ਦੇਸ਼ ਭਰ ’ਚ ਚੂਹਿਆਂ ਦੀ ਵਧਦੀ ਆਬਾਦੀ ਨਾਲ -ਅਨਾਜ ਅਤੇ ਜਾਇਦਾਦ ਨੂੰ ਪਹੁੰਚ ਰਿਹਾ ਵੱਡਾ ਨੁਕਸਾਨ

Saturday, Oct 07, 2023 - 01:51 AM (IST)

ਦੇਸ਼ ਵਿਚ ਚੂਹਿਆਂ ਨੇ ਅੱਤ ਕੀਤੀ ਹੋਈ ਹੈ। ਚੂਹੇ ਹਰ ਸਾਲ ਮੰਡੀਆਂ ਵਿਚ ਅਨਾਜ ਨਸ਼ਟ ਕਰ ਰਹੇ ਹਨ, ਉੱਥੇ ਹੀ ਰੇਲਵੇ, ਧਰਮ ਅਸਥਾਨਾਂ, ਹਸਪਤਾਲਾਂ, ਸੀਵਰੇਜ ਲਾਈਨਾਂ, ਜ਼ਮੀਨਦੋਜ਼ ਕੇਬਲਜ਼ ਅਤੇ ਬਿਜਲੀ ਦੀਆਂ ਤਾਰਾਂ ਤੋਂ ਇਲਾਵਾ ਇਮਾਰਤਾਂ ਅਤੇ ਪੁਲਾਂ ਆਦਿ ਨੂੰ ਵੀ ਹਾਨੀ ਪਹੁੰਚਾ ਰਹੇ ਹਨ।

ਭਾਰਤੀ ਰੇਲਵੇ ਨੂੰ ਚੂਹਿਆਂ ਕਾਰਨ ਕਈ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਕ ਆਰ. ਟੀ. ਆਈ. ਦੇ ਜਵਾਬ ’ਚ ਦੱਸਿਆ ਗਿਆ ਹੈ ਕਿ ਇਕੱਲੇ ਉੱਤਰ ਰੇਲਵੇ ਦੀ ਲਖਨਊ ਡਵੀਜ਼ਨ ਨੇ ਹੀ ਚੂਹਿਆਂ ਨੂੰ ਫੜਣ ਲਈ ਤਿੰਨ ਸਾਲਾਂ ’ਚ ਚੂਹਿਆਂ ਨੂੰ ਮਾਰਨ ’ਤੇ 69 ਲੱਖ ਰੁਪਏ ਖਰਚ ਕਰ ਦਿੱਤੇ।

ਵੱਡੀਆਂ-ਵੱਡੀਆਂ ਖੁੱਡਾਂ ਬਣਾ ਕੇ ਰਹਿ ਰਹੇ ਚੂਹੇ ਮਾਲ ਗੋਦਾਮਾਂ ਦਾ ਸਾਮਾਨ ਨਸ਼ਟ ਕਰਨ ਅਤੇ ਰੇਲ ਪੱਟੜੀਆਂ ਨੂੰ ਖੋਖਲਾ ਕਰਨ ਤੋਂ ਇਲਾਵਾ ਹੋਰ ਨੁਕਸਾਨ ਪਹੁੰਚਾਉਂਦੇ ਹਨ।

ਅਨਾਜ ਅਤੇ ਗੱਲਾ ਮੰਡੀਆਂ ਵੀ ਚੂਹਿਆਂ ਦਾ ਵੱਡੇ ਟਿਕਾਣੇ ਹਨ। ਚੂਹੇ ਬੋਰਿਆਂ ਨੂੰ ਕੱਟ ਕੇ ਅਨਾਜ ਖਾ ਜਾਂਦੇ ਹਨ, ਜਿਸ ਨਾਲ ਵਪਾਰੀਆਂ ਨੂੰ ਹਰ ਦਿਨ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ।

