‘ਕੀ ਇਹ ਹੈ! ਭਾਰਤ ਦੇਸ਼ ਸਾਡਾ’ ਆਪਣੇ ਹੀ ਬਣ ਰਹੇ ਆਪਣਿਆਂ ਦੇ ਦੁਸ਼ਮਣ

10/21/2023 3:58:55 AM

ਬੇਸ਼ੱਕ ‘ਵਿਸ਼ਵ ਗੁਰੂ’ ਅਖਵਾਉਣ ਵਾਲੇ ਸਾਡੇ ਦੇਸ਼ ਦੇ ਲੋਕ ਆਪਣੀ ਉੱਚ ਪ੍ਰਾਚੀਨ ਸੱਭਿਅਤਾ, ਸੱਭਿਆਚਾਰ ਅਤੇ ਸੰਸਕਾਰਾਂ ’ਤੇ ਮਾਣ ਕਰਦੇ ਨਹੀਂ ਥੱਕਦੇ ਪਰ ਪਿਛਲੇ ਕੁਝ ਸਾਲਾਂ ਤੋਂ ਅਸੀਂ ਇਸ ਨੂੰ ਭੁੱਲ ਕੇ ਨੈਤਿਕ ਪਤਨ ਦੇ ਗੱਡਿਆਂ ’ਚ ਡਿੱਗਦੇ ਚਲੇ ਜਾ ਰਹੇ ਹਾਂ।

* 20 ਅਕਤੂਬਰ ਨੂੰ ਦੁਮਕਾ (ਝਾਰਖੰਡ) ਦੇ ਪਿੰਡ ‘ਬੜਾਬਥਾਨ’ ’ਚ ‘ਕਾਂਤੋ ਹੇਮਬ੍ਰਮ’ ਨਾਂ ਦੇ ਨੌਜਵਾਨ ਨੇ ਆਪਣੇ 2 ਬੱਚਿਆਂ ਦੀ ਮੌਤ ਲਈ ਆਪਣੀ ਮਾਂ ਨੂੰ ਜ਼ਿੰਮੇਵਾਰ ਅਤੇ ਡਾਇਣ ਮੰਨਦੇ ਹੋਏ ਸੌਂਦੇ ਸਮੇਂ ਉਸ ਨੂੰ ਗਲ ਘੁੱਟ ਕੇ ਮਾਰ ਦਿੱਤਾ।

* 19 ਅਕਤੂਬਰ ਨੂੰ ਜਲੰਧਰ (ਪੰਜਾਬ) ਦੇ ਟਾਵਰ ਇਨਕਲੇਵ ’ਚ ਜਾਇਦਾਦ ਵਿਵਾਦ ਨੂੰ ਲੈ ਕੇ ਇਕ ਨੌਜਵਾਨ ਨੇ ਆਪਣੇ ਪਿਤਾ ਦੀ ਲਾਇਸੈਂਸੀ ਰਾਈਫਲ ਨਾਲ ਗੋਲੀਆਂ ਚਲਾ ਕੇ ਪਿਤਾ, ਮਾਂ ਅਤੇ ਵੱਡੇ ਭਰਾ ਦੀ ਹੱਤਿਆ ਕਰ ਦਿੱਤੀ।

* 19 ਅਕਤੂਬਰ ਨੂੰ ਹੀ ਕੋਲਕਾਤਾ (ਪੱਛਮੀ ਬੰਗਾਲ) ’ਚ ਗੁਟਖਾ ਖਾਣ ਤੋਂ ਰੋਕਣ ’ਤੇ ਆਪਣੀ ਪਤਨੀ ਦੀ ਹੱਤਿਆ ਕਰ ਕੇ ਲਾਸ਼ ਨੂੰ ਸਾੜ ਕੇ ਸਬੂਤ ਨਸ਼ਟ ਕਰਨ ਦੇ ਦੋਸ਼ ’ਚ ਸੂਰਿਆਕਾਂਤ ਨਾਂ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ।

* 19 ਅਕਤੂਬਰ ਨੂੰ ਹੀ ਗਾਜ਼ੀਆਬਾਦ (ਉੱਤਰ ਪ੍ਰਦੇਸ਼) ’ਚ ਇਕ ਵਿਅਕਤੀ ਨੂੰ ਆਪਣੀ 14 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 18 ਅਕਤੂਬਰ ਨੂੰ ਅਗਰਤਲਾ (ਤ੍ਰਿਪੁਰਾ) ਦੀ ਇਕ ਅਦਾਲਤ ਨੇ ਇਕ ਵਿਅਕਤੀ ਨੂੰ ਆਪਣੀ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ 20 ਸਾਲ ਕੈਦ ਦੀ ਸਜ਼ਾ ਸੁਣਾਈ।

