ਆਪਣਿਆਂ ਦੇ ਹੀ ਹੱਥੋਂ ਹੋ ਰਹੀ ਧੀਆਂ ਦੀ ਹੱਤਿਆ

Saturday, Sep 28, 2019 - 12:50 AM (IST)

ਆਪਣਿਆਂ ਦੇ ਹੀ ਹੱਥੋਂ ਹੋ ਰਹੀ ਧੀਆਂ ਦੀ ਹੱਤਿਆ

ਬੇਸ਼ੱਕ ਕੇਂਦਰ ਸਰਕਾਰ ਨੇ ਬੱਚੀਆਂ ਦੀ ਸੁਰੱਖਿਆ ਅਤੇ ਉਨ੍ਹਾਂ ਦੇ ਸਸ਼ਕਤੀਕਰਨ ਲਈ 22 ਜਨਵਰੀ 2015 ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਯੋਜਨਾ ਸ਼ੁਰੂ ਕੀਤੀ ਸੀ ਪਰ ਅਜੇ ਵੀ ਇਹ ਯੋਜਨਾ ਆਪਣੇ ਟੀਚੇ ਤੋਂ ਬਹੁਤ ਦੂਰ ਹੈ।

ਇਸ ਦਾ ਸਬੂਤ ਹੈ ਦੇਸ਼ ’ਚ ਨਿੱਤ ਹੋ ਰਹੀਆਂ ਬੱਚੀਆਂ ਦੀਆਂ ਹੱਤਿਆਵਾਂ। ਇਕ ਪਾਸੇ ਗਰਭ ’ਚ ਪਲ਼ ਰਹੀਆਂ ਧੀਆਂ ਨੂੰ ਜੰਮਣ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ ਹੈ ਤਾਂ ਦੂਜੇ ਪਾਸੇ ਸਮਾਜਿਕ ਰੀਤਾਂ ਅਤੇ ਮਜਬੂਰੀਆਂ ਦੇ ਨਾਂ ’ਤੇ ਮਾਂ-ਪਿਓ ਅਤੇ ਰਿਸ਼ਤੇਦਾਰ ਆਪਣੇ ਹੱਥਾਂ ਨਾਲ ਹੀ ਆਪਣੀਆਂ ਧੀਆਂ ਦੀ ਜਾਨ ਲੈ ਰਹੇ ਹਨ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :

* 04 ਸਤੰਬਰ ਨੂੰ ਹਰਿਆਣਾ ’ਚ ਕੈਥਲ ਦੇ ਪਿੰਡ ਕੁਲਤਾਰਨ ’ਚ ਸਿਰਫ 10 ਦਿਨਾਂ ਦੀ ਮਾਸੂਮ ਨੂੰ ਉਸ ਦੀ ਦਾਦੀ ਆਪਣੀ ਨੂੰਹ ਦੀ ਗੋਦ ’ਚੋਂ ਨੁਹਾਉਣ ਲਈ ਕਹਿ ਕੇ ਲੈ ਗਈ ਤੇ ਕੁਝ ਸਮੇਂ ਬਾਅਦ ਜਦੋਂ ਉਹ ਬੱਚੀ ਨੂੰ ਵਾਪਿਸ ਲਿਆਈ ਤਾਂ ਉਸ ਦੀ ਮੌਤ ਹੋ ਚੁੱਕੀ ਸੀ। ਇਸ ਬਾਰੇ ਪੁਲਸ ਨੇ ਮ੍ਰਿਤਕ ਬੱਚੀ ਦੀ ਮਾਂ ਦੀ ਸ਼ਿਕਾਇਤ ’ਤੇ ਉਸ ਦੀ ਸੱਸ ਬਿਮਲਾ, ਪਤੀ ਸੋਨੂੰ ਅਤੇ ਜੇਠ ਵਿਰੁੱਧ ਹੱਤਿਆ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ।

