ਵਧ ਰਹੇ ਸੜਕ ਹਾਦਸਿਆਂ ''ਚ ਮੌਤਾਂ ਅੱਤਵਾਦੀ ਘਟਨਾਵਾਂ ਨਾਲੋਂ ਵੀ ਜ਼ਿਆਦਾ

06/21/2017 6:48:04 AM

ਸੰਯੁਕਤ ਰਾਸ਼ਟਰ ਵਲੋਂ ਜਾਰੀ ਸਭ ਤੋਂ ਜ਼ਿਆਦਾ ਸੜਕ ਹਾਦਸਿਆਂ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਦਾ ਸਥਾਨ ਸਭ ਤੋਂ ਉੱਪਰ ਹੈ ਤੇ ਇਸੇ ਕਾਰਨ ਇਸ ਨੂੰ ਦੁਨੀਆ ਵਿਚ 'ਸੜਕ ਹਾਦਸਿਆਂ ਦੀ ਰਾਜਧਾਨੀ' ਵੀ ਕਿਹਾ ਜਾਣ ਲੱਗਾ ਹੈ। 
ਸੰਨ 2014 ਦੀ ਇਕ ਰਿਪੋਰਟ ਅਨੁਸਾਰ ਉਸ ਸਾਲ ਭਾਰਤ ਦੀਆਂ ਸੜਕਾਂ 'ਤੇ ਰੋਜ਼ਾਨਾ ਔਸਤਨ 382 ਮੌਤਾਂ ਦੇ ਹਿਸਾਬ ਨਾਲ 139671 ਲੋਕਾਂ ਨੇ ਜਾਨਾਂ ਗੁਆਈਆਂ। ਇਹ ਗਿਣਤੀ ਅੱਤਵਾਦੀ ਘਟਨਾਵਾਂ ਵਿਚ ਹੋਣ ਵਾਲੀਆਂ ਮੌਤਾਂ ਨਾਲੋਂ ਕਈ ਗੁਣਾ ਜ਼ਿਆਦਾ ਸੀ ਤੇ ਅੱਜ ਵੀ ਇਸ ਸਥਿਤੀ ਵਿਚ ਕੋਈ ਸੁਧਾਰ ਨਹੀਂ ਹੋਇਆ।
ਦੇਸ਼ ਵਿਚ ਸੜਕ ਹਾਦਸਿਆਂ ਵਿਚ ਹਰ ਸਾਲ ਲੱਗਭਗ 9 ਫੀਸਦੀ ਦਾ ਵਾਧਾ ਹੋ ਰਿਹਾ ਹੈ ਅਤੇ ਇਸੇ ਅਨੁਪਾਤ ਵਿਚ ਇਨ੍ਹਾਂ 'ਚ ਮਰਨ ਵਾਲਿਆਂ ਦੀ ਗਿਣਤੀ ਵੀ ਵਧ ਰਹੀ ਹੈ। ਇਥੇ ਪੇਸ਼ ਹਨ ਸਿਰਫ 16 ਦਿਨਾਂ 'ਚ ਹੋਏ ਕੁਝ ਵੱਡੇ ਸੜਕ ਹਾਦਸੇ :
* 04 ਜੂਨ ਨੂੰ ਰਾਂਚੀ ਤੋਂ ਸਿਮਡੇਗਾ ਜਾ ਰਹੀ ਇਕ ਯਾਤਰੀ ਬੱਸ ਦੇ ਰੁੱਖ ਨਾਲ ਟਕਰਾ ਜਾਣ 'ਤੇ 4 ਯਾਤਰੀਆਂ ਦੀ ਮੌਤ ਅਤੇ 30 ਜ਼ਖ਼ਮੀ। 
* 09 ਜੂਨ ਨੂੰ ਮਹਾਡ ਨੇੜੇ ਗੋਆ ਹਾਈਵੇ 'ਤੇ ਇਕ ਮਿੰਨੀ ਬੱਸ ਅਤੇ ਕਾਰ ਦੀ ਟੱਕਰ 'ਚ ਕਾਰ ਸਵਾਰ ਮਾਂ-ਪੁੱਤ ਦੀ ਮੌਤ। 
* 10 ਜੂਨ ਨੂੰ ਓਡਿਸ਼ਾ ਦੇ ਜਗਤ ਸਿੰਘਪੁਰ ਵਿਚ ਚੰਡੋਲ ਛਾਕ ਨੇੜੇ ਆਟੋਰਿਕਸ਼ਾ ਅਤੇ ਇਕ ਹੈਵੀ ਗੱਡੀ ਵਿਚਾਲੇ ਸਿੱਧੀ ਟੱਕਰ ਨਾਲ 8 ਸ਼ਰਧਾਲੂਆਂ ਦੀ ਮੌਤ। 
