ਵਰਕਆਊਟ’ ਦੇ ਦੌਰਾਨ ‘ਹੋ ਰਹੀਆਂ ਮੌਤਾਂ, ਸਾਵਧਾਨੀ ਵਰਤਣ ਦੀ ਲੋੜ

10/12/2023 3:50:25 AM

ਪਿਛਲੇ ਕੁਝ ਸਮੇਂ ਦੌਰਾਨ ਵਰਕਆਊਟ ਜਾਂ ਕਸਰਤ ਕਰਦੇ ਸਮੇਂ ਜਾਂ ਉਸ ਦੇ ਤੁਰੰਤ ਬਾਅਦ ਦਿਲ ਦਾ ਦੌਰਾ ਪੈਣ ਨਾਲ ਮੌਤਾਂ ਦੀਆਂ ਸਮੇਂ-ਸਮੇਂ ’ਤੇ ਦੁਖਦਾਈ ਖਬਰਾਂ ਸਾਹਮਣੇ ਆਈਆਂ ਹਨ।

* 7 ਅਕਤੂਬਰ, 2023 ਨੂੰ ਤਮਿਲਨਾਡੂ ’ਚ ਚੇਨੱਈ ਦੇ ਕੋਰਾਟੂਰ ’ਚ ਬਾਡੀ ਬਿਲਡਿੰਗ ਮੁਕਾਬਲੇਬਾਜ਼ੀ ਦੀ ਤਿਆਰੀ ਕਰ ਰਹੇ ਜਿਮ ਟ੍ਰੇਨਰ ਅਤੇ ‘ਮਿਸਟਰ ਤਮਿਲਨਾਡੂ’ (2022) ਰਹਿ ਚੁੱਕੇ 41 ਸਾਲਾ ਪੀ. ਯੋਗੇਸ਼ ਦੀ ਕਸਰਤ ਕਰਨ ਪਿੱਛੋਂ ਸਟੀਮ ਬਾਥ ਲੈਣ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

ਇਸ ਤੋਂ ਪਹਿਲਾਂ ਵੀ ਕਈ ਮੰਨੀਆਂ-ਪ੍ਰਮੰਨੀਆਂ ਹਸਤੀਆਂ ਦੀਆਂ ਵਰਕਆਊਟ ਦੇ ਦੌਰਾਨ ਮੌਤਾਂ ਹੋ ਚੁੱਕੀਆਂ ਹਨ, ਜਿਨ੍ਹਾਂ ’ਚੋਂ ਕੁਝ ਹੇਠਾਂ ਦਰਜ ਹਨ :

* 11 ਨਵੰਬਰ, 2022 ਨੂੰ ਟੀ.ਵੀ. ਅਦਾਕਾਰ ਸਿਧਾਂਤ ਵੀਰ ਸੂਰਯਵੰਸ਼ੀ ਦੀ ਜਿਮ ’ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

* 10 ਅਗਸਤ, 2022 ਨੂੰ ਪ੍ਰਸਿੱਧ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਜਿਮ ’ਚ ਟ੍ਰੈੱਡਮਿੱਲ ’ਤੇ ਦੌੜਦੇ ਸਮੇਂ ਹਾਰਟ ਅਟੈਕ ਆਉਣ ਨਾਲ ਡਿੱਗ ਗਏ ਅਤੇ ਲਗਭਗ 41 ਦਿਨਾਂ ਤੱਕ ਵੈਂਟੀਲੇਟਰ ’ਤੇ ਰਹਿਣ ਪਿੱਛੋਂ 21 ਸਤੰਬਰ ਨੂੰ ਉਨ੍ਹਾਂ ਦੀ ਮੌਤ ਹੋ ਗਈ।

