ਦੇਸ਼ ''ਚ ਨਕਲੀ ਕਰੰਸੀ ਦਾ ਧੰਦਾ ਜ਼ੋਰਾਂ ''ਤੇ ਔਰਤਾਂ ਵੀ ਸ਼ਾਮਿਲ

05/21/2017 7:54:31 AM

ਹਾਲਾਂਕਿ ਕੇਂਦਰ ਸਰਕਾਰ ਨੇ ਕਾਲਾ ਧਨ ਅਤੇ ਨਕਲੀ ਕਰੰਸੀ ਖਤਮ ਕਰਨ ਲਈ 8 ਨਵੰਬਰ 2016 ਨੂੰ 500 ਤੇ 1000 ਰੁਪਏ ਵਾਲੇ ਪੁਰਾਣੇ ਨੋਟ ਬੰਦ ਕਰ ਕੇ 500 ਤੇ 2000 ਰੁਪਏ ਵਾਲੇ ਨਵੇਂ ਨੋਟ ਜਾਰੀ ਕੀਤੇ ਸਨ ਪਰ ਨੋਟਬੰਦੀ ਲਾਗੂ ਹੋਣ ਤੋਂ ਤੁਰੰਤ ਬਾਅਦ ਨਵੇਂ 500 ਤੇ 2000 ਰੁਪਏ ਵਾਲੇ ਨਕਲੀ ਨੋਟ ਵੀ ਬਾਜ਼ਾਰ ''ਚ ਆ ਗਏ। ਇਹ ਸਿਲਸਿਲਾ ਅਜੇ ਵੀ ਜਾਰੀ ਹੈ, ਜਿਸ ਦੀਆਂ ਕੁਝ ਤਾਜ਼ਾ ਮਿਸਾਲਾਂ ਹੇਠਾਂ ਦਰਜ ਹਨ :
* 01 ਮਈ ਨੂੰ ਮੇਘਾਲਿਆ ''ਚ ''ਵੈਸਟ ਗਾਰੋ ਹਿੱਲਜ਼'' ਜ਼ਿਲੇ ਦੇ ''ਤੂਰਾ'' ਵਿਚ 2 ਵਿਅਕਤੀਆਂ ਤੋਂ 1.32 ਲੱਖ ਰੁਪਏ ਦੀ ਨਕਲੀ ਕਰੰਸੀ ਬਰਾਮਦ ਕੀਤੀ ਗਈ। 
* 04 ਮਈ ਨੂੰ ਦਿੱਲੀ ਪੁਲਸ ਨੇ ਦੋ ਵਿਅਕਤੀਆਂ ਤੋਂ 2000-2000 ਰੁਪਏ ਵਾਲੇ ਨਕਲੀ ਨੋਟਾਂ ਦੇ ਰੂਪ ''ਚ ਇਕ ਲੱਖ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ। 
* 04 ਮਈ ਨੂੰ ਹੀ ਆਸਾਮ ''ਚ ਗੁਹਾਟੀ ਦੇ ਇਕ ਪਿੰਡ ''ਚੋਂ ਪੁਲਸ ਨੇ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ''ਚੋਂ 4.2 ਲੱਖ ਰੁਪਏ ਦੀ ਨਵੀਂ ਨਕਲੀ ਕਰੰਸੀ ਅਤੇ ਨਕਲੀ ਨੋਟ ਛਾਪਣ ਵਾਲੀ ਇਕ ਮਸ਼ੀਨ ਜ਼ਬਤ ਕੀਤੀ।
