ਧਰਤੀ ਤੋਂ ਹਜ਼ਾਰਾਂ ਫੁੱਟ ਉਪਰ ‘ਜਹਾਜ਼ਾਂ ’ਚ ਹੋਣ ਲੱਗੀ ਗੁੰਡਾਗਰਦੀ’
Saturday, Dec 31, 2022 - 03:06 AM (IST)
ਸੁਵਿਧਾ ਅਤੇ ਸਨਮਾਨ ਦੇ ਨਜ਼ਰੀਏ ਤੋਂ ਬੱਸਾਂ ਅਤੇ ਰੇਲ ਗੱਡੀਆਂ ਰਾਹੀਂ ਯਾਤਰਾ ਦੀ ਤੁਲਨਾ ’ਚ ਅਜੇ ਤੱਕ ਜਹਾਜ਼ ਯਾਤਰਾ ਨੂੰ ਵੱਧ ਸੁਰੱਖਿਅਤ ਮੰਨਿਆ ਜਾਂਦਾ ਸੀ। ਇਨ੍ਹਾਂ ’ਚ ਯਾਤਰੀਆਂ ਨੂੰ ਕਿਸੇ ਕਿਸਮ ਦਾ ਖਤਰਾ ਨਹੀਂ ਹੁੰਦਾ ਸੀ ਪਰ ਹੁਣ ਹਾਲਾਤ ਬਦਲ ਰਹੇ ਹਨ ਅਤੇ ਜਹਾਜ਼ਾਂ ’ਚ ਵੀ ਯਾਤਰੀਆਂ ਵੱਲੋਂ ਗੁੰਡਾਗਰਦੀ ਕੀਤੀ ਜਾਣ ਲੱਗੀ ਹੈ।
* 16 ਦਸੰਬਰ ਨੂੰ ਇਸਤਾਂਬੁਲ ਤੋਂ ਦਿੱਲੀ ਆ ਰਹੇ ‘ਇੰਡੀਗੋ’ ਦੇ ਜਹਾਜ਼ ’ਚ ਇਕ ਮੁਸਾਫਰ ਦਾ ਏਅਰ ਹੋਸਟੈੱਸ ਨਾਲ ਪਰੋਸੇ ਜਾਣ ਵਾਲੇ ਭੋਜਨ ਨੂੰ ਲੈ ਕੇ ਵਿਵਾਦ ਹੋ ਗਿਆ। ਯਾਤਰੀ ਦੇ ਤੇਜ਼ ਆਵਾਜ਼ ’ਚ ਚਿੱਲਾਉਣ ’ਤੇ ਏਅਰ ਹੋਸਟੈੱਸ ਨੇ ਵੀ ਉਸ ਨੂੰ ਚੁੱਪ ਰਹਿਣ ਅਤੇ ਗੱਲ ਕਰਨ ਦੇ ਲਹਿਜ਼ੇ ’ਤੇ ਧਿਆਨ ਦੇਣ ਲਈ ਕਿਹਾ ਤਾਂ ਬਹਿਸ ਵਧ ਗਈ।
ਯਾਤਰੀ ਦੇ ਕਹਿਣ ’ਤੇ ਕਿ ‘‘ਤੁਸੀਂ ਨੌਕਰ ਹੋ’’, ਏਅਰ ਹੋਸਟੈੱਸ ਵੀ ਭੜਕ ਗਈ ਅਤੇ ਬੋਲੀ, ‘‘ਹਾਂ ਮੈਂ ਇਕ ਮੁਲਾਜ਼ਮ ਹਾਂ ਪਰ ਤੁਹਾਡੀ ਨੌਕਰ ਨਹੀਂ ਹਾਂ। ਤੁਸੀਂ ਚਾਲਕ ਟੀਮ ਦੇ ਮੈਂਬਰ ਨਾਲ ਇਸ ਤਰ੍ਹਾਂ ਗੱਲ ਨਹੀਂ ਕਰ ਸਕਦੇ।’’
