ਐਗਜ਼ਿਟ ਪੋਲ ਮੁਤਾਬਿਕ ਭਾਜਪਾ ਹਿਮਾਚਲ ਤੇ ਗੁਜਰਾਤ ''ਚ ਚੋਣਾਂ ਜਿੱਤੀ  ਕਾਂਗਰਸ ਨੂੰ ਅੱਗੇ ਵਧਣ ਲਈ ਵਿਰੋਧੀ ਪਾਰਟੀਆਂ ਨੂੰ ਨਾਲ ਲੈਣਾ ਪਵੇਗਾ

12/16/2017 7:43:01 AM

ਹਾਲਾਂਕਿ ਹਿਮਾਚਲ ਅਤੇ ਗੁਜਰਾਤ ਦੇ ਅਸਲੀ ਚੋਣ ਨਤੀਜੇ ਤਾਂ 18 ਦਸੰਬਰ ਨੂੰ ਆਉਣਗੇ ਪਰ ਗੁਜਰਾਤ ਦੀਆਂ ਚੋਣਾਂ ਦਾ ਦੂਜਾ ਗੇੜ ਸੰਪੰਨ ਹੁੰਦਿਆਂ ਹੀ ਐਗਜ਼ਿਟ ਪੋਲ ਦੇ ਨਤੀਜਿਆਂ ਮੁਤਾਬਿਕ ਦੋਹਾਂ ਹੀ ਸੂਬਿਆਂ ਹਿਮਾਚਲ ਤੇ ਗੁਜਰਾਤ 'ਚ ਭਾਜਪਾ ਦੇ ਭਾਰੀ ਬਹੁਮਤ ਨਾਲ ਸੱਤਾ 'ਚ ਆਉਣ ਦਾ ਅੰਦਾਜ਼ਾ ਪ੍ਰਗਟਾਇਆ ਗਿਆ ਹੈ।  ਐਗਜ਼ਿਟ ਪੋਲ ਦੇ ਨਤੀਜਿਆਂ ਅਤੇ ਅਸਲੀ ਨਤੀਜਿਆਂ 'ਚ ਕਦੇ-ਕਦੇ ਫਰਕ ਹੁੰਦਾ ਹੈ ਪਰ ਲੱਗਦਾ ਹੈ ਕਿ ਇਸ ਵਾਰ ਨਤੀਜੇ ਇਸ ਦੇ ਆਸ-ਪਾਸ ਹੀ ਹੋਣਗੇ ਕਿਉਂਕਿ ਸਾਰੇ ਐਗਜ਼ਿਟ ਪੋਲਜ਼ ਦਾ ਅੰਦਾਜ਼ਾ ਇਸ ਦੇ ਨੇੜੇ-ਤੇੜੇ ਹੀ ਹੈ। ਹਿਮਾਚਲ 'ਚ ਬਦਲ-ਬਦਲ ਕੇ ਸਰਕਾਰਾਂ ਆਉਣ ਦਾ ਰਿਕਾਰਡ ਰਿਹਾ ਹੈ। ਜਿਥੋਂ ਤਕ ਉਥੇ ਕਾਂਗਰਸ ਦੀ ਹਾਰ ਦਾ ਸਬੰਧ ਹੈ, ਮੁੱਖ ਮੰਤਰੀ ਵੀਰਭੱਦਰ ਸਿੰਘ ਦਾ ਪ੍ਰਚਾਰ 'ਚ ਅਲੱਗ-ਥਲੱਗ ਹੋਣਾ, ਉਮੀਦਵਾਰਾਂ ਦੀ ਚੋਣ ਨੂੰ ਆਖਰੀ ਸਮੇਂ ਤਕ ਲਟਕਾਈ ਰੱਖਣਾ, ਹੁਸ਼ਿਆਰ ਸਿੰਘ ਕਤਲਕਾਂਡ, ਗੁੜੀਆ ਕਾਂਡ ਆਦਿ ਨੂੰ ਲੈ ਕੇ ਕਾਨੂੰਨ-ਵਿਵਸਥਾ ਦੀ ਸਥਿਤੀ 'ਤੇ ਸਰਕਾਰ ਦੀ ਘੇਰਾਬੰਦੀ, ਟਿਕਟਾਂ ਵੰਡਣ 'ਚ ਪਰਿਵਾਰਵਾਦ, ਸੱਤਾ ਅਤੇ ਸੰਗਠਨ ਵਿਚਾਲੇ ਤਾਲਮੇਲ ਦੀ ਘਾਟ, ਮੰਤਰੀਆਂ ਦੀ ਧੜੇਬੰਦੀ ਅਤੇ ਬਾਗੀਆਂ ਦਾ ਮੈਦਾਨ 'ਚ ਉਤਰਨਾ ਆਦਿ ਮੁੱਖ ਕਾਰਨ ਰਹੇ। 