ਮੰਦਿਰ ਵੀ ਚੂਹਿਆਂ ਦੇ ਹੁੜਦੰਗ ਤੋਂ ਮੁਕਤ ਨਹੀਂ ਹਨ। ਓਡਿਸ਼ਾ ਦੇ ਜਗਨਨਾਥ ਮੰਦਿਰ ’ਚ ਚੂਹਿਆਂ ਦੀ ਦਹਿਸ਼ਤ ਤੋਂ ਸੇਵਾਦਾਰ ਪ੍ਰੇਸ਼ਾਨ ਹਨ। ਇੱਥੇ ਚੂਹਿਆਂ ਨੇ ਰਤਨ ਸਿੰਘਾਸਨ ’ਤੇ ਬਿਰਾਜਮਾਨ ਭਗਵਾਨ ਜਗਨਨਾਥ, ਉਨ੍ਹਾਂ ਦੇ ਵੱਡੇ ਭਾਈ ਬਲਭੱਦਰ ਅਤੇ ਉਨ੍ਹਾਂ ਦੀ ਭੈਣ ਦੇਵੀ ਸੁਭੱਦਰਾ ਦੇ ਵਸਤਰ ਕੁਤਰਨ ਤੋਂ ਇਲਾਵਾ ਭਗਵਾਨ ਜਗਨਨਾਥ ਨਾਲ ਜੁੜੀ ਪਵਿੱਤਰ ਨਾਗ-ਨਾਗੁਨੀ (ਨਾਗ-ਨਾਗਿਨ) ਰੱਸੀ ਨੂੰ ਵੀ ਕੁਤਰ ਦਿੱਤਾ।

ਹਸਪਤਾਲਾਂ ਦੇ ਵਾਰਡ ਵੀ ਚੂਹਿਆਂ ਦੇ ਕੁੱਦਣ ਦੇ ਟਿਕਾਣੇ ਬਣੇ ਹੋਏ ਹਨ। ਬੀਤੀ ਜੁਲਾਈ ’ਚ ਜੋਧਪੁਰ (ਰਾਜਸਥਾਨ) ਸਥਿਤ ‘ਮਥੁਰਾ ਦਾਸ ਹਸਪਤਾਲ’ ਵਿਚ ਚੂਹਿਆਂ ਨੇ ਮਰੀਜ਼ਾਂ ਦੇ ਬਿਸਤਰਿਆਂ ’ਤੇ ਚੜ੍ਹ ਕੇ ਉਨ੍ਹਾਂ ਦੇ ਪੈਰਾਂ ਨੂੰ ਕੁਤਰ ਦਿੱਤਾ, ਜਿਸ ਕਾਰਨ ਹਸਪਤਾਲ ਪ੍ਰਸ਼ਾਸਨ ਨੂੰ ਇਕ ਵਾਰਡ ਵੀ ਖਾਲੀ ਕਰਵਾਉਣਾ ਪਿਆ।

ਚੂਹਿਆਂ ਦੀ ਵਧਦੀ ਗਿਣਤੀ ਨੇ ਕੋਲਕਾਤਾ ’ਤੇ ਧਾਵਾ ਬੋਲ ਦਿੱਤਾ। ਇਨ੍ਹੀਂ ਦਿਨੀਂ ਉਥੋਂ ਦੇ ਸਥਾਨਕ ਪ੍ਰਸ਼ਾਸਨ ਨੂੰ ਚਿੰਤਾ ਵਿਚ ਪਾਇਆ ਹੋਇਆ ਹੈ। ਕੋਲਕਾਤਾ ਦੇ ‘ਮੇਅਰ ਫਿਰਹਾਦ ਹਕੀਮ’ ਅਨੁਸਾਰ ਮਹਾਨਗਰ ਵਿਚ ਚੂਹਿਆਂ ਦੀ ਆਬਾਦੀ ਤੇਜ਼ੀ ਨਾਲ ਵਧ ਰਹੀ ਹੈ, ਜੋ ਨਵੀਆਂ ਅਤੇ ਪੁਰਾਣੀਆਂ ਇਮਾਰਤਾਂ ਦੀਆਂ ਨੀਂਹਾਂ ਦੇ ਨਾਲ ਹੀ ਮਹਾਨਗਰ ਦੀਆਂ ਸੜਕਾਂ ਅਤੇ ਪੁਲਾਂ ਤੱਕ ਨੂੰ ਖੋਖਲਾ ਕਰ ਰਹੇ ਹਨ।

