ਦੇਸ਼ ’ਚ ਲਗਾਤਾਰ ਉੱਚੇ ਹੋ ਰਹੇ ਕੂੜੇ ਦੇ ਪਹਾੜ ਵਿਗਾੜ ਰਹੇ ਲੋਕਾਂ ਦੀ ਸਿਹਤ ਅਤੇ ਫੈਲਾਅ ਰਹੇ ਪ੍ਰਦੂਸ਼ਣ

Monday, Mar 13, 2023 - 02:23 AM (IST)

ਦੇਸ਼ ’ਚ ਲਗਾਤਾਰ ਉੱਚੇ ਹੋ ਰਹੇ ਕੂੜੇ ਦੇ ਪਹਾੜ ਵਿਗਾੜ ਰਹੇ ਲੋਕਾਂ ਦੀ ਸਿਹਤ ਅਤੇ ਫੈਲਾਅ ਰਹੇ ਪ੍ਰਦੂਸ਼ਣ

ਮਾਰਕਸਵਾਦੀ ਪਾਰਟੀ ਸ਼ਾਸਿਤ ਕੇਰਲ ’ਚ ਕੋਚੀ ਸ਼ਹਿਰ ਦੇ ਬ੍ਰਹਮਪੁਰਮ ’ਚ 115 ਏਕੜ ’ਚ ਫੈਲੇ ‘ਲੈਂਡਫਿਲ ਸਾਈਟ’ ਭਾਵ ਕੂੜੇ ਦਾ ਡੰਪਯਾਰਡ ਲਗਭਗ ਇਕ ਹਫਤੇ ਤੋਂ ਧੁੱਖ ਰਿਹਾ ਹੈ ਅਤੇ ਇਸ ’ਚੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨੇ ਕੋਚੀ ਅਤੇ ਉਸ ਦੇ ਉਪ ਨਗਰਾਂ ਦੇ ਲੋਕਾਂ ਦਾ ਸਾਹ ਘੁੱਟਣਾ ਸ਼ੁਰੂ ਕਰ ਦਿੱਤਾ ਹੈ। ਲੋਕ ਕੂੜੇ ਦੇ ਸੜਨ ਨਾਲ ਪੈਦਾ ਹੋਣ ਵਾਲੀ ਬਦਬੂ ਤੋਂ ਤਾਂ ਪਹਿਲਾਂ ਹੀ ਪ੍ਰੇਸ਼ਾਨ ਸਨ ਪਰ ਹੁਣ ਤਾਂ ਸਾਹ ਫੁੱਲਣ ਤੇ ਸਿਹਤ ਸਬੰਧੀ ਦੂਜੀਆਂ ਤਕਲੀਫਾਂ ਦੀ ਵੀ ਸ਼ਿਕਾਇਤ ਕਰ ਰਹੇ ਹਨ।

ਇਸ ਕਾਂਡ ਨੇ ਸਪੱਸ਼ਟ ਤੌਰ ’ਤੇ ਪ੍ਰਸ਼ਾਸਨ ਦੀ ਉਦਾਸੀਨਤਾ, ਕਦਾਚਾਰ ਤੇ ਘਟੀਆ ਪ੍ਰਬੰਧਨ ਨੂੰ ਉਜਾਗਰ ਕਰ ਦਿੱਤਾ ਹੈ। ਇਸ ਵਿੱਚ ਸ਼ਹਿਰ ਦੇ ਪ੍ਰਬੰਧਨ ’ਚ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੀਆਂ ਏਜੰਸੀਆਂ ਨਾਲ ਜੁੜੇ ਲੋਕਾਂ ਦਾ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਵੀ ਸ਼ਾਮਲ ਹੈ ਕਿਉਂਕਿ ਕੋਚੀ ਦੇ ਨਗਰ ਸੇਵਕਾਂ ਨੇ ਕੂੜੇ ਨੂੰ ਸਿਰਫ ਆਪਣੀ ਜੇਬ ਭਰਨ ਦੇ ਸਾਧਨ ਦੇ ਰੂਪ ’ਚ ਦੇਖਿਆ ਅਤੇ ਲੋਕਾਂ ਨੂੰ ਉਨ੍ਹਾਂ ਦੇ ਹਾਲ ’ਤੇ ਛੱਡ ਦਿੱਤਾ ਹੈ।