ਭਾਜਪਾ ਦੀ ਸਫਲਤਾ ਪਿੱਛੇ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਪ੍ਰੋ. ਪ੍ਰੇਮਕੁਮਾਰ ਧੂਮਲ ਨੂੰ ਮੁੱਖ ਮੰਤਰੀ ਵਜੋਂ ਪ੍ਰਾਜੈਕਟ ਕਰਨਾ, ਮੋਦੀ ਲਹਿਰ, ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਸਮੇਤ ਜ਼ਿਆਦਾਤਰ ਮੰਤਰੀਆਂ ਦਾ ਪ੍ਰਚਾਰ 'ਚ ਨਿੱਤਰਨਾ, ਟਿਕਟਾਂ ਦੀ ਵੰਡ ਤੋਂ ਬਾਅਦ ਭਾਜਪਾ ਦੀ ਡੈਮੇਜ ਕੰਟਰੋਲ 'ਚ ਸਫਲਤਾ ਆਦਿ ਮੁੱਖ ਕਾਰਨ ਰਹੇ। 
ਜੇ ਗੁਜਰਾਤ ਦੀ ਗੱਲ ਕੀਤੀ ਜਾਵੇ ਤਾਂ ਉਥੇ 22 ਸਾਲਾਂ ਦੇ ਵਕਫੇ ਬਾਅਦ ਕਾਂਗਰਸ ਦੀ ਸਰਕਾਰ ਬਣਨ ਦੀ ਪੱਕੀ ਸੰਭਾਵਨਾ ਪ੍ਰਗਟਾਈ ਜਾ ਰਹੀ ਸੀ, ਜਿਸ 'ਚ ਰਾਹੁਲ ਗਾਂਧੀ ਨੇ ਆਪਣੀ ਪੂਰੀ ਤਾਕਤ ਝੋਕ ਦਿੱਤੀ ਸੀ ਪਰ ਸ਼ੰਕਰ ਸਿੰਘ ਵਘੇਲਾ ਵਲੋਂ ਕਾਂਗਰਸ ਤੋਂ ਅਸਤੀਫਾ ਦੇਣ ਕਾਰਨ ਪਾਰਟੀ ਨੂੰ ਪਹਿਲਾ ਝਟਕਾ ਲੱਗਾ। 
ਪਿਛਲੀ ਵਾਰ ਦੀਆਂ ਚੋਣਾਂ 'ਚ ਪਾਟੀਦਾਰ ਵੋਟਾਂ ਦਾ ਮੁੱਖ ਤੌਰ 'ਤੇ ਲਾਭ ਭਾਜਪਾ ਨੇ ਉਠਾਇਆ ਸੀ ਪਰ ਇਸ ਵਾਰ ਪਾਟੀਦਾਰਾਂ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ ਅਤੇ 'ਪਾਸ' ਨੇਤਾ ਹਾਰਦਿਕ ਪਟੇਲ ਨੇ ਰਾਹੁਲ ਨਾਲ ਸਮਝੌਤਾ ਵੀ ਕੀਤਾ। 
