''ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ'' ਉੱਤੇ ਯਾਤਰੀਆਂ ਦੇ ਸਾਮਾਨ ਦੀ ਚੋਰੀ
Wednesday, Jun 22, 2016 - 03:42 AM (IST)
ਘਰਾਂ, ਦਕਾਨਾਂ ਆਦਿ ਵਿਚ ਤਾਂ ਚੋਰੀਆਂ ਹੋਣਾ ਇਕ ਆਮ ਗੱਲ ਹੈ ਪਰ ਹੁਣ ਬਹੁਤ ਜ਼ਿਆਦਾ ਸੁਰੱਖਿਅਤ ਸਮਝੇ ਜਾਣ ਵਾਲੇ ਹਵਾਈ ਅੱਡਿਆਂ ''ਤੇ ਵੀ ਚੋਰਾਂ ਨੇ ਧਾਵਾ ਬੋਲ ਦਿੱਤਾ ਹੈ। ਦਿੱਲੀ ਦਾ ''ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡਾ'' (ਆਈ. ਜੀ. ਆਈ.) ਯਾਤਰੀਆਂ ਦੇ ਸਾਮਾਨ ਦੀ ਚੋਰੀ ਦੀਆਂ ਘਟਨਾਵਾਂ ਕਾਰਨ ਇਨ੍ਹੀਂ ਦਿਨੀਂ ਕਾਫੀ ਚਰਚਿਤ ਹੈ :
* 25 ਮਾਰਚ 2016 ਨੂੰ ਆਈ. ਜੀ. ਆਈ. ਦੇ ਟਰਮੀਨਲ-3 ''ਤੇ ਸਕੈਨਰ ਰਾਹੀਂ ਜਾਂਚ ਤੋਂ ਬਾਅਦ ਇਕ ਆਦਮੀ ਦੇ ਬੈਗ ਦੀ ਮੂਹਰਲੀ ਜੇਬ ''ਚੋਂ ''ਆਈ ਫੋਨ'' ਗਾਇਬ ਹੋ ਗਿਆ।
* 23 ਮਈ ਨੂੰ ''ਚੈੱਕ ਇਨ ਕਾਊਂਟਰ'' ਨੇੜੇ ਇਕ ਯਾਤਰੀ ਦਾ ਲੈਪਟਾਪ ਗਾਇਬ।
* 23 ਮਈ ਨੂੰ ਹੀ ''ਚੈੱਕ ਇਨ'' ਤੋਂ ਬਾਅਦ ਦਿੱਲੀ ਤੋਂ ਬੰਗਲੌਰ ਜਾ ਰਹੇ ਇਕ ਜੋੜੇ ਦੇ ਬੈਗ ਵਿਚੋਂ ਸੋਨੇ ਦੇ 3 ਗਹਿਣੇ ਗਾਇਬ ਹੋ ਗਏ।
* 02 ਜੂਨ ਨੂੰ ਫ੍ਰੈਂਕਫਰਟ ਤੋਂ ਦਿੱਲੀ ਹਵਾਈ ਅੱਡੇ ''ਤੇ ਉਤਰੀ ਇਕ ਮਹਿਲਾ ਯਾਤਰੀ ਦੇ 2300 ਡਾਲਰ ਅਤੇ ਕੁਝ ਭਾਰਤੀ ਕਰੰਸੀ ਗਾਇਬ ਹੋ ਗਈ, ਜਿਸ ਦੀ ਜਾਂਚ ਦੌਰਾਨ ਹਵਾਈ ਅੱਡੇ ਦੇ ਦੋ ਲੋਡਰਾਂ ਨੂੰ ਗ੍ਰਿਫਤਾਰ ਕੀਤਾ ਗਿਆ।
* 06 ਜੂਨ ਨੂੰ ਸ਼ਿਕਾਗੋ ਜਾ ਰਹੇ ਇਕ ਜੋੜੇ ਦਾ ਜਿਊਲਰੀ ਬਾਕਸ ਗਾਇਬ ਹੋ ਗਿਆ।