ਦੂਜੇ ਪਾਸੇ ਇੰਦੌਰ ਅਤੇ ਪੁਣੇ ਵਰਗੇ ਸ਼ਹਿਰਾਂ ਨੇ ਕੂੜਾ ਪ੍ਰਬੰਧਨ ’ਚ ਮਹੱਤਵਪੂਰਨ ਸੁਧਾਰ ਕੀਤਾ ਹੈ। ਇੰਦੌਰ ਜਿਸ ਨੂੰ ਪਿਛਲੇ ਸਾਲ ਲਗਾਤਾਰ 6ਵੇਂ ਸਾਲ ਭਾਰਤ ਦਾ ਸਭ ਤੋਂ ਸਾਫ-ਸੁਥਰਾ ਸ਼ਹਿਰ ਐਲਾਨਿਆ ਗਿਆ ਸੀ, ਰੋਜ਼ਾਨਾ 1900 ਟਨ ਨਗਰਪਾਲਿਕਾ ਕੂੜਾ ਸੰਭਾਲਦੀ ਹੈ ਤੇ ਲੱਖਾਂ ਰੁਪਏ ਦਾ ਮਾਲੀਆ ਕਮਾਉਂਦੀ ਹੈ ਅਤੇ ਆਪਣੀਆਂ ਬੱਸਾਂ ਦੇ ਲਈ ਈਂਧਨ ਦੀ ਸਪਲਾਈ ਕਰਦੀ ਹੈ। ਇਸ ਦੇ ਉਲਟ, ਕੋਚੀ ’ਚ ਵਧਦੇ ਕੂੜੇ ਦੀ ਸਮੱਸਿਆ ਦਾ ਹੱਲ ਲੱਭਣ ਦਾ ਕੋਈ ਯਤਨ ਨਹੀਂ ਕੀਤਾ ਗਿਆ।

ਬ੍ਰਹਮਪੁਰਮ ਦੇ ਵੇਸਟ ਪਲਾਂਟ ’ਚ ਰੋਜ਼ਾਨਾ 390 ਟਨ ਕੂੜਾ ਸੁੱਟਿਆ ਜਾਂਦਾ ਹੈ, ਜਿਸ ’ਚ ਗੈਰ-ਸੜਨਸ਼ੀਲ ਪਲਾਸਟਿਕ ਕਚਰਾ ਵੀ ਸ਼ਾਮਲ ਹੈ। ਇਥੇ ਗੈਰ-ਸੜਨਸ਼ੀਲ ਕਚਰਾ ਕੂੜੇ ਦੇ ਢੇਰ ਨੂੰ ਵਧਾਉਣ ਲਈ ਵੱਧ ਜ਼ਿੰਮੇਵਾਰ ਹੈ, ਜਿਸ ਤੋਂ ਉੱਠਣ ਵਾਲਾ ਜ਼ਹਿਰੀਲਾ ਧੂੰਆਂ ਲੋਕਾਂ ਲਈ ਕੈਂਸਰ ਵਰਗੇ ਭਿਆਨਕ ਰੋਗਾਂ ਦਾ ਕਾਰਨ ਬਣ ਸਕਦਾ ਹੈ।

ਬ੍ਰਹਮਪੁਰਮ ਦੇਸ਼ ’ਚ ਜ਼ਹਿਰੀਲੀਆਂ ਗੈਸਾਂ ਛੱਡਣ ਵਾਲੇ ਕੂੜੇ ਦੇ ‘3000 ਪਹਾੜਾਂ’ ’ਚੋਂ ਇਕ ਹੈ, ਜਿੱਥੇ ਪਲਾਸਟਿਕ ਤੇ ਦੂਜੇ ਕਚਰੇ ਦਾ ਪਹਾੜ ਹਰ ਬੀਤਣ ਵਾਲੇ ਦਿਨ ਦੇ ਨਾਲ ਉੱਚਾ ਹੁੰਦਾ ਜਾ ਰਿਹਾ ਹੈ।

ਮੁੰਬਈ ’ਚ ਦੇਵਨਾਰ ਸਥਿਤ ‘ਲੈਂਡਫਿਲ’ ’ਚ 18 ਮੰਜ਼ਿਲਾ ਇਮਾਰਤ ਦੀ ਉਚਾਈ ਦੇ ਬਰਾਬਰ ਕੂੜੇ ਦਾ ਪਹਾੜ ਕਾਇਮ ਹੋ ਗਿਆ ਹੈ। ਉੱਥੇ ਵੀ ਆਮ ਤੌਰ ’ਤੇ ਅੱਗ ਲੱਗਦੀ ਰਹਿੰਦੀ ਹੈ, ਜਿਸ ਨਾਲ ਲੋਕਾਂ ਦੀ ਸਿਹਤ ’ਤੇ ਉਲਟ ਅਸਰ ਪੈ ਰਿਹਾ ਹੈ।