ਆਖਰੀ ਸਮੇਂ 'ਤੇ ਹੋਣ ਵਾਲੇ ਸਮਝੌਤੇ ਨਤੀਜਾ-ਪੱਖੀ ਨਹੀਂ ਹੁੰਦੇ। ਗੁਜਰਾਤ 'ਚ ਕਾਂਗਰਸ ਤੇ ਪਾਟੀਦਾਰਾਂ ਨਾਲ ਅਜਿਹਾ ਹੀ ਹੋਇਆ ਤੇ ਪਾਟੀਦਾਰਾਂ ਵਿਚ ਵੀ ਫੁੱਟ ਪੈ ਗਈ, ਜੋ ਕਿ ਸੂਬੇ ਦੀ ਆਬਾਦੀ ਦਾ 15 ਫੀਸਦੀ ਹਨ। ਬਚੀ-ਖੁਚੀ ਕਸਰ ਮਣੀਸ਼ੰਕਰ ਅਈਅਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ 'ਨੀਚ' ਕਹਿ ਕੇ ਪੂਰੀ ਕਰ ਦਿੱਤੀ। 
ਹਾਲਾਂਕਿ ਗੁਜਰਾਤ 'ਚ ਰਾਹੁਲ ਗਾਂਧੀ ਦੀਆਂ ਰੈਲੀਆਂ 'ਚ ਭਾਰੀ ਭੀੜ ਜੁੜੀ, ਉਹ ਮੰਦਿਰਾਂ 'ਚ ਵੀ ਗਏ ਪਰ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਦੇ ਅਣਥੱਕ, ਧੂੰਆਂਧਾਰ ਪ੍ਰਚਾਰ ਅਤੇ ਧਨ ਬਲ ਦੀ ਵਰਤੋਂ ਅੱਗੇ ਕਾਂਗਰਸ ਪੱਛੜ ਗਈ।
ਅਮਿਤ ਸ਼ਾਹ ਦੀ ਬੂਥ ਮੈਨੇਜਮੈਂਟ ਸ਼ਲਾਘਾਯੋਗ ਸੀ। ਭਾਜਪਾ ਨੇ ਹਰੇਕ 30 ਵੋਟਰਾਂ ਪਿੱਛੇ ਇਕ ਵਰਕਰ ਲਾਇਆ ਹੋਇਆ ਸੀ, ਆਰ. ਐੱਸ. ਐੱਸ. ਨੇ ਡਟ ਕੇ ਕੰਮ ਕੀਤਾ। ਹਾਲਾਂਕਿ ਜੀ. ਐੱਸ. ਟੀ. ਅਤੇ ਨੋਟਬੰਦੀ ਕਾਰਨ ਵਪਾਰੀ ਵਰਗ ਨਾਰਾਜ਼ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਵਨਾਤਮਕ ਤੌਰ 'ਤੇ ਗੁਜਰਾਤੀਆਂ ਨੂੰ ਆਪਣੇ ਨਾਲ ਜੋੜ ਲਿਆ ਤੇ ਕਾਂਗਰਸ ਦੀਆਂ ਗਲਤੀਆਂ ਦਾ ਫਾਇਦਾ ਉਠਾਇਆ।
ਚੋਣਾਂ ਦੌਰਾਨ ਗੁਜਰਾਤ 'ਚ ਵਿਕਾਸ ਨਾ ਹੋਣ ਦਾ ਮੁੱਦਾ ਵੀ ਉਠਾਇਆ ਗਿਆ ਤੇ ਚੋਣਾਂ ਨੇ ਕੇਂਦਰ ਸਰਕਾਰ ਦੀ ਦੌੜ ਲਵਾ ਦਿੱਤੀ। ਇਨ੍ਹਾਂ ਚੋਣਾਂ ਦਾ ਸਭ ਤੋਂ ਵੱਡਾ ਫਾਇਦਾ ਜੀ. ਐੱਸ. ਟੀ. 