* 16 ਜੂਨ ਨੂੰ ''ਕਨਵੇਅਰ ਬੈਲਟ'' ਵਿਚੋਂ ਯਾਤਰੀਆਂ ਦੇ ਬੈਗ ਚੋਰੀ ਕਰਨ ਦੇ ਦੋਸ਼ ਹੇਠ ਬੀ. ਐੱਸ. ਐੱਫ. ਦਾ ਇਕ ਕਾਂਸਟੇਬਲ ਜਸਬੀਰ ਸਿੰਘ ਸ਼ੀਰਾ 2 ਬੈਗਾਂ ਸਮੇਤ ਫੜਿਆ ਗਿਆ।
ਅਤੇ ਹੁਣ 18 ਜੂਨ ਨੂੰ ਇਕ ਇਰਾਕੀ ਔਰਤ ਵਲੋਂ ਹਵਾਈ ਅੱਡੇ ਦੇ ਸੁਰੱਖਿਆ ਅਧਿਕਾਰੀਆਂ ਕੋਲ ''ਚੈੱਕ ਇਨ'' ਦੌਰਾਨ ਆਪਣਾ ਕੀਮਤੀ ਸਾਮਾਨ ਗਾਇਬ ਹੋ ਜਾਣ ਦੀ ਸ਼ਿਕਾਇਤ ਕਰਨ ''ਤੇ ਜਦੋਂ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ. ਆਈ. ਐੱਸ. ਐੱਫ.) ਦੇ ਅਧਿਕਾਰੀਆਂ ਨੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਤਾਂ ਉਸ ਵਿਚ ਇਕ ਆਦਮੀ ਹਵਾਈ ਅੱਡੇ ਦੇ ''ਬੈਗੇਜ ਹੋਲਡ ਏਰੀਆ'' ਵਿਚ ਉਕਤ ਔਰਤ ਦੇ ਲਗੇਜ ਵਿਚੋਂ ਹੋਰਨਾਂ ਚੀਜ਼ਾਂ ਤੋਂ ਇਲਾਵਾ ਨਕਦੀ ਅਤੇ ਉਸ ਦਾ ਸੈੱਲਫੋਨ ਕੱਢਦਾ ਨਜ਼ਰ ਆ ਗਿਆ।
ਉਸ ਦੀ ਸ਼ਨਾਖਤ ਭਾਰਤੀ ਹਵਾਈ ਫੌਜ ਦੇ ਸੇਵਾ-ਮੁਕਤ ਸਾਰਜੈਂਟ ਕੇਵਲ ਸਿੰਘ ਵਜੋਂ ਹੋਈ, ਜੋ 2 ਸਾਲਾਂ ਤੋਂ ਆਈ. ਜੀ. ਆਈ. ਵਿਚ ਨੌਕਰੀ ਕਰ ਰਿਹਾ ਸੀ। ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਯਾਤਰੀਆਂ ਦਾ ਸਾਮਾਨ ਚੋਰੀ ਕਰਨ ਤੋਂ ਬਾਅਦ ਉਹ ਉਸ ਨੂੰ ਗਰਾਊਂਡ ਹੈਂਡਲਰਾਂ ਨੂੰ ਸੌਂਪ ਦਿੰਦਾ ਸੀ, ਜੋ ਉਸ ਸਾਮਾਨ ਨੂੰ ਹਵਾਈ ਅੱਡੇ ਦੇ ਬਾਹਰ ਪਹੁੰਚਾ ਦਿੰਦੇ ਸਨ।
ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਧੰਦੇ ਵਿਚ ਲੋਡਰ, ਏਅਰਲਾਈਨਜ਼ ਸਟਾਫ ਤੇ ਸਕਿਓਰਿਟੀ ਚੈੱਕ ਦੇ ਆਸ-ਪਾਸ ਤਾਇਨਾਤ ਗਰਾਊਂਡ ਸਟਾਫ ਦੇ ਮੈਂਬਰ ਸ਼ਾਮਲ ਹੋ ਸਕਦੇ ਹਨ, ਜਿਹੜੇ ਹਾਊਸ ਕੀਪਿੰਗ ਸਟਾਫ ਨਾਲ ਮਿਲ ਕੇ ਇਸ ਕੰਮ ਨੂੰ ਅੰਜਾਮ ਦਿੰਦੇ ਹਨ।
