ਭਾਰਤ ’ਚ ਵਾਹਨ ਹਾਦਸਿਆਂ ਦਾ ਕਹਿਰ ਸੜਕਾਂ ਹੋ ਰਹੀਆਂ ਖੂਨੋਂ-ਖੂਨ

05/31/2024 12:58:05 AM

ਦੁਨੀਆ ’ਚ ਸੜਕ ਹਾਦਸਿਆਂ ’ਚ ਮਰਨ ਵਾਲਿਆਂ ਦੀ ਗਿਣਤੀ ’ਚ ਬੇਹੱਦ ਵਾਧਾ ਹੋਇਆ ਹੈ ਅਤੇ ਇਨ੍ਹਾਂ ’ਚੋਂ ਵੀ ਹਰ 5 ’ਚੋਂ 1 ਮੌਤ ਭਾਰਤ ’ਚ ਹੋਣ ਕਾਰਨ ਭਾਰਤ ਨੂੰ ਸੜਕ ਹਾਦਸਿਆਂ ਦੀ ਰਾਜਧਾਨੀ ਵੀ ਕਿਹਾ ਜਾਣ ਲੱਗਾ ਹੈ ਜਿਨ੍ਹਾਂ ’ਚ ਪਰਿਵਾਰਾਂ ਦੇ ਪਰਿਵਾਰ ਤਬਾਹ ਹੋ ਰਹੇ ਹਨ। ਸਥਿਤੀ ਦੀ ਗੰਭੀਰਤਾ ਸਿਰਫ ਪਿਛਲੇ 12 ਦਿਨਾਂ ਦੀਆਂ ਹੇਠ ਲਿਖੀਆਂ ਚੰਦ ਘਟਨਾਵਾਂ ਤੋਂ ਸਪੱਸ਼ਟ ਹੈ :

* 18 ਮਈ ਨੂੰ ਮੱਧ ਪ੍ਰਦੇਸ਼ ਦੇ ਸ਼ਾਜਾਪੁਰ ਜ਼ਿਲ੍ਹੇ ’ਚ ਕੇਦਾਰਨਾਥ ਤੋਂ ਦਰਸ਼ਨ ਕਰ ਕੇ ਪਰਤ ਰਹੇ ਸ਼ਰਧਾਲੂਆਂ ਦੀ ਕਾਰ ਪਸ਼ੂਆਂ ਨਾਲ ਟਕਰਾਉਣ ਤੋਂ ਬਚਾਉਣ ਦੀ ਕੋਸ਼ਿਸ਼ ’ਚ ਉਲਟ ਜਾਣ ਨਾਲ ਉਸ ’ਚ ਸਵਾਰ 2 ਔਰਤਾਂ ਦੀ ਮੌਤ ਹੋ ਗਈ, ਜਦਕਿ 11 ਹੋਰ ਜ਼ਖਮੀ ਹੋ ਗਏ।

* 23 ਮਈ ਨੂੰ ਮੱਧ ਪ੍ਰਦੇਸ਼ ਦੇ ਇੰਦੌਰ ’ਚ ਚਾਰਧਾਮ ਯਾਤਰਾ ਲਈ ਆਏ ਤੀਰਥ ਯਾਤਰੀਆਂ ਦੀ ਬੱਸ ਸਮਰਾਲਾ ਨੇੜੇ ਇਕ ਟਰਾਲੇ ਨਾਲ ਟਕਰਾ ਜਾਣ ’ਤੇ 2 ਔਰਤ ਸ਼ਰਧਾਲੂਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ।

* 24 ਮਈ ਨੂੰ ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ ’ਚ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਦੀ ਮਿੰਨੀ ਬੱਸ ਦਿੱਲੀ-ਜੰਮੂ ਹਾਈਵੇ ’ਤੇ ਹਾਦਸਾਗ੍ਰਸਤ ਹੋ ਜਾਣ ਨਾਲ ਇਕ ਹੀ ਪਰਿਵਾਰ ਦੇ 7 ਮੈਂਬਰਾਂ ਦੀ ਮੌਤ ਅਤੇ 20 ਲੋਕ ਜ਼ਖਮੀ ਹੋ ਗਏ।