ਚੂਹਿਆਂ ਨੇ ਮਹਾਨਗਰ ਦੇ ਘੱਟ ਤੋਂ ਘੱਟ ਦੋ ਫਲਾਈਓਵਰਾਂ ‘ਢਾਕੁਰੀਆ ਪੁਲ ਫਲਾਈਓਵਰ’ ਅਤੇ ‘ਏ. ਜੇ. ਸੀ. ਬੋਸ ਫਲਾਈਓਵਰ’ ਦੇ ਨੇੜੇ ਰਹਿਣ ਵਾਲੇ ‘ਝੌਂਪੜ ਪੱਟੀ ਦੇ ਲੋਕਾਂ’ ਦਾ ਕਹਿਣਾ ਹੈ ਕਿ ‘‘ਚੂਹੇ ਇਸ ਪੁਲ ਨੂੰ ਇਕ ਕੇਕ ਵਾਂਗ ਖਾ ਰਹੇ ਹਨ। ਹਰ ਰੋਜ਼ ਅਸੀਂ ਇਸ ਦੇ ਕੁਝ ਹਿੱਸੇ ਨੂੰ ਡਿੱਗਦਾ ਦੇਖਦੇ ਹਾਂ।’’

ਚੂਹਿਆਂ ਕਾਰਨ ਕੋਲਕਾਤਾ ਵਿਚ ਆਏ ਦਿਨ ਸੜਕਾਂ ਦੇ ਧਸਣ ਦੀ ਸੂਚਨਾ ਮਿਲਦੀ ਰਹਿੰਦੀ ਹੈ। ‘ਮੇਅਰ ਫਿਰਹਾਦ ਹਕੀਮ’ ਨੇ ਕਿਹਾ ਕਿ ਚੂਹੇ ਸਾਡੀਆਂ ਸੀਵਰੇਜ ਲਾਈਨਾਂ, ਜ਼ਮੀਨਦੋਜ਼ ਕੇਬਲਾਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਭਾਰੀ ਹਾਨੀ ਪਹੁੰਚਾ ਰਹੇ ਹਨ। ਚੂਹਿਆਂ ਨੇ ਕੋਲਕਾਤਾ ਨਗਰ ਨਿਗਮ ਦੀਆਂ ਅੰਗ੍ਰੇਜ਼ਾਂ ਦੇ ਜ਼ਮਾਨੇ ਦੀਆਂ ਪੁਰਾਣੀਆਂ ਇਮਾਰਤਾਂ ਅਤੇ ਐਸਪਲੇਨੇਡ ਸਥਿਤ ਵਿਧਾਨ ਸਭਾ ਭਵਨ ਨੂੰ ਵੀ ਹਾਨੀ ਪਹੁੰਚਾਈ ਹੈ।

ਫੁੱਟਪਾਥਾਂ ’ਤੇ ਰਹਿਣ ਵਾਲੇ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਲਈ ਤਾਂ ਕੰਮ ਕਰਨਾ ਹੀ ਮੁਸ਼ਕਲ ਹੋ ਗਿਆ ਹੈ ਕਿਉਂਕਿ ਚੂਹੇ ਆ ਕੇ ਉਨ੍ਹਾਂ ਦੇ ਪੈਰ ਕੁਤਰ ਜਾਂਦੇ ਹਨ। ਖਾਣ ਦੀਆਂ ਚੀਜ਼ਾਂ ਦੀਆਂ ਰੇਹੜੀਆਂ ਵਾਲੇ ਆਪਣਾ ਬਚਿਆ-ਖੁਚਿਆ ਸਾਮਾਨ, ਲੋਕਾਂ ਦੀ ਛੱਡੀ ਹੋਈ ਜੂਠ, ਸੜਕਾਂ ’ਤੇ ਅਤੇ ਡ੍ਰੇਨਾਂ ’ਚ ਸੁੱਟ ਦਿੰਦੇ ਹਨ ਅਤੇ ਭੋਜਨ ਲਈ ਚੂਹੇ ਡ੍ਰੇਨਾਂ ਤੱਕ ਨੂੰ ਕੁਤਰ ਕੇ ਉਨ੍ਹਾਂ ਨੂੰ ਕਮਜ਼ੋਰ ਕਰ ਰਹੇ ਹਨ।

