ਊਧਵ ਠਾਕਰੇ ਬਣੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਅਸਲ ਪ੍ਰੀਖਿਆ ਸ਼ੁਰੂ ਹੋਵੇਗੀ ਹੁਣ

11/29/2019 1:07:53 AM

ਆਖਿਰ 20 ਸਾਲਾਂ ਦੀ ਉਡੀਕ ਦੇ ਬਾਅਦ ਮਹਾਰਾਸ਼ਟਰ ਵਿਚ ਇਕ ਵਾਰ ਫਿਰ ਸ਼ਿਵ ਸੈਨਾ ਦੇ ਰਾਜ ਦਾ ਆਗ਼ਾਜ਼ ਹੋ ਹੀ ਗਿਆ, ਜਦੋਂ ਭਾਜਪਾ ਨਾਲੋਂ ਗੱਠਜੋੜ ਟੁੱਟਣ ਬਾਅਦ ਰਾਕਾਂਪਾ ਅਤੇ ਕਾਂਗਰਸ ਦੇ ਸਹਿਯੋਗ ਨਾਲ ਊਧਵ ਠਾਕਰੇ ਨੇ ਆਪਣੇ ਗੱਠਜੋੜ ‘ਮਹਾਰਾਸ਼ਟਰ ਵਿਕਾਸ ਅਘਾੜੀ’ (ਐੱਮ. ਵੀ. ਏ.) ਦੀ ਸਰਕਾਰ ਬਣਾਉਣ ਵਿਚ ਸਫਲਤਾ ਪ੍ਰਾਪਤ ਕਰ ਲਈ।

28 ਨਵੰਬਰ ਨੂੰ ਸ਼ਾਮ ਦੇ 6.40 ਵਜੇ ਤਿੰਨਾਂ ਪਾਰਟੀਆਂ ’ਚੋਂ ਲਏ ਗਏ 2-2 ਨੇਤਾਵਾਂ ਨੇ ਸ਼ਿਵਾਜੀ ਪਾਰਕ ਵਿਚ ਆਯੋਜਿਤ ਸਮਾਰੋਹ ਵਿਚ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਦੀ ਗਵਾਹੀ ’ਚ ਊਧਵ ਠਾਕਰੇ ਨਾਲ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕੀ। ਉਹ ਹੁਣ 3 ਦਸੰਬਰ ਨੂੰ ਸਦਨ ਵਿਚ ਬਹੁਮਤ ਸਿੱਧ ਕਰਨਗੇ।

ਇਨ੍ਹਾਂ ’ਚ ਸ਼ਿਵ ਸੈਨਾ ਵਲੋਂ ਏਕਨਾਥ ਸ਼ਿੰਦੇ ਅਤੇ ਸੁਭਾਸ਼ ਦੇਸਾਈ, ਰਾਕਾਂਪਾ ਵਲੋਂ ਜੈਅੰਤ ਪਾਟਿਲ ਅਤੇ ਛਗਨ ਭੁਜਬਲ ਅਤੇ ਕਾਂਗਰਸ ਵਲੋਂ ਬਾਲਾ ਸਾਹਿਬ ਧੋਰਾਟ ਅਤੇ ਨਿਤਿਨ ਰਾਉਤ ਸ਼ਾਮਿਲ ਹਨ। ਸ਼ਰਦ ਪਵਾਰ ਦੇ ਭਤੀਜੇ ਅਜੀਤ ਪਵਾਰ ਵੀ ਉਪ-ਮੁੱਖ ਮੰਤਰੀ ਦੇ ਅਹੁਦੇ ਦੀ ਸਹੁੰ ਚੁੱਕਣ ਵਾਲੇ ਸਨ ਪਰ ਅੰਤਿਮ ਸਮੇਂ ’ਤੇ ਉਨ੍ਹਾਂ ਦਾ ਸਹੁੰ ਚੁੱਕਣਾ ਟਲ ਗਿਆ।

70,000 ਦੀ ਸਮਰੱਥਾ ਵਾਲੇ ਸ਼ਿਵਾਜੀ ਪਾਰਕ ਵਿਚ ਸਹੁੰ ਚੁੱਕਣ ਲਈ ਵਿਸ਼ੇਸ਼ ਤੌਰ ’ਤੇ ਬਣਾਏ ਗਏ ਮੰਚ ’ਤੇ 100 ਕੁਰਸੀਆਂ ਅਤੇ ਇਸ ਦਾ ਸਿੱਧਾ ਪ੍ਰਸਾਰਣ ਦਿਖਾਉਣ ਲਈ 20 ਐੱਲ. ਈ. ਡੀ. (LED) ਸਕ੍ਰੀਨਾਂ ਵੀ ਲਗਾਈਆਂ ਗਈਆਂ।