* 24 ਮਈ ਨੂੰ ਹੀ ਕਰਨਾਟਕ ਦੇ ਸ਼ਰਧਾਲੂਆਂ ਨੂੰ ਲੈ ਕੇ ਅਯੁੱਧਿਆ ਆ ਰਹੀ ਇਕ ਮਿੰਨੀ ਬੱਸ ਦੇ ਅਯੁੱਧਿਆ-ਪ੍ਰਯਾਗਰਾਜ ਹਾਈਵੇ ’ਤੇ ਇਕ ਟਰੱਕ ਨਾਲ ਟਕਰਾਉਣ ਕਾਰਨ 3 ਸ਼ਰਧਾਲੂਆਂ ਦੀ ਮੌਤ ਅਤੇ 14 ਜ਼ਖਮੀ ਹੋ ਗਏ।

* 25 ਮਈ ਨੂੰ ਜੰਮੂ-ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ’ਚ ਇਕ ਕਾਰ ਦੇ ਸੜਕ ’ਤੋਂ ਤਿਲਕ ਜਾਣ ਕਾਰਨ ਪੰਜਾਬ ਦੇ 4 ਸੈਲਾਨੀਆਂ ਦੀ ਮੌਤ ਅਤੇ 3 ਜ਼ਖਮੀ ਹੋ ਗਏ।

* 26 ਮਈ ਰਾਤ ਨੂੰ ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੇ ਰਾਜਸਰ ’ਚ ਇਕ ਸੜਕ ਹਾਦਸੇ ’ਚ ਇਕ ਕਾਰ ਅਤੇ ਟਰੱਕ ਦੀ ਟੱਕਰ ’ਚ ਇਕ ਜੋੜੇ ਅਤੇ ਉਨ੍ਹਾਂ ਦੀ 7 ਸਾਲ ਦੀ ਬੇਟੀ ਤੋਂ ਇਲਾਵਾ ਇਕ ਹੋਰ ਵਿਅਕਤੀ ਦੀ ਮੌਤ ਹੋ ਗਈ।

* 26 ਮਈ ਨੂੰ ਹੀ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ’ਚ ਸੀਤਾਪੁਰ ਤੋਂ ਉੱਤਰਾਖੰਡ ’ਚ ਮਾਂ ਪੂਰਨਾਗਿਰੀ ਦੇ ਦਰਸ਼ਨਾਂ ਨੂੰ ਜਾ ਰਹੇ ਸ਼ਰਧਾਲੂਆਂ ਦੀ ਬੱਸ ’ਤੇ ਤੇਜ਼ ਰਫਤਾਰ ਨਾਲ ਆ ਰਿਹਾ ਡੰਪਰ ਉਲਟ ਜਾਣ ਨਾਲ 11 ਸ਼ਰਧਾਲੂਆਂ ਦੀ ਮੌਤ ਹੋ ਗਈ।

* 26 ਮਈ ਨੂੰ ਹੀ ਹਿਸਾਰ ਦੇ ਸੈਕਟਰ 27-28 ਮੋੜ ਦੇ ਨਜ਼ਦੀਕ ਟਰੱਕ ਤੋਂ ਬਚਣ ਦੇ ਯਤਨ ’ਚ ਲੜਕੀ ਦਾ ਰਿਸ਼ਤਾ ਕਰਨ ਆਏ ਪਰਿਵਾਰ ਦੀ ਕਾਰ ਉਲਟ ਜਾਣ ਨਾਲ ਕਾਰ ਸਵਾਰ ਜੋੜੇ ਅਤੇ 2 ਭਰਾਵਾਂ ਸਮੇਤ 5 ਲੋਕਾਂ ਦੀ ਜਾਨ ਚਲੀ ਗਈ।