ਇਸ ਸਥਿਤੀ ਦੇ ਮੱਦੇਨਜ਼ਰ ਨਗਰ ਨਿਗਮ ਨੇ ਹੁਣ ਸਾਰੇ ਫੂਡ ਵੈਂਡਰਾਂ ਅਤੇ ਰੇਸਤਰਾਵਾਂ ਦੇ ਮਾਲਕਾਂ ਨੂੰ ਦੁਕਾਨਾਂ ਦੇ ਬਾਹਰ ਕੁਝ ਖਾਣ ਦਾ ਸਾਮਾਨ ਨਾ ਸੁੱਟਣ ਦੀ ਬੇਨਤੀ ਕਰਨ ਤੋਂ ਇਲਾਵਾ ਉਨ੍ਹਾਂ ਨੂੰ ਸਫਾਈ ਬਣਾਈ ਰੱਖਣ ਦੀ ਅਪੀਲ ਕੀਤੀ ਹੈ।

‘ਮੇਅਰ ਫਿਰਹਾਦ ਹਕੀਮ’ ਦਾ ਕਹਿਣਾ ਹੈ ਕਿ ਅਸੀਂ ਸਾਰੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਪਰ ਜੇ ਲੋਕ ਨਾ ਮੰਨੇ ਤਾਂ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।

ਕੋਲਕਾਤਾ ਦੇ ਮੇਅਰ ਨੇ ਚਿਤਾਵਨੀ ਦਿੱਤੀ ਹੈ ਕਿ ਇਸ ਸਮੇਂ ਲੋਕ ਜਿਸ ਤਰ੍ਹਾਂ ਡੇਂਗੂ, ਮਲੇਰੀਆ ਆਦਿ ਤੋਂ ਪ੍ਰੇਸ਼ਾਨ ਹਨ, ਉਸੇ ਤਰ੍ਹਾਂ ਜੇ ਚੂਹਿਆਂ ਦੀ ਵਧਦੀ ਸਮੱਸਿਆ ’ਤੇ ਧਿਆਨ ਨਾ ਦਿੱਤਾ ਗਿਆ ਤਾਂ ਭਵਿੱਖ ਵਿਚ ਇਹ ਵੀ ਮਹਾਮਾਰੀ ਦਾ ਕਾਰਨ ਬਣ ਸਕਦੇ ਹਨ। ਇਸ ਸਮੱਸਿਆ ਦਾ ਕੋਈ ਹੋਰ ਹੱਲ ਨਾ ਦੇਖਦੇ ਹੋਏ ਫਿਲਹਾਲ ਨਗਰ ਨਿਗਮ ਨੇ ਚੂਹਿਆਂ ਦੀਆਂ ਖੁੱਡਾਂ ਨੂੰ ਕੱਚ, ਕੰਕ੍ਰੀਟ, ਰੇਤ ਆਦਿ ਨਾਲ ਭਰਨਾ ਸ਼ੁਰੂ ਕੀਤਾ ਹੋਇਆ ਹੈ।

ਫਿਲਹਾਲ ਇਹੀ ਕਿਹਾ ਜਾ ਸਕਦਾ ਹੈ ਕਿ ਸ੍ਰਿਸ਼ਟੀ ਦੇ ਇਨ੍ਹਾਂ ਛੋਟੇ ਜਿਹੇ ਜੀਵਾਂ ਨੇ ਮਨੁੱਖ ਜਾਤੀ ਲਈ ਵੱਡੀ ਸਮੱਸਿਆ ਖੜ੍ਹੀ ਕੀਤੀ ਹੋਈ ਹੈ, ਜਿਨ੍ਹਾਂ ਤੋਂ ਮੁਕਤੀ ਪਾਉਣਾ ਨੇੜ ਭਵਿੱਖ ਵਿਚ ਤਾਂ ਸੰਭਵ ਦਿਖਾਈ ਨਹੀਂ ਦਿੰਦਾ।

- ਵਿਜੇ ਕੁਮਾਰ


Anmol Tagra

Content Editor

Related News