* 26 ਦਸੰਬਰ ਨੂੰ ਬੈਂਕਾਕ ਤੋਂ ਕੋਲਕਾਤਾ ਆ ਰਹੇ ‘ਥਾਈ ਸਮਾਈਲ ਏਅਰਵੇਜ਼ ਦੇ ਜਹਾਜ਼’ ’ਚ ਇਕ ਯਾਤਰੀ ਨੇ ਸੁਰੱਖਿਆ ਹੁਕਮ ਮੰਨਣ ਤੋਂ ਨਾਂਹ ਕਰ ਦਿੱਤੀ। ਉਸ ਨੇ ਚਾਲਕ ਟੀਮ ਦੇ ਮੈਂਬਰਾਂ ਦੇ ਵਾਰ-ਵਾਰ ਕਹਿਣ ਦੇ ਬਾਵਜੂਦ ਪਿੱਛੇ ਵੱਲ ਝੁਕਾ ਰੱਖੀ ਆਪਣੀ ਸੀਟ ਸਿੱਧੀ ਨਹੀਂ ਕੀਤੀ ਤੇ ਉਨ੍ਹਾਂ ’ਚ ਬਹਿਸ ਸ਼ੁਰੂ ਹੋ ਗਈ, ਜੋ ਜਲਦੀ ਹੀ 2 ਯਾਤਰੀਆਂ ਦਰਮਿਆਨ ਤਿੱਖੀ ਬਹਿਸ ਅਤੇ ਕੁੱਟਮਾਰ ’ਚ ਬਦਲ ਗਈ।
ਇਕ ਯਾਤਰੀ ਨੇ ਦੂਜੇ ਨੂੰ ਤਾਬੜਤੋੜ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ ਤੇ ਉਸ ਦੇ ਸਾਥੀ ਵੀ ਉਸ ਦੀ ਮਦਦ ਲਈ ਆ ਗਏ। ਦੂਜੇ ਯਾਤਰੀ ਨੇ ਮੋੜਵਾਂ ਵਾਰ ਨਹੀਂ ਕੀਤਾ ਅਤੇ ਸਿਰਫ ਆਪਣਾ ਬਚਾਅ ਕਰਦਾ ਰਿਹਾ। ਹੋਰ ਸਹਿ-ਯਾਤਰੀ ਤੇ ਚਾਲਕ ਟੀਮ ਦੇ ਮੈਂਬਰ ਉਨ੍ਹਾਂ ਦੋਵਾਂ ਨੂੰ ਲੜਾਈ ਰੋਕਣ ਲਈ ਕਹਿੰਦੇ ਰਹੇ।
ਜਹਾਜ਼ਾਂ ’ਚ ਆਮ ਤੌਰ ’ਤੇ ਯਾਤਰਾ ਕਰਨ ਵਾਲਿਆਂ ਨੂੰ ਸਮਾਜ ਦੇ ਪੜ੍ਹੇ-ਲਿਖੇ ਅਤੇ ਸੁਲਝੇ ਵਰਗ ਨਾਲ ਸਬੰਧਤ ਸਮਝਿਆ ਜਾਂਦਾ ਹੈ, ਅਜਿਹੇ ’ਚ ਉਨ੍ਹਾਂ ਵੱਲੋਂ ਸਟਾਫ ਅਤੇ ਸਹਿ-ਯਾਤਰੀਆਂ ਦੇ ਨਾਲ ਇਸ ਤਰ੍ਹਾਂ ਦਾ ਆਚਰਨ ਕਰਨਾ ਉਚਿਤ ਨਹੀਂ ਕਿਹਾ ਜਾ ਸਕਦਾ।
ਬੱਸਾਂ ਤੇ ਰੇਲ ਗੱਡੀਆਂ ਦੇ ਵਾਂਗ ਜਹਾਜ਼ਾਂ ’ਚ ਵੀ ਗੁੰਡਾਗਰਦੀ ਦਾ ਸ਼ੁਰੂ ਹੋ ਜਾਣਾ ਇਕ ਖਤਰਨਾਕ ਰੁਝਾਨ ਦਾ ਸੰਕੇਤ ਹੈ। ਇਹ ਬੀਮਾਰੀ ਹੋਰ ਨਾ ਵਧੇ ਇਸ ਦੇ ਲਈ ਅਜਿਹੇ ਯਾਤਰੀਆਂ ਦੇ ਵਿਰੁੱਧ ਸਖਤ ਕਾਰਵਾਈ ਕਰਨ ਅਤੇ ਉਨ੍ਹਾਂ ਦੀਆਂ ਜਹਾਜ਼ ਯਾਤਰਾਵਾਂ ’ਤੇ ਰੋਕ ਲਗਾਉਣ ਦੇ ਸਬੰਧ ’ਚ ਵੀ ਵਿਚਾਰ ਕੀਤਾ ਜਾ ਸਕਦਾ ਹੈ।
-ਵਿਜੇ ਕੁਮਾਰ