ਅਮਰੀਕਾ ਨਾਲ ਰਿਸ਼ਤੇ ਸੁਧਾਰਨ ਤੋਂ ਪਹਿਲਾਂ ਇਮਰਾਨ ਖਾਨ ਨੂੰ ਘਰੇਲੂ ਸਮੱਸਿਆਵਾਂ ਨਾਲ ਨਜਿੱਠਣਾ ਹੋਵੇਗਾ

07/29/2019 7:02:54 AM

ਹਾਲੀਆ ਅਮਰੀਕਾ ਦੌਰੇ ਤੋਂ ਪਰਤੇ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਇਸ ਦੌਰੇ ਦੀ ਸਫਲਤਾ ਨਾਲ ਉਨ੍ਹਾਂ ਨੂੰ ਕ੍ਰਿਕਟ ਵਿਸ਼ਵ ਕੱਪ ਜਿੱਤਣ ਵਰਗਾ ਅਹਿਸਾਸ ਹੋ ਰਿਹਾ ਹੈ। ਪਹਿਲੀ ਨਜ਼ਰ ’ਚ ਉਨ੍ਹਾਂ ਦਾ ਦੌਰਾ ਕਾਫੀ ਹੱਦ ਤਕ ਸਫਲ ਲੱਗਦਾ ਹੈ। ਪਾਕਿਸਤਾਨ ਲਈ ਸਖਤ ਸ਼ਬਦ (ਝੂਠ ਅਤੇ ਫਰੇਬ ਦਾ ਦੇਸ਼) ਕਹਿਣ ਵਾਲੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਲੋਂ ਬੀਤੇ ਹਫਤੇ ਕਈ ਸਾਕਾਰਾਤਮਕ ਬਿਆਨ (ਮਹਾਨ ਲੋਕਾਂ ਦਾ ਦੇਸ਼) ਆਏ ਹਨ। ਉਨ੍ਹਾਂ ਨੇ ਸੰਕੇਤ ਦਿੱਤੇ ਹਨ ਕਿ ਉਹ ਪਾਕਿਸਤਾਨ ਨੂੰ ਆਰਥਿਕ ਮਦਦ ਫਿਰ ਤੋਂ ਚਾਲੂ ਕਰਨ, ਆਪਸੀ ਵਪਾਰ ਵਧਾਉਣ ਤੋਂ ਇਲਾਵਾ ਭਾਰਤ ਨਾਲ ਕਸ਼ਮੀਰ ਮੁੱਦੇ ’ਤੇ ਵਿਚੋਲਗੀ ਕਰਨ (ਇਹ ਝੂਠਾ ਦਾਅਵਾ ਵੀ ਕੀਤਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਉਨ੍ਹਾਂ ਨੂੰ ਇਸ ਦੇ ਲਈ ਕਿਹਾ ਸੀ) ਦੇ ਵੀ ਇੱਛੁਕ ਹਨ।

ਹਾਲਾਂਕਿ ਧਰਾਤਲ ’ਤੇ ਹਾਲਾਤ ਬਹੁਤ ਵੱਖਰੇ ਹਨ। ਅਮਰੀਕਾ ਨੇ ਆਪਣਾ ਲਹਿਜ਼ਾ ਸਿਰਫ ਇਸ ਲਈ ਨਰਮ ਕੀਤਾ ਹੈ ਕਿਉਂਕਿ ਉਸ ਨੂੰ ਅਫਗਾਨਿਸਤਾਨ ’ਚੋਂ ਕੱਢਣ ਲਈ ਤਾਲਿਬਾਨ ਨੂੰ ਸ਼ਾਂਤੀ ਵਾਰਤਾ ’ਚ ਸ਼ਾਮਿਲ ਕਰਨ ਲਈ ਪਾਕਿਸਤਾਨ ਦੀ ਮਦਦ ਚਾਹੀਦੀ ਹੈ। ਟਰੰਪ ਦੀ ਪੂਰੀ ਕੋਸ਼ਿਸ਼ ਹੈ ਕਿ ਸਾਲ 2020 ’ਚ ਹੋਣ ਵਾਲੀਆਂ ਅਗਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਉਹ 18 ਸਾਲਾਂ ਤੋਂ ਅਫਗਾਨਿਸਤਾਨ ’ਚ ਫਸੀ ਆਪਣੀ ਫੌਜ ਨੂੰ ਵਾਪਿਸ ਬੁਲਾ ਸਕਣ (ਜਿਵੇਂ ਕਿ ਉਨ੍ਹਾਂ ਨੇ ਆਪਣੇ ਵੋਟਰਜ਼ ਨਾਲ ਵਾਅਦਾ ਕੀਤਾ ਸੀ)।

ਬੇਸ਼ੱਕ ਪਾਕਿਸਤਾਨ ਚਾਹੁੰਦਾ ਹੈ ਕਿ ਅਮਰੀਕਾ ਇਸ ਮਦਦ ਦੇ ਬਦਲੇ ਉਸ ਨੂੰ ਕੁਝ ਨਾ ਕੁਝ ਦੇਵੇ ਪਰ ਮੌਜੂਦਾ ਹਾਲਾਤ ’ਚ ਅਮਰੀਕਾ ਤੋਂ ਕੁਝ ਜ਼ਿਆਦਾ ਮਿਲਣ ਦੀ ਆਸ ਰੱਖਣਾ ਇਮਰਾਨ ਖਾਨ ਲਈ ਵਿਅਰਥ ਹੋਵੇਗਾ।