ਬੀਤੇ ਸਾਲ ਫਾਇਰ ਬ੍ਰਿਗੇਡ ਮੁਲਾਜ਼ਮਾਂ ਨੂੰ ਦਿੱਲੀ ’ਚ ਗਾਜੀਪੁਰ ਸਥਿਤ 65 ਮੀਟਰ ਉੱਚੇ ਲੈਂਡਫਿਲ ’ਚ ਲੱਗੀ ਅੱਗ ਨੂੰ ਬੁਝਾਉਣ ਲਈ ਕਈ ਦਿਨਾਂ ਤੱਕ ਮੁਸ਼ੱਕਤ ਕਰਨੀ ਪਈ ਸੀ, ਜੋ ਇਸ ਦੇ ਨੇੜੇ-ਤੇੜੇ ਦੇ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਦੀ ਸਿਹਤ ਦੇ ਲਈ ਭਾਰੀ ਖਤਰਾ ਬਣਿਆ ਹੋਇਆ ਹੈ।

ਦਿੱਲੀ ਦੇ ਭਲਸਵਾ ਸਥਿਤ ਇਕ ਹੋਰ ਲੈਂਡਫਿਲ ਦੇ ਨੇੜੇ-ਤੇੜੇ ਰਹਿਣ ਵਾਲੇ ਇਲਾਕੇ ਦੇ ਲੋਕ ਸਾਲਾਂ ਤੋਂ ਚਮੜੀ ਅਤੇ ਸਾਹ ਸਬੰਧੀ ਗੰਭੀਰ ਤਕਲੀਫਾਂ ਦੀ ਸ਼ਿਕਾਇਤ ਕਰਦੇ ਆ ਰਹੇ ਹਨ।

ਵਰਨਣਯੋਗ ਹੈ ਕਿ ਭਾਰਤ ਸਰਕਾਰ ਦੇ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਨੁਸਾਰ ਵਧੇਰੇ ਭਾਰਤੀ ਲੈਂਡਫਿਲ ਥਾਵਾਂ ’ਤੇ ਕੂੜੇ ਨੂੰ ਸਹੀ ਢੰਗ ਨਾਲ ਟਿਕਾਣੇ ਲਗਾਉਣ ਦੀ ਵਿਵਸਥਾ ਨਹੀਂ ਹੈ।

ਵੱਖ-ਵੱਖ ਕੂੜਿਆਂ ਦੇ ਪਹਾੜਾਂ ’ਚੋਂ ਨਿਕਲਣ ਵਾਲੀ ਬਦਬੂ ਹੀ ਇਕੋ-ਇਕ ਸਮੱਸਿਆ ਨਹੀਂ ਹੈ। ਕਈ ਦਹਾਕਿਆਂ ਤੋਂ ਇੱਥੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਰਿਸ ਕੇ ਜ਼ਮੀਨ ਦੇ ਹੇਠਾਂ ਤੱਕ ਜਾ ਚੁੱਕੀਆਂ ਹਨ, ਜਿਸ ਦੇ ਕਾਰਨ ਨੇੜੇ-ਤੇੜੇ ਦੇ ਇਲਾਕਿਆਂ ਦਾ ਪਾਣੀ ਪ੍ਰਦੂਸ਼ਿਤ ਹੋਣ ਨਾਲ ਨੇੜੇ-ਤੇੜੇ ਦੇ ਲੋਕਾਂ ਦੀ ਸਿਹਤ ਦੇ ਲਈ ਖਤਰਾ ਪੈਦਾ ਹੋ ਰਿਹਾ ਹੈ।

ਵਰਨਣਯੋਗ ਹੈ ਕਿ 2019 ਦੀ ਇਕ ਰਿਪੋਰਟ ’ਚ ਭਾਰਤ ਸਰਕਾਰ ਨੇ ਦੇਸ਼ ਦੀ ਠੋਸ ਕਚਰਾ ਮੈਨੇਜਮੈਂਟ ’ਚ ਸੁਧਾਰ ਦੇ ਕੁਝ ਉਪਾਅ ਦੱਸੇ ਸਨ ਜੋ ਲਾਗੂ ਨਹੀਂ ਹੋ ਸਕੇ।

