ਕੇਰਲ ’ਚ ਅਤਿ ਆਧੁਨਿਕ ਬੰਦਰਗਾਹ ਦੀ ਉਸਾਰੀ ਨੂੰ ਲੈ ਕੇ ਲਗਾਤਾਰ ਵਧ ਰਿਹਾ ਵਿਵਾਦ

12/05/2022 3:34:33 AM

ਭਾਰਤ ’ਚ ਛੋਟੀਆਂ-ਛੋਟੀਆਂ ਬੰਦਰਗਾਹਾਂ ਤਾਂ ਹਨ ਜਿਨ੍ਹਾਂ ’ਤੇ ਛੋਟੇ ਜਹਾਜ਼ ਹੀ ਆਉਂਦੇ ਹਨ ਪਰ ਵੱਡੇ ਕੰਟੇਨਰਾਂ ਨੂੰ ਲਿਆਉਣ ਵਾਲੇ ਜਹਾਜ਼ਾਂ ਦੇ ਰੱਖ-ਰਖਾਅ ਲਈ ਯੋਗ ਬੰਦਰਗਾਹਾਂ ਨਹੀਂ ਹਨ। ਇਸੇ ਘਾਟ ਨੂੰ ਪੂਰਾ ਕਰਨ ਲਈ ਕੇਰਲ ਵਿਚ ਅਡਾਨੀ ਸਮੂਹ ਵੱਲੋਂ 2015 ਤੋਂ ‘ਵਿਝਿਨਜਮ ਬੰਦਰਗਾਹ’ ਨਾਂ ਦੀ ਇਕ ਮੈਗਾ ਬੰਦਰਗਾਹ ਦੀ  ਉਸਾਰੀ  ਕੀਤੀ ਜਾ ਰਹੀ ਹੈ।

ਇਸ ਬੰਦਰਗਾਹ ਦੀ ਅੰਦਾਜ਼ਨ ਲਾਗਤ 7700 ਕਰੋੜ ’ਚੋਂ 2500 ਕਰੋੜ ਗੌਤਮ ਅਡਾਨੀ ਅਦਾ ਕਰਨਗੇ ਜਦਕਿ 4600 ਕਰੋੜ ਕੇਰਲ ਸਰਕਾਰ ਵੱਲੋਂ ਅਦਾ ਕੀਤਾ ਜਾਵੇਗਾ ਅਤੇ ਬਾਕੀ ਦਾ 818 ਕਰੋੜ ਵਾਇਆਬਿਲਟੀ ਗੇਪ ਫੰਡਿੰਗ ਦੇ ਰਾਹੀਂ ਹਾਸਲ ਕੀਤਾ ਜਾਵੇਗਾ। ਨਿੱਜੀ ਖੇਤਰ ਵਾਲੀ ਇਸ ਵੱਡੀ ਬੰਦਰਗਾਹ ’ਚ 2015 ’ਚ ਇਕ ਪ੍ਰਤੀਯੋਗੀ ਨਿਲਾਮੀ ਦੇ ਅਧੀਨ ਕਰਾਰ ਹਾਸਲ ਕੀਤਾ ਸੀ।

