ਗਲੋਬਲ ਬੈਂਕਿੰਗ ਇੰਡਸਟਰੀ ਦੀ ਪਸੰਦ ਬਣਿਆ ਭਾਰਤ

08/12/2019 6:35:16 AM

ਇਕ ਪਾਸੇ ਜਿਥੇ ਭਾਰਤੀ ਅਰਥ ਵਿਵਸਥਾ ’ਚ ਮੰਦੀ ਦੇ ਮਿਲ ਰਹੇ ਸੰਕੇਤਾਂ ਨੂੰ ਲੈ ਕੇ ਆਰਥਿਕ ਮਾਹਿਰ ਚਿੰਤਾ ਜਤਾਉਂਦੇ ਹੋਏ ਸਰਕਾਰ ਨੂੰ ਸਥਿਤੀ ਸੰਭਾਲਣ ਲਈ ਕਰਾਂ ’ਚ ਕਮੀ ਵਰਗੇ ਜ਼ਰੂਰੀ ਕਦਮ ਚੁੱਕਣ ਦਾ ਸੱਦਾ ਦੇ ਰਹੇ ਹਨ, ਉਥੇ ਹੀ ਇਕ ਦਿਲਚਸਪ ਰੁਝਾਨ ਦੇ ਅਧੀਨ ਦੁਨੀਆ ਭਰ ਦੀ ਬੈਂਕਿੰਗ ਇੰਡਸਟਰੀ ਆਪਣੇ ਕੰਮ ਦਾ ਵੱਡਾ ਹਿੱਸਾ ਭਾਰਤ ’ਚ ਤਬਦੀਲ ਕਰ ਰਹੀ ਹੈ।

ਇਹ ਰੁਝਾਨ ਇਸ ਲਈ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਆਮ ਤੌਰ ’ਤੇ ‘ਫਾਇਨਾਂਸ਼ੀਅਲ ਸੈਂਟਰਜ਼’ ਅਜਿਹੇ ਸਥਾਨ ’ਤੇ ਹੀ ਵਧਦੇ-ਫੁੱਲਦੇ ਹਨ, ਜਿਥੇ ਮਾਹੌਲ ਉਨ੍ਹਾਂ ਲਈ ਅਨੁਕੂਲ ਹੋਵੇ, ਜਿਵੇਂ ਕਿ ਪ੍ਰਾਈਵੇਟ ਬੈਂਕਾਂ ਦੀ ਭਰਮਾਰ, ਨਿਵੇਸ਼ ਲਈ ਕੰਪਨੀਆਂ ਅਤੇ ਨਿਵੇਸ਼ਕਾਂ ਤਕ ਬੈਂਕਾਂ ਦੀ ਆਸਾਨ ਪਹੁੰਚ, ਵਿਦੇਸ਼ੀਆਂ ਪ੍ਰਤੀ ਖੁੱਲ੍ਹਾਪਣ, ਸੰਸਥਾਨ ਅਤੇ ਬਿਜ਼ਨੈੱਸ ਫ੍ਰੈਂਡਲੀ ਕਾਨੂੰਨ ਦੇ ਨਾਲ ਹੀ ਕਰਮਚਾਰੀ ਉੱਚ ਪੱਧਰ ਦੀ ਜੀਵਨਸ਼ੈਲੀ ਦਾ ਅਨੰਦ ਲੈ ਸਕਣ।

