ਹੁਣ ਨੇਪਾਲ ਦੇ ਵਿਦੇਸ਼ ਮੰਤਰੀ ਨੇ ਲਾਇਆ ਭਾਰਤ ਸਰਕਾਰ ’ਤੇ ਸਬੰਧ ਨਾ ਸੁਧਾਰਨ ਦਾ ਦੋਸ਼

Sunday, Aug 02, 2020 - 03:17 AM (IST)

ਹੁਣ ਨੇਪਾਲ ਦੇ ਵਿਦੇਸ਼ ਮੰਤਰੀ ਨੇ ਲਾਇਆ ਭਾਰਤ ਸਰਕਾਰ ’ਤੇ ਸਬੰਧ ਨਾ ਸੁਧਾਰਨ ਦਾ ਦੋਸ਼

ਵਿਸ਼ਵ ਦੇ ਇਕੋ-ਇਕ ਹਿੰਦੂ ਦੇਸ਼ ਅਤੇ ਭਾਰਤ ਦੇ ਨੇੜਲੇ ਗੁਆਂਢੀ ਨੇਪਾਲ ਦੇ ਦਰਮਿਆਨ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਇਨ੍ਹੀਂ ਦਿਨੀਂ ਚੀਨ ਦੀ ਚੱੁਕ ’ਤੇ ਨੇਪਾਲ ਦੀ ਕਮਿਊਨਿਸਟ ਸਰਕਾਰ ਲਗਾਤਾਰ ਭਾਰਤ ਵਿਰੋਧੀ ਫੈਸਲੇ ਲੈ ਰਹੀ ਹੈ।

ਇਨ੍ਹਾਂ ’ਚੋਂ ਹੋਰ ਭਾਰਤ ਵਿਰੋਧੀ ਕਦਮਾਂ ਤੋਂ ਇਲਾਵਾ ਹਾਲ ਹੀ ’ਚ ਭਾਰਤ ਦੇ 3 ਇਲਾਕਿਆਂ ‘ਲਿਪੁਲੇਖ’, ‘ਕਾਲਾਪਾਣੀ’ ਅਤੇ ਲਿੰਪਿਆਧੁਰਾ’ ’ਤੇ ਆਪਣਾ ਦਾਅਵਾ ਪ੍ਰਗਟਾਉਣ ਅਤੇ ਪੂਰੀ ਭਾਰਤ-ਨੇਪਾਲ ਸਰਹੱਦ ਸੀਲ ਕਰ ਕੇ ਨੇਪਾਲ ਪੁਲਸ ਦੇ ਜਵਾਨਾਂ ਨੂੰ ਤਾਇਨਾਤ ਕਰਨਾ ਅਤੇ ਭਾਰਤੀ ਇਲਾਕਿਆਂ ’ਤੇ ਵੀ ਨੇਪਾਲ ਦੇ ਝੰਡੇ ਲਾਉਣਾ ਆਦਿ ਸ਼ਾਮਲ ਹੈ।

ਜਿਥੇ ਇਹ ਸਭ ਭਾਰਤ ਵਿਰੋਧੀ ਫੈਸਲੇ ਨੇਪਾਲ ਦੇ ਪ੍ਰਧਾਨ ਮੰਤਰੀ ਕੇ. ਪੀ. ਸ਼ਰਮਾ ਓਲੀ ਦੇ ਹੁਕਮਾਂ ’ਤੇ ਹੋ ਰਹੇ ਹਨ, ਜਿਸ ਨਾਲ ਨੇਪਾਲ ਦੀ ਸੱਤਾਧਾਰੀ ਕਮਿਊਨਿਸਟ ਪਾਰਟੀ ਦਾ ਹੀ ਇਕ ਮਜ਼ਬੂਤ ਵਰਗ ਉਨ੍ਹਾਂ ਦੇ ਵਿਰੁੱਧ ਹੋ ਗਿਆ ਹੈ। ਇਹੀ ਨਹੀਂ, ਓਲੀ ਨੇ ਪ੍ਰਤੱਖ ਤੌਰ ’ਤੇ ਭਾਰਤ ਸਰਕਾਰ ’ਤੇ ਉਨ੍ਹਾਂ ਨੂੰ ਹਟਾਉਣ ਦੀ ਸਾਜ਼ਿਸ਼ ਰਚਣ ਦਾ ਦੋਸ਼ ਵੀ ਲਾਇਆ ਹੈ।

ਨੇਪਾਲ ਕਮਿਊਨਿਸਟ ਪਾਰਟੀ ਦੇ ਬੁਲਾਰੇ ਨਾਰਾਇਣ ਸ਼੍ਰੇਸ਼ਠ ਦਾ ਕਹਿਣਾ ਹੈ ਕਿ ਓਲੀ ਨੇ ਭਾਰਤ ਦੇ ਵਿਰੁੱਧ ਮਨਘੜਤ ਦੋਸ਼ ਲਾ ਕੇ ਵੱਡੀ ਗਲਤੀ ਕੀਤੀ ਹੈ, ਜਦਕਿ ਇਸ ਸਮੇਂ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਰਾਹੀਂ ਸਰਹੱਦੀ ਸਮੱਸਿਆ ਹੱਲ ਕਰਨ ਦੀ ਲੋੜ ਹੈ।

