ਹੈ।

ਸ਼ਰਾਬ ਦੀ ਵਰਤੋਂ ਦੇ ਭੈੜੇ ਨਤੀਜਿਆਂ ਦਾ ਪ੍ਰਤੱਖ ਸਬੂਤ ਹੋਲੀ ਦੇ ਤਿਉਹਾਰ ਦੇ ਦੌਰਾਨ ਦਿੱਲੀ ’ਚ ਦੇਖਣ ਨੂੰ ਮਿਲਿਆ। ਹੋਲੀ ਦੇ ਜਸ਼ਨ ’ਚ ਦਿੱਲੀ ਵਾਲੇ 82 ਕਰੋੜ ਰੁਪਏ ਤੋਂ ਵੱਧ ਦੀਆਂ ਲਗਭਗ 36 ਲੱਖ ਬੋਤਲਾਂ ਸ਼ਰਾਬ ਪੀ ਗਏ ਹਨ।

ਇਹ ਅੰਕੜਾ ਆਮ ਦਿਨਾਂ ’ਚ ਸ਼ਰਾਬ ਦੀ ਵਿਕਰੀ ਦੇ ਦੁੱਗਣੇ ਤੋਂ ਵੱਧ ਹੈ। ਸਭ ਤੋਂ ਵੱਧ ਵਿਕਰੀ ਵ੍ਹਿਸਕੀ, ਵੋਦਕਾ ਅਤੇ ਸਕਾਚ ਦੀ ਹੋਈ। ਵਧੇਰੇ ਲੋਕਾਂ ਨੇ 400 ਤੋਂ 1000 ਰੁਪਏ ਪ੍ਰਤੀ ਬੋਤਲ ਮੁੱਲ ਵਾਲੀ ਸ਼ਰਾਬ ਖਰੀਦੀ।

ਕਿਉਂਕਿ 8 ਮਾਰਚ ਨੂੰ ਹੋਲੀ ਦਾ ਦਿਨ ‘ਡ੍ਰਾਈ ਡੇ’ ਐਲਾਨ ਕਰ ਦਿੱਤਾ ਗਿਆ ਸੀ ਇਸ ਲਈ ਇਸ ਦਿਨ ਸ਼ਰਾਬ ਦੀ ਵਿਕਰੀ ਬੰਦ ਹੋਣ ਦੇ ਕਾਰਨ ਲੋਕਾਂ ਨੇ ਇਕ ਦਿਨ ਪਹਿਲਾਂ ਭਾਵ 7 ਮਾਰਚ ਨੂੰ ਹੀ ਸ਼ਰਾਬ ਦੀ ਖਰੀਦ ਕਰ ਲਈ।

ਇਸ ਦਿਨ ਦਿੱਲੀ ਪੁਲਸ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਦੇ ਦੋਸ਼ ’ਚ ਕੁਲ 7643 ਵਾਹਨ ਚਾਲਕਾਂ ਦੇ ਚਲਾਨ ਕੱਟੇ। ਇਨ੍ਹਾਂ ’ਚੋਂ ਸ਼ਰਾਬ ਪੀ ਕੇ ਵਾਹਨ ਚਲਾਉਣ ਦੇ ਦੋਸ਼ ’ਚ 559 ਚਲਾਨ ਕੱਟਣ ਦੇ ਇਲਾਵਾ ਹੋਰਨਾਂ ਨਿਯਮਾਂ ਦੀ ਉਲੰਘਣਾ ਦੇ ਕਾਰਨ ਚਲਾਨ ਕੱਟੇ ਗਏ।

8 ਮਾਰਚ ਨੂੰ ਖਰੂਦੀਆਂ ਨੇ ਸ਼ਰਾਬ ਪੀ ਕੇ ਸੜਕਾਂ ’ਤੇ ਖਰੂਦ ਮਚਾਉਣ ਦੇ ਨਾਲ-ਨਾਲ ਤੇਜ਼ ਰਫਤਾਰ ਨਾਲ ਵਾਹਨ ਦੌੜਾ ਕੇ ਕਈ ਥਾਵਾਂ ’ਤੇ ਡਰ ਦਾ ਮਾਹੌਲ ਪੈਦਾ ਕਰਨ ਦੇ ਇਲਾਵਾ ਕਈ ਲੋਕਾਂ ਦੀ ਜਾਨ ਵੀ ਖਤਰੇ ’ਚ ਪਾ ਦਿੱਤੀ।