* 08 ਮਈ ਨੂੰ ਰਾਜਸਥਾਨ ''ਚ ਜਾਲੌਰ ਦੇ ਬਾਗਰਾ ਇਲਾਕੇ ''ਚ ਪੁਲਸ ਨੇ ਇਕ ਮਜ਼ਦੂਰ ਨੂੰ ਰੇਲਵੇ ਸਟੇਸ਼ਨ ''ਤੇ 2000 ਰੁਪਏ ਦਾ ਨਕਲੀ ਨੋਟ ਚਲਾਉਣ ਦੀ ਕੋਸ਼ਿਸ਼ ਕਰਦਿਆਂ ਫੜਿਆ। ਪੁਲਸ ਵਲੋਂ ਪੁੱਛਗਿੱਛ ਦੌਰਾਨ ਉਸ ਨੇ ਦੱਸਿਆ ਕਿ ਇਕ ਮਕਾਨ ਮਾਲਕ ਨੇ ਮਜ਼ਦੂਰੀ ਦੇ ਰੂਪ ''ਚ ਉਸ ਨੂੰ 18 ਹਜ਼ਾਰ ਰੁਪਏ ਦਿੱਤੇ ਸਨ, ਜਿਨ੍ਹਾਂ ਦੀ ਜਾਂਚ ਕਰਨ ''ਤੇ ਇਨ੍ਹਾਂ ''ਚੋਂ 2000 ਰੁਪਏ ਵਾਲੇ 4 ਅਤੇ 500 ਰੁਪਏ ਵਾਲੇ 20 ਨੋਟ ਨਕਲੀ ਨਿਕਲੇ।
* 12 ਮਈ ਨੂੰ ਬੰਗਾਲ ਦੇ ਮਾਲਦਾ ਜ਼ਿਲੇ ਦੇ ''ਕਾਲੀਆਚੱਕ'' ਥਾਣੇ ਦੀ ਪੁਲਸ ਨੇ ਸ਼ੇਰਸ਼ਾਹੀ ਪਿੰਡ ''ਚ ਛਾਪਾ ਮਾਰ ਕੇ ਉਥੋਂ 2000 ਰੁਪਏ ਵਾਲੇ 2 ਲੱਖ ਰੁਪਏ ਦੇ ਨਕਲੀ ਨੋਟ ਕਬਜ਼ੇ ''ਚ ਲੈ ਕੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ।
* 19 ਮਈ ਨੂੰ ਔਰੰਗਾਬਾਦ ''ਚ ਪੁਲਸ ਨੇ ਇਕ 42 ਸਾਲਾ ਨੌਜਵਾਨ ਨੂੰ ਗ੍ਰਿਫਤਾਰ ਕਰ ਕੇ ਉਸ ਦੇ ਕਬਜ਼ੇ ''ਚੋਂ 2000, 500 ਅਤੇ 100 ਰੁਪਏ ਵਾਲੇ ਨੋਟਾਂ ਦੇ ਰੂਪ ''ਚ 5 ਲੱਖ ਰੁਪਏ ਮੁੱਲ ਦੀ ਨਕਲੀ ਕਰੰਸੀ ਬਰਾਮਦ ਕੀਤੀ। ਇਸ ਤੋਂ ਇਲਾਵਾ ਪੁਲਸ ਨੇ ਉਸ ਤੋਂ ਸਕੈਨਰ, ਕੰਪਿਊਟਰ ਅਤੇ ਕੁਝ ਇਲੈਕਟ੍ਰਾਨਿਕ ਯੰਤਰ ਵੀ ਕਬਜ਼ੇ ''ਚ ਲਏ।
* 19 ਮਈ ਨੂੰ ਹੀ ਹਿਮਾਚਲ ਪ੍ਰਦੇਸ਼ ''ਚ ਸ਼ਿਮਲਾ ਪੁਲਸ ਨੇ ਸ਼ੋਘੀ ਬੈਰੀਅਰ ''ਤੇ ਪੰਜਾਬ ਤੋਂ ਹਿਮਾਚਲ ਘੁੰਮਣ ਗਏ 2 ਨੌਜਵਾਨਾਂ ਦੌਲਤ ਸਿੰਘ ਅਤੇ ਹਰਨੇਕ ਤੋਂ 2000 ਰੁਪਏ ਵਾਲੇ ਵੱਖ-ਵੱਖ ਸੀਰੀਅਲ ਨੰਬਰਾਂ ਵਾਲੇ 70 ਨਕਲੀ ਨੋਟਾਂ ਦੇ ਰੂਪ ''ਚ 1.40 ਲੱਖ ਰੁਪਏ ਦੀ ਨਕਲੀ ਕਰੰਸੀ ਜ਼ਬਤ ਕੀਤੀ।
