ਮਹਿਬੂਬਾ ਨੂੰ ਅੱਤਵਾਦੀਆਂ ਦੁਆਰਾ ਮਾਰੇ ਗਏ ਮੁਸਲਿਮ ਪਰਿਵਾਰਾਂ ਦਾ ਵਿਰਲਾਪ ਵੀ ਸੁਣਨਾ ਚਾਹੀਦਾ ਹੈ

12/26/2021 12:34:45 AM

ਜੰਮੂ-ਕਸ਼ਮੀਰ ’ਚ ਪਾਕਿ ਸਮਰਥਿਤ ਅੱਤਵਾਦੀਆਂ ਨੇ ਆਮ ਲੋਕਾਂ ਦੇ ਨਾਲ-ਨਾਲ ਸੁਰੱਖਿਆ ਬਲਾਂ ਦੇ ਕਸ਼ਮੀਰੀ ਮੁਸਲਿਮ ਮੈਂਬਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਰੱਖਿਆ ਹੈ ਜਿਸ ਦੀਆਂ ਸਿਰਫ ਇਸੇ ਮਹੀਨੇ ਦੀਆਂ ਕੁਝ ਉਦਾਹਰਣਾਂ ਹੇਠਾਂ ਦਰਜ ਹਨ :

* 10 ਦਸੰਬਰ ਨੂੰ ਅੱਤਵਾਦੀਆਂ ਨੇ ਬਾਂਦੀਪੁਰਾ ਦੇ ਗੁਲਸ਼ਨ ਚੌਕ ਇਲਾਕੇ ’ਚ ਘਾਤ ਲਗਾ ਕੇ ਕੀਤੇ ਹਮਲੇ ’ਚ 2 ਪੁਲਸ ਮੁਲਾਜ਼ਮਾਂ ਮੁਹੰਮਦ ਸੁਲਤਾਨ ਅਤੇ ਫਇਆਜ਼ ਅਹਿਮਦ ਨੂੰ ਸ਼ਹੀਦ ਕਰ ਦਿੱਤਾ।

* 13 ਦਸੰਬਰ ਸ਼ਾਮ ਨੂੰ ਸ਼੍ਰੀਨਗਰ ’ਚ ਜੇਵਨ ਦੇ ਪੰਥਾਚੌਕ ’ਚੋਂ ਲੰਘ ਰਹੀ ਜੰਮੂ-ਕਸ਼ਮੀਰ ਹਥਿਆਰਬੰਦ ਪੁਲਸ ਦੀ ਬੱਸ ’ਤੇ ਬਾਈਕ ਸਵਾਰ ਅੱਤਵਾਦੀਆਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਕੇ 3 ਜਵਾਨਾਂ-ਏ. ਐੱਸ. ਆਈ. ਗੁਲਾਮ ਹਸਨ, ਕਾਂਸਟੇਬਲਾਂ ਸ਼ਫੀਕ ਅਲੀ ਅਤੇ ਰਮੀਜ਼ ਅਹਿਮਦ ਨੂੰ ਸ਼ਹੀਦ ਕਰ ਦਿੱਤਾ।

* 19 ਦਸੰਬਰ ਨੂੰ ਅੱਤਵਾਦੀਆਂ ਨੇ ਪੁਲਵਾਮਾ ਜ਼ਿਲੇ ਦੇ ‘ਬੰਦਜੂ’ ’ਚ ਜੰਮੂ-ਕਸ਼ਮੀਰ ਪੁਲਸ ਦੇ ਮੈਂਬਰ ਮੁਸ਼ਤਾਕ ਅਹਿਮਦ ਵਾਗੇ ਨੂੰ ਉਸ ਦੇ ਮਕਾਨ ਦੇ ਨੇੜੇ ਹੀ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।       