* 11 ਜੂਨ ਨੂੰ ਮਥੁਰਾ ਨੇੜੇ ਕਾਰ ਦੇ ਨਹਿਰ ਵਿਚ ਡਿੱਗਣ ਨਾਲ ਬਾਲਾਜੀ ਧਾਮ ਦਰਸ਼ਨਾਂ ਲਈ ਜਾ ਰਹੇ ਇਕੋ ਪਰਿਵਾਰ ਦੇ 9 ਮੈਂਬਰਾਂ ਸਮੇਤ 10 ਵਿਅਕਤੀ ਮਾਰੇ ਗਏ।
* 11 ਜੂਨ ਨੂੰ ਹੀ ਮਹਾਰਾਸ਼ਟਰ ਦੇ ਬੀਡ ਵਿਚ ਮੁੰਬਈ ਤੋਂ ਲਾਤੂਰ ਜਾ ਰਹੀ ਬੱਸ ਉਲਟ ਜਾਣ ਨਾਲ ਉਸ ਵਿਚ ਸਵਾਰ 9 ਵਿਅਕਤੀਆਂ ਦੀ ਮੌਤ ਤੇ 12 ਹੋਰ ਜ਼ਖ਼ਮੀ।
* 14 ਜੂਨ ਨੂੰ ਗੋਬਿੰਦਘਾਟ ਨੇੜੇ ਇਕ ਕਾਰ ਦੇ ਬੇਕਾਬੂ ਹੋ ਕੇ ਖੱਡ ਵਿਚ ਡਿੱਗ ਜਾਣ ਨਾਲ ਬਦਰੀਨਾਥ ਤੋਂ ਪਰਤ ਰਹੇ ਰੋਹਤਕ ਦੇ ਇਕ ਪਰਿਵਾਰ ਦੇ 3 ਮੈਂਬਰ ਮਾਰੇ ਗਏ।
* 15 ਜੂਨ ਨੂੰ ਰਾਜਸਥਾਨ ਵਿਚ ਜੈਸਲਮੇਰ ਜ਼ਿਲੇ ਦੇ ਫਤਿਹਪੁਰ ਇਲਾਕੇ ਵਿਚ ਇਕ ਕਾਰ ਦੇ ਸੜਕ ਕਿਨਾਰੇ ਲੱਗੇ ਰੁੱਖ ਨਾਲ ਟਕਰਾ ਜਾਣ 'ਤੇ 4 ਵਿਅਕਤੀਆਂ ਦੀ ਮੌਤ। 
* 15 ਜੂਨ ਨੂੰ ਹੀ ਬਨੂੜ ਅਤੇ ਤੇਪਲਾ ਵਿਚ ਇਕ ਬਾਈਕ ਅਤੇ ਕਾਰ ਦੇ ਰਿਫਲੈਕਟਰ ਤੇ ਇੰਡੀਕੇਟਰ ਰਹਿਤ ਖੜ੍ਹੇ ਟਰਾਲੇ ਤੇ ਟਰੱਕ ਨਾਲ ਟਕਰਾ ਜਾਣ 'ਤੇ 2 ਵਿਅਕਤੀਆਂ ਦੀ ਮੌਤ।
* 15 ਜੂਨ ਨੂੰ ਹੀ ਹਿਮਾਚਲ 'ਚ ਦੇਹਰਾ ਨੇੜੇ ਢਲਿਆਰਾ 'ਚ ਸ਼ਰਧਾਲੂਆਂ ਨਾਲ ਭਰੀ ਪ੍ਰਾਈਵੇਟ ਬੱਸ ਖੱਡ 'ਚ ਡਿੱਗਣ ਨਾਲ 10 ਸ਼ਰਧਾਲੂਆਂ ਦੀ ਮੌਤ ਤੇ 70 ਹੋਰ ਜ਼ਖ਼ਮੀ।
* 17 ਜੂਨ ਨੂੰ ਕਰਨਾਲ ਨੇੜੇ 'ਆਵਰਧਨ ਨਹਿਰ' ਵਿਚ ਕਾਰ ਡਿੱਗ ਜਾਣ ਨਾਲ ਕਾਰ ਚਲਾ ਰਹੇ ਫੈਜ਼ਾਨ, ਉਸਦੀ ਗਰਭਵਤੀ ਪਤਨੀ, ਬੇਟੀ ਤੇ ਬੇਟੇ ਦੀ ਮੌਤ।
