ਨਸ਼ਾ! ਨਸ਼ਾ!! ਨਸ਼ਾ!!! ਕਿਵੇਂ ਬਚੇਗਾ ਦੇਸ਼ ਦਾ ਨੌਜਵਾਨ

05/20/2023 3:41:52 AM

ਅੱਜ ਨਸ਼ੇ ਦਾ ਕਾਰੋਬਾਰ ਅਤਿਅੰਤ ਲਾਭਦਾਇਕ ਬਣ ਜਾਣ ਕਾਰਨ ਇਸ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਭਾਰਤ ’ਚ ਵੱਖ-ਵੱਖ ਸੂਬਿਆਂ ’ਚ ਸਰਹੱਦ ਪਾਰ ਤੋਂ ਭਾਰੀ ਮਾਤਰਾ ’ਚ ਵੱਖ-ਵੱਖ ਨਸ਼ੇ ਬਰਾਮਦ ਹੋ ਰਹੇ ਹਨ ਜਿਸ ਕਾਰਨ ਦੇਸ਼ ਦੇ ਨੌਜਵਾਨਾਂ ਦੀ ਸਿਹਤ ਤਬਾਹ ਹੋ ਰਹੀ ਹੈ। ਇਸ ਦੀਆਂ ਸਿਰਫ 2 ਦਿਨਾਂ ਦੀਆਂ ਉਦਾਹਰਣਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ :

* 17 ਮਈ ਨੂੰ ਗੌਤਮ ਬੁੱਧ ਨਗਰ (ਉੱਤਰ ਪ੍ਰਦੇਸ਼) ਜ਼ਿਲੇ ’ਚ ਅਧਿਕਾਰੀਆਂ ਨੇ ਨਸ਼ੀਲਾ ਪਦਾਰਥ ਬਣਾਉਣ ਵਾਲੀ ਫੈਕਟਰੀ ’ਚੋਂ ਅਫਰੀਕੀ ਮੂਲ ਦੇ 9 ਵਿਅਕਤੀਆਂ ਨੂੰ ਗ੍ਰਿਫਤਾਰ ਕਰ ਕੇ ਲਗਭਗ 200 ਕਰੋੜ ਰੁਪਏ ਦੀ ਕੀਮਤ ਦੇ 46 ਕਿਲੋ ਨਸ਼ੀਲੇ ਪਦਾਰਥ ਅਤੇ 100 ਕਰੋੜ ਰੁਪਏ ਮੁੱਲ ਦੇ ਨਸ਼ੀਲੇ ਪਦਾਰਥ ਬਣਾਉਣ ਵਾਲੀ ਸਮੱਗਰੀ ਬਰਾਮਦ ਕੀਤੀ।

* 17 ਮਈ ਨੂੰ ਹੀ ਅੰਬਾਲਾ ਪੁਲਸ ਨੇ ਬਬਾਕ ਖਾਸ ਪਿੰਡ ਨੇੜੇ ਇਕ ਟਰੱਕ ’ਚੋਂ 300 ਕਿਲੋ ਪੋਸਤ ਬਰਾਮਦ ਕੀਤੀ।

* 17 ਮਈ ਨੂੰ ਰਾਜਸਥਾਨ ਦੇ ਰਾਵਲਾ ਥਾਣਾ ਖੇਤਰ ’ਚ ਸਰਹੱਦ ’ਤੇ ਬੀ. ਐੱਸ. ਐੱਫ. ਨੇ ਪਾਕਿਸਤਾਨ ਤੋਂ ਡ੍ਰੋਨ ਰਾਹੀਂ ਭਾਰਤ ’ਚ ਲਿਆਂਦੀ ਗਈ 5.3 ਕਿਲੋ ਹੈਰੋਇਨ ਜ਼ਬਤ ਕੀਤੀ।

* 17 ਮਈ ਨੂੰ ਥਾਣਾ ਪੀ. ਏ. ਯੂ. ਲੁਧਿਆਣਾ ਦੀ ਪੁਲਸ ਨੇ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਇਕ ਨੌਜਵਾਨ ਨੂੰ ਇਕ ਕਿਲੋ ਅਫੀਮ ਨਾਲ ਗ੍ਰਿਫਤਾਰ ਕੀਤਾ।