* 22 ਦਸੰਬਰ ਨੂੰ ਕਸ਼ਮੀਰ ਘਾਟੀ ’ਚ ਅੱਤਵਾਦ ਦੀਆਂ 3 ਘਟਨਾਵਾਂ ਹੋਈਆਂ। ਪਹਿਲੀ ਘਟਨਾ ’ਚ ਬਿਜਬੇਹਾੜਾ ਦੇ ਨੇੜੇ ਅੱਤਵਾਦੀਆਂ ਨੇ ਕਸ਼ਮੀਰ ਪੁਲਸ ਦੇ ਏ. ਐੱਸ. ਆਈ. ਮੁਹੰਮਦ ਅਸ਼ਰਫ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ। ਦੂਸਰੀ ਘਟਨਾ ’ਚ ਸ਼੍ਰੀਨਗਰ ਦੇ ਈਦਗਾਹ ਇਲਾਕੇ ’ਚ ਰਊਫ ਅਹਿਮਦ ਨਾਮਕ ਇਕ ਵਿਅਕਤੀ ਦੀ ਜਾਨ ਲੈ ਲਈ ਅਤੇ ਇਕ ਹੋਰ ਘਟਨਾ ’ਚ ਐੱਲ. ਓ. ਸੀ. ਦੇ ਨੇੜੇ ਬਾਰੂਦੀ ਸੁਰੰਗ ’ਚ ਹੋਏ ਧਮਾਕੇ ’ਚ ਮਾਸੂਮਾ ਬਾਨੋ ਨਾਂ ਦੀ ਇਕ ਮੁਟਿਆਰ ਗੰਭੀਰ ਰੂਪ ’ਚ ਜ਼ਖਮੀ ਹੋ ਗਈ।

ਘਾਟੀ ’ਚ ਅੱਤਵਾਦ ਦੀਆਂ ਜੋ ਹੋਰ ਇੱਕਾ-ਦੁੱਕਾ ਘਟਨਾਵਾਂ ਹੋਈਆਂ ਹਨ ਉਹ ਇਸ ਤੋਂ ਅਲੱਗ ਹਨ। ਲਗਾਤਾਰ ਜਾਰੀ ਹਿੰਸਾ ਦੇ ਨਤੀਜੇ ਵਜੋਂ ਜਿੱਥੇ ਵੱਡੀ ਗਿਣਤੀ ’ਚ ਘੱਟਗਿਣਤੀ ਹਿਜਰਤ ਕਰ ਗਏ ਹਨ ਉੱਥੇ ਸਥਾਨਕ ਲੋਕਾਂ ਅਤੇ ਸੁਰੱਖਿਆ ਬਲਾਂ ਨੂੰ ਵੀ ਅੱਤਵਾਦੀਆਂ ਦੁਆਰਾ ਨਿਸ਼ਾਨਾ ਬਣਾਏ ਜਾਣ ਦੇ ਕਾਰਨ ਅਸੁਰੱਖਿਆ ਦਾ ਮਾਹੌਲ ਪੈਦਾ ਹੋਇਆ ਹੈ।

ਇਕ ਪਾਸੇ ਤਾਂ ਸਮਾਜ ਦੇ ਸਾਰੇ ਵਰਗਾਂ ਅਤੇ ਸਿਆਸਤਦਾਨਾਂ ਵੱਲੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਜਾ ਰਹੀ ਹੈ ਅਤੇ ਸਰਕਾਰ ਵੱਲੋਂ ਘਾਟੀ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਅੱਤਵਾਦੀਆਂ ਦੇ ਸਫਾਏ ਲਈ ਚਲਾਈ ਜਾ ਰਹੀ ਮੁਹਿੰਮ ਨੂੰ ਸਰਗਰਮ ਕਰਨ ਲਈ ਕਿਹਾ ਜਾ ਰਿਹਾ ਹੈ ਪਰ ਪੀ. ਡੀ. ਪੀ. ਸੁਪਰੀਮੋ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਸਰਕਾਰ ਦਾ ਅਜਿਹਾ ਕਰਨਾ ਚੰਗਾ ਨਹੀਂ ਲੱਗ ਰਿਹਾ।