ਗੌਤਮ ਅਡਾਨੀ ਇਸ ਪ੍ਰਾਜੈਕਟ ਲਈ ਇਕੱਲੇ ਹੀ ਬੋਲੀਕਰਤਾ ਸਨ ਅਤੇ ਇਸ ਦਾ ਕਰਾਰ ਕੇਰਲ ਦੇ ਤਤਕਾਲੀਨ ਮੁੱਖ ਮੰਤਰੀ ਓਮਾਨ ਚਾਂਡੀ (ਕਾਂਗਰਸ) ਦੀ ਅਗਵਾਈ ਵਾਲੀ ਯੂਨਾਈਟਿਡ ਡੈਮੋਕ੍ਰੇਟਿਕ ਫਰੰਟ (ਯੂ. ਡੀ. ਐੱਫ.) ਗਠਜੋੜ ਸਰਕਾਰ ਦੇ ਅਧੀਨ ਕੀਤਾ ਗਿਆ ਸੀ।
ਪਹਿਲਾਂ ਨਿਰਧਾਰਿਤ ਪ੍ਰੋਗਰਾਮ ਦੇ ਅਨੁਸਾਰ ਇਸ ਦੇ ਪਹਿਲੇ ਪੜਾਅ ਦੀ ਉਸਾਰੀ 2019 ’ਚ ਪੂਰੀ ਹੋ ਜਾਣੀ ਚਾਹੀਦੀ ਸੀ ਪਰ ਇਸ ਦੀ ਉਸਾਰੀ ’ਚ ਰੋਸ ਵਿਖਾਵਿਆਂ, ਪੱਥਰਾਂ ਦੀ ਘਾਟ ਅਤੇ ਕੋਵਿਡ-19 ਮਹਾਮਾਰੀ ਦੇ ਕਾਰਨ ਦੇਰੀ ਹੋਈ ਹੈ। ਇਸ ਪ੍ਰਾਜੈਕਟ ਨੂੰ ਰੋਕਣ ਲਈ ਜੋਸੇਫਵਿਜਿਅਨ ਨਾਂ ਦੇ ਇਕ ਸੋਸ਼ਲ ਵਰਕਰ ਨੇ ਅਦਾਲਤ ਵਿਚ ਰਿਟ ਵੀ ਦਾਇਰ ਕੀਤੀ ਹੋਈ ਹੈ। ਅਤੇ ਹੁਣ ਜਦੋਂ ਕਿਸੇ ਤਰ੍ਹਾਂ ਇਹ ਬਣਨਾ ਸ਼ੁਰੂ ਹੋਇਆ ਤਾਂ ਪਿਛਲੇ 4 ਮਹੀਨਿਆਂ ਤੋਂ ਇਸ ਦੇ ਵਿਰੋਧ ਅਤੇ ਸਮਰਥਨ ’ਚ ਰੋਸ ਵਿਖਾਵੇ ਕੀਤੇ ਜਾ ਰਹੇ ਹਨ। ਜ਼ਿਆਦਾਤਰ ਇਸਾਈ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਕੇਰਲ ਦੇ ਮਛੇਰਿਆਂ ਦਾ ਕਹਿਣਾ ਹੈ ਕਿ ਇਸ ਬੰਦਰਗਾਹ ਦੇ ਬਣ ਜਾਣ ਨਾਲ ਉਨ੍ਹਾਂ ਦਾ ਧੰਦਾ ਬਿਲਕੁਲ ਖਤਮ ਹੋ ਜਾਵੇਗਾ। ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਇਸ ਬੰਦਰਗਾਹ ਦੀ ਉਸਾਰੀ ਨਾਲ ਸਮੁੰਦਰ ਦੇ ਕੰਢੇ ਨੂੰ ਨੁਕਸਾਨ ਪਹੁੰਚਣ ਦੇ ਕਾਰਨ ਸਮੁੰਦਰੀ ਵਾਤਾਵਰਣ ਨੂੰ ਨੁਕਸਾਨ ਪਹੁੰਚ ਰਿਹਾ ਹੈ।

ਇਸੇ ਸਿਲਸਿਲੇ ਵਿਚ ਪਿਛਲੇ ਦਿਨੀਂ ਬੰਦਰਗਾਹ ਪ੍ਰਾਜੈਕਟ ਦਾ ਵਿਰੋਧ ਕਰ ਰਹੇ ਲੋਕਾਂ ਨੇ ਨਿਰਮਾਣ ਸਮੱਗਰੀ ਲਿਜਾ ਰਹੇ ਵਾਹਨਾਂ ਨੂੰ ਰੋਕ ਦਿੱਤਾ ਜਦਕਿ ਇਕ ਹੋਰ ਘਟਨਾ ’ਚ ਮਛੇਰਿਆਂ ਨੇ ਜਿਨ੍ਹਾਂ ਵਿਚ ਔਰਤਾਂ ਵੀ ਸ਼ਾਮਲ ਸਨ, ਇਕ ਪੁਲਸ ਥਾਣੇ ’ਤੇ ਹੱਲਾ ਬੋਲ ਦਿੱਤਾ ਜਿਸ ਵਿਚ ਕਈ ਪੁਲਸ ਮੁਲਾਜ਼ਮ ਜ਼ਖਮੀ ਹੋ ਗਏ।