* 17 ਜੂਨ ਨੂੰ ਹੀ ਅਲਵਰ ਦੇ ਕਾਠੂਵਾਸ ਨੇੜੇ ਡੰਪਰ ਅਤੇ ਕਾਰ ਦੀ ਟੱਕਰ 'ਚ ਚਿੜਾਵਾ ਵਾਸੀ ਇਕੋ ਪਰਿਵਾਰ ਦੇ 4 ਮੈਂਬਰਾਂ ਦੀ ਮੌਤ। 
* 17 ਜੂਨ ਨੂੰ ਹੀ ਧਰੇੜੀਜੱਟਾਂ ਵਿਚ ਆਵਾਰਾ ਪਸ਼ੂ ਨੂੰ ਬਚਾਉਣ ਦੇ ਚੱਕਰ 'ਚ ਕਾਰ ਬੇਕਾਬੂ ਹੋ ਕੇ ਪਲਟਣ ਨਾਲ ਨੂੰਹ-ਸੱਸ ਦੀ ਮੌਤ ਤੇ ਪਰਿਵਾਰ ਦੇ 3 ਮੈਂਬਰ ਜ਼ਖ਼ਮੀ।
* 17 ਜੂਨ ਨੂੰ ਹੀ ਦੇਰ ਰਾਤ ਨੂੰ ਹਨੂੰਮਾਨਗੜ੍ਹ-ਸੰਗਰੀਆ ਹਾਈਵੇ ਉੱਤੇ ਅਬੋਹਰ ਨੇੜੇ ਕਾਰ-ਟਰੱਕ ਵਿਚਾਲੇ ਸਿੱਧੀ ਟੱਕਰ ਵਿਚ 4 ਨੌਜਵਾਨਾਂ ਦੀ ਮੌਤ।
* 18 ਜੂਨ ਨੂੰ ਮੋਗਾ-ਲੁਧਿਆਣਾ ਰੋਡ 'ਤੇ ਕੈਂਟਰ ਅਤੇ ਟਰੈਕਟਰ ਦੀ ਟੱਕਰ 'ਚ ਟਰੈਕਟਰ ਚਾਲਕ ਧਰਮਵੀਰ ਸਿੰਘ ਅਤੇ ਉਸ ਦੇ ਸਹੁਰੇ ਗਿਆਨ ਸਿੰਘ ਦੀ ਮੌਤ।
* 18 ਜੂਨ ਨੂੰ ਹੀ ਸ਼ਰਧਾਲੂਆਂ ਨੂੰ ਲੈ ਕੇ ਪਰਤ ਰਹੀ ਗੱਡੀ ਪਿੰਡ ਲੋਹਗੜ੍ਹ ਨੇੜੇ ਹਾਦਸੇ ਦਾ ਸ਼ਿਕਾਰ ਹੋਣ ਨਾਲ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ।
* 18 ਜੂਨ ਨੂੰ ਹੀ ਫਿਰੋਜ਼ਪੁਰ ਨੇੜੇ ਕਾਰ-ਟਰੱਕ ਦੀ ਟੱਕਰ ਵਿਚ ਪਿਓ-ਪੁੱਤ ਸਤਨਾਮ ਸਿੰਘ ਅਤੇ ਗੁਰਸਾਹਿਬ ਸਿੰਘ ਦੀ ਮੌਤ।
* 18 ਜੂਨ ਨੂੰ ਹੀ ਲੋਹੀਆਂ 'ਚ ਰੂਪੇਵਾਲੀ ਨੇੜੇ ਟਰੱਕ ਤੇ ਮਹਿੰਦਰਾ ਜ਼ਾਇਲੋ ਦੀ ਟੱਕਰ 'ਚ 2 ਬੱਚਿਆਂ ਸਮੇਤ 4 ਵਿਅਕਤੀਆਂ ਦੀ ਮੌਤ ਤੇ 9 ਜ਼ਖ਼ਮੀ।
* 18 ਜੂਨ ਨੂੰ ਹੀ ਤਰਨਤਾਰਨ-ਪੱਟੀ ਰੋਡ 'ਤੇ ਕੈਰੋਂ ਪਿੰਡ ਨੇੜੇ ਮੋਟਰਸਾਈਕਲ ਤੇ ਕਾਰ ਦੀ ਟੱਕਰ 'ਚ ਇਕੋ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਤੇ 1 ਜ਼ਖ਼ਮੀ।