ਹਾਲਾਂਕਿ ਭਾਰਤ ਦੀ ਗੱਲ ਕਰੀਏ ਤਾਂ ਇਥੇ ਕਾਰੋਬਾਰੀ ਮਾਹੌਲ ਇਨ੍ਹਾਂ ਮਾਪਦੰਡਾਂ ਨਾਲ ਮੇਲ ਨਹੀਂ ਖਾਂਦਾ, ਜਿਥੇ ਤਰ੍ਹਾਂ-ਤਰ੍ਹਾਂ ਦੇ ਗੁੰਝਲਦਾਰ ਕਾਨੂੰਨਾਂ ਦੀ ਭਰਮਾਰ ਹੈ, ਘਰੇਲੂ ਬਾਜ਼ਾਰ ਵੀ ਕਾਫੀ ਸਮਰੱਥ ਨਹੀਂ ਹਨ, ਕਾਰੋਬਾਰੀਆਂ ਲਈ ਪੂੰਜੀ ਹਾਸਿਲ ਕਰਨਾ ਮੁਸ਼ਕਿਲ ਅਤੇ ਇੰਟਰਨੈਸ਼ਨਲ ਫਰਮਜ਼ ਦੀ ਪਹੁੰਚ ਵੀ ਸੀਮਤ ਹੈ। ਇੰਨਾ ਹੀ ਨਹੀਂ, ਜੀਵਨਸ਼ੈਲੀ ਦੇ ਪੱਧਰ ਦੀ ਗੱਲ ਕਰੀਏ ਤਾਂ ਉਥੇ ਵੀ ਹਾਲਾਤ ਬਹੁਤ ਆਕਰਸ਼ਕ ਨਹੀਂ ਹਨ।

ਪਰ ਸੰਸਾਰਕ ਬੈਂਕਿੰਗ ਫਰਮਜ਼ ਆਪਣੇ ਕੰਮ ਲਈ ਇਕ ਵੱਡੇ ਹਿੱਸੇ ਲਈ ਭਾਰਤ ਨੂੰ ਚੁਣ ਰਹੀਆਂ ਹਨ। ਦਰਅਸਲ, ਅੱਜ ਬੈਂਕਾਂ ਦੇ ਜ਼ਿਆਦਾਤਰ ਕੰਮਾਂ ’ਚ ਟੈਕਨਾਲੋਜੀ ਦਾ ਖੂਬ ਦਖਲ ਹੈ। ਬੈਂਕਾਂ ਨੂੰ ਆਪਣੀਆਂ ਐਪਸ ਤੋਂ ਲੈ ਕੇ ਹੋਰ ਡਿਜੀਟਲ ਸਹੂਲਤਾਂ ਲਈ ਆਈ. ਟੀ. ਅਤੇ ਕੰਪਿਊਟਿੰਗ ਤਕਨੀਕਾਂ ’ਤੇ ਨਿਰਭਰ ਹੋਣਾ ਪੈਂਦਾ ਹੈ। ਅਜਿਹੀ ਹਾਲਤ ਵਿਚ ਹੁੁਣ ਉਹ ‘ਸਟੈਟਿਸਟਿਕਸ’, ‘ਡਾਟਾ ਮੈਨੇਜਮੈਂਟ’, ‘ਕਲਾਊਡ ਬੇਸਡ ਆਪ੍ਰੇਸ਼ਨਜ਼’ ਲਈ ਭਾਰਤੀ ਮਾਹਿਰਾਂ ਦੀਆਂ ਸੇਵਾਵਾਂ ਲੈਣ ਲਈ ਇਥੋਂ ਦਾ ਰੁਖ਼ ਕਰ ਰਹੇ ਹਨ।

ਪ੍ਰਾਪਰਟੀ ਮੁਹੱਈਆ ਕਰਵਾਉਣ ਵਾਲੀ ਕੰਪਨੀ ਬਲੈਕਸਟੋਨ ਅਨੁਸਾਰ 2014 ਤੋਂ ਕੌਮਾਂਤਰੀ ਫਰਮਜ਼ ਨੂੰ ਲੀਜ਼ ’ਤੇ ਦਿੱਤੀ ਉਸ ਦੀ ਪ੍ਰਾਪਰਟੀ ’ਚ ਚਾਰ ਗੁਣਾ ਵਾਧਾ ਹੋਇਆ ਹੈ।