* 19 ਮਈ ਨੂੰ ਹੀ ਪਟਿਆਲਾ ਪੁਲਸ ਨੇ 500 ਰੁਪਏ ਵਾਲੇ ਨਕਲੀ ਨੋਟ ਛਾਪਣ ਵਾਲੇ ਗਿਰੋਹ ਦਾ ਭਾਂਡਾ ਭੰਨ ਕੇ ਗਿਰੋਹ ਦੇ ਸਰਗਣੇ ਸਮੇਤ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ''ਚੋਂ 84500 ਰੁਪਏ ਦੇ ਨਕਲੀ ਨੋਟ ਬਰਾਮਦ ਕੀਤੇ। 
ਪੁਲਸ ਦਾ ਕਹਿਣਾ ਹੈ ਕਿ ਬਿਹਾਰ ਅਤੇ ਯੂ. ਪੀ. ''ਚ ਸਰਗਰਮ ਨਕਲੀ ਨੋਟਾਂ ਦੇ ਸੌਦਾਗਰ ਪਾਕਿਸਤਾਨ ਤੋਂ ਨਵੇਂ ਨਕਲੀ ਨੋਟਾਂ ਦੀ ਵੱਡੀ ਖੇਪ ਲਿਆ ਕੇ ਭਾਰਤ ''ਚ ਤੇਜ਼ੀ ਨਾਲ ਖਪਾ ਰਹੇ ਹਨ। ਕੁਝ ਸਮਾਂ ਪਹਿਲਾਂ ਬੇਤੀਆ (ਬਿਹਾਰ) ''ਚ ਗ੍ਰਿਫਤਾਰ ਆਈ. ਐੱਸ. ਆਈ. ਦੇ ਗੁਰਗੇ ਨਬੀ ਨੇ ਸੁਰੱਖਿਆ ਏਜੰਸੀਆਂ ਨੂੰ ਦੱਸਿਆ ਸੀ ਕਿ : 
''''ਭਾਰਤ ''ਚ ਨਕਲੀ ਨੋਟਾਂ ਦਾ ਕਾਰੋਬਾਰ ਦੁਬਈ ''ਚ ਬੈਠਾ ''ਚਾਚਾ'' ਉਰਫ ''ਸ਼ਫੀ'' ਅਤੇ ਨੂਰ ਮੁਹੰਮਦ ਨਾਮੀ ਵਿਅਕਤੀ ਦੇਖਦੇ ਹਨ। ਇਨ੍ਹਾਂ ਦਾ ਬਿਹਾਰ ''ਚ ਜ਼ਬਰਦਸਤ ਨੈੱਟਵਰਕ ਹੈ। ਨੋਟਬੰਦੀ ਦੇ ਦਿਨਾਂ ''ਚ ਵੀ ਇਹ ਲੋਕ ਨਕਲੀ ਨੋਟ ਖਪਾਉਣ ''ਚ ਸਫਲ ਰਹੇ।''''
ਖੁਫੀਆ ਤੰਤਰ ਨਾਲ ਜੁੜੇ ਸੂਤਰਾਂ ਦਾ ਤਾਂ ਇਥੋਂ ਤਕ ਕਹਿਣਾ ਹੈ ਕਿ ਬਿਹਾਰ ਨਾਲ ਲੱਗਦੀ ਨੇਪਾਲ ਦੀ ਸਰਹੱਦ ''ਤੇ ਲੱਗਭਗ ਇਕ ਦਰਜਨ ਮਾਡਿਊਲ ਨਕਲੀ ਨੋਟਾਂ ਦੇ ਧੰਦੇ ''ਚ ਸਰਗਰਮ ਹਨ ਤੇ ਇਸ ''ਚ 100 ਤੋਂ ਜ਼ਿਆਦਾ ਕੁੜੀਆਂ/ਔਰਤਾਂ ਦੀ ਟੀਮ ਵੀ ਕੰਮ ਕਰ ਰਹੀ ਹੈ। 
