ਹੁਣ ''ਮਿਸ਼ਨਰੀਜ਼ ਆਫ ਚੈਰਿਟੀ'' ਵਿਚ ਬੱਚਿਆਂ ਦੀ ਵਿਕਰੀ ਅਤੇ ਯੌਨ ਸ਼ੋਸ਼ਣ

07/11/2018 6:37:17 AM

ਤਿਆਗ ਅਤੇ ਸੇਵਾ ਦੀ ਮੂਰਤ ਮਦਰ ਟੈਰੇਸਾ ਦਾ ਜਨਮ 16 ਅਗਸਤ 1910 ਨੂੰ ਮੈਸੀਡੋਨੀਆ ਦੇ ਸਕੋਪਜੇ 'ਚ ਹੋਇਆ ਸੀ। ਉਨ੍ਹਾਂ ਦਾ ਬਚਪਨ ਦਾ ਨਾਂ 'ਏਗਨੇਸ ਗੋਂਜਾ ਬੋਆਜਿਜੂ' ਸੀ। ਅਲਬਾਨੀਆਈ ਭਾਸ਼ਾ 'ਚ 'ਗੋਂਜਾ' ਦਾ ਅਰਥ ਹੈ 'ਫੁੱਲ ਦੀ ਕਲੀ'।
ਏਗਨੇਸ, ਜੋ ਬਾਅਦ ਵਿਚ 'ਮਦਰ ਟੈਰੇਸਾ' ਦੇ ਨਾਂ ਨਾਲ ਮਸ਼ਹੂਰ ਹੋਈ, ਨੇ 1948 'ਚ ਭਾਰਤੀ ਨਾਗਰਿਕਤਾ ਲੈ ਕੇ 1950 'ਚ ਕੋਲਕਾਤਾ ਵਿਖੇ 'ਮਿਸ਼ਨਰੀਜ਼ ਆਫ ਚੈਰਿਟੀ' ਦੀ ਸਥਾਪਨਾ ਕੀਤੀ ਅਤੇ 45 ਸਾਲਾਂ ਤਕ  ਗਰੀਬ, ਬੀਮਾਰ, ਅਨਾਥ ਤੇ ਮਰਨ ਕੰਢੇ ਪੁੱਜੇ ਲੋਕਾਂ ਦੀ ਸੇਵਾ ਤੇ ਸਹਾਇਤਾ ਨੂੰ ਸਮਰਪਿਤ ਹੋ ਗਈ, ਜਿਸ ਕਾਰਨ 1980 'ਚ ਉਨ੍ਹਾਂ ਨੂੰ ਭਾਰਤ ਦਾ ਸਰਵਉੱਚ ਨਾਗਰਿਕ ਸਨਮਾਨ 'ਭਾਰਤ ਰਤਨ' ਦਿੱਤਾ ਗਿਆ।
5 ਸਤੰਬਰ 1997 ਨੂੰ ਦਿਲ ਦੇ ਦੌਰੇ ਨਾਲ ਮੌਤ ਹੋਣ ਤੋਂ ਬਾਅਦ 9 ਸਤੰਬਰ 2016 ਨੂੰ ਪੋਪ ਫਰਾਂਸਿਸ ਨੇ ਉਨ੍ਹਾਂ ਨੂੰ ਮਰਨ ਤੋਂ ਬਾਅਦ 'ਸੰਤ' ਦਾ ਖਿਤਾਬ ਦਿੱਤਾ। 
ਬੇਸ਼ੱਕ ਮਦਰ ਟੈਰੇਸਾ ਅਤੇ ਉਨ੍ਹਾਂ ਵਲੋਂ ਸਥਾਪਿਤ 'ਮਿਸ਼ਨਰੀਜ਼ ਆਫ ਚੈਰਿਟੀ' ਨੇ ਉਨ੍ਹਾਂ ਨੂੰ ਵਿਸ਼ਵਵਿਆਪੀ ਸਨਮਾਨ ਦਿਵਾਇਆ ਪਰ ਉਨ੍ਹਾਂ ਦੀ ਮੌਤ ਤੋਂ ਬਾਅਦ ਇਹ ਸੰਸਥਾ ਵੱਖ-ਵੱਖ ਦੋਸ਼ਾਂ ਦੇ ਘੇਰੇ 'ਚ ਆ ਗਈ। ਜਿਥੇ ਪਿਛਲੇ ਕੁਝ ਸਮੇਂ ਦੌਰਾਨ ਕਈ ਪਾਦਰੀਆਂ 'ਤੇ ਯੌਨ ਸ਼ੋਸ਼ਣ ਦੇ ਦੋਸ਼ ਲੱਗੇ ਹਨ, ਉਥੇ ਹੀ ਹੁਣ 'ਮਿਸ਼ਨਰੀਜ਼ ਆਫ ਚੈਰਿਟੀ' ਵਲੋਂ ਝਾਰਖੰਡ 'ਚ ਸੰਚਾਲਿਤ 'ਨਿਰਮਲ ਹਿਰਦੈ' ਦਾ ਇਕ ਕਾਲਾ ਕਾਰਨਾਮਾ ਸਾਹਮਣੇ ਆਇਆ ਹੈ।