ਕਈ ਦਹਾਕਿਆਂ ਤੋਂ ਮਹਾਰਾਸ਼ਟਰ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਵਾਲੇ ਠਾਕਰੇ ਪਰਿਵਾਰ ਦਾ ਕੋਈ ਮੈਂਬਰ ਪਹਿਲੀ ਵਾਰ ਮੁੱਖ ਮੰਤਰੀ ਬਣਿਆ ਹੈ। ਊਧਵ ਦੀ ਸੂਬੇ ਦੇ 19ਵੇਂ ਮੁੱਖ ਮੰਤਰੀ ਦੇ ਅਹੁਦੇ ’ਤੇ ਤਾਜਪੋਸ਼ੀ ਲਈ ਸ਼ਿਵ ਸੈਨਾ ਨੇ ਵਿਆਪਕ ਤਿਆਰੀਆਂ ਕੀਤੀਆਂ ਅਤੇ ਮੁੰਬਈ ਨੂੰ ਬਾਲ ਠਾਕਰੇ ਅਤੇ ਇੰਦਰਾ ਗਾਂਧੀ ਦੀਆਂ ਤਸਵੀਰਾਂ ਵਾਲੇ ਪੋਸਟਰਾਂ ਨਾਲ ਭਰ ਦਿੱਤਾ।

ਇਸੇ ਦਰਮਿਆਨ ਜਿੱਥੇ ਊਧਵ ਠਾਕਰੇ ਨੇ ‘ਸਾਮਨਾ’ ਦੇ ਸੰਪਾਦਕ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਉਥੇ ਬੰਬਈ ਹਾਈਕੋਰਟ ਵਿਚ ਮੌਜੂਦਾ ਗੱਠਜੋੜ ਨੂੰ ਨਾਜਾਇਜ਼ ਕਰਾਰ ਦਿੰਦਿਆਂ ਸਹੁੰ ਚੁੱਕਣ ’ਤੇ ਰੋਕ ਲਗਾਉਣ ਲਈ ਕੁਝ ਵਕੀਲਾਂ ਨੇ ਰਿੱਟ ਦਾਇਰ ਕਰ ਦਿੱਤੀ, ਜਿਸ ’ਤੇ ਤਤਕਾਲ ਸੁਣਵਾਈ ਕਰਨ ਤੋਂ ਹਾਈਕੋਰਟ ਨੇ ਨਾਂਹ ਕਰ ਦਿੱਤੀ।

ਸਹੁੰ ਚੁੱਕ ਸਮਾਰੋਹ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ’ਚ ਸਾਰੀਆਂ ਗੈਰ-ਭਾਜਪਾ ਪਾਰਟੀਆਂ ਦੇ ਆਗੂਆਂ ਅਤੇ ਮੁੱਖ ਮੰਤਰੀਆਂ ਨੂੰ ਸੱਦਾ ਦੇਣ ਦੇ ਇਲਾਵਾ ਸਿਨੇ ਸੰਸਾਰ ਨਾਲ ਜੁੜੀਆਂ ਹਸਤੀਆਂ ਅਤੇ ਕਿਸਾਨਾਂ ਦੇ 500 ਪਰਿਵਾਰਕ ਮੈਂਬਰਾਂ ਨੂੰ ਵਿਸ਼ੇਸ਼ ਤੌਰ ’ਤੇ ਸੱਦਿਆ ਗਿਆ।

