ਵਿਆਹਾਂ ''ਤੇ ਖਰਚਾ ਘਟਾਉਣ ਦੀ ਦਿਸ਼ਾ ''ਚ ''ਆਗਰੀ'' ਸਮਾਜ ਦੀ ਚੰਗੀ ਪਹਿਲ

05/19/2019 5:02:45 AM

ਵਿਆਹ ਸਮਾਗਮ ਇਕ ਅਜਿਹਾ ਆਯੋਜਨ ਹੈ, ਜਿਸ 'ਚ ਕੰਨਿਆ ਪੱਖ ਵਾਲੇ ਆਪਣੀ ਧੀ ਨੂੰ ਜਿੱਥੋਂ ਤਕ ਸੰਭਵ ਹੋਵੇ, ਜ਼ਿਆਦਾ ਤੋਂ ਜ਼ਿਆਦਾ ਤੋਹਫੇ ਦੇਣ ਅਤੇ ਬਰਾਤੀਆਂ ਦੀ ਜ਼ਿਆਦਾ ਤੋਂ ਜ਼ਿਆਦਾ ਸੇਵਾ ਕਰਨ ਦੀ ਕੋਸ਼ਿਸ਼ ਕਰਦੇ ਹਨ ਤਾਂ ਕਿ ਉਹ ਖੁਸ਼ੀ-ਖੁਸ਼ੀ ਜਾਣ।
ਇਸੇ ਕਾਰਨ ਕੰਨਿਆ ਪੱਖ ਵਾਲੇ ਧੀ ਦੇ ਵਿਆਹ 'ਤੇ ਜਿੱਥੋਂ ਤਕ ਸੰਭਵ ਹੋਵੇ, ਜ਼ਿਆਦਾ ਤੋਂ ਜ਼ਿਆਦਾ ਖਰਚਾ ਕਰਨ ਦੇ ਚੱਕਰ 'ਚ ਬਹੁਤ ਵਾਰੀ ਭਾਰੀ ਕਰਜ਼ੇ ਦੇ ਬੋਝ ਹੇਠਾਂ ਵੀ ਦੱਬੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਤਾਂ ਉਹ ਉਮਰ ਭਰ ਉੱਠ ਨਹੀਂ ਸਕਦੇ।
ਇਸੇ ਨੂੰ ਧਿਆਨ 'ਚ ਰੱਖਦਿਆਂ ਤਿੰਨ ਦਿਨ ਚੱਲਣ ਵਾਲੇ ਖਰਚੀਲੇ ਅਤੇ ਸ਼ਾਨੋ-ਸ਼ੌਕਤ ਵਾਲੇ ਵਿਆਹ ਸਮਾਗਮਾਂ ਲਈ ਮਹਾਰਾਸ਼ਟਰ ਦੇ ਪ੍ਰਸਿੱਧ ਆਗਰੀ ਸਮਾਜ ਨੇ ਖਰਚਾ ਘਟਾਉਣ ਦੀ ਦਿਸ਼ਾ 'ਚ ਇਕ ਵੱਡੀ ਪਹਿਲ ਕੀਤੀ ਹੈ।
ਇਸ ਦੇ ਮੁਤਾਬਿਕ ਸਮਾਜ ਦੇ ਘੱਟੋ-ਘੱਟ 50 ਫੀਸਦੀ ਮੈਂਬਰਾਂ ਨੇ ਹੁਣ ਵਿਆਹ ਦੀਆਂ ਸਾਰੀਆਂ ਰਸਮਾਂ 3 ਦਿਨਾਂ ਦੀ ਬਜਾਏ ਇਕ ਦਿਨ 'ਚ ਹੀ ਸੰਪੰਨ ਕਰਨ ਅਤੇ ਵਿਆਹ 4 ਲੱਖ ਰੁਪਏ ਤਕ ਵਿਚ ਹੀ ਨਿਪਟਾਉਣ ਦਾ ਫੈਸਲਾ ਕੀਤਾ ਹੈ।
ਮਹਾਰਾਸ਼ਟਰ ਦੇ ਰਾਏਗੜ੍ਹ, ਬਦਲਾਪੁਰ, ਪਾਲਘਰ, ਨਾਸਿਕ, ਪਨਵੇਲ ਅਤੇ ਨਵੀ ਮੁੰਬਈ ਆਦਿ 'ਚ ਵਸੇ 'ਆਗਰੀ ਸਮਾਜ' ਵਿਚ ਵਿਆਹ 3 ਦਿਨਾਂ 'ਚ ਸੰਪੰਨ ਹੁੰਦਾ ਸੀ ਅਤੇ ਹਰੇਕ ਦਿਨ ਦੇ ਸਮਾਗਮ ਦੀ ਸਮਾਪਤੀ 'ਤੇ ਸ਼ਾਨਦਾਰ ਦਾਅਵਤ ਦਿੱਤੀ ਜਾਂਦੀ ਸੀ।