ਇਸ ਦੇ ਮੁਤਾਬਕ 'ਨਿਰਮਲ ਹਿਰਦੈ' ਵਲੋਂ ਨਾ ਸਿਰਫ ਨਵਜੰਮੇ ਬੱਚਿਆਂ ਨੂੰ ਵੇਚਿਆ ਜਾਂਦਾ ਸੀ ਸਗੋਂ ਨਾਬਾਲਗ ਕੁੜੀਆਂ ਦਾ ਸ਼ੋਸ਼ਣ ਕਰਨ ਤੋਂ ਬਾਅਦ ਉਨ੍ਹਾਂ ਦਾ ਸੌਦਾ ਕੀਤਾ ਜਾਂਦਾ ਸੀ। ਯੌਨ ਸ਼ੋਸ਼ਣ ਤੋਂ ਬਾਅਦ ਜਦੋਂ ਨਾਬਾਲਗਾ ਗਰਭਵਤੀ ਹੋ ਜਾਂਦੀ ਸੀ ਤਾਂ ਉਸ ਨੂੰ ਆਸ਼ਰਮ 'ਚ ਪਨਾਹ ਦਿੱਤੀ ਜਾਂਦੀ, ਫਿਰ ਉਸ ਦੇ ਬੱਚੇ ਨੂੰ ਜਾਂ ਤਾਂ ਵੇਚ ਦਿੱਤਾ ਜਾਂਦਾ ਜਾਂ ਵਿਦੇਸ਼ ਭੇਜ ਕੇ ਧਰਮ ਪ੍ਰਚਾਰ ਦੇ ਕੰਮ 'ਚ ਲਾ ਦਿੱਤਾ ਜਾਂਦਾ।
ਬਾਲ ਭਲਾਈ ਕਮੇਟੀ, ਜ਼ਿਲਾ ਭਲਾਈ ਅਫਸਰ ਅਤੇ ਪੁਲਸ ਨੇ ਜਾਂਚ ਦੌਰਾਨ ਦੇਖਿਆ ਕਿ ਕੁਝ ਦਿਨ ਪਹਿਲਾਂ ਸਿਮਡੇਗਾ ਦੀ ਇਕ ਨਾਬਾਲਗਾ ਨੂੰ ਦਿੱਲੀ 'ਚ ਵੇਚਿਆ ਗਿਆ ਅਤੇ ਉਥੇ ਉਸ ਦਾ ਯੌਨ ਸ਼ੋਸ਼ਣ ਹੋਇਆ। ਜਦੋਂ ਉਹ ਗਰਭਵਤੀ ਹਾਲਤ 'ਚ ਪਰਤੀ ਤਾਂ ਉਸ ਨੂੰ 'ਮਿਸ਼ਨਰੀਜ਼ ਆਫ ਚੈਰਿਟੀ' ਦੇ 'ਨਿਰਮਲ ਹਿਰਦੈ' ਵਿਚ ਦਾਖਲ ਕਰਵਾਇਆ ਗਿਆ।
ਉਥੇ ਪੀੜਤਾ ਨੇ ਇਕ ਬੱਚੇ ਨੂੰ ਜਨਮ ਦਿੱਤਾ। ਉਸ ਤੋਂ ਬਾਅਦ ਉਹ ਬੱਚੇ ਨੂੰ ਉਥੇ ਹੀ ਛੱਡ ਕੇ ਘਰ ਪਰਤ ਗਈ। ਖਦਸ਼ਾ ਹੈ ਕਿ ਸਬੰਧਤ ਬੱਚੇ ਦਾ ਸੌਦਾ ਹੋ ਚੁੱਕਾ ਹੈ ਅਤੇ ਹੁਣ ਉਸ ਬੱਚੇ ਦਾ ਪਤਾ ਲਾਇਆ ਜਾ ਰਿਹਾ ਹੈ। 