* 29 ਅਕਤੂਬਰ, 2021 ਨੂੰ ਦੱਖਣ ਭਾਰਤੀ ਫਿਲਮ ਇੰਡਸਟ੍ਰੀ ਦੇ ਪ੍ਰਸਿੱਧ ਅਦਾਕਾਰ ਪੁਨੀਤ ਰਾਜਕੁਮਾਰ ਦੀ ਵੀ ਜਿਮ ’ਚ ਵਰਕਆਊਟ ਕਰਦੇ ਸਮੇਂ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਡਾਕਟਰਾਂ ਅਨੁਸਾਰ ਅੱਜ ਦੇ ਨੌਜਵਾਨ, ਐਥਲੀਟ ਅਤੇ ਬਾਡੀ ਬਿਲਡਰ ਬੇਹੱਦ ਹਾਨੀਕਾਰਕ ਸਟੀਰਾਇਡਜ਼ ਦੀ ਵਰਤੋਂ ਕਰਦੇ ਹਨ ਜੋ ਵਿਸ਼ੇਸ਼ ਤੌਰ ’ਤੇ ਨੌਜਵਾਨਾਂ ’ਚ ਦਿਲ ਦਾ ਦੌਰਾ ਪੈਣ ਦਾ ਖਦਸ਼ਾ ਕਾਫੀ ਵਧਾ ਦਿੰਦੇ ਹਨ। ਸਟੀਰਾਇਡ ਦਿਲ ਹੀ ਨਹੀਂ ਲਿਵਰ, ਕਿਡਨੀ ਅਤੇ ਸਰੀਰ ਦੇ ਹੋਰ ਅੰਗਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਜਿਮ ’ਚ ਵਰਕਆਊਟ ਦੌਰਾਨ ਲੋੜ ਤੋਂ ਵੱਧ ਕਸਰਤ ਵੀ ਮੌਤ ਦਾ ਇਕ ਵੱਡਾ ਕਾਰਨ ਬਣਦੀ ਹੈ। ਇਸ ਲਈ ਬਹੁਤ ਵੱਧ ਅਤੇ ਬਹੁਤ ਤੇਜ਼ ਵਰਕਆਊਟ ਕਰਨ ਤੋਂ ਬਚਣਾ ਚਾਹੀਦਾ ਹੈ। ਵਰਕਆਊਟ ਦੇ ਦੌਰਾਨ ਵੱਧ ਭਾਰ ਨਾ ਚੁੱਕੋ ਅਤੇ ਵੱਧ ਸਰਦੀ ਜਾਂ ਗਰਮੀ ’ਚ ਵੀ ਵਰਕਆਊਟ ਕਰਨ ਤੋਂ ਬਚੋ।

ਵਰਕਆਊਟ ਦੌਰਾਨ ਸਰੀਰ ’ਚ ਪਾਣੀ ਦੀ ਕਮੀ ਨਾ ਹੋਵੇ ਇਸ ਦਾ ਧਿਆਨ ਰੱਖਣ ਅਤੇ ਬਲੱਡ ਪ੍ਰੈਸ਼ਰ ਦੀ ਸਮੱਸਿਆ ਦੇ ਸ਼ਿਕਾਰ ਲੋਕਾਂ ਨੂੰ ਵੀ ਸਾਵਧਾਨੀ ਵਰਤਣ ਦੀ ਲੋੜ ਹੈ। ਡਾਕਟਰਾਂ ਦਾ ਸੁਝਾਅ ਹੈ ਕਿ ਦਿਨ ’ਚ ਸਿਰਫ ਇਕ ਘੰਟਾ ਹੀ ਵਰਕਆਊਟ ਜਾਂ ਐਕਸਰਸਾਈਜ਼ ਕਰਨੀ ਚਾਹੀਦੀ ਹੈ ਅਤੇ ਇਸ ਪਿੱਛੋਂ ਹਮੇਸ਼ਾ ਕੂਲਡਾਊਨ ਹੋਣਾ ਬਹੁਤ ਜ਼ਰੂਰੀ ਹੈ। - ਵਿਜੇ ਕੁਮਾਰ


Anmol Tagra

Content Editor

Related News