ਪੁਲਸ ਦੇ ਅਨੁਸਾਰ ਇਸ ਦਿਨ ਸ਼ਰਾਬ ਦੇ ਨਸ਼ੇ ਅਤੇ ਤੇਜ਼ ਰਫਤਾਰ ’ਚ ਵਾਹਨ ਚਲਾਉਣ ਨਾਲ ਰਾਜਧਾਨੀ ’ਚ ਸੜਕ ਹਾਦਸਿਆਂ ’ਚ 5 ਵਿਅਕਤੀਆਂ ਦੀ ਜਾਨ ਚਲੀ ਗਈ ਜਦਕਿ 200 ਤੋਂ ਵੱਧ ਲੋਕਾਂ ਨੂੰ ਹੋਰਨਾਂ ਵਾਹਨਾਂ ’ਚ ਟੱਕਰ ਮਾਰਨ ਅਤੇ ਡਿੱਗਣ ਨਾਲ ਸੱਟਾਂ ਲੱਗੀਆਂ। ਇਨ੍ਹਾਂ ’ਚੋਂ ਕੁਝ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

ਇਸ ਦੀ ਸਭ ਤੋਂ ਦਰਦਨਾਕ ਉਦਾਹਰਣ ਹੋਲੀ ਦੀ ਸ਼ਾਮ ਨੂੰ ਵਸੰਤ ਵਿਹਾਰ ਇਲਾਕੇ ’ਚ ਦੇਖਣ ਨੂੰ ਮਿਲੀ ਜਦੋਂ ਇਕ ਵਿਅਕਤੀ ਦੇ ਡਰਾਈਵਰ ਅਤੇ ਕੁੱਕ ਸ਼ਰਾਬ ਪੀਣ ਦੇ ਬਾਅਦ ਉਸ ਦੀ ਐੱਸ. ਯੂ. ਵੀ. (ਵੱਡੀ ਕਾਰ) ਲੈ ਕੇ ਮਸਤੀ ਕਰਨ ਲਈ ਨਿਕਲ ਪਏ।

ਤਿਉਹਾਰ ਦੇ ਦਿਨ ਖਾਲੀ ਸੜਕ ਦੇਖ ਕੇ ਨਸ਼ੇ ’ਚ ਧੁੱਤ ਡਰਾਈਵਰ ਨੇ ਕਾਰ ਦੀ ਰਫਤਾਰ ਇੰਨੀ ਵਧਾ ਦਿੱਤੀ ਕਿ ਉਸ ’ਤੇ ਕੰਟਰੋਲ ਗੁਆ ਬੈਠਾ ਅਤੇ ਮਲਾਈ ਮੰਦਿਰ ਦੇ ਨੇੜੇ ਫੁੱਟਪਾਥ ’ਤੇ ਜਾ ਰਹੇ 6 ਬੱਚਿਆਂ ਸਮੇਤ 8 ਵਿਅਕਤੀਆਂ ਨੂੰ ਦਰੜ ਦਿੱਤਾ।

ਪੁਲਸ ਨੇ ਜ਼ਖਮੀਆਂ ਨੂੰ ‘ਏਮਜ਼ ਟ੍ਰਾਮਾ ਸੈਂਟਰ’ ’ਚ ਪਹੁੰਚਾਇਆ ਜਿੱਥੇ 28 ਸਾਲਾ ਨੌਜਵਾਨ ਤੇ 15 ਸਾਲਾ ਨਾਬਾਲਗ ਦੀ ਇਲਾਜ ਦੇ ਦੌਰਾਨ ਮੌਤ ਹੋ ਗਈ। ਇਹੀ ਨਹੀਂ, ਉਨ੍ਹਾਂ ਨੇ ਸੜਕ ਦੇ ਕੰਢੇ ਖੜ੍ਹੀਆਂ ਦੋ ਕਾਰਾਂ ਅਤੇ 3 ਵੈਂਡਰ ਸਟਾਲ ਵੀ ਭੰਨ ਦਿੱਤੇ।