ਕੁਝ ਸਮਾਂ ਪਹਿਲਾਂ ਕਾਠਮੰਡੂ ਦੇ ਤਰਾਈ ਇਲਾਕੇ ''ਚ ਸਥਿਤ ਕੁਝ ਬਹੁਤ ਆਧੁਨਿਕ ਪ੍ਰੈੱਸਾਂ ''ਚ ਭਾਰਤ  ਅਤੇ ਨੇਪਾਲ ਦੋਹਾਂ ਦੇਸ਼ਾਂ ਦੀ ਨਕਲੀ ਕਰੰਸੀ ਛਾਪਣ ਦੀ ਗੱਲ ਸਾਹਮਣੇ ਆਈ ਸੀ ਤੇ ਇਹ ਵੀ ਚਰਚਾ ਸੀ ਕਿ ਅਸਲੀ ਵਰਗੇ ਨਜ਼ਰ ਆਉਣ ਵਾਲੇ ਨਕਲੀ ਨੋਟ ਪਾਕਿਸਤਾਨ ਤੋਂ ਛਾਪ ਕੇ ਲਿਆਂਦੇ ਜਾਂਦੇ ਹਨ ਅਤੇ ਜ਼ਿਆਦਾਤਰ ਜ਼ਬਤਸ਼ੁਦਾ ਨੋਟ ਅਸਲੀ ਨੋਟਾਂ ਨਾਲ ਬਹੁਤ ਜ਼ਿਆਦਾ ਮੇਲ ਖਾਂਦੇ ਹਨ। ਇਸ ਤੋਂ ਸਪੱਸ਼ਟ ਹੈ ਕਿ ਨਕਲੀ ਨੋਟਾਂ ਦੇ ਵਪਾਰੀ ਆਪਣੇ ਧੰਦੇ ''ਚ ਕਿੰਨੇ ਮਾਹਿਰ ਹੋ ਚੁੱਕੇ ਹਨ।
ਕਿਉਂਕਿ ਨਕਲੀ ਕਰੰਸੀ ਚਲਾਉਣਾ ਕਿਸੇ ਵੀ ਦੇਸ਼ ''ਚ ਰਹਿ ਕੇ ਉਸ ਦੀਆਂ ਜੜ੍ਹਾਂ ਪੁੱਟਣ ਵਾਂਗ ਹੈ, ਇਸ ਲਈ ਇਸ ਨੂੰ ਬਣਾਉਣ ਜਾਂ ਸਪਲਾਈ ਨਾਲ ਜੁੜੇ ਲੋਕਾਂ ਵਿਰੁੱਧ ਦੇਸ਼ਧ੍ਰੋਹ ਦੇ ਦੋਸ਼ ਹੇਠ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
ਇਸ ਦੇ ਨਾਲ ਹੀ ਇਹ ਵੀ ਜ਼ਰੂਰੀ ਹੈ ਕਿ ਜਿਸ ਤਰ੍ਹਾਂ ਅਮਰੀਕੀ ਬੈਂਕਾਂ ''ਚ ਜਮ੍ਹਾ ਕਰਨ ਲਈ ਆਉਣ ਵਾਲੇ ਨੋਟ ਗਿਣਨ ਵਾਸਤੇ ਲਾਈਆਂ ਗਈਆਂ ਮਸ਼ੀਨਾਂ ਗਿਣਤੀ ਦੌਰਾਨ ਨਿਕਲਣ ਵਾਲੇ ਨਕਲੀ ਨੋਟਾਂ ਨੂੰ ਉਸੇ ਸਮੇਂ ਹੀ ਨਸ਼ਟ ਕਰ ਦਿੰਦੀਆਂ ਹਨ, ਉਸੇ ਤਰ੍ਹਾਂ ਦੀਆਂ ਹੀ ਮਸ਼ੀਨਾਂ ਭਾਰਤੀ ਬੈਂਕਾਂ ''ਚ ਵੀ ਲੱਗਣੀਆਂ ਚਾਹੀਦੀਆਂ ਹਨ ਤਾਂ ਕਿ ਨਕਲੀ ਨੋਟ ਆਮ ਲੋਕਾਂ ਤਕ ਦੁਬਾਰਾ ਪਹੁੰਚ ਹੀ ਨਾ ਸਕਣ।            
—ਵਿਜੇ ਕੁਮਾਰ


Vijay Kumar Chopra

Chief Editor

Related News