'ਚ ਸੋਧਾਂ ਅਤੇ ਰਿਆਇਤਾਂ ਦੇ ਮਾਮਲੇ 'ਚ ਹੋਵੇਗਾ, ਜਿਸ ਦਾ ਗੁਜਰਾਤ ਦੀਆਂ ਚੋਣਾਂ ਦੌਰਾਨ ਹੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੰਕੇਤ ਵੀ ਦਿੱਤਾ ਸੀ ਅਤੇ ਹੁਣ ਵਪਾਰੀ ਵਰਗ ਨੂੰ ਇਸ 'ਚ ਹੋਰ ਰਿਆਇਤਾਂ ਮਿਲਣੀਆਂ ਤੈਅ ਹਨ। 
ਇਨ੍ਹਾਂ ਚੋਣਾਂ ਦੌਰਾਨ ਹੀ ਰਾਹੁਲ ਗਾਂਧੀ ਦੀ ਕਾਂਗਰਸ ਪ੍ਰਧਾਨ ਵਜੋਂ ਤਾਜਪੋਸ਼ੀ ਹੋ ਗਈ ਅਤੇ ਕਾਂਗਰਸ ਨੂੰ ਕੁਝ  ਚੰਗੇ ਬੁਲਾਰੇ ਵੀ ਮਿਲ ਗਏ, ਜਿਸ ਦਾ ਆਉਣ ਵਾਲੇ ਸਮੇਂ 'ਚ ਕਾਂਗਰਸ ਨੂੰ ਫਾਇਦਾ ਹੋਵੇਗਾ। 
ਜਿਥੋਂ ਤਕ ਇਨ੍ਹਾਂ ਚੋਣਾਂ ਦੇ ਸਬਕ ਦਾ ਸਬੰਧ ਹੈ, ਹੁਣ ਭਾਜਪਾ ਚੌਕਸ ਹੋ ਕੇ ਸਰਕਾਰ ਚਲਾਏਗੀ, ਲੋਕਾਂ ਨੂੰ ਜੀ. ਐੱਸ. ਟੀ. 'ਚ ਜ਼ਿਆਦਾ ਰਿਆਇਤਾਂ ਅਤੇ ਸਹੂਲਤਾਂ ਮਿਲਣਗੀਆਂ, ਫਜ਼ੂਲ ਦੀ ਬਿਆਨਬਾਜ਼ੀ ਘਟੇਗੀ ਤੇ ਵਿਕਾਸ ਵੀ ਸ਼ੁਰੂ ਹੋਵੇਗਾ। 
ਹੁਣ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੂੰ ਨਾਰਾਜ਼ ਵਿਰੋਧੀ ਪਾਰਟੀਆਂ ਨੂੰ ਆਪਣੇ ਨਾਲ ਜੋੜ ਕੇ ਖ਼ੁਦ ਨੂੰ ਇਕ ਮਜ਼ਬੂਤ ਵਿਰੋਧੀ ਧਿਰ ਦੀ ਭੂਮਿਕਾ ਵਿਚ ਲਿਆਉਣਾ ਚਾਹੀਦਾ ਹੈ। ਕਾਂਗਰਸ ਨੂੰ ਨਤੀਜਿਆਂ ਨਾਲ ਧੱਕਾ ਤਾਂ ਲੱਗੇਗਾ ਪਰ ਇਸ ਨਾਲ ਪਾਰਟੀ 'ਚ ਮਿਹਨਤ ਦਾ ਜਜ਼ਬਾ ਪੈਦਾ ਹੋਵੇਗਾ।                        
—ਵਿਜੇ ਕੁਮਾਰ


Vijay Kumar Chopra

Chief Editor

Related News