* 10 ਸਤੰਬਰ ਨੂੰ ਮਹਾਰਾਸ਼ਟਰ ਦੇ ਪੁਣੇ ’ਚ ਸ਼ਵੇਤਾ ਪਾਟਿਲ ਨਾਮੀ ਔਰਤ ਨੇ ਆਪਣੀ 6 ਸਾਲਾ ਧੀ ਅਕਸ਼ਰਾ ਦਾ ਗੁੱਟ ਕੱਟ ਕੇ ਉਸ ਦੀ ਜੀਵਨ ਲੀਲਾ ਖਤਮ ਕਰ ਦਿੱਤੀ।

* 10 ਸਤੰਬਰ ਨੂੰ ਹੀ ਦਿੱਲੀ ਦੇ ਦੁਆਰਕਾ ’ਚ ਧੀ ਜੰਮਣ ਤੋਂ ਨਾਖੁਸ਼ ਮੁਕੇਸ਼ ਨਾਮੀ ਵਿਅਕਤੀ ਨੇ ਪਤਨੀ ਨਾਲ ਝਗੜ ਕੇ ਆਪਣੀ 21 ਦਿਨਾਂ ਦੀ ਧੀ ਦੀ ਹੱਤਿਆ ਕਰ ਦਿੱਤੀ।

* 18 ਸਤੰਬਰ ਨੂੰ ਗੋਆ ਦੇ ਇਕ ਪਿੰਡ ’ਚ ‘ਏਜੀਆ ਏਵਿਸ ਰੋਡਰਿਗਜ਼’ ਨਾਮੀ ਔਰਤ ਨੇ ਸੱਸ ਨਾਲ ਝਗੜੇ ਤੋਂ ਬਾਅਦ ਗੁੱਸੇ ਵਿਚ ਆ ਕੇ ਆਪਣੀ 2 ਵਰ੍ਹਿਆਂ ਦੀ ਧੀ ਨੂੰ ਮਾਰ ਦਿੱਤਾ।

* 18 ਸਤੰਬਰ ਨੂੰ ਹੀ ਯੂ. ਪੀ. ਦੇ ਫਿਰੋਜ਼ਾਬਾਦ ’ਚ ਪਤਨੀ ਨਾਲ ਝਗੜੇ ਕਾਰਣ ਮਾਇਆਰਾਮ ਨਾਮੀ ਵਿਅਕਤੀ ਆਪਣੀ ਢਾਈ ਮਹੀਨਿਆਂ ਦੀ ਧੀ ਦੀ ਗਲਾ ਘੁੱਟ ਕੇ ਹੱਤਿਆ ਕਰਨ ਮਗਰੋਂ ਲਾਸ਼ ਬਾਜਰੇ ਦੇ ਖੇਤ ’ਚ ਸੁੱਟ ਕੇ ਫਰਾਰ ਹੋ ਗਿਆ।

* 22 ਸਤੰਬਰ ਨੂੰ ਮੁਜ਼ੱਫਰਨਗਰ ਦੇ ਭਿੱਕੀ ਪਿੰਡ ’ਚ ਇਕ ਮਾਂ-ਪਿਓ ਨੇ ਆਪਣੀਆਂ 20 ਦਿਨਾਂ ਦੀਆਂ ਜੌੜੀਆਂ ਧੀਆਂ ਨੂੰ ਤਲਾਬ ਵਿਚ ਡੁਬੋ ਕੇ ਮਾਰ ਦਿੱਤਾ। ਗ੍ਰਿਫਤਾਰੀ ਤੋਂ ਬਾਅਦ ਧੀਆਂ ਦੇ ਪਿਤਾ ਵਸੀਮ ਨੇ ਕਿਹਾ ਕਿ ਧੀਆਂ ਦੇ ਪਾਲਣ-ਪੋਸ਼ਣ ਦਾ ਖਰਚਾ ਚੁੱਕਣ ’ਚ ਅਸਮਰੱਥ ਹੋਣ ਕਰਕੇ ਉਸ ਨੇ ਤੇ ਉਸ ਦੀ ਪਤਨੀ ਨਜ਼ਮਾ ਨੇ ਇਹ ਕਦਮ ਚੁੱਕਿਆ।