ਵਰਣਨਯੋਗ ਹੈ ਕਿ ਕੇਰਲ ਦੇ ਮਛੇਰਿਆਂ ’ਤੇ ਉੱਥੋਂ ਦੇ ਲੈਟਿਨ ਕੈਥੋਲਿਕ ਚਰਚ ਦਾ ਬੜਾ ਪ੍ਰਭਾਵ ਹੈ ਜਿਸ ਦੀ ਉਸਾਰੀ ਭਾਰਤ ਆਏ ਪੁਰਤਗਾਲੀਆਂ ਵੱਲੋਂ ਕੀਤੀ ਗਈ ਸੀ। ਇੱਥੋਂ ਤੱਕ ਕਿ ਅਜੇ ਵੀ ਉੱਥੇ ਮੌਸਮ ਆਦਿ ਨਾਲ ਸਬੰਧਤ ਐਲਾਨ ਚਰਚ ਤੋਂ ਹੀ ਕੀਤੇ ਜਾਂਦੇ ਹਨ। ਇਸੇ ਕਾਰਨ ਉੱਥੋਂ ਦੇ ਚਰਚ ਮਛੇਰਿਆਂ ਦਾ ਸਮਰਥਨ ਕਰ ਰਹੇ ਹਨ।

ਕੇਰਲ ਦੀ ਰੋਜ਼ਾਨਾ ਜ਼ਿੰਦਗੀ ’ਚ ਧਰਮ ਇਕ ਵੱਡੀ ਭੂਮਿਕਾ ਅਦਾ ਕਰਦਾ ਹੈ। ਇਹ ਪਹਿਲੀ ਵਾਰ ਹੈ ਕਿ ਦੋ ਵੱਖ-ਵੱਖ ਵਿਚਾਰਧਾਰਾ ਵਾਲੀਆਂ ਪਾਰਟੀਆਂ ਭਾਜਪਾ ਅਤੇ ਮਾਕਪਾ ਇਕੱਠੀਆਂ ਇਸ ਪ੍ਰਾਜੈਕਟ ਦੇ ਸਮਰਥਨ ਵਿਚ ਆਈਆਂ ਹਨ। ਸਗੋਂ ਮਾਕਪਾ ਇਕ ਪੂੰਜੀਵਾਦੀ ਗੌਤਮ ਅਡਾਨੀ ਦਾ ਸਮਰਥਨ ਵੀ ਕਰ ਰਹੀ ਹੈ।

ਅਜਿਹੇ ਮਹੱਤਵਪੂਰਨ ਮੁੱਦੇ ’ਤੇ ਭਾਜਪਾ ਅਤੇ  ਮੁਸਲਮਾਨ ਇਕ ਪਾਸੇ ਅਤੇ ਇਸਾਈ ਦੂਜੇ ਪਾਸੇ ਆਹਮੋ-ਸਾਹਮਣੇ ਹਨ ਅਤੇ ਇਸ ਪ੍ਰਾਜੈਕਟ ਦੇ ਕਾਰਨ ਖਰਾਬ ਹੋ ਰਹੀ ਕਾਨੂੰਨ ਵਿਵਸਥਾ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਖੱਬੇਪੱਖੀ ਮੀਡੀਆ ਨੇ ਇਸ ਪ੍ਰਾਜੈਕਟ ਦੇ ਵਿਰੋਧੀਆਂ ’ਤੇ ਵਿਦੇਸ਼ਾਂ ਤੋਂ ਧਨ ਲੈਣ ਦਾ ਦੋਸ਼ ਲਾਇਆ ਹੈ।