* 17 ਮਈ ਨੂੰ ਬੱਸੀ ਪਠਾਣਾਂ ਪੁਲਸ ਨੇ ਦੋ ਸਮੱਗਲਰਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 30 ਕਿਲੋ ਭੁੱਕੀ ਬਰਾਮਦ ਕੀਤੀ। ਉਹ ਦੋਵੇਂ ਰਿਸ਼ਤੇ ’ਚ ਮਾਮਾ-ਭਾਣਜਾ ਲੱਗਦੇ ਹਨ।

* 17 ਮਈ ਨੂੰ ਹੀ ਬੀ. ਐੱਸ. ਐੱਫ. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਬੀ. ਓ. ਪੀ. ਕੱਕੜ ਦੇ ਰਾਮਕੋਟ ’ਚ 78 ਕਰੋੜ ਰੁਪਏ ਦੀ 15.5 ਕਿਲੋ ਹੈਰੋਇਨ ਜ਼ਬਤ ਕੀਤੀ।

* 18 ਮਈ ਨੂੰ ਲੁਧਿਆਣਾ ਦੀ ਐਂਟੀ ਨਾਰਕੋਟਿਕਸ ਸੈੱਲ ਦੀ ਪੁਲਸ ਨੇ 2 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ’ਚੋਂ 4 ਕਿਲੋ ਅਫੀਮ ਬਰਾਮਦ ਕੀਤੀ।

ਇਹ ਤਾਂ 2 ਦਿਨਾਂ ਦੀਆਂ ਕੁਝ ਉਦਾਹਰਣਾਂ ਹਨ। ਇਸੇ ਨੂੰ ਦੇਖਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਦੇ ਸਰਹੱਦੀ ਖੇਤਰਾਂ ’ਚ ਨਸ਼ਿਆਂ ਦੇ ਸਮੱਗਲਰਾਂ ’ਤੇ ਨਜ਼ਰ ਰੱਖਣ ਲਈ ਸੀ. ਸੀ. ਟੀ. ਵੀ. ਕੈਮਰੇ ਲਾਉਣ ਲਈ 20 ਕਰੋੜ ਰੁਪਏ ਦੀ ਰਕਮ ਪ੍ਰਵਾਨ ਕੀਤੀ ਹੈ ਅਤੇ ਪੰਜਾਬ ਪੁਲਸ ਨੇ ਸੂਬੇ ’ਚ ਡ੍ਰੋਨ ਰਾਹੀਂ ਭੇਜੇ ਗਏ ਹਥਿਆਰਾਂ ਅਤੇ ਨਸ਼ੇ ਦੀ ਬਰਾਮਦਗੀ ’ਚ ਮਦਦ ਕਰਨ ਵਾਲਿਆਂ ਨੂੰ 1 ਲੱਖ ਰੁਪਏ ਇਨਾਮ ਦੇਣ ਦਾ ਐਲਾਨ ਵੀ ਕਰ ਦਿੱਤਾ ਹੈ।

ਅਜਿਹੀ ਹੀ ਵਿਵਸਥਾ ਹੋਰਨਾਂ ਸਰਹੱਦੀ ਸੂਬਿਆਂ ਰਾਜਸਥਾਨ, ਗੁਜਰਾਤ, ਉੱਤਰਾਖੰਡ, ਪੱਛਮੀ ਬੰਗਾਲ, ਮਣੀਪੁਰ, ਅਰੁਣਾਚਲ ਪ੍ਰਦੇਸ਼, ਜੰਮੂ-ਕਸ਼ਮੀਰ, ਬਿਹਾਰ, ਆਸਾਮ, ਨਾਗਾਲੈਂਡ, ਮੇਘਾਲਿਆ ਅਤੇ ਤ੍ਰਿਪੁਰਾ ਆਦਿ ’ਚ ਵੀ ਜਲਦੀ ਤੋਂ ਜਲਦੀ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਦੇਸ਼ ਵਾਸੀਆਂ ਨੂੰ ਨਸ਼ੇ ਦਾ ਸ਼ਿਕਾਰ ਹੋਣ ਤੋਂ ਬਚਾਇਆ ਜਾ ਸਕੇ।

-ਵਿਜੇ ਕੁਮਾਰ


Anmol Tagra

Content Editor

Related News