ਮਹਿਬੂਬਾ ਮੁਫਤੀ ਨੇ 22 ਦਸੰਬਰ ਨੂੰ ਅਸਿੱਧੇ ਤੌਰ ’ਤੇ ਕੇਂਦਰੀ ਲੀਡਰਸ਼ਿਪ ਨੂੰ ‘ਤਾਨਾਸ਼ਾਹ’ ਦੱਸਦੇ ਹਏ ਕਿਹਾ, ‘‘ਸਾਡੇ ਦੇਸ਼ ’ਚ ਜੋ ਹੋ ਰਿਹਾ ਹੈ ਉਸ ਨੂੰ ਸਭ ਦੇਖ ਰਹੇ ਹਨ। ਲੋਕਤੰਤਰ ਅਤੇ ਸੰਵਿਧਾਨ ਨੂੰ ਨਸ਼ਟ ਕੀਤਾ ਜਾ ਰਿਹਾ ਹੈ।’’

ਮਹਿਬੂਬਾ ਮੁਫਤੀ ਨੇ ਕੇਂਦਰ ਸਰਕਾਰ ’ਤੇ ਲੋਕਾਂ ਦੇ ਦਿਮਾਗ ’ਚ ਜ਼ਹਿਰ ਭਰਨ ਦਾ ਦੋਸ਼ ਲਗਾਇਆ ਅਤੇ ਜੰਮੂ-ਕਸ਼ਮੀਰ ਦੇ ਨੌਜਵਾਨਾਂ ਨੂੰ ‘ਆਪਣੇ ਗੁਆਚੇ ਹੋਏ ਸਨਮਾਨ ਨੂੰ ਵਾਪਸ ਹਾਸਲ ਕਰਨ ਦੇ ਲਈ’ ਇਕੱਠਿਆਂ ਲੜਨ ਦੀ ਅਪੀਲ ਕੀਤੀ।

ਭਾਰਤ ਸਰਕਾਰ ਨੂੰ ‘ਤਾਨਾਸ਼ਾਹ’ ਦੱਸਣ ਵਾਲੀ ਮਹਿਬੂਬਾ ਮੁਫਤੀ ਦੇ ਉਕਤ ਬਿਆਨ ਨੂੰ ਪੜ੍ਹ ਕੇ ਮਨ ’ਚ ਇਹ ਸਵਾਲ ਉੱਠਣਾ ਸੁਭਾਵਿਕ ਹੀ ਹੈ ਕਿ ਅਜਿਹਾ ਬਿਆਨ ਦੇ ਕੇ ਉਹ ਕੀ ਕਹਿਣਾ ਚਾਹੁੰਦੀ ਹੈ?

ਮਹਿਬੂਬਾ ਮੁਫਤੀ ਨੂੰ ਅੱਤਵਾਦੀਆਂ ਦੇ ਹੱਥੋਂ ਮਾਰੇ ਜਾ ਰਹੇ ਨਿਰਦੋਸ਼ ਮੁਸਲਮਾਨਾਂ ਦੇ ਪਰਿਵਾਰਾਂ ਦਾ ਦੁੱਖ ਅਤੇ ਸਰਕਾਰ ਵੱਲੋਂ ਬਿਨਾਂ ਕਿਸੇ ਭੇਦਭਾਵ ਦੇ ਕੀਤੀ ਜਾ ਰਹੀ ਉਨ੍ਹਾਂ ਦੀ ਸਹਾਇਤਾ ਕਿਉਂ ਨਹੀਂ ਦਿਖਾਈ ਦਿੰਦੀ?