ਬਹੁਰਾਸ਼ਟਰੀ ਇਨਵੈਸਟਮੈਂਟ ਬੈਂਕ ਅਤੇ ਫਾਇਨਾਂਸ਼ੀਅਲ ਸਰਵਿਸਿਜ਼ ਕੰਪਨੀ ‘ਗੋਲਡਮੈਨ ਸਾਕਸ’ ਦਾ ਬੈਂਗਲੁਰੂ ’ਚ ਨਵਾਂ ਕੈਂਪਸ 250 ਮਿਲੀਅਨ ਡਾਲਰ ਦੀ ਲਾਗਤ ਨਾਲ ਤਿਆਰ ਹੋਇਆ ਹੈ। ਅੰਦਰ ਕਦਮ ਰੱਖਦੇ ਹੀ ਮਹਿਸੂਸ ਹੁੰਦਾ ਹੈ ਕਿ ਤੁਸੀਂ ਉਨ੍ਹਾਂ ਦੇ ਨਿਊਯਾਰਕ ਸਥਿਤ ਆਲੀਸ਼ਾਨ ਹੈੱਡਕੁਆਰਟਰ ’ਚ ਪਹੁੰਚ ਗਏ ਹੋਵੋ। ਬੈਂਗਲੁਰੂ ਵਿਚ ਇਸ ਦੇ ਕਰਮਚਾਰੀਆਂ ਦੀ ਗਿਣਤੀ 2004 ’ਚ 291 ਸੀ, ਜੋ ਹੁਣ ਵਧ ਕੇ 5000 ਹੋ ਚੁੱਕੀ ਹੈ।

ਯੂ. ਬੀ. ਐੱਸ. ਨੇ ਪਿਛਲੇ ਕੁਝ ਸਾਲਾਂ ’ਚ ਦੇਸ਼ ਵਿਚ 3 ਨਵੇਂ ਸੈਂਟਰ ਖੋਲ੍ਹੇ ਹਨ। ਇਨ੍ਹਾਂ ’ਚੋਂ ਸਭ ਤੋਂ ਨਵਾਂ ਪੁਣੇ ਦੀ ਇਕ ਬਿਲਡਿੰਗ ’ਚ ਹੈ, ਜਿਸ ਵਿਚ ਕ੍ਰੈਡਿਟ ਸੂਸੀ, ਏਲਿਆਨਜ਼ ਅਤੇ ਨਾਰਦਰਨ ਟਰੱਸਟ ਦੇ ਦਫਤਰ ਵੀ ਮੌਜੂਦ ਹਨ। ਨੇੜੇ ਮੌਜੂਦ ਹੋਰ ਇਮਾਰਤਾਂ ’ਚ ਬਾਰਕਲੇਜ ਅਤੇ ਸਿਟੀ ਬੈਂਕ ਦੇ ਦਫਤਰ ਹਨ।

ਆਈ. ਟੀ. ਮਾਹਿਰਾਂ ਦੇ ਮਾਮਲੇ ਵਿਚ ਭਾਰਤ ਦੀ ਵਿਸ਼ਵ ਭਰ ਵਿਚ ਪਛਾਣ ਰਹੀ ਹੈ ਪਰ ਦੁਨੀਆ ਭਰ ਦੇ ਬੈਂਕਰ ਇਸ ਗੱਲ ਤੋਂ ਹੈਰਾਨ ਹਨ ਕਿ ਸਥਾਨਕ ਚੁਣੌਤੀਆਂ ਦੇ ਬਾਵਜੂਦ ਭਾਰਤ ਇਕ ਅਜਿਹੀ ਬੁੱਧੀਜੀਵੀ ਸ਼ਕਤੀ ਬਣਨ ’ਚ ਸਫਲ ਰਿਹਾ ਹੈ ਕਿ ਉਸ ਦਾ ਲਾਭ ਲੈਣ ਲਈ ਵੱਡੀਆਂ ਤੋਂ ਵੱਡੀਆਂ ਬੈਂਕਿੰਗ ਫਰਮਜ਼ ਭਾਰਤ ਵੱਲ ਰੁਖ਼ ਕਰ ਰਹੀਆਂ ਹਨ, ਜਿਸ ਨਾਲ ਆਉਣ ਵਾਲੇ ਦੋ-ਤਿੰਨ ਸਾਲਾਂ ’ਚ ਭਾਰਤ ਦੀ ਅਰਥ ਵਿਵਸਥਾ ਵੀ ਮਜ਼ਬੂਤ ਹੋਵੇਗੀ।
 


Bharat Thapa

Content Editor

Related News