ਇਸੇ ਦਰਮਿਆਨ 6 ਜੁਲਾਈ ਨੂੰ ਰਾਂਚੀ 'ਚ ਜੇਲ ਰੋਡ 'ਤੇ ਸਥਿਤ 'ਮਿਸ਼ਨਰੀਜ਼ ਆਫ ਚੈਰਿਟੀ' ਵਲੋਂ ਸੰਚਾਲਿਤ 'ਨਿਰਮਲ ਹਿਰਦੈ' ਵਿਚ ਕੰਮ ਕਰਦੀ ਇਕ ਨਨ 'ਸਿਸਟਰ ਕੋਸ਼ਲਿਨੀਆ' ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਸ 'ਤੇ ਯੂ. ਪੀ. ਦੇ ਇਕ ਬੇਔਲਾਦ ਜੋੜੇ ਨੂੰ ਇਕ ਨਵਜੰਮਿਆ ਬੱਚਾ ਵੇਚਣ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਸ ਨੇ ਮੰਨਿਆ ਹੈ ਕਿ ਉਸ ਨੂੰ ਘੱਟੋ-ਘੱਟ 4 ਨਵਜੰਮੇ ਬੱਚੇ ਵੇਚੇ ਜਾਣ ਦੀ ਜਾਣਕਾਰੀ ਹੈ।
ਇਸ ਬਾਰੇ 'ਨਿਰਮਲ ਹਿਰਦੈ' ਦੀ ਮੁਲਾਜ਼ਮ 'ਅਣਿਮਾ ਇੰਦਵਾਰ' ਨੂੰ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਦਕਿ ਇਕ ਹੋਰ 'ਸਿਸਟਰ ਮੈਰੀਡੀਅਨ' ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦਰਮਿਆਨ 'ਚਾਈਲਡ ਵੈੱਲਫੇਅਰ ਕਮੇਟੀ' ਨੇ ਜੇਲ ਰੋਡ 'ਤੇ ਸਥਿਤ 'ਨਿਰਮਲ ਹਿਰਦੈ' ਤੋਂ 50 ਹਜ਼ਾਰ ਰੁਪਏ 'ਚ ਵੇਚਿਆ ਗਿਆ ਇਕ ਨਵਜੰਮਿਆ ਬੱਚਾ ਬਰਾਮਦ ਕੀਤਾ ਹੈ।
ਇਥੇ ਹੀ ਬਸ ਨਹੀਂ, 'ਮਿਸ਼ਨਰੀਜ਼ ਆਫ ਚੈਰਿਟੀ' ਦਾ ਇਕ ਹੋਰ ਕਾਰਨਾਮਾ ਵੀ ਸਾਹਮਣੇ ਆਇਆ ਹੈ, ਜਿਸ ਦੇ ਮੁਤਾਬਕ ਇਸ ਨੇ ਮਾਲੀ ਵਰ੍ਹੇ 2006-07 ਤੋਂ 2016-17 ਦਰਮਿਆਨ 10 ਸਾਲਾਂ ਦੇ ਵਕਫੇ 'ਚ ਵਿਦੇਸ਼ਾਂ ਤੋਂ 9 ਅਰਬ 17 ਕਰੋੜ 62 ਲੱਖ ਰੁਪਏ ਦਾ ਫੰਡ ਪ੍ਰਾਪਤ ਕੀਤਾ ਹੈ।
ਫੰਡ ਦਾ ਇਹ ਅੰਕੜਾ ਕੋਲਕਾਤਾ ਖੇਤਰ ਦਾ ਹੈ, ਜਿਸ 'ਚ ਝਾਰਖੰਡ, ਬੰਗਾਲ ਤੇ ਬਿਹਾਰ ਦੀਆਂ 'ਮਿਸ਼ਨਰੀਜ਼ ਆਫ ਚੈਰਿਟੀ' ਸ਼ਾਮਲ ਹਨ। ਹੁਣ ਝਾਰਖੰਡ ਸਰਕਾਰ ਇਸ ਫੰਡ ਦੀ ਦੁਰਵਰਤੋਂ ਦੀ ਜਾਂਚ ਕਰਵਾਉਣ ਲਈ ਕੇਂਦਰ ਸਰਕਾਰ ਨੂੰ ਸਿਫਾਰਿਸ਼ ਕਰਨ ਵਾਲੀ ਹੈ।