ਇਹ ਵੀ ਇਕ ਤ੍ਰਾਸਦੀ ਹੈ ਕਿ ਇਕ ਆਰਥਿਕ ਮੁੱਦੇ ’ਤੇ ਸੂਬੇ ਵਿਚ ਧਾਰਮਿਕ ਅਾਧਾਰ ’ਤੇ ਬਟਵਾਰਾ ਹੋ ਗਿਆ ਹੈ। ਇਹ ਆਮ ਨਾਲੋਂ ਇਕ ਵੱਖਰੀ ਸਥਿਤੀ ਹੈ। ਹੁਣ ਤੱਕ ਭਾਜਪਾ ਅਤੇ ਮੁਸਲਮਾਨਾਂ ਦਰਮਿਆਨ ਇਕ ਦੂਰੀ ਬਣੀ ਰਹੀ ਹੈ ਪਰ ਇਸ ਵਾਰ ਇਸ ਦੇ ਉਲਟ ਸਥਿਤੀ ਹੈ। ਹਾਲ ਹੀ ’ਚ ਤਿਰੂਵਨੰਤਪੁਰਮ ’ਚ ਦੋਵਾਂ ਧਿਰਾਂ ਵੱਲੋਂ ਧਰਨਾ-ਰੋਸ ਵਿਖਾਵਾ ਕੀਤਾ ਗਿਆ। ਇਸ ਵਿਚ ਇਕ ਪਾਸੇ ਹਿੰਦੂਆਂ ਦਾ ਧਾਰਮਿਕ ਸੰਗੀਤ ਵਜ ਰਿਹਾ ਸੀ ਤਾਂ ਦੂਜੇ ਪਾਸੇ ਇਸਾਈ ਭਾਈਚਾਰੇ ਦੇ ਮੈਂਬਰ ਰੋਸ ਵਿਖਾਵਾ ਕਰ ਰਹੇ ਸਨ। ਮਛੇਰੇ ਆਪਣੀਆਂ ਕਿਸ਼ਤੀਆਂ ਦੇ ਲਈ ਮਿੱਟੀ ਦੇ ਤੇਲ ਦੀ ਸਬਸਿਡੀ ਦੀ ਮੰਗ ਵੀ ਕਰ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਡੂੰਘੇ ਸਮੁੰਦਰ ਵਿਚ ਜਾ ਕੇ ਮੱਛੀਆਂ ਫੜਨੀਆਂ ਪੈਣਗੀਆਂ।

ਵਿਵਾਦ ਦੇ ਕਾਰਨ ਜਿੱਥੇ ਕੇਰਲ ਦਾ ਬੰਦਰਗਾਹ  ਪ੍ਰਾਜੈਕਟ  ਸੰਕਟ ਵਿਚ ਫਸਿਆ ਹੋਇਆ ਹੈ ਉੱਥੇ ਹੀ ਇਸੇ ਅਰਸੇ ਦੇ ਦੌਰਾਨ ਚੀਨ ਨੇ ਸ਼੍ਰੀਲੰਕਾ  ਵਿਚ ਬੜੀ ਵੱਡੀ ਬੰਦਰਗਾਹ ਬਣਾ ਵੀ ਦਿੱਤੀ ਜਿੱਥੇ ਦੂਜੇ ਦੇਸ਼ਾਂ ਤੋਂ ਵੱਡੇ-ਵੱਡੇ ਕੰਟੇਨਰ ਜਹਾਜ਼ ਸਾਮਾਨ ਲੈ ਕੇ ਆਉਂਦੇ ਹਨ ਅਤੇ ਇੱਥੋਂ ਅੱਗੇ ਵੱਖ-ਵੱਖ ਦੇਸ਼ਾਂ ਨੂੰ ਭੇਜਿਆ ਜਾਂਦਾ ਹੈ। ਸਿੰਗਾਪੁਰ ਅਤੇ ਦੁਬਈ ’ਚ ਵੀ ਅਜਿਹੀਆਂ ਕਈ ਵੱਡੀਆਂ-ਵੱਡੀਆਂ ਬੰਦਰਗਾਹਾਂ  ਹਨ ਜਿਨ੍ਹਾਂ ਤੋਂ ਉਹ ਕਾਫੀ ਕਮਾਈ ਕਰ ਰਹੇ ਹਨ।

ਵਰਣਨਯੋਗ ਹੈ ਕਿ ਇਸ ਸਮੇਂ ਵੱਡੇ ਕੰਟੇਨਰ ਜਹਾਜ਼ ਦੁਬਈ, ਸਿੰਗਾਪੁਰ ਅਤੇ ਕੋਲੰਬੋ ਵਿਚ ਠਹਿਰਦੇ ਹਨ ਅਤੇ ਇਹ ਸਾਰੀਆਂ ਬੰਦਰਗਾਹਾਂ  ਵਿਦੇਸ਼ਾਂ ਤੋਂ ਭਾਰਤ ਆਉਣ ਅਤੇ ਭਾਰਤ ਤੋਂ ਵਿਦੇਸ਼ਾਂ ਨੂੰ ਬਰਾਮਦ ਕੀਤੇ ਜਾਣ ਵਾਲੇ ਸਾਮਾਨ ਲਿਜਾਣ ਦੇ ਕੇਂਦਰ ਵੀ ਹਨ ਜਿਨ੍ਹਾਂ ਤੋਂ ਉਹ ਭਾਰੀ ਕਮਾਈ ਕਰਦੇ ਹਨ।