* 18 ਜੂਨ ਨੂੰ ਹੀ ਸਿਰਸਾ ਦੇ ਚਾਈਆ ਪਿੰਡ ਨੇੜੇ 3 ਗੱਡੀਆਂ ਦੀ ਟੱਕਰ 'ਚ ਲਾੜੀ ਲੈ ਕੇ ਪਰਤ ਰਹੇ ਲਾੜੇ ਅਤੇ ਉਸ ਦੇ ਜੀਜੇ ਸਮੇਤ 4 ਵਿਅਕਤੀਆਂ ਦੀ ਮੌਤ।
* 19 ਜੂਨ ਨੂੰ ਹੁਸ਼ਿਆਰਪੁਰ ਨੇੜੇ ਬਾਈਕ-ਕਾਰ ਵਿਚਾਲੇ ਟੱਕਰ 'ਚ ਬਾਈਕ ਸਵਾਰ ਨੌਜਵਾਨ ਦੀ ਮੌਤ ਅਤੇ ਫੁਗਲਾਣਾ ਪਿੰਡ ਦੇ ਅੱਡੇ 'ਤੇ ਬੱਸ ਦੀ ਉਡੀਕ ਕਰ ਰਹੀਆਂ ਸਵਾਰੀਆਂ 'ਤੇ ਬੇਕਾਬੂ ਕਾਰ ਚੜ੍ਹ ਜਾਣ ਨਾਲ 1 ਵਿਅਕਤੀ ਦੀ ਮੌਤ ਤੇ 4 ਜ਼ਖ਼ਮੀ।
* 19 ਜੂਨ ਨੂੰ ਹੀ ਨਵਾਂਸ਼ਹਿਰ-ਚੰਡੀਗੜ੍ਹ ਮੁੱਖ ਸੜਕ 'ਤੇ ਪਿੰਡ ਸਜਾਵਲਪੁਰ ਨੇੜੇ ਬਾਈਕ ਅਤੇ ਕਾਰ ਦੀ ਟੱਕਰ 'ਚ ਬਾਈਕ ਸਵਾਰ ਪਤੀ-ਪਤਨੀ ਦੀ ਮੌਤ।
ਇਥੇ ਕੁਝ ਵੱਡੀਆਂ ਘਟਨਾਵਾਂ ਹੀ ਦਿੱਤੀਆਂ ਗਈਆਂ ਹਨ ਤੇ ਛੋਟੀਆਂ-ਮੋਟੀਆਂ ਘਟਨਾਵਾਂ ਇਸ ਵਿਚ ਸ਼ਾਮਿਲ ਨਹੀਂ। ਦੇਸ਼ ਵਿਚ ਸੜਕ ਹਾਦਸਿਆਂ 'ਚ ਸਭ ਤੋਂ ਵੱਧ 41 ਫੀਸਦੀ ਮੌਤਾਂ ਮਿੱਥੀ ਰਫਤਾਰ ਹੱਦ ਨਾਲੋਂ ਜ਼ਿਆਦਾ ਤੇਜ਼ ਗੱਡੀ ਚਲਾਉਣ, 32 ਫੀਸਦੀ ਮੌਤਾਂ ਲਾਪ੍ਰਵਾਹੀ ਨਾਲ ਅਤੇ ਸ਼ਰਾਬ ਪੀ ਕੇ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਦੇ ਸਿੱਟੇ ਵਜੋਂ ਹੀ ਹੁੰਦੀਆਂ ਹਨ। 
ਮੋਬਾਈਲ 'ਤੇ ਗੱਲ ਕਰਦਿਆਂ ਗੱਡੀ ਚਲਾਉਣ, ਰਿਫਲੈਕਟਰ, ਲਾਈਟਾਂ, ਹਾਰਨ ਆਦਿ ਠੀਕ ਨਾ ਰੱਖਣ, ਸੀਟ ਬੈਲਟ ਨਾ ਲਗਾਉਣ ਤੇ ਹੈਲਮਟ ਨਾ ਪਹਿਨਣ ਆਦਿ ਕਰਕੇ ਵੀ ਸੜਕ ਹਾਦਸਿਆਂ ਵਿਚ ਵੱਡੀ ਗਿਣਤੀ ਵਿਚ ਜਾਨਾਂ ਜਾ ਰਹੀਆਂ ਹਨ। 
—ਵਿਜੇ ਕੁਮਾਰ


Vijay Kumar Chopra

Chief Editor

Related News