''ਚੈੱਕ ਇਨ'' ਦੇ ਮੌਕੇ ''ਤੇ ਲਗੇਜ ਦੀ ਸਕ੍ਰੀਨਿੰਗ ਦੌਰਾਨ ਬੈਗ ਵਿਚ ਕਿਸੇ ਕੀਮਤੀ ਚੀਜ਼ ਦਾ ਪਤਾ ਲੱਗਣ ''ਤੇ ਸੰਬੰਧਤ ਸਟਾਫ ਇਹ ਜਾਣਕਾਰੀ ਹਾਊਸ ਕੀਪਿੰਗ ਸਟਾਫ ਨੂੰ ਦੇ ਦਿੰਦਾ ਹੈ ਕਿ ਫਲਾਣੇ ਬੈਗ ਵਿਚ ਕੀਮਤੀ ਚੀਜ਼ ਕਿੱਥੇ ਪਈ ਹੈ।
ਗਰਾਊਂਡ ਸਟਾਫ ਇਹ ਸੂਚਨਾ ਜਹਾਜ਼ ਵਿਚ ਸਾਮਾਨ ਪਹੁੰਚਾਉਣ ਵਾਲੇ ''ਲੋਡਰਾਂ'' ਨੂੰ ਦੇ ਦਿੰਦਾ ਹੈ। ਸਾਮਾਨ ਚੋਰੀ ਕਰਨ ਵਿਚ ਮਾਹਿਰ ਲੋਡਰ ਆਪਣੇ ਨਾਲ ਛੋਟੇ-ਛੋਟੇ ਪੇਚਕੱਸ ਤੇ ਸੂਈਆਂ ਆਦਿ ਰੱਖਦੇ ਹਨ, ਜਿਨ੍ਹਾਂ ਦੀ ਸਹਾਇਤਾ ਨਾਲ ਉਹ ਬੜੀ ਚਲਾਕੀ ਨਾਲ ਬੈਗ ਦੀ ਜ਼ਿੱਪ ਖੋਲ੍ਹ ਕੇ, ਸਿਲਾਈ ਉਧੇੜ ਕੇ ਜਾਂ ਜਿੰਦਰਾ ਤੋੜੇ ਬਿਨਾਂ ਸਾਮਾਨ ਬੈਗ ਵਿਚੋਂ ਗਾਇਬ ਕਰ ਕੇ ''ਜ਼ਿੱਪ'' ਆਦਿ ਠੀਕ ਕਰ ਕੇ ਉਸ ਨੂੰ ਪਹਿਲਾਂ ਵਾਂਗ ਹੀ ਬੰਦ ਕਰ ਦਿੰਦੇ ਹਨ।
ਯਾਤਰੀਆਂ ਦੇ ਬੈਗ ਵਿਚੋਂ ਸਾਮਾਨ ਉਡਾਉਣ ਵਾਲੇ ਗਿਰੋਹ ਦੇ ਮੈਂਬਰ ਹਵਾਈ ਅੱਡੇ ''ਤੇ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਪੁਜ਼ੀਸ਼ਨ ਆਦਿ ਤੋਂ ਚੰਗੀ ਤਰ੍ਹਾਂ ਜਾਣੂ ਹੋਣ ਕਰਕੇ ਇਸ ਢੰਗ ਨਾਲ ਕੰਮ ਕਰਦੇ ਹਨ ਕਿ ਪਕੜ ਵਿਚ ਨਾ ਆਉਣ। ਇਸ ਗੱਲ ਦਾ ਖਦਸ਼ਾ ਵੀ ਪ੍ਰਗਟਾਇਆ ਜਾ ਰਿਹਾ ਹੈ ਕਿ ਸ਼ਾਇਦ ਉਹ ਖੁਦ ਹੀ ਕੈਮਰਿਆਂ ਨਾਲ ਛੇੜਖਾਨੀ ਕਰ ਦਿੰਦੇ ਹੋਣਗੇ।