ਜੇਕਰ ਸਾਡੀ ਇਹ ਬੰਦਰਗਾਹ ਨਿਰਧਾਰਿਤ ਸਮਾਂ ਮਿਆਦ ਵਿਚ ਬਣ ਕੇ ਤਿਆਰ ਹੋ ਜਾਂਦੀ ਤਾਂ ਇੱਥੇ ਵਿਦੇਸ਼ਾਂ ਤੋਂ ਸਾਮਾਨ ਲੈ ਕੇ ਆਉਣ ਵਾਲੇ ਵੱਡੇ ਜਹਾਜ਼ਾਂ ਦਾ ਲੰਗਰ ਪਾਉਣਾ ਸੰਭਵ ਹੋ ਜਾਣ ਨਾਲ ਵਿਦੇਸ਼ ਤੋਂ ਆਉਣ ਵਾਲੇ ਸਾਮਾਨ ਦੀ ਢੁਆਈ ਦੀ ਲਾਗਤ ’ਚ ਕਿਸੇ ਹੱਦ ਤੱਕ ਕਮੀ ਹੋ ਸਕਦੀ ਸੀ ਜਿਸ ਨਾਲ  ਸਾਨੂੰ ਬਹੁਤ ਲਾਭ ਹੁੰਦਾ। ਕੇਰਲ ਦੇ ਮੱਛੀ ਪਾਲਣ ਮੰਤਰੀ ਅਬਦੁਸ ਰਹਿਮਾਨ ਦੀ ਆਲੋਚਨਾ ਕਰਦੇ ਹੋਏ ਇਸਾਈ ਧਰਮ  ਗੁਰੂ ਫਾਦਰ ਥਿਓਡਿਸ਼ਿਯਸ ਡਿਕਰੂਜ਼ ਨੇ ਕਿਹਾ ਕਿ ਉਨ੍ਹਾਂ ਦੇ ਤਾਂ ਨਾਂ ’ਚ ਹੀ ਇਕ ਅੱਤਵਾਦੀ ਹੈ ਜਿਸ ’ਤੇ ਵਿਵਾਦ ਖੜ੍ਹਾ ਹੋ ਗਿਆ ਹੈ। ਅਜਿਹੇ ’ਚ ਇਕ ਪਾਸੇ  ਦੀ ਬੰਦਰਗਾਹ ਦਾ ਹੋਣਾ ਵੀ ਜਿੱਥੇ ਜ਼ਰੂਰੀ ਹੈ ਉੱਥੇ ਹੀ ਇਸ ਗੱਲ ਨੂੰ ਵੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਕਿ ਵਾਤਾਵਰਣ ਨੂੰ ਲੈ ਕੇ ਕੋਈ ਛੇੜਛਾੜ ਨਾ ਹੋਵੇ। ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਿਅਨ ਦਾ ਵੀ ਕਹਿਣਾ ਹੈ ਕਿ ਜੇਕਰ ਇਸ ਪ੍ਰਾਜੈਕਟ ਨੂੰ ਬੰਦ ਕਰ ਦਿੱਤਾ ਗਿਆ ਤਾਂ ਇਸ ਨਾਲ ਸੂਬੇ ਦੀ ਪ੍ਰਾਸੰਗਿਕਤਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਵੇਗੀ। ਇਸ ਸਮੱਸਿਆ ਨੂੰ ਇਕ ਹੋਰ ਛੋਟੀ ਬੰਦਰਗਾਹ ਬਣਾ ਕੇ ਸੁਲਝਾਇਆ ਜਾ ਸਕਦਾ ਹੈ ਜਿੱਥੇ ਮਛੇਰੇ ਮੱਛੀਆਂ ਫੜਨ ਦਾ ਆਪਣਾ ਕੰਮ ਕਰ ਸਕਣ।
 


Anmol Tagra

Content Editor

Related News