*28 ਮਈ ਨੂੰ ਹੀ ਅਲਮੋੜਾ ’ਚ ਇਕ ਸੜਕ ਹਾਦਸੇ ’ਚ ਰੁੜਕੀ ਦੇ ਇਕ ਪਰਿਵਾਰ ਦੇ 3 ਮੈਂਬਰਾਂ ਦੀ ਮੌਤ ਹੋ ਗਈ।

* 29 ਮਈ ਨੂੰ ਉੱਤਰ ਪ੍ਰਦੇਸ਼ ਦੇ ਗੋਂਡਾ ’ਚ ਭਾਜਪਾ ਸੰਸਦ ਮੈਂਬਰ ਬ੍ਰਿਜਭੂਸ਼ਣ ਸਿੰਘ ਦੇ ਬੇਟੇ ਕਰਨ ਭੂਸ਼ਣ ਸਿੰਘ ਦੇ ਕਾਫਲੇ ਦੀ ਇਕ ਗੱਡੀ ਨੇ 2 ਬਾਈਕ ਸਵਾਰਾਂ ਨੂੰ ਦਰੜ ਦਿੱਤਾ ਜਿਸ ਨਾਲ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ ਜਦ ਕਿ ਸੜਕ ਕਿਨਾਰੇ ਬੈਠੀ ਇਕ ਔਰਤ ਗੰਭੀਰ ਜ਼ਖਮੀ ਹੋ ਗਈ।

* 29 ਮਈ ਨੂੰ ਹੀ ਮਹਾਰਾਸ਼ਟਰ ਦੇ ਸਾਂਗਲੀ ਜ਼ਿਲੇ ’ਚ ਇਕ ਕਾਰ ਦੇ ਨਹਿਰ ’ਚ ਡਿੱਗ ਜਾਣ ਨਾਲ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦੀ ਮੌਤ ਹੋ ਗਈ।

* 29 ਮਈ ਨੂੰ ਹੀ ਫਿਰੋਜ਼ਪੁਰ ਦੇ ਕਸਬਾ ਮਖੂ ’ਚ ਸੜਕ ਪਾਰ ਕਰਦੇ ਸਮੇਂ ਇਕ ਦੁਕਾਨਦਾਰ ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ ਜਿਸ ਨਾਲ ਉਸ ਦੀ ਮੌਤ ਹੋ ਗਈ।

* 29 ਮਈ ਨੂੰ ਹੀ ਦਿੱਲੀ ’ਚ ਤੇਜ਼ ਰਫਤਾਰ ਬਾਈਕ ਗੀਤਾ ਕਾਲੋਨੀ ਫਲਾਈਓਵਰ ਤੋਂ ਲਗਭਗ 25 ਫੁੱਟ ਹੇਠਾਂ ਡਿੱਗ ਜਾਣ ਨਾਲ 2 ਨੌਜਵਾਨਾਂ ਦੀ ਮੌਤ ਹੋ ਗਈ।

* ਅਤੇ ਹੁਣ 30 ਮਈ ਨੂੰ ਜੰਮੂ-ਪੁੰਛ ਰਾਸ਼ਟਰੀ ਰਾਜਮਾਰਗ ’ਤੇ ਚੌਕੀ ਚੌਰਾ ਕਾਲੀਧਾਰ ਮਾਰਗ ’ਤੇ ਇਕ ਦਿਲ ਕੰਬਾਊ ਹਾਦਸੇ ’ਚ ਉੱਤਰ ਪ੍ਰਦੇਸ਼ ਦੇ ਹਾਥਰਸ ਤੋਂ ਸ਼ਿਵਖੋੜੀ ਜਾ ਰਹੀ ਤੀਰਥ ਯਾਤਰੀਆਂ ਦੀ ਸਲੀਪਰ ਬੱਸ ਡਰਾਈਵਰ ਵੱਲੋਂ ਤਿੱਖੇ ਮੋੜ ’ਤੇ ਸੰਤੁਲਨ ਨਾ ਰੱਖ ਸਕਣ ਕਾਰਨ 5-6 ਪਲਟੀਆਂ ਖਾ ਕੇ 200 ਫੁੱਟ ਡੂੰਘੀ ਖੱਡ ’ਚ ਡਿੱਗ ਜਾਣ ਨਾਲ 22 ਤੀਰਥ ਯਾਤਰੀਆਂ ਦੀ ਮੌਤ ਅਤੇ 64 ਤੀਰਥ ਯਾਤਰੀ ਜ਼ਖਮੀ ਹੋ ਗਏ।