ਗਰਮੀ ਦੇ ਮੌਸਮ ’ਚ ਲੈਂਡਫਿਲ ਥਾਵਾਂ ’ਤੇ ਕੂੜੇ ’ਚ ਮਿਥੇਨ ਗੈਸ ਬਣਨ ਦੇ ਨਤੀਜੇ ਵਜੋਂ ਕੂੜੇ ਦੇ ਪਹਾੜ ’ਤੇ ਅੱਗ ਲੱਗਣ ਦੀਆਂ ਘਟਨਾਵਾਂ ਵਧ ਜਾਂਦੀਆਂ ਹਨ, ਜੋ ਕੂੜੇ ’ਚ ਪੋਲੀਥੀਨ, ਕਾਗਜ਼ ਆਦਿ ਹੋਣ ਦੇ ਕਾਰਨ ਕਾਫੀ ਦੇਰ ਤੱਕ ਲੱਗੀ ਰਹਿੰਦੀ ਹੈ ਅਤੇ ਹਵਾ ਪ੍ਰਦੂਸ਼ਣ ਦਾ ਮੁੱਖ ਕਾਰਨ ਬਣਨ ਵਾਲਾ ਜ਼ਹਿਰੀਲਾ ਧੂੰਆਂ ਕਈ-ਕਈ ਕਿਲੋਮੀਟਰ ਤੱਕ ਫੈਲ ਜਾਂਦਾ ਹੈ।

ਇਸ ਸਬੰਧ ’ਚ ਅਸੀਂ ਇਜ਼ਰਾਈਲ ਤੋਂ ਕੁਝ ਸਬਕ ਲੈ ਸਕਦੇ ਹਾਂ, ਜਿੱਥੇ ਵਿਗਿਆਨਕ ਢੰਗ ਨਾਲ ਆਪਣੇ ਇੱਥੇ ਪੈਦਾ ਹੋਣ ਵਾਲੇ ਕੂੜੇ ਨੂੰ ਕਿਸਮ ਦੇ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ’ਚ ਵੰਡ ਕੇ ਸੋਧ ਕਰ ਕੇ ਉਸ ਦੀ ਵਰਤੋਂ ਖਾਦ ਆਦਿ ਬਣਾਉਣ ’ਚ ਕੀਤੀ ਜਾਂਦੀ ਹੈ। ਇਹ ਕੋਈ ਬੜਾ ਔਖਾ ਕੰਮ ਨਹੀਂ ਹੈ, ਬਸ ਸਭ ਕੁਝ ਗਿਣੇ-ਮਿਥੇ ਢੰਗ ਨਾਲ ਕਰਨ ਦੀ ਲੋੜ ਹੈ।

ਜਿਸ ਰਫਤਾਰ ਨਾਲ ਸਾਡੀ ਆਬਾਦੀ ਵਧ ਰਹੀ ਹੈ, ਜੇਕਰ ਅਸੀਂ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਅਸੀਂ ਆਪਣੇ ਪਹਾੜਾਂ ਅਤੇ ਨਦੀਆਂ ਨੂੰ ਮੌਜੂਦਾ ਸਮੇਂ ਤੋਂ ਵੀ ਵੱਧ ਪ੍ਰਦੂਸ਼ਿਤ ਹੋਣ ਤੋਂ ਨਹੀਂ ਰੋਕ ਸਕਦੇ। ਇੱਥੋਂ ਤੱਕ ਕਿ ਹੁਣ ਤਾਂ ਹਿਮਾਲਿਆ ’ਤੇ ਜਾਣ ਵਾਲੇ ਪਰਬਤਾਰੋਹੀਆਂ ਨੇ ਉੱਥੇ ਵੀ ਵੱਡੀ ਗਿਣਤੀ ’ਚ ਕੂੜਾ ਫੈਲਾਅ ਦਿੱਤਾ ਹੈ।

ਲਿਹਾਜ਼ਾ ਸਾਨੂੰ ਆਪਣਾ ਸਿਸਟਮ ਤੇ ਆਪਣੀਆਂ ਆਦਤਾਂ ਸੁਧਾਰਨ ਦੀ ਲੋੜ ਹੈ। ਪ੍ਰਸ਼ਾਸਨ ਦੇ ਯਤਨ ਅਤੇ ਜਨਤਾ ਦੇ ਸਹਿਯੋਗ ਨਾਲ ਹੀ ਇਸ ਸਮੱਸਿਆ ਤੋਂ ਮੁਕਤੀ ਪਾਈ ਜਾ ਸਕਦੀ ਹੈ।


author

Mukesh

Content Editor

Related News