ਇਸ 'ਚ ਮਾਸ-ਸ਼ਰਾਬ ਪਰੋਸਣ ਦਾ ਵੀ ਚਲਨ ਸੀ। ਵਿਆਹ ਸਮਾਗਮ 'ਚ ਮਹਿਮਾਨਾਂ ਦੀ ਗਿਣਤੀ ਵਧ ਕੇ ਕਈ ਵਾਰ 1000 ਤਕ ਪਹੁੰਚ ਜਾਣ ਕਰਕੇ ਇਸੇ ਅਨੁਪਾਤ 'ਚ ਖਰਚਾ ਵੀ ਬਹੁਤ ਜ਼ਿਆਦਾ ਵਧ ਜਾਂਦਾ ਸੀ ਪਰ ਹੁਣ ਜ਼ਿਆਦਾਤਰ ਸਮਾਗਮ ਇਕ ਦਿਨ ਵਿਚ ਹੀ ਸੰਪੰਨ ਕੀਤੇ ਜਾਣ ਲੱਗੇ ਹਨ। ਹੁਣ ਲਾੜੇ ਦਾ ਪਰਿਵਾਰ ਦੁਪਹਿਰ ਦੇ ਅਤੇ ਲਾੜੀ ਦਾ ਪਰਿਵਾਰ ਰਾਤ ਦੇ ਖਾਣੇ ਦਾ ਆਯੋਜਨ ਕਰਦਾ ਹੈ।
'ਆਗਰੀ ਸਮਾਜ' ਦੇ ਅਮੀਰ ਲੋਕਾਂ ਵਲੋਂ ਵਿਆਹ 'ਚ ਘੱਟ ਖਰਚਾ ਕਰਨ ਦੀ ਦੇਖਾ-ਦੇਖੀ ਦੂਜੇ ਲੋਕਾਂ ਨੇ ਵੀ ਅਜਿਹਾ ਹੀ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਵਿਆਹ ਸਬੰਧੀ ਬਹੁਤੀਆਂ ਰਸਮਾਂ ਵੀ ਪਰਿਵਾਰਕ ਮੈਂਬਰਾਂ ਤਕ ਹੀ ਸੀਮਤ ਕਰ ਦਿੱਤੀਆਂ ਹਨ।
ਮਹਾਰਾਸ਼ਟਰ ਦੇ 'ਆਗਰੀ ਸਮਾਜ' ਵਲੋਂ ਵਿਆਹ ਸਮਾਗਮਾਂ 'ਚ ਖਰਚਾ ਘਟਾਉਣ ਦੀ ਦਿਸ਼ਾ 'ਚ ਕੀਤੀ ਗਈ ਪਹਿਲ ਤੋਂ ਪ੍ਰੇਰਨਾ ਲੈ ਕੇ ਹੋਰਨਾਂ ਬਰਾਦਰੀਆਂ ਦੇ ਲੋਕ ਵੀ ਸਾਦੇ ਆਯੋਜਨ ਕਰ ਕੇ ਫਜ਼ੂਲਖਰਚੀ ਨੂੰ ਰੋਕਣ ਦੇ ਨਾਲ-ਨਾਲ ਸਮੇਂ ਦੀ ਬੱਚਤ ਕਰ ਸਕਦੇ ਹਨ।

                                                                                                      —ਵਿਜੇ ਕੁਮਾਰ


KamalJeet Singh

Content Editor

Related News