ਨਾਰਾਇਣ ਸ਼੍ਰੇਸ਼ਠ ਦੇ ਅਨੁਸਾਰ ਓਲੀ ਨੇ ਪਹਿਲੀ ਗਲਤੀ ਭਾਰਤ ਦੇ ਨੀਤੀ ਵਾਕ ‘ਸੱਤਯਮੇਵ ਜਯਤੇ’ ਦੇ ਵਿਰੱੁਧ ਮਨਘੜਤ ਗੱਲਾਂ ਕਰ ਦਿੱਤੀਆਂ, ਉਨ੍ਹਾਂ ਦੀ ਦੂਸਰੀ ਗਲਤੀ ਹੈ ਕਿ ਭਾਰਤ ’ਤੇ ਆਪਣੀ ਸਰਕਾਰ ਪਲਟਣ ਦੀ ਸਾਜ਼ਿਸ਼ ਰਚਣ ਦਾ ਨਿਰਾਧਾਰ ਦੋਸ਼ ਅਤੇ ਤੀਸਰੀ ਗਲਤੀ ਉਨ੍ਹਾਂ ਨੇ ਭਗਵਾਨ ਰਾਮ ਦੀ ਜਨਮਭੂਮੀ ਨੂੰ ਨੇਪਾਲ ’ਚ ਬੀਰਗੰਜ ਦੇ ਨੇੜੇ ਦੱਸ ਕੇ ਕੀਤੀ।

ਆਪਣੀ ਪਾਰਟੀ ’ਚ ਪੈਦਾ ਹੋਈ ਬਗਾਵਤ ਦੇ ਕਾਰਨ ਆਪਣੀ ਕੁਰਸੀ ਬਚਾਉਣ ਦੇ ਯਤਨਾਂ ’ਚ ਲੱਗੇ ਓਲੀ ਲਗਾਤਾਰ ਸੱਤਾਧਾਰੀ ਕਮਿਊਨਿਸਟ ਪਾਰਟੀ ਦੀ ਬੈਠਕ ਟਾਲਦੇ ਆ ਰਹੇ ਹਨ, ਜਿਸ ’ਤੇ ਜ਼ੋਰ ਦੇਣ ਲਈ ਪਿਛਲੇ ਦਿਨੀਂ ਓਲੀ ਦੇ ਵਿਰੋਧੀ ਕੈਂਪ ਦੇ 20 ਨੇਤਾ ਜ਼ਬਰਦਸਤੀ ਉਨ੍ਹਾਂ ਦੇ ਘਰ ’ਚ ਦਾਖਲ ਹੋ ਗਏ ਸਨ।

ਅਜਿਹੇ ਮਾਹੌਲ ਦੇ ਦਰਮਿਆਨ ਜੂਨ ’ਚ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਨੇਤਾ ਸੁਰੇਸ਼ ਭਈਆ ਜੀ ਜੋਸ਼ੀ ਤੇ ਹੋਰਨਾਂ ਨੇ ਨੇਪਾਲ ਦੇ ਨਾਲ ਸਬੰਧਾਂ ’ਚ ਗਿਰਾਵਟ ਅਤੇ ਤਣਾਅ ’ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਕੇਂਦਰ ਦੀ ਭਾਜਪਾ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਸੀ ਕਿ, ‘‘ਇਸ ਨੂੰ ਨਵੀਂ ਦਿੱਲੀ ਅਤੇ ਕਾਠਮੰਡੂ ਦੇ ਦਰਮਿਆਨ ਸਬੰਧਾਂ ਦੇ ਮੁੜ ਨਿਰਮਾਣ ’ਤੇ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੀਦਾ ਹੈ।’’

ਇਸ ਦੇ ਨਾਲ ਹੀ ਭਾਰਤ ਅਤੇ ਨੇਪਾਲ ਵਲੋਂ ਗੱਲਬਾਤ ਨਾਲ ਆਪਣੇ ਮਤਭੇਦ ਹੱਲ ਨਾ ਹੋ ਸਕਣ ’ਤੇ ਚਿੰਤਤ ਸੰਘ ਨੇਤਾਵਾਂ ਨੇ ਸਰਕਾਰ ਅਤੇ ਖੁਫੀਆ ਏਜੰਸੀਆਂ ਵਲੋਂ ਗੁਆਂਢੀ ਦੇਸ਼ਾਂ ਦੇ ਘਟਨਾਚੱਕਰਾਂ ’ਤੇ ਚੌਕਸੀ ਨਾ ਵਰਤਣ ’ਤੇ ਵੀ ਚਿੰਤਾ ਪ੍ਰਗਟ ਕੀਤੀ ਸੀ।