ਯਕੀਨਨ ਹੀ ਇਹ ਹਾਦਸੇ ਬੇਹੱਦ ਦੁਖਦਾਈ ਹਨ। ਇਸ ਤਰ੍ਹਾਂ ਦੇ ਹਾਦਸਿਆਂ ’ਚ ਮਰਨ ਵਾਲਿਆਂ ਦੇ ਜੀਵਨ ਦੀ ਡੋਰ ਤਾਂ ਕੁਵੇਲੇ ਟੁੱਟਦੀ ਹੀ ਹੈ, ਇਸ ਨਾਲ ਯਤੀਮ, ਵਿਧਵਾ ਅਤੇ ਬੇਸਹਾਰਾ ਹੋ ਜਾਣ ਵਾਲੇ ਬੱਚਿਆਂ, ਔਰਤਾਂ ਅਤੇ ਬੁੱਢੇ ਮਾਤਾ-ਪਿਤਾ ਦਾ ਜੀਵਨ ਵੀ ਨਰਕ ਬਣ ਜਾਂਦਾ ਹੈ। ਇਸ ਲਈ ਇਨ੍ਹਾਂ ਤੋਂ ਬਚਣ ਲਈ ਹਰ ਪੱਧਰ ’ਤੇ ਸਾਵਧਾਨੀ ਵਰਤਣ ਦੀ ਲੋੜ ਹੈ।

ਹਾਦਸਿਆਂ ਦੇ ਕਾਰਨਾਂ ’ਚ ਸੜਕਾਂ ਦੀ ਖਸਤਾ ਹਾਲਤ, ਖੁੱਲ੍ਹੇ ਮੈਨਹੋਲ, ਆਵਾਜਾਈ ਨਿਯਮਾਂ ਦੀ ਉਲੰਘਣਾ, ਸ਼ਰਾਬ ਪੀ ਕੇ ਜਾਂ ਬੇਕਾਬੂ ਰਫਤਾਰ ਨਾਲ ਗੱਡੀ ਚਲਾਉਣਾ, ਲਗਾਤਾਰ ਵੱਧ ਸਮੇਂ ਲਈ ਬਿਨਾਂ ਰੁਕੇ ਜਾਂ ਬਿਨਾਂ ਪੂਰੀ ਨੀਂਦ ਲਏ ਵਾਹਨ ਚਲਾਉਣਾ ਸ਼ਾਮਲ ਹੈ।

ਇਸ ਲਈ ਇਨ੍ਹਾਂ ਨੂੰ ਰੋਕਣ ਲਈ ਕੁਝ ਸਮੇਂ ਪਿੱਛੋਂ ਡਰਾਈਵਰ ਨੂੰ ਆਰਾਮ ਦਿਵਾਉਣਾ, ਉਸ ਦਾ ਮੂੰਹ ਆਦਿ ਧੁਆਉਣਾ ਅਤੇ ਲੰਮਾ ਸਫਰ ਹੋਣ ’ਤੇ ਇਕ ਵਾਧੂ ਡਰਾਈਵਰ ਨਾਲ ਲੈ ਕੇ ਚੱਲਣਾ ਚਾਹੀਦਾ ਹੈ।

-ਵਿਜੇ ਕੁਮਾਰ


Harpreet SIngh

Content Editor

Related News