ਕੀ ਮਹਿਬੂਬਾ ਨੂੰ ਪਤਾ ਨਹੀਂ ਕਿ ਜੰਮੂ-ਕਸ਼ਮੀਰ ਦਾ ਪ੍ਰਸ਼ਾਸਨ ਅੱਤਵਾਦੀਆਂ ਦੇ ਹੱਥੋਂ ਮਾਰੇ ਜਾ ਰਹੇ ਉਨ੍ਹਾਂ ਦੇ ਹੀ ਮੁਸਲਿਮ ਭਾਈ-ਬੰਧੂਆਂ ਦੇ ਆਸ਼ਰਿਤਾਂ ਦੇ ਮੁੜ-ਵਸੇਬੇ ਦੇ ਲਈ ਰੋਜ਼ਗਾਰ ਮੁਹੱਈਆ ਕਰ ਕੇ ਉਨ੍ਹਾਂ ਦੀ ਸਹਾਇਤਾ ’ਚ ਲੱਗਾ ਹੋਇਆ ਹੈ।

ਮਹਿਬੂਬਾ ਮੁਫਤੀ ਨੂੰ ਅੱਤਵਾਦੀਆਂ ਦੇ ਹੱਥੋਂ ਮਾਰੇ ਗਏ ਨਿਰਦੋਸ਼ ਮੁਸਲਮਾਨਾਂ ਦੀਆਂ ਵਿਧਵਾਵਾਂ ਅਤੇ ਉਨ੍ਹਾਂ ਦੇ ਬੱਚਿਆਂ ਦਾ ਵਿਰਲਾਪ ਵੀ ਸੁਣਨਾ ਚਾਹੀਦਾ ਹੈ ਜਿਨ੍ਹਾਂ ਨੂੰ ਉਨ੍ਹਾਂ ਦੇ ਆਪਣਿਆਂ ਨੇ ਹੀ ਤਬਾਹ ਅਤੇ ਬਰਬਾਦ ਕੀਤਾ ਹੈ ਅਤੇ ਇਨ੍ਹਾਂ ਦੇ ਬਾਰੇ ’ਚ ਵੀ ਬੋਲਣਾ ਚਾਹੀਦਾ ਹੈ।

ਸਰਕਾਰ ਵੱਲੋਂ ਜੰਮੂ-ਕਸ਼ਮੀਰ ’ਚ ਅੱਤਵਾਦ ਪੀੜਤਾਂ ਨੂੰ ਸੁਰੱਖਿਆ ਬਲਾਂ ਅਤੇ ਹੋਰਨਾਂ ਸਰਕਾਰੀ ਵਿਭਾਗਾਂ ’ਚ ਨੌਕਰੀਆਂ ਦੇਣ, ਉਨ੍ਹਾਂ ਦੀ ਸੁਰੱਖਿਆ ਅਤੇ ਜੀਵਨ ਪੱਧਰ ਦੀ ਭਲਾਈ ਲਈ ਹੋਰ ਕਦਮ ਚੁੱਕਣ ਦੇ ਬਾਵਜੂਦ ਮਹਿਬੂਬਾ ਵੱਲੋਂ ਉਸ ਦੀ ਆਲੋਚਨਾ ਕਰਨੀ, ਉਸ ਨੂੰ ‘ਤਾਨਾਸ਼ਾਹ’ ਦੱਸਣਾ ਅਤੇ ਭਾਰਤ ’ਚ ਅੱਤਵਾਦੀ ਹਿੰਸਾ ਦੇ ਲਈ ਜ਼ਿੰਮੇਵਾਰ ਪਾਕਿਸਤਾਨ ਸਰਕਾਰ ਅਤੇ ਉਸ ਦੇ ਪਾਲੇ ਹੋਏ ਅੱਤਵਾਦੀਆਂ ਦੀ ਨਿੰਦਾ ਨਾ ਕਰਨੀ ਕਿਸੇ ਵੀ ਨਜ਼ਰੀਏ ਤੋਂ ਸਹੀ ਨਹੀਂ ਕਿਹਾ ਜਾ ਸਕਦਾ।
-ਵਿਜੇ ਕੁਮਾਰ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


Inder Prajapati

Content Editor

Related News