ਪੁਲਸ ਤੇ ਲੁਟੇਰਿਆਂ ਵਿਚਾਲੇ ਗੋਲੀਬਾਰੀ, ਜਵਾਬੀ ਕਾਰਵਾਈ ’ਚ ਮੁਲਜ਼ਮ ਨੂੰ ਲੱਗੀ ਗੋਲੀ
Wednesday, Nov 26, 2025 - 01:30 AM (IST)
ਅੰਮ੍ਰਿਤਸਰ (ਰਮਨ/ਜਸ਼ਨ) - ਸੁਲਤਾਨਵਿੰਡ ਰੋਡ ਸਥਿਤ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਵਿਚ ਲੁੱਟ ਕਰਨ ਵਾਲੇ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚਾਰ ਗੈਰ-ਕਾਨੂੰਨੀ ਪਿਸਤੌਲ ਬਰਾਮਦ ਕੀਤੇ ਹਨ। ਇਸ ਮਾਮਲੇ ਵਿਚ ਪਹਿਲਾਂ ਹੀ ਗ੍ਰਿਫ਼ਤਾਰ ਕੀਤੇ ਇਕ ਮੁਲਜ਼ਮ ਤੋਂ ਮਿਲੀ ਜਾਣਕਾਰੀ ਤੋਂ ਬਾਅਦ ਪੁਲਸ ਬਾਕੀ ਮੁਲਜ਼ਮਾਂ ਨੂੰ ਫੜਨ ਲਈ ਥਾਣਾ ਵੇਰਕਾ ਦੇ ਖੇਤਰ ਅਧੀਨ ਵੇਰਕਾ ਬਾਈਪਾਸ ਗਈ। ਿੲਕ ਮੁਲਜ਼ਮ ਨੇ ਪੁਲਸ ’ਤੇ ਤਿੰਨ ਗੋਲੀਆਂ ਚਲਾਈਆਂ, ਜਦੋਂ ਪੁਲਸ ਨੇ ਜਵਾਬੀ ਕਾਰਵਾਈ ਕੀਤੀ ਤਾਂ ਇਕ ਗੋਲੀ ਕਨਿਸ਼ ਵਾਸੀ ਯਾਸੀਨ ਰੋਡ ਨੂੰ ਲੱਗੀ, ਜਿਸ ਨਾਲ ਉਹ ਜ਼ਖਮੀ ਹੋ ਗਿਆ। ਪੁਲਸ ਨੇ ਤੁਰੰਤ ਇਸ ਮਾਮਲੇ ਵਿਚ ਲੋੜੀਂਦੇ ਤੀਜੇ ਮੁਲਜ਼ਮ ਕਰਨ ਸਿੰਘ ਉਰਫ਼ ਸੂਰਜ ਵਾਸੀ ਚਾਟੀਵਿੰਡ ਅੰਮ੍ਰਿਤਸਰ ਨੂੰ ਗ੍ਰਿਫ਼ਤਾਰ ਕਰ ਲਿਆ।
ਦੱਸਣਯੋਗ ਹੈ ਕਿ 20 ਨਵੰਬਰ ਨੂੰ ਤਿੰਨ ਨੌਜਵਾਨਾਂ ਨੇ ਥਾਣਾ ਬੀ ਡਵੀਜ਼ਨ ਦੇ ਖੇਤਰ ਅਧੀਨ ਸੁਲਤਾਨਵਿੰਡ ਰੋਡ ’ਤੇ ਇਕ ਰੈਡੀਮੇਡ ਕੱਪੜਿਆਂ ਦੇ ਸ਼ੋਅਰੂਮ ਤੋਂ ਪਿਸਤੌਲ ਦੀ ਨੋਕ ’ਤੇ 2.5 ਲੱਖ ਰੁਪਏ ਦੀ ਨਕਦੀ ਅਤੇ ਇਕ ਸੋਨੇ ਦਾ ਬਰੇਸਲੇਟ ਲੁੱਟ ਲਿਆ ਸੀ। ਪੁਲਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਲਜ਼ਮ ਬਲਜੀਤ ਸਿੰਘ ਉਰਫ ਬਲਾਈ ਨੂੰ ਇਕ ਗਲੋਕ ਪਿਸਤੌਲ ਅਤੇ ਇਕ ਬੁਲੇਟਪਰੂਫ ਜੈਕੇਟ ਸਮੇਤ ਗ੍ਰਿਫ਼ਤਾਰ ਕਰ ਲਿਆ। ਸਖ਼ਤ ਪੁੱਛਗਿੱਛ ਤੋਂ ਬਾਅਦ ਉਸ ਨੇ ਆਪਣੇ ਤਿੰਨ ਸਾਥੀਆਂ ਦੇ ਨਾਮ ਦੱਸੇ ਕਨਿਸ਼, ਵਰੁਣ ਭਾਟੀਆ ਉਰਫ ਬਿੱਲਾ ਅਤੇ ਕਰਨ ਸਿੰਘ ਉਰਫ ਸੂਰਜ, ਜਦੋਂ ਪੁਲਸ ਟੀਮ ਉਸ ਸ਼ਾਮ ਵੇਰਕਾ ਬਾਈਪਾਸ ’ਤੇ ਮੁਲਜ਼ਮਾਂ ਦੀ ਭਾਲ ਕਰ ਰਹੀ ਸੀ, ਤਾਂ ਉਨ੍ਹਾਂ ਨੇ ਇਕ ਵਿਅਕਤੀ ਨੂੰ ਰੁਕਣ ਦਾ ਇਸ਼ਾਰਾ ਕੀਤਾ। ਪੁਲਸ ਟੀਮ ਨੂੰ ਦੇਖ ਕੇ ਉਹ ਖੇਤਾਂ ਵਿਚ ਭੱਜ ਗਿਆ ਅਤੇ ਭੱਜਣ ਦੀ ਕੋਸ਼ਿਸ਼ ਕਰਦਿਆਂ ਪੁਲਸ ’ਤੇ ਤਿੰਨ ਗੋਲੀਆਂ ਚਲਾ ਦਿੱਤੀਆਂ। ਥਾਣਾ ਬੀ ਡਵੀਜ਼ਨ ਦੇ ਇੰਚਾਰਜ ਨੇ ਸੇਲਫ-ਡਿਫੈਂਸ ਵਿਚ ਗੋਲੀ ਚਲਾਈ, ਜੋ ਮੁਲਜ਼ਮ ਕਨਿਸ਼ ਦੇ ਪੈਰ ’ਤੇ ਲੱਗੀ।
ਉਸ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਪੁਲਸ ਨੇ ਮੁਲਜ਼ਮ ਕਨਿਸ਼ ਦੇ ਕਬਜ਼ੇ ਵਿੱਚੋਂ ਇਕ ਪਿਸਤੌਲ ਬਰਾਮਦ ਕੀਤਾ। ਮੁਲਜ਼ਮ ਨੇ ਦੱਸਿਆ ਕਿ ਉਹ ਆਪਣੇ ਸਾਥੀਆਂ, ਸੂਰਜ (ਚਾਟੀਵਿੰਡ) ਅਤੇ ਵਰੁਣ ਭਾਟੀਆ ਉਰਫ ਬਿੱਲਾ (ਅਮਰਕੋਟ ਜੋੜਾ ਫਾਟਕ) ਨੂੰ ਮਿਲਣ ਜਾ ਰਿਹਾ ਸੀ। ਪੁਲਸ ਦੀ ਦੂਜੀ ਟੀਮ ਨੇ ਤੁਰੰਤ ਵੱਲਾ ਖੇਤਰ ਵਿਚ ਛਾਪਾ ਮਾਰਿਆ ਅਤੇ ਦੋ ਮੁਲਜ਼ਮਾਂ ਨੂੰ ਦੋ ਪਿਸਤੌਲਾਂ ਸਮੇਤ ਕਾਬੂ ਕਰ ਲਿਆ।
ਪੁਲਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਨਿਸ਼ ਅਤੇ ਕਰਨ ਸਿੰਘ ਉਰਫ਼ ਸੂਰਜ ਨੇ ਪਹਿਲਾਂ ਵੀ ਥਾਣਾ ਮੋਹਕਮਪੁਰਾ ਦੇ ਇਲਾਕੇ ਵਿਚ ਸਾਗਰ ਕ੍ਰਿਸ਼ਨ ਨਗਰ) ਨਾਮ ਦੇ ਇਕ ਵਿਅਕਤੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ। ਇਸ ਤੋਂ ਇਲਾਵਾ ਮੁਲਜ਼ਮ ਕਨਿਸ਼ ਅਤੇ ਵਰੁਣ ਭਾਟੀਆ ਉਰਫ ਬਿੱਲਾ ਥਾਣਾ ਸੁਲਤਾਨਵਿੰਡ ਅਧੀਨ ਆਉਦੇ ਇਲਾਕੇ ਵਿਚੋ ਇਕ ਐਕਟਿਵਾ ਸਕੂਟਰ ਖੋਹਣ ਦੀ ਵਾਰਦਾਤ ਵਿਚ ਵੀ ਸ਼ਾਮਲ ਸੀ। ਪਤਾ ਲੱਗਾ ਹੈ ਕਿ ਮੁਲਜ਼ਮ ਕਨਿਸ਼ ਖਿਲਾਫ ਥਾਣਾ ਮਕਬੂਲਪੁਰਾ ਵਿਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਹੈ। ਮੁਲਜ਼ਮ ਸੂਰਜ ਅਤੇ ਬਲਜੀਤ ਸਿੰਘ ਉਰਫ਼ ਬੁਲਾਈ ਕੁਝ ਮਹੀਨੇ ਪਹਿਲਾਂ ਜੰਡਿਆਲਾ ਗੁਰੂ (ਅੰਮ੍ਰਿਤਸਰ ਦਿਹਾਤੀ) ਖੇਤਰ ਦੇ ਕੌਂਸਲਰ ਹਰਜਿੰਦਰ ਸਿੰਘ ਉਰਫ਼ ਬ੍ਰਾਹਮਣ ਦੇ ਕਤਲ ਵਿੱਚ ਸ਼ਾਮਲ ਸਨ।