ਅਤੇ ਹੁਣ ਇਸ ਤਰ੍ਹਾਂ ਦੀ ਸਥਿਤੀ ਦੇ ਦਰਮਿਆਨ ਨੇਪਾਲ ਦੇ ਵਿਦੇਸ਼ ਮੰਤਰੀ ਪ੍ਰਦੀਪ ਗਾਵਾਲੀ ਨੇ 31 ਜੁਲਾਈ ਨੂੰ ਕਿਹਾ ਹੈ ਕਿ, ‘‘ਸਰਹੱਦੀ ਵਿਵਾਦ ਭਾਰਤ ਦੇ ਨਾਲ ਅਣਸੁਲਝੀਆਂ ਸਮੱਸਿਆਵਾਂ ’ਚੋਂ ਇਕ ਹੈ। ਅਸੀਂ ਅਜੇ ਵੀ ਭਾਰਤ ਸਰਕਾਰ ਨੂੰ ਬੇਨਤੀ ਕਰ ਰਹੇ ਹਾਂ ਕਿ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਦਾ ਸਿਲਸਿਲਾ ਜਲਦੀ ਤੋਂ ਜਲਦੀ ਸ਼ੁਰੂ ਕੀਤਾ ਜਾਵੇ ਤਾਂ ਕਿ ਸਮੱਸਿਆਵਾਂ ਇੰਨੀਆਂ ਨਾ ਵਧ ਜਾਣ ਕਿ ਮਾਮਲਾ ਸੜਕਾਂ ’ਤੇ ਪਹੁੰਚ ਜਾਵੇ।’’

ਦੋਵਾਂ ਦੇਸ਼ਾਂ ਦੇ ਦਰਮਿਆਨ ਰਸਮੀ ਕੂਟਨੀਤਕ ਸਬੰਧਾਂ ’ਤੇ ਜ਼ੋਰ ਦਿੰਦੇ ਹੋਏ ਉਨ੍ਹਾਂ ਨੇ ਕਿਹਾ, ‘‘ਨੇਪਾਲ ਸਰਕਾਰ ਕਈ ਵਾਰ ਨਵੀਂ ਦਿੱਲੀ ਨੂੰ ‘ਕਾਲਾਪਾਣੀ’ ਇਲਾਕੇ ਸਬੰਧੀ ਵਿਵਾਦ ਹੱਲ ਕਰਨ ਲਈ ਕੂਟਨੀਤਕ ਪੱਧਰ ’ਤੇ ਗੱਲਬਾਤ ਸ਼ੁਰੂ ਕਰਨ ਲਈ ਕਹਿ ਚੁੱਕੀ ਹੈ ਅਤੇ ਇਸ ਦੇ ਲਈ ਤਰੀਕਾਂ ਦਾ ਸੁਝਾਅ ਵੀ ਦਿੱਤਾ ਪਰ ਕੋਈ ਉੱਤਰ ਨਹੀਂ ਮਿਲਿਆ।’’

ਨੇਪਾਲ ਦੀ ਅੰਦਰੂਨੀ ਸਥਿਤੀ ’ਤੇ ਭਾਰਤ ਦਾ ਸਟੈਂਡ ਜਿਹੋ ਜਿਹਾ ਵੀ ਹੋਵੇ, ਕੇਂਦਰੀ ਲੀਡਰਸ਼ਿਪ ਨੂੰ ਨੇਪਾਲ ਦੇ ਵਿਦੇਸ਼ ਮੰਤਰੀ ਦੀ ਟਿੱਪਣੀ ਦਾ ਨੋਟਿਸ ਲੈਂਦੇ ਹੋਏ ਦੋਵਾਂ ਦੇਸ਼ਾਂ ਦਰਮਿਆਨ ਚੱਲੇ ਆ ਰਹੇ ਵਿਵਾਦ ਨੂੰ ਨਿਪਟਾਉਣ ਦੀ ਦਿਸ਼ਾ ’ਚ ਬਿਨਾਂ ਿਕਸੇ ਦੇਰੀ ਦੇ ਹਾਂ-ਪੱਖੀ ਕਦਮ ਚੁੱਕਣੇ ਚਾਹੀਦੇ ਹਨ ਤਾਂ ਕਿ ਦੋਵਾਂ ਰਵਾਇਤੀ ਮਿੱਤਰ ਦੇਸ਼ਾਂ ਦੇ ਦਰਮਿਆਨ ਸਬੰਧਾਂ ’ਚ ਤਣਾਅ ਦਾ ਚੀਨ ਆਦਿ ਦੇਸ਼ ਨਾਜਾਇਜ਼ ਲਾਭ ਨਾ ਉਠਾ ਸਕਣ।

-ਵਿਜੇ ਕੁਮਾਰ\\\


author

Bharat Thapa

Content Editor

Related News