ਸ਼ਰਾਬ ਦੇ ਅਜਿਹੇ ਭੈੜੇ ਅਸਰਾਂ ਨੂੰ ਦੇਖਦੇ ਹੋਏ ਹੀ ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਗੁਲਾਮੀ ਦੇ ਯੁੱਗ ’ਚ ਇਹ ਐਲਾਨ ਕੀਤਾ ਸੀ ਕਿ ਜੇਕਰ ਭਾਰਤ ਦਾ ਸ਼ਾਸਨ ਅੱਧੇ ਘੰਟੇ ਦੇ ਲਈ ਵੀ ਉਨ੍ਹਾਂ ਦੇ ਹੱਥ ’ਚ ਆ ਜਾਵੇ ਤਾਂ ਉਹ ਸ਼ਰਾਬ ਦੀਆਂ ਸਾਰੀਆਂ ਡਿਸਟਿਲਰੀਆਂ ਅਤੇ ਦੁਕਾਨਾਂ ਨੂੰ ਬਿਨਾਂ ਮੁਆਵਜ਼ਾ ਦਿੱਤੇ ਹੀ ਬੰਦ ਕਰ ਦੇਣਗੇ।

ਇਹੀ ਨਹੀਂ, ਗਾਂਧੀ ਜੀ ਨੇ ਔਰਤਾਂ ਨੂੰ ਵੀ ਆਜ਼ਾਦੀ ਅੰਦੋਲਨ ਨਾਲ ਜੋੜਿਆ ਤੇ ਦੇਸ਼ ਦੇ ਕੋਨੇ-ਕੋਨੇ ’ਚ ਔਰਤਾਂ ਨੇ ਛੋਟੇ ਦੁੱਧ ਪੀਂਦੇ ਬੱਚਿਆਂ ਤੱਕ ਨੂੰ ਗੋਦ ’ਚ ਲੈ ਕੇ ਸ਼ਰਾਬਬੰਦੀ ਦੀ ਮੰਗ ਦੇ ਨਾਲ-ਨਾਲ ਵਿਦੇਸ਼ੀ ਕੱਪੜਿਆਂ ਦੀ ਹੋਲੀ ਸਾੜੀ ਤੇ ਕਈ ਔਰਤਾਂ ਨੇ 2-2, 3-3 ਸਾਲ ਦੀ ਕੈਦ ਵੀ ਕੱਟੀ ਸੀ।

ਸ਼ਰਾਬ ਇਕ ਅਜਿਹੀ ਬੁਰਾਈ ਹੈ ਜਿਸ ’ਤੇ ਰੋਕ ਲਗਾਈ ਹੀ ਜਾਣੀ ਚਾਹੀਦੀ ਹੈ ਕਿਉਂਕਿ ਸ਼ਰਾਬ ਦੀ ਵਰਤੋਂ ਨਾਲ ਵੱਡੀ ਗਿਣਤੀ ’ਚ ਔਰਤਾਂ ਦੇ ਸੁਹਾਗ ਉਜੜ ਰਹੇ ਹਨ, ਬੱਚੇ ਅਨਾਥ ਹੋ ਰਹੇ ਹਨ ਅਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦਾ ਘੁਣ ਖੋਖਲਾ ਕਰ ਰਿਹਾ ਹੈ।