* 18 ਅਕਤੂਬਰ ਨੂੰ ਹੀ ਕੰਧਮਾਲ (ਓਡਿਸ਼ਾ) ਪੁਲਸ ਨੇ ‘ਗੁਟਿਨਗਿਆ’ ਪਿੰਡ ’ਚ ਪਦਮਿਨੀ ਬੇਹੇਰਾ ਨਾਂ ਦੀ ਇਕ ਔਰਤ ਨੂੰ ਪਰਿਵਾਰਕ ਵਿਵਾਦ ਕਾਰਨ ਆਪਣੀ 4 ਸਾਲਾ ਧੀ ਸੁਰੇਖਾ ਦੀ ਹੱਤਿਆ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ।

* 18 ਅਕਤੂਬਰ ਨੂੰ ਹੀ ਸੰਭਲ (ਉੱਤਰ ਪ੍ਰਦੇਸ਼) ’ਚ ਕਿਸੇ ਗੱਲ ’ਤੇ ਵਿਵਾਦ ਕਾਰਨ ਇਕ ਨੌਜਵਾਨ ਨੇ ਆਪਣੇ ਵੱਡੇ ਭਰਾ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ।

* 17 ਅਕਤੂਬਰ ਨੂੰ ਦਿੱਲੀ ’ਚ ਕੰਮ ’ਤੇ ਜਾਣ ਦੇ ਸਵਾਲ ’ਤੇ ਵਿਵਾਦ ਨੂੰ ਲੈ ਕੇ ਇਕ ਵਿਅਕਤੀ ਨੇ ਗਲਾ ਘੁੱਟ ਕੇ ਆਪਣੀ ਪਤਨੀ ਦੀ ਹੱਤਿਆ ਕਰ ਦਿੱਤੀ।

* 17 ਅਕਤੂਬਰ ਨੂੰ ਹੀ ਰਾਏਪੁਰ (ਛੱਤੀਸਗੜ੍ਹ) ਦੇ ਬਿਲਾੜੀ ਪਿੰਡ ’ਚ ਅਮਿਤ ਯਾਦਵ ਨੇ ਆਪਣੀ ਮਾਂ ਦੇ ਨਾਲ ਆਪਣੀ ਪਤਨੀ ਦੇ ਆਏ ਦਿਨ ਦੇ ਝਗੜੇ ਤੋਂ ਤੰਗ ਆ ਕੇ ਗੁੱਸੇ ’ਚ ਡੰਡੇ ਨਾਲ ਵਾਰ ਕਰ ਕੇ ਆਪਣੀ ਮਾਂ ਨੂੰ ਹੀ ਮਾਰ ਦਿੱਤਾ।

* 17 ਅਕਤੂਬਰ ਨੂੰ ਹੀ ਮਥੁਰਾ (ਉੱਤਰ ਪ੍ਰਦੇਸ਼) ਦੇ ਪਿੰਡ ‘ਬਠੈਨ’ ’ਚ ਆਪਣੇ 13 ਸਾਲਾ ਦਿਵਿਆਂਗ ਬੇਟੇ ਨੂੰ ਇਕ ਮਹਿਲਾ ਨੇ ਕੁੱਟ-ਕੁੱਟ ਕੇ ਮਾਰ ਦਿੱਤਾ।

* 15 ਅਕਤੂਬਰ ਨੂੰ ਪਣਜੀ (ਗੋਆ) ’ਚ ਇਕ ਵਿਅਕਤੀ ਨੂੰ ਆਪਣੀ 14 ਸਾਲਾ ਨਾਬਾਲਿਗ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 14 ਅਕਤੂਬਰ ਨੂੰ ਕਾਸਰਗੋਡ (ਕੇਰਲ) ’ਚ ਮੋਬਾਈਲ ਫੋਨ ਦੀ ਵਰਤੋਂ ਕਰਨ ਤੋਂ ਰੋਕਣ ’ਤੇ ਸੁਰਜੀਤ ਨਾਂ ਦੇ ਲੜਕੇ ਨੇ ਆਪਣੀ ਮਾਂ ਰੁਕਮਣੀ (63) ਦਾ ਸਿਰ ਕੰਧ ਨਾਲ ਟਕਰਾ ਦਿੱਤਾ ਜਿਸ ਨਾਲ ਉਸ ਦੀ ਮੌਤ ਹੋ ਗਈ।