ਸ਼ਿਵ ਸੈਨਾ ਛੱਡ ਕੇ ਆਪਣੀ ਵੱਖਰੀ ਪਾਰਟੀ ‘ਮਹਾਰਾਸ਼ਟਰ ਨਵ ਨਿਰਮਾਣ ਸੇਨਾ’ ਬਣਾਉਣ ਵਾਲੇ ਊਧਵ ਦੇ ਚਚੇਰੇ ਭਰਾ ਰਾਜ ਠਾਕਰੇ ਸਮੇਤ ਸ਼ਰਦ ਪਵਾਰ, ਅਹਿਮਦ ਪਟੇਲ, ਪ੍ਰਿਥਵੀਰਾਜ ਚੌਹਾਨ, ਸੁਸ਼ੀਲ ਸ਼ਿੰਦੇ, ਕਮਲਨਾਥ, ਕਪਿਲ ਸਿੱਬਲ, ਐੱਮ. ਕੇ. ਸਟਾਲਿਨ, ਟੀ. ਆਰ. ਬਾਲੂ, ਸੁਪ੍ਰਿਆ ਸੁਲੇ, ਅਜੀਤ ਪਵਾਰ, ਊਧਵ ਠਾਕਰੇ ਦੀ ਪਤਨੀ ਰਸ਼ਿਮ, ਮੁਕੇਸ਼ ਅੰਬਾਨੀ, ਨੀਤਾ ਅੰਬਾਨੀ ਅਤੇ ਅਨੰਤ ਅੰਬਾਨੀ , ਦੇਵੇਂਦਰ ਫੜਨਵੀਸ ਆਦਿ ਮੰਚ ’ਤੇ ਹਾਜ਼ਰ ਸਨ। ਮੰਚ ’ਤੇ ਇੰਨੇ ਆਗੂ ਹਾਜ਼ਰ ਸਨ ਕਿ ਉਥੇ ਰੱਖੀਆਂ ਕੁਰਸੀਆਂ ਘਟ ਗਈਆਂ।

ਇਹ ਸਿਰਫ ਸਹੁੰ ਚੁੱਕ ਸਮਾਰੋਹ ਹੀ ਨਹੀਂ, ਸ਼ਿਵ ਸੈਨਾ ਵਲੋਂ ਸ਼ਕਤੀ ਦਾ ਪ੍ਰਦਰਸ਼ਨ ਵੀ ਸੀ। ਸੱਤਾ ਪ੍ਰਾਪਤੀ ਦੀ ਪਹਿਲੀ ਲੜਾਈ ਵਿਚ ਤਾਂ ਗੱਠਜੋੜ ਜਿੱਤ ਗਿਆ ਹੈ ਪਰ ਇਸ ਦੀ ਅਸਲੀ ਪ੍ਰੀਖਿਆ ਤਾਂ ਉਦੋਂ ਸ਼ੁਰੂ ਹੋਵੇਗੀ, ਜਦੋਂ ਇਸ ਨੂੰ ਸੂਬੇ ਨੂੰ ਦਰਪੇਸ਼ ਅਨੇਕ ਸਮੱਸਿਆਵਾਂ ਨਾਲ ਜੂਝਣਾ ਪਵੇਗਾ। ਇਨ੍ਹਾਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ, ਸੂਬੇ ਦੇ ਕੁਝ ਹਿੱਸਿਆਂ ’ਚ ਸੋਕੇ ਅਤੇ ਪਾਣੀ ਦੀ ਘਾਟ ਅਤੇ ਕੁਝ ਹਿੱਸਿਆਂ ’ਚ ਹੜ੍ਹ, ਬੇਰੋਜ਼ਗਾਰੀ ਆਦਿ ਹਨ।

ਪਾਰਟੀ ਦੀ ਵਿਚਾਰਧਾਰਾ ਇਕ ਪਾਸੇ ਰੱਖ ਕੇ ਤਿੰਨਾਂ ਪਾਰਟੀਆਂ ਨੇ ਆਪਣੇ ਘੱਟੋ-ਘੱਟ ਸਾਂਝੇ ਪ੍ਰੋਗਰਾਮ ਵਿਚ ਦੇਸ਼ ਨੂੰ ਸਭ ਤੋਂ ਉੱਪਰ ਰੱਖਣ, ਧਰਮ ਨਿਰਪੱਖਤਾ ਬਚਾਉਣ, ਔਰਤਾਂ ਦੇ ਸਸ਼ਕਤੀਕਰਨ, ਕਿਸਾਨਾਂ ਨੂੰ ਰਾਹਤ ਦੇਣ, ਬੇਰੋਜ਼ਗਾਰੀ ਦੂਰ ਕਰਨ, ਇਕ ਰੁਪਏ ’ਚ ਇਲਾਜ ਅਤੇ 10 ਰੁਪਏ ’ਚ ਭੋਜਨ ਮੁਹੱਈਆ ਕਰਵਾਉਣ ਆਦਿ ਦੀਆਂ ਗੱਲਾਂ ਕਹੀਆਂ ਹਨ ਪਰ ਉਹ ਇਨ੍ਹਾਂ ਵਿਚ ਕਿੰਨਾ ਸਫਲ ਹੁੰਦੇ ਹਨ, ਇਸ ਦਾ ਜਵਾਬ ਭਵਿੱਖ ਹੀ ਦੇਵੇਗਾ।

–ਵਿਜੇ ਕੁਮਾਰ


Bharat Thapa

Content Editor

Related News