ਭਿਆਨਕ ਸੜਕ ਹਾਦਸੇ ਦੌਰਾਨ ਮੋਟਰਸਾਈਕਲ ਸਵਾਰ ਦੀ ਮੌਤ

05/13/2024 12:43:32 PM

ਭਵਾਨੀਗੜ੍ਹ (ਕਾਂਸਲ) : ਸਥਾਨਕ ਸ਼ਹਿਰ ’ਚੋਂ ਲੰਘਦੇ ਨੈਸ਼ਨਲ ਹਾਈਵੇ 'ਤੇ ਨਵੇਂ ਬੱਸ ਅੱਡੇ ਨਜ਼ਦੀਕ ਸੜਕ ਕਰਾਸ ਕਰਦੇ ਸਮੇਂ ਇਕ ਮੋਟਰਸਾਈਕਲ ਸਵਾਰ ਮਿੰਨੀ ਟਰੱਕ ਦੀ ਲਪੇਟ 'ਚ ਆ ਗਿਆ। ਇਸ ਹਾਦਸੇ ਦੌਰਾਨ ਮੋਟਰਸਾਈਕਲ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਸ ਸਬੰਧੀ ਪੁਲਸ ਨੂੰ ਕੀਤੀ ਸ਼ਿਕਾਇਤ ’ਚ ਅਵਤਾਰ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਹਰੀਪੁਰਾ ਬਸਤੀ ਭਵਾਨੀਗੜ੍ਹ ਨੇ ਦੱਸਿਆ ਕਿ ਉਸ ਦੀ ਮਾਸੀ ਦਾ ਪੁੱਤਰ ਸਤਵੰਤ ਸਿੰਘ ਉਰਫ਼ ਬਬਲੀ ਪੁੱਤਰ ਸੁਖਚੈਨ ਸਿੰਘ ਵਾਸੀ ਭੱਟੀਵਾਲ ਕਲਾ ਅਕਸਰ ਹੀ ਉਸ ਦੇ ਕੋਲ ਆਉਂਦਾ-ਜਾਂਦਾ ਰਹਿੰਦਾ ਸੀ।

ਬੀਤੇ ਦਿਨ ਸ਼ਨੀਵਾਰ 11 ਮਈ ਨੂੰ ਸਤਵੰਤ ਸਿੰਘ ਉਸ ਨੂੰ ਮਿਲਣ ਆਇਆ ਸੀ ਅਤੇ ਉਹ ਦੋਵੇ ਜਣੇ ਘਰ ਚਾਹ-ਪਾਣੀ ਪੀਣ ਉਪਰੰਤ ਬਾਅਦ ਦੁਪਹਿਰ ਸਮੇਂ ਆਪਣੇ ਕੰਮਕਾਰ ਦੇ ਸਬੰਧ ਵਿਚ ਆਪੋ-ਆਪਣੇ ਮੋਟਰਸਾਈਕਲਾਂ ’ਤੇ ਬਾਜ਼ਾਰ ਜਾਣ ਲਈ ਚੱਲ ਪਏ। ਸਤਵੰਤ ਸਿੰਘ ਆਪਣੇ ਮੋਟਰਸਾਈਕਲ ’ਤੇ ਉਸ ਦੇ ਅੱਗੇ ਜਾ ਰਿਹਾ ਸੀ। ਜਦੋਂ ਉਹ ਨਵੇਂ ਬੱਸ ਸਟੈਡ ਨੇੜੇ ਹਾਈਵੇ ’ਤੇ ਬਣੇ ਕੱਟ ਤੋਂ ਕਰਾਸ ਕਰਨ ਲੱਗੇ ਤਾਂ ਸੰਗਰੂਰ ਸਾਈਡ ਤੋਂ ਆਏ ਇੱਕ ਤੇਜ਼ ਰਫ਼ਤਾਰ ਮਿੰਨੀ ਟਰੱਕ ਦੇ ਚਾਲਕ ਨੇ ਬਿਨਾ ਹਾਰਨ ਬਜਾਏ ਲਾਪਰਵਾਹੀ ਨਾਲ ਉਸ ਦੀ ਮਾਸੀ ਦੇ ਪੁੱਤਰ ਸਤਵੰਤ ਸਿੰਘ ਨੂੰ ਜ਼ੋਰਦਾਰ ਫੇਟ ਮਾਰ ਦਿੱਤੀ।

ਉਸ ਦੇ ਦੇਖਦੇ ਹੀ ਦੇਖਦੇ ਟਰੱਕ ਚਾਲਕ ਟਰੱਕ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਅਵਤਾਰ ਸਿੰਘ ਨੇ ਅੱਗੇ ਦੱਸਿਆ ਕਿ ਉਸ ਵੱਲੋਂ ਇਸ ਹਾਦਸੇ ’ਚ ਗੰਭੀਰ ਰੂਪ ’ਚ ਜ਼ਖ਼ਮੀ ਹੋਏ ਆਪਣੀ ਮਾਸੀ ਦੇ ਪੁੱਤਰ ਨੂੰ ਸਿਵਲ ਹਸਪਤਾਲ ਭਵਾਨੀਗੜ੍ਹ ਦਾਖ਼ਲ ਕਰਵਾਇਆ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ ਪਰ ਇੱਥੇ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ। ਪੁਲਸ ਨੇ ਅਵਤਾਰ ਸਿੰਘ ਬਿਆਨਾਂ ਟਰੱਕ ਦੇ ਨਾ ਮਲੂਮ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।   
 


Babita

Content Editor

Related News