ਪਰ ਸਾਡੀਆਂ ਸਰਕਾਰਾਂ ਨੇ ਤਾਂ ਇਸ ਪਾਸੇ ਅੱਖਾਂ ਮੀਟ ਰੱਖੀਆਂ ਹਨ ਕਿਉਂਕਿ ਸਾਡੇ ਹਾਕਮ ਨੇਤਾਗਨ ਤਾਂ ਸ਼ਰਾਬ ਨੂੰ ਨਸ਼ਾ ਹੀ ਨਹੀਂ ਮੰਨਦੇ ਅਤੇ ਇਸ ਦੀ ਵਿਕਰੀ ਤੋਂ ਹੋਣ ਵਾਲੀ ਵੱਡੀ ਜਿਹੀ ਆਮਦਨ ਨੂੰ ਉਹ ਗੁਆਉਣਾ ਨਹੀਂ ਚਾਹੁੰਦੇ ਕਿਉਂਕਿ ਸਰਕਾਰਾਂ ਸ਼ਰਾਬ ਦੀ ਵਿਕਰੀ ਤੋਂ ਹੋਣ ਵਾਲੀ ਵੱਡੀ ਜਿਹੀ ਆਮਦਨ ਦੇ ਸਹਾਰੇ ਹੀ ਚੱਲਦੀਆਂ ਹਨ।

ਦਿੱਲੀ ’ਚ ਹੋਲੀ ਦੇ ਦਿਨ ਸ਼ਰਾਬ ਦੀ ਖਪਤ ਅਤੇ ਉਸ ਦੇ ਕਾਰਨ ਹੋਈਆਂ ਦੁਖਦਾਈ ਘਟਨਾਵਾਂ ਤੋਂ ਸਪੱਸ਼ਟ ਹੈ ਕਿ ਇਹ ਕਿਸ ਕਦਰ ਤਬਾਹੀ ਲਿਆਉਂਦੀ ਹੈ। ਇਸ ਲਈ ਤਿਉਹਾਰਾਂ ਅਤੇ ਹੋਰਨਾਂ ਵਿਸ਼ੇਸ਼ ਮੌਕਿਆਂ ’ਤੇ ਹੀ ਨਹੀਂ ਸਗੋਂ ਆਮ ਦਿਨਾਂ ’ਚ ਵੀ ਸ਼ਰਾਬ ਦੀ ਵਰਤੋਂ ’ਤੇ ਰੋਕ ਲਾਉਣ ਦੀ ਦਿਸ਼ਾ ’ਚ ਠੋਸ ਕਦਮ ਚੁੱਕਣ ਦੀ ਲੋੜ ਹੈ ਤਾਂ ਕਿ ਇਸ ਦੀ ਵਰਤੋਂ ਨਾਲ ਪਰਿਵਾਰ ਨਾ ਉਜੜਣ।

ਵਰਨਣਯੋਗ ਹੈ ਕਿ ਪੂਜਨੀਕ ਪਿਤਾ ਲਾਲਾ ਜਗਤ ਨਾਰਾਇਣ ਜੀ ਨੇ ਜਦੋਂ ਆਪਣੇ ਸੰਪਾਦਕੀ ’ਚ ਇਹ ਲਿਖਿਆ ਸੀ ਕਿ ਤਤਕਾਲੀਨ ਮੁੱਖ ਮੰਤਰੀ ਗਿਆਨੀ ਜ਼ੈਲ ਸਿੰਘ ਨੇ ਪੰਜਾਬ ’ਚ ਸ਼ਰਾਬ ਦਾ ਤੀਜਾ ਦਰਿਆ ਵਗਾ ਦਿੱਤਾ ਹੈ ਤਾਂ ਉਨ੍ਹਾਂ ਨੇ ਨਾਰਾਜ਼ ਹੋ ਕੇ ‘ਪੰਜਾਬ ਕੇਸਰੀ ਪੱਤਰ ਸਮੂਹ’ ਦੀ ਬਿਜਲੀ ਕਟਵਾ ਦਿੱਤੀ ਸੀ।

ਇਸ ਲਈ ਅਸੀਂ ਰਾਸ਼ਟਰੀ ਸਵੈਮਸੇਵਕ ਸੰਘ ਅਤੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਕਿ ਉਹ ਉਕਤ ਘਟਨਾਵਾਂ ਦਾ ਨੋਟਿਸ ਲੈ ਕੇ ਸ਼ਰਾਬ ਦੀ ਲਾਹਨਤ ’ਤੇ ਪਾਬੰਦੀ ਲਾਉਣ ਦੀ ਦਿਸ਼ਾ ’ਚ ਯਤਨ ਕਰਨ।

-ਵਿਜੇ ਕੁਮਾਰ


Mukesh

Content Editor

Related News