* 13 ਅਕਤੂਬਰ ਨੂੰ ਪੂਰਬੀ ਦਿੱਲੀ ’ਚ ਮਕਸੂਦ ਨਾਂ ਦੇ ਵਿਅਕਤੀ ਨੂੰ ਆਪਣੀ 14 ਸਾਲਾ ਧੀ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 13 ਅਕਤੂਬਰ ਨੂੰ ਹੀ ਬਾਰਪੇਟਾ (ਆਸਾਮ) ਦੇ ਗਾਂਧੀ ਨਗਰ ’ਚ ਇਕ ਵਿਅਕਤੀ ਨੇ ਕਿਸੇ ਗੱਲ ’ਤੇ ਹੋਏ ਝਗੜੇ ’ਤੇ ਗੁੱਸੇ ’ਚ ਆ ਕੇ ਆਪਣੀ ਪਤਨੀ ਅਤੇ ਧੀ ਨੂੰ ਕੁਹਾੜੀ ਨਾਲ ਵੱਢ ਦਿੱਤਾ, ਜਿਸ ਨਾਲ ਉਨ੍ਹਾਂ ਦੀ ਘਟਨਾ ਵਾਲੀ ਥਾਂ ’ਤੇ ਹੀ ਮੌਤ ਹੋ ਗਈ।

* 13 ਅਕਤੂਬਰ ਨੂੰ ਹੀ ਖਰੜ (ਪੰਜਾਬ) ’ਚ ਇਕ ਨੌਜਵਾਨ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੇ ਵੱਡੇ ਭਰਾ, ਭਾਬੀ ਅਤੇ 2 ਸਾਲ ਦੇ ਭਤੀਜੇ ਦੀ ਹੱਤਿਆ ਕਰ ਦਿੱਤੀ।

* 6 ਅਕਤੂਬਰ ਨੂੰ ਜੈਸਲਮੇਰ (ਰਾਜਸਥਾਨ) ’ਚ ਇਕ ਵਿਅਕਤੀ ਨੂੰ ਆਪਣੀ 5 ਸਾਲਾ ਧੀ ਨਾਲ ਘਿਨੌਣਾ ਕੰਮ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

* 3 ਅਕਤੂਬਰ ਨੂੰ ਮਊ (ਉੱਤਰ ਪ੍ਰਦੇਸ਼) ਜ਼ਿਲੇ ਦੇ ਇਕ ਪਿੰਡ ’ਚ ਵਿਆਹੁਤਾ ਔਰਤ ਦੀ ਵੀਡੀਓ ਬਣਾ ਕੇ ਉਸ ਨੂੰ ਬਲੈਕਮੇਲ ਕਰਨ ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਸ ਦੇ ਭਾਣਜੇ ਵਿਰੁੱਧ ਕੇਸ ਦਰਜ ਕੀਤਾ ਗਿਆ।

* 2 ਅਕਤੂਬਰ ਨੂੰ ਫਤਿਹਪੁਰ (ਉੱਤਰ ਪ੍ਰਦੇਸ਼) ਦੇ ‘ਲਲੌਤੀ’ ਪਿੰਡ ’ਚ ਇਕ ਵਿਅਕਤੀ ਨੂੰ ਆਪਣੀ 17 ਸਾਲਾ ਧੀ ਨਾਲ ਜਬਰ-ਜ਼ਨਾਹ ਕਰ ਕੇ ਉਸ ਨੂੰ ਗਰਭਵਤੀ ਕਰਨ ਅਤੇ ਫਿਰ ਦਵਾਈ ਖਵਾ ਕੇ ਉਸ ਦਾ ਗਰਭਪਾਤ ਕਰਵਾਉਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ।

ਅਜਿਹੀਆਂ ਘਟਨਾਵਾਂ ਤੋਂ ਨਾ ਸਿਰਫ ਮਨੁੱਖਤਾ ਸ਼ਰਮਸਾਰ ਹੋ ਰਹੀ ਹੈ, ਸਗੋਂ ਇਹ ਵਿਸ਼ਵ ’ਚ ਭਾਰਤ ਦੀ ਬਦਨਾਮੀ ਦਾ ਕਾਰਨ ਵੀ ਬਣ ਰਹੀਆਂ ਹਨ। ਇਸ ਲਈ ਅਜਿਹੇ ਅਪਰਾਧਾਂ ’ਚ ਸ਼ਾਮਲ ਲੋਕਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਤਾਂ ਕਿ ਦੂਜਿਆਂ ਨੂੰ ਵੀ ਸਬਕ ਮਿਲੇ ਅਤੇ ਇਸ ਨੈਤਿਕ ਪਤਨ ਨੂੰ ਰੋਕਿਆ ਜਾ ਸਕੇ।

- ਵਿਜੇ ਕੁਮਾਰ


Anmol Tagra

Content Editor

Related News