ਅਤੇ ਹੁਣ 26 ਸਤੰਬਰ ਨੂੰ ਪੰਜਾਬ ਦੇ ਬਠਿੰਡਾ ’ਚ 2 ਬੱਚੀਆਂ ਨੂੰ ਜਨਮ ਤੋਂ 7 ਘੰਟਿਆਂ ਬਾਅਦ ਹੀ ਉਨ੍ਹਾਂ ਦੀ ਨਾਨੀ ਮਲਕੀਤ ਕੌਰ ਅਤੇ ਮਾਮੇ ਬਲਜਿੰਦਰ ਸਿੰਘ ਨੇ ਹਸਪਤਾਲ ਤੋਂ ਲਿਜਾ ਕੇ ਨਹਿਰ ਵਿਚ ਸੁੱਟ ਕੇ ਮਾਰ ਦਿੱਤਾ।

ਇਸੇ ਦਿਨ ਕੁਰੂਕਸ਼ੇਤਰ ਦੇ ਡਬਖੇਰਾ ਪਿੰਡ ’ਚ ਸਕੂਲ ਦੀ ਫੀਸ ਮੰਗਣ ’ਤੇ ਗੁੱਸੇ ’ਚ ਆਏ ਪਿਤਾ ਜਸਵੀਰ ਸਿੰਘ ਨੇ ਆਪਣੀ 6 ਸਾਲਾ ਧੀ ਦੀ ਹੱਤਿਆ ਕਰ ਦਿੱਤੀ।

ਜਿੱਥੇ ਬੇਟਾ ਇਕ ਵੰਸ਼ ਨੂੰ ਅੱਗੇ ਚਲਾ ਕੇ ਇਕ ਪਰਿਵਾਰ ਦਾ ਨਾਂ ਰੌਸ਼ਨ ਕਰਦਾ ਹੈ, ਉਥੇ ਹੀ ਧੀਆਂ ਆਪਣੇ ਪੇਕਿਆਂ ਅਤੇ ਸਹੁਰਿਆਂ ਦੋ-ਦੋ ਪਰਿਵਾਰਾਂ ਦਾ ਨਾਂ ਰੌਸ਼ਨ ਕਰਦੀਆਂ ਹਨ। ਲਿਹਾਜ਼ਾ ਧੀਆਂ ਨੂੰ ਇਸ ਤਰ੍ਹਾਂ ਮੌਤ ਦੇ ਮੂੰਹ ਵਿਚ ਧੱਕਣ ਵਾਲਿਆਂ ਵਿਰੁੱਧ ਸਖਤ ਕਾਰਵਾਈ ਕਰਨਾ ਹੀ ਇਸ ਸਮੱਸਿਆ ਦਾ ਇਕੋ-ਇਕ ਉਪਾਅ ਹੈ।

ਧੀਆਂ ਦੀ ਹੱਤਿਆ ਰੋਕ ਕੇ ਉਨ੍ਹਾਂ ਦੇ ਸਹੀ ਪਾਲਣ-ਪੋਸ਼ਣ ਅਤੇ ਸਹੀ ਸਿੱਖਿਆ ਨਾਲ ਹੀ ‘ਬੇਟੀ ਬਚਾਓ, ਬੇਟੀ ਪੜ੍ਹਾਓ’ ਦਾ ਸਰਕਾਰ ਦਾ ਨਾਅਰਾ ਸਫਲ ਹੋ ਸਕਦਾ ਹੈ।

–ਵਿਜੇ ਕੁਮਾਰ


author

Bharat Thapa

Content Editor

Related News