ਰਾਸ਼ਟਰੀ ਰਾਜਮਾਰਗਾਂ ਦਾ ਵਿਸਤਾਰ ਜ਼ਰੂਰੀ ਪਰ ਸੜਕ ਹਾਦਸੇ ਰੋਕਣੇ ਸਭ ਤੋਂ ਵੱਡੀ ਗੱਲ

03/10/2020 1:29:45 AM

ਆਪਣੀ ਸਪੱਸ਼ਟਵਾਦੀ ਸੋਚ ਲਈ ਪ੍ਰਸਿੱਧ ਨਿਤਿਨ ਗਡਕਰੀ ਨੇ 1995 ਤੋਂ 1999 ਤੱਕ ਮਹਾਰਾਸ਼ਟਰ ਸਰਕਾਰ ’ਚ ਲੋਕ ਨਿਰਮਾਣ ਮੰਤਰੀ ਵਜੋਂ ਵੱਡੀ ਗਿਣਤੀ ’ਚ ਸੂਬੇ ਵਿਚ ਸੜਕਾਂ, ਰਾਜਮਾਰਗਾਂ ਅਤੇ ਫਲਾਈਓਵਰਾਂ ਦਾ ਜਾਲ ਵਿਛਾਉਣ ਤੋਂ ਇਲਾਵਾ ਮੁੰਬਈ-ਪੁਣੇ ਐਕਸਪ੍ਰੈੱਸ ਵੇਅ ਦੀ ਉਸਾਰੀ ਵੀ ਕਰਵਾਈ। ਉਹ ਮਹਾਰਾਸ਼ਟਰ ਭਾਜਪਾ ਦੇ ਪ੍ਰਧਾਨ ਤੋਂ ਇਲਾਵਾ 1 ਜਨਵਰੀ, 2010 ਤੋਂ 22 ਜਨਵਰੀ, 2013 ਤੱਕ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਵੀ ਰਹੇ ਅਤੇ ਮੌਜੂਦਾ ਸਮੇਂ ਕੇਂਦਰੀ ਸੜਕ ਅਤੇ ਟਰਾਂਸਪੋਰਟ ਮੰਤਰੀ ਵਜੋਂ ਸ਼ਲਾਘਾਯੋਗ ਕੰਮ ਕਰ ਰਹੇ ਹਨ। ਨਿਤਿਨ ਗਡਕਰੀ ਨਾ ਤਾਂ ਕਿਸੇ ਵਿਵਾਦ ’ਚ ਪੈਂਦੇ ਹਨ, ਨਾ ਗਲਤ ਬੋਲਦੇ ਹਨ ਅਤੇ ਨਾ ਹੀ ਕਿਸੇ ਗਲਤ ਗੱਲ ਦਾ ਸਮਰਥਨ ਕਰਦੇ ਹਨ। ਇਹੀ ਕਾਰਣ ਹੈ ਕਿ ਉਨ੍ਹਾਂ ਨੇ ਆਪਣੀ ਪਾਰਟੀ ਦੇ ਲੋਕਾਂ ’ਚ ਹੀ ਨਹੀਂ ਸਗੋਂ ਵਿਰੋਧੀ ਪਾਰਟੀਆਂ ’ਚ ਵੀ ਆਪਣਾ ਪ੍ਰਸ਼ੰਸਕ ਵਰਗ ਤਿਆਰ ਕਰ ਲਿਆ ਹੈ। ਦੇਸ਼ ’ਚ ਸੜਕ ਹਾਦਸਿਆਂ ਤੋਂ ਦੁਖੀ ਸ਼੍ਰੀ ਗਡਕਰੀ ਨੇ 6 ਮਾਰਚ ਨੂੰ ਨਵੀਂ ਦਿੱਲੀ ’ਚ ਇਕ ਸਮਾਗਮ ’ਚ ਕਿਹਾ ਕਿ ‘‘ਹੁਣ ਸਥਿਤੀ ਬਹੁਤ ਖਰਾਬ ਹੈ। ਹਰ ਸਾਲ 5 ਲੱਖ ਸੜਕ ਹਾਦਸਿਆਂ ’ਚ 1.5 ਲੱਖ ਮੌਤਾਂ ਹੁੰਦੀਆਂ ਹਨ। ਮੇਰੇ ਵਿਭਾਗ ’ਚ ਸਭ ਕੁਝ ਠੀਕ ਹੈ ਪਰ ਪਿਛਲੇ 5 ਸਾਲ ਦੇ ਮੇੇਰੇ ਕਾਰਜਕਾਲ ’ਚ ਮੇਰੀ ਸਭ ਤੋਂ ਵੱਡੀ ਅਸਫਲਤਾ ਇਹ ਹੈ ਕਿ ਮੈਂ ਸੜਕ ਹਾਦਸਿਆਂ ਨੂੰ ਘੱਟ ਨਹੀਂ ਸਕਿਆ। ਇਸ ਕਾਰਣ ਅਸੀਂ ਆਪਣੀ ਜੀ. ਡੀ. ਪੀ. ਦਾ 2 ਫੀਸਦੀ ਗੁਆ ਰਹੇ ਹਾਂ।’’ ਇਨ੍ਹਾਂ ਨੂੰ ਘਟਾਉਣ ਲਈ ਨਿਤਿਨ ਗਡਕਰੀ ਨੇ ਰਾਸ਼ਟਰੀ ਰਾਜਮਾਰਗਾਂ ਦੇ ਵਿਸਤਾਰ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ, ‘‘ਸਾਡੇ ਦੇਸ਼ ’ਚ 52 ਲੱਖ ਕਿਲੋਮੀਟਰ ’ਚ ਸੜਕਾਂ ਹਨ ਪਰ ਉਨ੍ਹਾਂ ’ਚੋਂ ਸਿਰਫ 96,000 ਕਿਲੋਮੀਟਰ ਹੀ ਨੈਸ਼ਨਲ ਹਾਈਵੇ ਹਨ ਅਤੇ ਦੇਸ਼ ਦਾ 40 ਫੀਸਦੀ ਟਰੈਫਿਕ 2 ਫੀਸਦੀ ਸੜਕਾਂ ’ਤੇ ਹੁੰਦਾ ਹੈ, ਇਸ ਲਈ ਅਸੀਂ ਨੈਸ਼ਨਲ ਹਾਈਵੇ ਨੂੰ 2 ਲੱਖ ਕਿਲੋਮੀਟਰ ਤੱਕ ਵਧਾਉਣ ਦਾ ਫੈਸਲਾ ਕੀਤਾ ਹੈ।’’ ‘ਵਰਲਡ ਰੋਡ ਸਟੈਟਿਸਟਿਕਸ-2019’ ਦੇ ਅਨੁਸਾਰ ਸੜਕ ਹਾਦਸਿਆਂ ਦੇ ਮਾਮਲਿਆਂ ’ਚ ਭਾਰਤ ਵਿਸ਼ਵ ਦੇ 199 ਦੇਸ਼ਾਂ ’ਚ ਚੀਨ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਉੱਪਰ ਹੈ। ਹਾਲਾਂਕਿ ਪੂਰੇ ਵਿਸ਼ਵ ’ਚ ਵਾਹਨਾਂ ਦੀ ਕੁਲ ਗਿਣਤੀ ਦਾ ਸਿਰਫ 3 ਫੀਸਦੀ ਹਿੱਸਾ ਭਾਰਤ ’ਚ ਹੈ ਪਰ ਸੜਕ ਹਾਦਸਿਆਂ ਨਾਲ ਮੌਤਾਂ ’ਚ ਭਾਰਤ ਦੀ ਹਿੱਸੇਦਾਰੀ ਵਿਸ਼ਵ ’ਚ ਸਭ ਤੋਂ ਵੱਧ 11 ਫੀਸਦੀ ਹੈ। ਦੇਸ਼ ’ਚ ਸੜਕ ਹਾਦਸੇ ਰੋਕਣਾ ਹਾਲਾਂਕਿ ਨਿਤਿਨ ਗਡਕਰੀ ਦੇ ਮੰਤਰਾਲੇ ਦਾ ਕੰਮ ਨਹੀਂ ਪਰ ਉਨ੍ਹਾਂ ਦਾ ਇਸ ਬਾਰੇ ਅਸਫਲਤਾ ਪ੍ਰਵਾਨ ਕਰਨਾ ਅਤੇ ਸੜਕ ਹਾਦਸੇ ਘਟਾਉਣ ਲਈ ਰਾਸ਼ਟਰੀ ਰਾਜਮਾਰਗਾਂ ਦੇ ਵਿਸਤਾਰ ਦੀ ਗੱਲ ਕਹਿਣੀ ਸੜਕ ਸੁਰੱਖਿਆ ਪ੍ਰਤੀ ਉਨ੍ਹਾਂ ਦੀ ਪ੍ਰਤੀਬੱਧਤਾ ਦਰਸਾਉਂਦੀ ਹੈ, ਜਿਸ ’ਤੇ ਉਹ ਜਿੰਨੀ ਜਲਦੀ ਅਮਲ ਕਰਵਾ ਸਕਣਗੇ, ਓਨਾ ਹੀ ਚੰਗਾ ਹੋਵੇਗਾ ਕਿਉਂਕਿ ਸੜਕ ਹਾਦਸੇ ਰੋਕਣੇ ਇਸ ਸਮੇਂ ਸਭ ਤੋਂ ਵੱਡੀ ਜ਼ਰੂਰਤ ਹੈ।

-ਵਿਜੇ ਕੁਮਾਰ \\\


Bharat Thapa

Content Editor

Related News