ਅਫਗਾਨਿਸਤਾਨ ’ਚ ਤਾਲਿਬਾਨ ’ਤੇ ਨਕੇਲ ਕੱਸਣ ’ਚ ਜੇਕਰ ਅਮਰੀਕਾ ਅਸਫਲ ਰਿਹਾ ਹੈ ਤਾਂ ਉਸ ਦਾ ਇਕ ਵੱਡਾ ਕਾਰਣ ਪਾਕਿਸਤਾਨੀ ਫੌਜ ਅਤੇ ਖੁਫੀਆ ਏਜੰਸੀਆਂ ਵਲੋਂ ਤਾਲਿਬਾਨ ਨੂੰ ਅੰਦਰ ਹੀ ਅੰਦਰ ਦਿੱਤਾ ਗਿਆ ਸਮਰਥਨ ਹੈ ਕਿਉਂਕਿ ਨਾ ਸਿਰਫ ਤਾਲਿਬਾਨ, ਸਗੋਂ ਹੋਰ ਅੱਤਵਾਦੀ ਸੰਗਠਨਾਂ ਨੂੰ ਵੀ ਪਾਕਿ ਫੌਜ ਭਾਰਤ ਨਾਲ ਸੰਤੁਲਨ ਬਣਾਉਣ ਲਈ ਵਰਤਦੀ ਰਹੀ ਹੈ।

ਅਫਗਾਨਿਸਤਾਨ ’ਚ ਸਰਗਰਮ ਅੱਤਵਾਦੀਆਂ ’ਚੋਂ ਜ਼ਿਆਦਾਤਰ ਨੂੰ ਉਸ ਦੀਆਂ ਖੁਫੀਆ ਏਜੰਸੀਆਂ ਨੇ ਟ੍ਰੇਨਿੰਗ ਦਿੱਤੀ ਅਤੇ ਉਥੇ 2400 ਅਮਰੀਕੀ ਫੌਜੀਆਂ ਦੀ ਮੌਤ ਲਈ ਪਾਕਿਸਤਾਨ ਦੀ ਜ਼ਿੰਮੇਵਾਰੀ ਕਦੇ ਖਤਮ ਨਹੀਂ ਹੋਵੇਗੀ।

ਇਤਿਹਾਸ ਇਸ ਗੱਲ ਦਾ ਗਵਾਹ ਰਿਹਾ ਹੈ ਕਿ ਪਾਕਿਸਤਾਨ ਨੇ ਹਮੇਸ਼ਾ ਅਮਰੀਕਾ ਦਾ ਫਾਇਦਾ ਹੀ ਉਠਾਇਆ ਹੈ। ਪਾਕਿਸਤਾਨ ਦਿਖਾਵੇ ਲਈ ਅੱਤਵਾਦ ਵਿਰੁੱਧ ਅਮਰੀਕਾ ਦੀ ਮਦਦ ਦਾ ਦਾਅਵਾ ਕਰਦਾ ਹੈ ਪਰ ਅੰਦਰ ਹੀ ਅੰਦਰ ਆਪਣੇ ਗਲਤ ਮਨਸੂਬਿਆਂ ਨੂੰ ਅੰਜਾਮ ਦੇਣ ਲਈ ਅੱਤਵਾਦ ਦੀ ਨਰਸਰੀ ਬਣਾ ਰਿਹਾ ਹੈ।

ਇਮਰਾਨ ਨੇ ਆਪਣੇ ਚੋਣ ਪ੍ਰਚਾਰ ’ਚ ਨਵਾਂ ਪਾਕਿਸਤਾਨ ਬਣਾਉਣ ਦਾ ਨਾਅਰਾ ਦਿੱਤਾ ਸੀ ਪਰ ਉਹ ਆਪਣੇ ਦੇਸ਼ ਦੀ ਬਦਹਾਲ ਅਰਥ ਵਿਵਸਥਾ ਨੂੰ ਸੁਧਾਰਨ ’ਚ ਅਸਫਲ ਰਹੇ ਹਨ। ਅਜਿਹੀ ਹਾਲਤ ’ਚ ਅਮਰੀਕਾ ਵਰਗੇ ਦੇਸ਼ ਤੋਂ ਥਾਪੜਾ ਲੈਣਾ ਪਾਕਿਸਤਾਨ ਲਈ ਸੰਸਾਰਕ ਸਵੀਕਾਰਤਾ ਦਾ ਇਕ ਬਹੁਤ ਵੱਡਾ ਸੰਕੇਤ ਹੈ, ਜੋ ਇਮਰਾਨ ਖਾਨ ਲਈ ਉਤਸ਼ਾਹਿਤ ਕਰਨ ਵਾਲੀ ਗੱਲ ਹੈ ਪਰ ਜੇਕਰ ਗੰਭੀਰਤਾ ਨਾਲ ਦੇਖੀਏ ਤਾਂ ਅਮਰੀਕਾ ਇਹ ਚਾਹੁੰਦਾ ਹੈ ਕਿ ਭਾਰਤ ਉਸਦੇ ਨਾਲ ਮਿਲ ਕੇ ਜ਼ਿਆਦਾ ਸਰਗਰਮ ਭੂਮਿਕਾ ਨਿਭਾਏ, ਜੋ ਕਿ ਭਾਰਤ ਨੇ ਅਜੇ ਤਕ ਨਹੀਂ ਕੀਤਾ ਹੈ। ਅਜਿਹੀ ਹਾਲਤ ’ਚ ਉਹ ਪਾਕਿਸਤਾਨ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਦਾ ਯਤਨ ਕਰ ਰਿਹਾ ਹੈ।
 


Bharat Thapa

Content Editor

Related News