ਇਸ ਸੰਬੰਧ ਵਿਚ ਕੇਂਦਰੀ ਉਦਯੋਗਿਕ ਸੁਰੱਖਿਆ ਬਲ ਦੇ ਇਕ ਅਧਿਕਾਰੀ ਦੀ ਇਹ ਟਿੱਪਣੀ ਵੀ ਅਹਿਮ ਹੈ ਕਿ ''''ਸਾਮਾਨ ਦੇ ਰੱਖ-ਰਖਾਅ ਵਾਲੇ ਇਲਾਕੇ ਵਿਚ ਕੈਮਰਿਆਂ ਨੂੰ ਸਹੀ ਪੁਜ਼ੀਸ਼ਨ ਵਿਚ ਨਹੀਂ ਲਾਇਆ ਗਿਆ ਹੈ ਤੇ ਕੁਝ ਜਗ੍ਹਾ ਤਾਂ ਕੈਮਰੇ ਹਨ ਹੀ ਨਹੀਂ।'''' ਸੁਰੱਖਿਆ ਅਧਿਕਾਰੀਆਂ ਨੇ ਇਸ ਸੰਬੰਧ ਵਿਚ ਹਵਾਈ ਅੱਡੇ ਦੇ ਅਧਿਕਾਰੀਆਂ ਨੂੰ ਜਾਣੂ ਕਰਵਾਇਆ ਹੈ ਪਰ ਇਸ ਸੰਬੰਧੀ ਕੁਝ ਕੀਤਾ ਨਹੀਂ ਗਿਆ।
ਇਹ ਤਾਂ ਸਿਰਫ ਆਈ. ਜੀ. ਆਈ. ਦੀ ਹੀ ਗੱਲ ਹੈ, ਹੋਰਨਾਂ ਹਵਾਈ ਅੱਡਿਆਂ ''ਤੇ ਵੀ ਲੱਗਭਗ ਅਜਿਹੀ ਹੀ ਸਥਿਤੀ ਹੋਵੇਗੀ। ਆਈ. ਜੀ. ਆਈ. ''ਤੇ ਹੀ 2012 ਤੋਂ ਦਸੰਬਰ 2015 ਤਕ ਯਾਤਰੀਆਂ ਦਾ ਸਾਮਾਨ ਚੋਰੀ ਹੋਣ ਦੇ 158 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਅਜਿਹੇ ਵੀ ਮਾਮਲੇ ਹੋਏ ਹੋਣਗੇ, ਜਿਨ੍ਹਾਂ ਦੀ ਯਾਤਰੀਆਂ ਨੇ ਸ਼ਿਕਾਇਤ ਹੀ ਨਹੀਂ ਕਰਵਾਈ ਹੋਵੇਗੀ।
ਇਸ ਸੰਦਰਭ ਵਿਚ ਸੰਬੰਧਤ ਵਿਭਾਗ ਨੂੰ ਆਪਣੇ ਸੀ. ਸੀ. ਟੀ. ਵੀ. ਕੈਮਰਿਆਂ ਆਦਿ ਨਾਲ ਛੇੜਖਾਨੀ ''ਤੇ ਨਜ਼ਰ ਰੱਖਣ, ਖਰਾਬ ਪਏ ਕੈਮਰਿਆਂ ਨੂੰ ਠੀਕ ਕਰਨ ਤੇ ਸਾਮਾਨ ਦੇ ਰੱਖ-ਰਖਾਅ ਨਾਲ ਸੰਬੰਧਤ ਸਟਾਫ ਦੀਆਂ ਸਰਗਰਮੀਆਂ ''ਤੇ ਨਿਗਰਾਨੀ ਸਖਤ ਕਰਨ ਦੀ ਲੋੜ ਹੈ।
ਯਾਤਰੀਆਂ ਨੂੰ ਵੀ ਆਪਣੀਆਂ ਕੀਮਤੀ ਚੀਜ਼ਾਂ ਹੈਂਡਬੈਗ ਵਿਚ ਸੰਭਾਲ ਕੇ ਆਪਣੇ ਕੋਲ ਹੀ ਰੱਖਣੀਆਂ ਚਾਹੀਦੀਆਂ ਹਨ। ਉਨ੍ਹਾਂ ਨੂੰ ਮੰਜ਼ਿਲ ''ਤੇ ਪਹੁੰਚ ਕੇ ਆਪਣੇ ਸਾਮਾਨ ਦੀ ਚੰਗੀ ਤਰ੍ਹਾਂ ਜਾਂਚ ਕਰਨੀ ਚਾਹੀਦੀ ਹੈ ਅਤੇ ਕਿਸੇ ਤਰ੍ਹਾਂ ਦੀ ਗੜਬੜ ਹੋਣ ''ਤੇ ਤੁਰੰਤ ਪੁਲਸ ਨੂੰ ਸੂਚਿਤ ਕਰਨਾ ਚਾਹੀਦਾ ਹੈ ਕਿਉਂਕਿ ਸਾਵਧਾਨੀ ਵਿਚ ਹੀ ਸੁਰੱਖਿਆ ਹੈ।
-ਵਿਜੇ ਕੁਮਾਰ