ਆਪਣੀ ਸਫਾਈ ਵਿਚ 'ਮਿਸ਼ਨਰੀਜ਼ ਆਫ ਚੈਰਿਟੀ' ਦੇ ਕੋਲਕਾਤਾ 'ਚ ਸਥਿਤ ਹੈੱਡਕੁਆਰਟਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ''ਸਾਡੇ ਇਥੇ ਜੋ ਕੁਝ ਵੀ ਹੋਇਆ, ਸਾਨੂੰ ਉਸ ਨਾਲ ਵੱਡਾ ਧੱਕਾ ਲੱਗਾ ਹੈ। ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਇਹ ਸਾਡੀਆਂ ਨੈਤਿਕ ਵਚਨਬੱਧਤਾਵਾਂ ਦੇ ਪੂਰੀ ਤਰ੍ਹਾਂ ਉਲਟ ਹੈ। ਅਸੀਂ ਸਾਵਧਾਨੀ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਤੇ ਅਜਿਹੇ ਕਦਮ ਚੁੱਕ ਰਹੇ ਹਾਂ ਕਿ ਅਜਿਹੀਆਂ ਘਟਨਾਵਾਂ ਦੁਬਾਰਾ ਨਾ ਹੋਣ।''
ਹੁਣ ਤਕ ਤਾਂ ਬਾਬਿਆਂ ਅਤੇ ਮੌਲਵੀਆਂ 'ਤੇ ਹੀ ਯੌਨ ਸ਼ੋਸ਼ਣ ਦੇ ਦੋਸ਼ ਲੱਗਦੇ ਸਨ ਪਰ ਹੁਣ ਇਨ੍ਹਾਂ ਦੇ ਨਾਲ-ਨਾਲ ਪਾਦਰੀਆਂ ਤੇ ਮਿਸ਼ਨਰੀਆਂ 'ਤੇ ਵੀ ਯੌਨ ਸ਼ੋਸ਼ਣ ਦੇ ਦੋਸ਼ ਲੱਗਣ ਲੱਗੇ ਹਨ।
ਉਕਤ ਘਟਨਾਵਾਂ ਨਾਲ ਮਦਰ ਟੈਰੇਸਾ ਤੇ ਉਨ੍ਹਾਂ ਦੀ ਸੰਸਥਾ 'ਮਿਸ਼ਨਰੀਜ਼ ਆਫ ਚੈਰਿਟੀ' ਦੀ ਸਾਖ ਨੂੰ ਧੱਕਾ ਲੱਗਾ ਹੈ। ਇਸ ਲਈ ਇਸ ਦੀ ਪੂਰਤੀ ਅਤੇ ਮਦਰ ਟੈਰੇਸਾ ਦੇ ਨਾਂ ਨੂੰ ਬਦਨਾਮੀ ਤੋਂ ਬਚਾਉਣ ਲਈ 'ਮਿਸ਼ਨਰੀਜ਼ ਆਫ ਚੈਰਿਟੀ' ਵਲੋਂ ਦਿੱਤਾ ਗਿਆ ਸਪੱਸ਼ਟੀਕਰਨ ਹੀ ਕਾਫੀ ਨਹੀਂ ਹੈ, ਇਸ ਦੇ ਸੰਚਾਲਕਾਂ ਨੂੰ ਇਹ ਬੁਰਾਈ ਰੋਕਣ ਲਈ ਠੋਸ ਕਾਰਵਾਈ ਦੇ ਸਬੂਤ ਦੇਣੇ ਪੈਣਗੇ, ਤਾਂ ਹੀ ਇਨ੍ਹਾਂ 'ਤੇ ਲੱਗਾ ਦਾਗ਼ ਧੋ ਹੋ ਸਕੇਗਾ।
—ਵਿਜੇ ਕੁਮਾਰ


Vijay Kumar Chopra

Chief Editor

Related News